ਪੁਲਿਸ ਥਾਣਾ ਮਹਿਲ ਕਲਾਂ ਵਿਖੇ ਪਰਚਾ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ
ਬਰਨਾਲਾ /ਮਹਿਲ ਕਲਾਂ 27 ਅਗਸਤ (ਗੁਰਸੇਵਕ ਸੋਹੀ) - ਸੀਆਈਏ ਸਟਾਪ ਬਰਨਾਲਾ ਵੱਲੋਂ ਇੱਕ ਗਸਤ ਦੌਰਾਨ ਕਾਗਰਸੀ ਆਗੂ ਤੇ ਬਲਾਕ ਸੰਮਤੀ ਮਹਿਲ ਕਲਾਂ ਦੀ ਚੇਅਰਪਰਸਨ ਦੇ ਪਤੀ ਮਨਜੀਤ ਸਿੰਘ ਵਾਸੀ ਮਹਿਲ ਖੁਰਦ ਨੂੰ ਸਾਢੇ 3 ਕਿਲੋ ਚੂਰਾ ਪੋਸਤ (ਭੁੱਕੀ) ਸਮੇਤ ਗ੍ਰਿਫਤਾਰ ਕਰਕੇ ਥਾਣਾ ਮਹਿਲ ਕਲਾਂ ਵਿਖੇ ਪਰਚਾ ਦਰਜ ਕੀਤਾ ਗਿਆ। ਇਸ ਮੌਕੇ ਸੀਆਈਏ ਸਟਾਫ ਬਰਨਾਲਾ ਦੇ ਸਬ ਇੰਸਪੈਕਟਰ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਆਈਏ ਸਟਾਫ ਬਰਨਾਲਾ ਵੱਲੋਂ ਗਸ਼ਤ ਕੀਤੀ ਜਾ ਰਹੀ ਸੀ, ਜਦੋਂ ਪਿੰਡ ਮਹਿਲ ਖੁਰਦ ਨੇੜੇ ਇੱਕ ਵਿਅਕਤੀ ਆਪਣੀ ਗੱਡੀ ਖੜ੍ਹੀ ਕਰਕੇ, ਡਿੱਗੀ ਖੋਲ੍ਹੀ ਖੜ੍ਹਾ ਸੀ ਤਾਂ ਸੀਆਈਏ ਸਟਾਫ਼ ਦਾ ਪਤਾ ਲੱਗਦਿਆਂ ਉਸ ਨੇ ਤੁਰੰਤ ਗੱਡੀ ਦੀ ਡਿੱਗੀ ਬੰਦ ਕਰ ਲਈ ਗਈ। ਸੀਆਈਏ ਸਟਾਫ ਵੱਲੋਂ ਸ਼ੱਕ ਦੇ ਆਧਾਰ ਤੇ ਗੱਡੀ ਦੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਗੱਡੀ ਵਿੱਚੋਂ ਸਾਢੇ 3 ਕਿਲੋ ਚੂਰਾ ਪੋਸਤ (ਭੁੱਕੀ) ਬਰਾਮਦ ਕਰਕੇ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਸੀਆਈਏ ਸਟਾਫ ਬਰਨਾਲਾ ਵੱਲੋਂ ਦੋਸ਼ੀ ਖ਼ਿਲਾਫ਼ ਥਾਣਾ ਮਹਿਲ ਕਲਾਂ ਵਿਖੇ ਪਰਚਾ ਦਰਜ ਕਰਕੇ ਅਗਲੀ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।