ਮਿੰਨੀ ਕਹਾਣੀ
"ਮਿਲਵਰਤਣ"
ਦੋ ਦਰਾਣੀਆਂ ਜਠਾਣੀਆਂ ਦਾ ਆਪਸ ਵਿੱਚ ਬਹੁਤ ਪਿਆਰ ਸੀ,ਪਰ ਸ਼ਰੀਕੇ ਕਬੀਲੇ ਨਾਲ ਜ਼ਿਆਦਾ ਆਉਣਾ ਜਾਣਾ ਦੋਨਾਂ ਚੋਂ ਇੱਕ ਦਾ ਹੀ ਸੀ,ਅਤੇ ਇੱਕ ਦਾ ਬਹੁਤਾ ਝੁਕਾਅ ਸ਼ਰੀਕੇ ਕਬੀਲੇ ਅਤੇ ਪਿੰਡ ਵਿੱਚ ਨਹੀਂ ਸੀ।
ਜਠਾਣੀ ਦੇ ਭਰਾ ਦੇ ਵਿਆਹ ਦਾ ਸੱਦਾ ਆਇਆ ਤਾਂ ਦੋਨਾਂ ਦਾ ਆਪਸੀ ਬਹੁਤ ਪਿਆਰ ਕਰਕੇ ਜਠਾਣੀ ਨੇ ਦਰਾਣੀ ਨੂੰ ਵੀ ਵਿਆਹ ਜਾਣ ਲਈ ਤਿਆਰ ਕਰ ਲਿਆ, ਬੇਸ਼ੱਕ ਦਰਾਣੀ ਨੇ ਬਹੁਤ ਨਾਹ ਨੁੱਕਰ ਕੀਤੀ ਪਰ ਪਿਆਰ ਅੱਗੇ ਕੋਈ ਪੇਸ਼ ਨਾ ਗਈ,ਅਖੀਰ ਦੋਵੇਂ ਦਰਾਣੀ ਜਠਾਣੀ ਪੂਰੀ ਤਿਆਰੀ ਨਾਲ ਵਿਆਹ ਵਾਲੇ ਦਿਨ ਵਿਆਹ ਵਾਲੇ ਘਰ ਪਹੁੰਚ ਗਈਆਂ। ਬਹੁਤ ਇਜ਼ਤ ਮਾਣ ਮਿਲਿਆ,ਘਰ ਵਿੱਚ ਹਲਵਾਈ ਬਿਠਾਇਆ ਹੋਇਆ ਸੀ ਅਤੇ ਖੂਬ ਰੌਣਕਾਂ ਸਨ। ਸਾਰੀਆਂ ਰਸਮਾਂ ਰੀਤਾਂ ਮੁਤਾਬਕ ਪੂਰੀ ਧੂਮਧਾਮ ਨਾਲ ਵਿਆਹ ਸੰਪਨ ਹੋਇਆ, ਬਿਲਕੁਲ ਜਠਾਣੀ ਜਿਨ੍ਹਾਂ ਹੀ ਪਿਆਰ ਸਤਿਕਾਰ ਦਰਾਣੀ ਨੂੰ ਵੀ ਮਿਲਿਆ ਅਤੇ ਹਰ ਰਸਮ ਵਿੱਚ ਵੀ ਪਰਿਵਾਰ ਨੇ ਆਪਣੀ ਧੀ ਵਾਂਗ ਹੀ ਉਸ ਦੀ ਦਰਾਣੀ ਨੂੰ ਵੀ ਬਣਦਾ ਸ਼ਗਨ ਆਦਿ ਦਿੱਤਾ।ਹੌਲੀ ਹੌਲੀ ਆਇਆ ਹੋਇਆ ਮੇਲ ਵੀ ਵਿਦਾ ਹੋ ਗਿਆ।ਅੱਜ ਦੋਵੇਂ ਦਰਾਣੀ/ਜਠਾਣੀ ਨੇ ਵਿਆਹ ਵਾਲੇ (ਪੇਕੇ ਘਰ ਚੋਂ)ਵਿਦਾ ਹੋਣਾ ਸੀ। ਪੇਕਿਆਂ ਵੱਲੋਂ ਆਪਣੀ ਘਰ ਦੀ ਲੜਕੀ ਜਿਨੀ ਹੀ ਭਾਜੀ (ਮਠਿਆਈ) ਦਰਾਣੀ ਨੂੰ ਦੇਣ ਦਾ ਆਪਣਾ ਫਰਜ਼ ਪੂਰਾ ਕਰਦਿਆਂ ਦੋਵਾਂ ਧੀਆਂ ਨੂੰ ਦਸ ਦਸ ਸੇਰ ਮਠਿਆਈ ਅਤੇ ਸੂਟ ਵਗੈਰਾ ਦੇ ਕੇ ਵਿਦਾ ਕੀਤਾ। ਦੋਵੇਂ ਭੈਣਾਂ ਪੂਰੀਆਂ ਖੁਸ਼ ਸਨ।
ਪਿੰਡ ਆ ਕੇ ਜਠਾਣੀ ਨੇ ਤਾਂ ਲਿਆਂਦੀ ਹੋਈ ਭਾਜੀ ਸਾਰੇ ਸ਼ਰੀਕੇ ਕਬੀਲੇ ਵਿੱਚ ਵੰਡ ਦਿੱਤੀ ਅਤੇ ਸਾਰੇ ਆਂਢ ਗੁਆਂਢ ਚੋਂ ਵਧਾਈਆਂ ਵੀ ਕਬੂਲ ਕੀਤੀਆਂ,ਪਰ ਦਰਾਣੀ ਨੇ ਆਪਣੀ ਭਾਜੀ ਨੂੰ ਭੜੋਲੇ ਵਿੱਚ ਸੰਭਾਲ ਕੇ ਰੱਖੀ ਰੱਖਿਆ। ਬਰਸਾਤਾਂ ਦੇ ਦਿਨ ਕਰਕੇ ਭੜੋਲੇ ਚ ਪਈ ਮਠਿਆਈ ਥੋੜੇ ਦਿਨਾਂ ਬਾਅਦ ਹੀ ਖਰਾਬ ਹੋ ਗਈ ਮੁਸ਼ਕ ਆਉਣ ਲੱਗ ਪਿਆ ਅਤੇ ਉੱਲੀ ਵੀ ਲੱਗ ਗਈ,ਪਰ ਜਠਾਣੀ ਨੂੰ ਹਰ ਰੋਜ਼ ਨਵਾਂ ਤਾਜਾ ਲੱਡੂ ਖਾਂਦੀ ਵੇਖ ਕੇ ਦਰਾਣੀ ਨੇ ਜਠਾਣੀ ਨੂੰ ਪੁੱਛਿਆ ਕਿ ਭੈਣ ਮੇਰੀ ਮਠਿਆਈ ਤਾਂ ਖ਼ਰਾਬ ਵੀ ਹੋ ਗਈ ਹੈ,ਪਰ ਤੂੰ ਇਹ ਨਿੱਤ ਤਾਜਾ ਲੱਡੂ ਕਿਥੋਂ ਖਾਂਦੀ ਐਂ? ਤੂੰ ਕਿਵੇਂ ਸੰਭਾਲੀ ਸੀ ਮਠਿਆਈ?
ਅੱਗੋਂ ਜਠਾਣੀ ਬੋਲੀ ਭੈਣੇਂ ਮੈਂ ਸੰਭਾਲੀ ਨਹੀਂ ਸੀ ਮੈਂ ਤਾਂ ਸਗੋਂ ਆਉਣ ਸਾਰ ਹੀ ਆਪਣੇ ਘਰਾਂ(ਪਿੰਡ)ਵਿੱਚ ਵੰਡ ਦਿੱਤੀ ਸੀ ਮਠਿਆਈ, ਤੇ ਇਹ ਹੁਣ ਇਸੇ ਮਿਲਵਰਤਣ ਦਾ ਹੀ ਸਿੱਟਾ ਹੈ ਕਿ ਹਰ ਰੋਜ਼ ਹੀ ਕਿਸੇ ਨਾ ਕਿਸੇ ਸ਼ਰੀਕੇ ਕਬੀਲੇ ਦੇ ਘਰੋਂ ਵਿਆਹ ਦੀ, ਜਨਮ ਦਿਨ ਦੀ ਜਾਂ ਕਿਸੇ ਘਰੋਂ ਅਖੰਡ ਪਾਠ ਹੋਏ ਦੀ ਤਾਜੀ ਮਠਿਆਈ ਆ ਜਾਂਦੀ ਹੈ ਤੇ ਮੈਂ ਓਹ ਤਾਜੀ ਮਠਿਆਈ ਹੀ ਖਾਂਦੀ ਹਾਂ। ਜੇਕਰ ਮੈਂ ਵੀ ਤੇਰੇ ਵਾਂਗ ਭੜੋਲੇ ਚ ਸੰਭਾਲ ਕੇ ਰੱਖੀ ਹੁੰਦੀ ਤਾਂ ਉਸ ਨੂੰ ਵੀ ਉੱਲੀ ਲੱਗ ਜਾਣੀ ਸੀ।ਇਹ ਸੱਭ ਆਪੋ ਆਪਣੇ ਮਿਲਵਰਤਣ ਦਾ ਹੀ ਨਤੀਜਾ ਹੈ,ਕਿ ਮੈਂ ਅੱਜ ਵੀ ਤਾਜ਼ੀ ਮਠਿਆਈ ਖਾ ਰਹੀ ਹਾਂ। ਜੇਕਰ ਆਪਾਂ ਕਿਸੇ ਨਾਲ ਮੇਲ ਜੋਲ ਭਾਵ ਮਿਲਵਰਤਣ ਰੱਖਾਂਗੇ ਤਾਂ ਹੀ ਕੋਈ ਆਪਣੇ ਨਾਲ ਰੱਖੂਗਾ ਤੇ ਆਊ ਜਾਊਗਾ,ਇਹ ਸਾਰੀ ਗੱਲ ਸੁਣ ਕੇ ਦਰਾਣੀ ਨੇ ਬਹੁਤ ਸ਼ਰਮਿੰਦਗੀ ਅਤੇ ਸ਼ਰਮ ਮਹਿਸੂਸ ਕੀਤੀ।
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556