You are here

ਗੱਲਾਂ ਪੁਰਾਤਨ ਸਮਿਆਂ ਦੀਆਂ ✍️ਜਸਵੀਰ ਸ਼ਰਮਾਂ ਦੱਦਾਹੂਰ

ਪੁਰਖਿਆਂ ਮੁਤਾਬਕ ਕਿਸੇ ਖਾਸ ਮਕਸਦ ਲਈ ਵਰਤੀਆਂ ਗੱਲਾਂ ਜਿਨ੍ਹਾਂ ਨੇ ਰਿਵਾਜਾਂ ਦਾ ਰੂਪ ਧਾਰਨ ਕੀਤਾ 

ਦੋਸਤੋ ਸਮਾਂ ਆਪਣੀ ਚਾਲੇ ਚੱਲਦਾ ਰਹਿੰਦਾ ਹੈ, ਤਬਦੀਲੀ ਵੀ ਕੁਦਰਤ ਦਾ ਨਿਯਮ ਹੈ ਇਹ ਹਰ ਹੀਲੇ ਆਉਣੀ ਹੈ,ਇਸ ਤੋਂ ਕਦੇ ਵੀ ਨਾਬਰ ਨਹੀਂ ਹੋਇਆ ਜਾ ਸਕਦਾ, ਅਤੇ ਸਾਨੂੰ  ਨਾ ਚਾਹੁੰਦਿਆਂ ਹੋਇਆਂ ਵੀ ਉਸ ਤਬਦੀਲੀ ਨਾਲ ਤਬਦੀਲ ਹੋਣਾ ਪੈਂਦਾ ਹੈ,ਭਾਵ ਸਮੇਂ ਮੁਤਾਬਿਕ ਢਲਣਾ ਪੈਂਦਾ ਹੈ।

       ਜੇਕਰ ਪੁਰਾਤਨ ਸਮਿਆਂ ਦੀ ਗੱਲ ਕਰੀਏ ਤਾਂ ਪੁਰਖਿਆਂ ਦੇ ਦੱਸਣ ਮੁਤਾਬਿਕ ਓਹ ਗੱਲਾਂ ਦਾ ਮਕਸਦ ਕੁੱਝ ਹੋਰ ਸੀ ਪਰ ਵੇਖੋ ਵੇਖੀ ਕਹੀਏ ਜਾਂ ਫਿਰ ਦੇਸੀ ਬੋਲੀ ਵਿੱਚ ਕਹੀਏ ਜੋ ਆਮ ਚੰਗੀ ਨਹੀਂ ਲਗਦੀ ਭਾਵ ਲਾਈ ਲੱਗ ਵਾਲੀਆਂ ਗੱਲਾਂ ਬਣ ਗਈਆਂ ਜਿਨ੍ਹਾਂ ਦੇ ਪਿਛੋਕੜ ਬਾਰੇ ਕਦੇ ਵੀ ਕਿਸੇ ਨੇ ਜਾਨਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸਗੋਂ ਓਨਾਂ ਗੱਲਾਂ ਨੂੰ ਇੱਕ ਰਿਵਾਜ ਦਾ ਰੂਪ ਦੇ ਦਿੱਤਾ, ਜੇਕਰ ਕਿਸੇ ਬੀਬੀ ਭੈਣ ਮਾਤਾ ਨੂੰ ਜਾਂ ਕਿਸੇ ਨੌਜਵਾਨ ਨੂੰ ਪੁੱਛੀਏ ਤਾਂ ਅੱਗੋਂ ਘੜਿਆ ਘੜਾਇਆ ਇੱਕੋ ਜਵਾਬ ਮਿਲਦਾ ਹੈ ਕਿ ਇਹਦਾ ਪਤਾ ਤਾਂ ਨਹੀਂ ਪਰ ਮੇਰੀ ਸੱਸ ਜਾਂ ਦਾਦੀ ਸੱਸ ਜਾਂ ਸਾਡੇ ਵੱਡੇ ਕਰਦੇ ਰਹੇ, ਕਰਕੇ ਹੀ ਮੈਂ ਓਹਨਾਂ ਦੇ ਹੁਕਮ ਤੇ ਫੁੱਲ ਚੜ੍ਹਾ ਰਹੀ ਹਾਂ,ਇਹੋ ਜਿਹੀਆਂ ਗੱਲਾਂ ਆਮ ਹੀ ਸੁਣਨ ਨੂੰ ਮਿਲਦੀਆਂ ਹਨ। ਅਤੇ ਓਹੀ ਅਜੋਕੇ ਰਿਵਾਜ ਪ੍ਰਚਲਿਤ ਹੋ ਕੇ ਅੱਜ ਤੱਕ ਓਵੇਂ ਹੀ ਚੱਲ ਰਹੀਆਂ ਹਨ।

         ਤਿੰਨ ਗੱਲਾਂ ਜੋ ਪੁਰਖਿਆਂ ਤੋਂ ਜਾਣੀਆਂ ਨੇ ਅੱਜ ਆਪਾਂ ਓਨਾਂ ਦੀ ਗੱਲ ਕਰਦੇ ਹਾਂ। ਵਿਆਹ ਸਮੇਂ ਟੋਕਰੇ ਥੱਲੇ ਬਿੱਲੀ ਤਾੜਨਾ,ਕੌਲੀਂ ਤੇਲ ਪਾਉਣਾ ਅਤੇ ਡੋਲੀ ਤੋਰਨ ਸਮੇਂ ਕਾਰਾਂ ਦੇ ਟਾਇਰਾਂ ਤੇ ਪਾਣੀ ਪਾ ਕੇ ਘਰੋਂ ਡੋਲੀ ਵਿਦਾ ਕਰਨੀ।

         ਪਹਿਲੀ ਗੱਲ ਟੋਕਰੇ ਥੱਲੇ ਬਿੱਲੀ ਤਾੜਨ ਦੀ ਗੱਲ ਹੀ ਕਰਦੇ ਹਾਂ,ਸਿਆਣਿਆਂ ਦੇ ਦੱਸਣ ਮੁਤਾਬਕ ਕਿਸੇ ਪਰਿਵਾਰ ਦੇ ਘਰ ਨਵੀਂ ਵਿਆਹੀ ਜੋੜੀ ਪਹੁੰਚੀ, ਆਪਾਂ ਸਭਨਾਂ ਨੂੰ ਇਸ ਬਾਬਤ ਚੰਗੀ ਤਰ੍ਹਾਂ ਪਤਾ ਹੈ ਕਿ ਇਹ ਮਹੌਲ ਬੜੀ ਖੁਸ਼ੀ ਭਰਿਆ ਹੁੰਦਾ ਹੈ ਤੇ ਸਾਰਾ ਟੱਬਰ ਮੇਲ ਗੇਲ ਆਂਢ ਗੁਆਂਢ ਜਾਂ ਸਾਰੇ ਘਰ ਦੇ ਪਰਿਵਾਰਕ ਮੈਂਬਰ ਨਵੀਂ ਨਿਵੇਲੀ ਵਹੁਟੀ ਜੋ ਘਰ ਵਿੱਚ ਲਛਮੀ ਦੇ ਰੂਪ ਵਿੱਚ ਪ੍ਰਵੇਸ਼ ਕਰਦੀ ਹੈ ਉਸ ਨੂੰ ਨੇੜਿਉਂ ਵੇਖਣ ਦਾ ਚਾਹਵਾਨ ਵੀ ਹੁੰਦਾ ਹੈ ਤੇ ਖਾਸ ਕਰਕੇ ਘਰ ਦੀ ਮੁੱਖ ਬੀਬੀ ਭਾਵ ਵਿਆਂਦੜ ਦੀ ਮਾਂ ਨੇ ਤਾਂ ਪਾਣੀ ਵਾਰਨਾ ਵਿਹਾਰ ਵੀ ਕਰਨਾ ਹੁੰਦਾ ਹੈ। ਹੋਇਆ ਕੀ ਐਨ ਓਸੇ ਵਕਤ ਵਿਹੜੇ ਵਿੱਚ ਇੱਕ ਬਿੱਲੀ ਆ ਗਈ, ਤੇ ਘਰ ਦਿਆਂ ਨੇ ਉਸ ਨੂੰ ਟੋਕਰੇ ਥੱਲੇ ਤਾੜ ਦਿੱਤਾ, ਸਿਰਫ਼ ਇਸ ਕਰਕੇ ਕਿ ਅਸੀਂ ਤਾਂ ਸਾਰੇ ਇਧਰ ਡੋਲੀ ਨੂੰ ਉਤਾਰਨ ਵੱਲ ਰੁੱਝੇ ਹੋਵਾਂਗੇ, ਤੇ ਬਿੱਲੀ ਮਗਰੋਂ ਮਠਿਆਈ ਨੂੰ,ਦੁੱਧ ਨੂੰ ਜਾਂ ਕਿਸੇ ਬਣੀ ਸਬਜ਼ੀ ਭਾਜੀ ਫੁਲਕਿਆਂ ਆਦਿ ਨੂੰ ਮੂੰਹ ਨਾ ਮਾਰ ਜਾਏ, ਸਿਰਫ਼ ਇਸ ਲਈ ਤਾੜੀ ਸੀ, ਜਦੋਂ ਪਰਿਵਾਰ ਨੇ ਆਪਣਾ ਕਾਰ ਵਿਹਾਰ ਕਰ ਲਿਆ ਤਾਂ ਟੋਕਰੇ ਥੱਲਿਓਂ ਬਿੱਲੀ ਕੱਢ ਦਿੱਤੀ।ਪਰ ਇਹ ਅੱਜ ਵੀ ਕਈ ਪਰਿਵਾਰਾਂ ਵੱਲੋਂ ਕਿਸੇ ਖਾਸ ਇਲਾਕਿਆਂ ਚ ਰਿਵਾਜ ਪ੍ਰਚਲਿਤ ਹੈ ਭਾਵ ਡੋਲੀ ਉਤਾਰਨ ਵੇਲੇ ਬਿੱਲੀ ਭਾਲਦੇ ਫਿਰਦੇ ਹਨ, ਇਉਂ ਕਦੇ ਸਮੇਂ ਤੇ ਬਿੱਲੀ ਮਿਲਦੀ ਹੈ?ਜਿਸ ਨੂੰ ਰਿਵਾਜ ਬਣਾ ਲਿਆ ਹੈ।ਅਸਲ ਗੱਲ ਤਾਂ ਓਹ ਜੋ ਉਪਰੋਕਤ ਲਿਖੀ ਹੈ ਓਹੀ ਸੀ ਨਾਹ ਕਿ ਕੋਈ ਰਿਵਾਜ ਸੀ।

         ਹੁਣ ਜੇ ਅਗਲੀ ਗੱਲ ਕਰੀਏ ਕੌਲੀਂ ਤੇਲ ਪਾਉਣਾ ਓਹ ਵੀ ਪੁਰਖਿਆਂ ਤੋਂ ਕੁੱਝ ਇਸ ਤਰ੍ਹਾਂ ਪਤਾ ਲੱਗਾ ਹੈ ਕਿ ਪੁਰਾਤਨ ਪੰਜਾਬ ਵਿੱਚ ਬਹੁਤ ਵੱਡੇ ਵੱਡੇ ਅਤੇ ਭਾਰੇ ਲੱਕੜ ਦੇ ਗੇਟ ਘਰਾਂ ਨੂੰ ਲਗਾਏ ਜਾਂਦੇ ਸਨ, ਉਨ੍ਹਾਂ ਦੀ ਥੱਲੇ ਜੋ ਚੂਲ ਹੁੰਦੀ ਸੀ ਜਿਸ ਵਿੱਚ ਗੇਟ ਦਾ ਥੱਲਾ ਟਿਕਾਇਆ ਹੁੰਦਾ ਸੀ ਓਹ ਵੀ ਭਾਰੀ ਲੱਕੜ ਵਿੱਚ ਸੁਰਾਖ਼ ਕੱਢਕੇ ਜ਼ਮੀਨ ਵਿੱਚ ਅੱਡਾ ਜਿਹਾ ਬਣਾ ਕੇ ਗੱਡਿਆ ਜਾਂਦਾ ਸੀ ਤੇ ਉਸ ਉਪਰ ਇੱਕ ਪਾਸੇ ਦੇ ਤਖ਼ਤੇ ਦੀ ਚੂਲ ਰੱਖੀ ਜਾਂਦੀ ਸੀ, ਦੂਜੇ ਪਾਸੇ ਵੀ ਇਉਂ ਹੀ ਕੀਤਾ ਜਾਂਦਾ ਸੀ ਗੇਟ ਕਾਫੀ ਭਾਰੇ ਹੁੰਦੇ ਸਨ, ਗੇਟ ਬੰਦ ਕਰਨ ਤੇ ਖੋਲ੍ਹਣ ਵੇਲੇ ਜਦ ਲੱਕੜ ਆਪਸ ਵਿੱਚ ਇੱਕ ਦੂਜੇ ਨਾਲ ਖਹਿੰਦੀ ਸੀ ਤਾਂ ਕਦੇ ਕਦੇ ਬੜੀ ਭੈੜੀ ਜਿਹੀ ਆਵਾਜ਼ ਆਇਆ ਕਰਦੀ ਸੀ, ਤੇ ਉਸ ਨੂੰ ਤਰ ਰੱਖਣ ਲਈ ਅਤੇ ਆਵਾਜ਼ ਨਾ ਆਵੇ ਇਸ ਲਈ ਸਰੋਂ ਦਾ ਤੇਲ ਪਾ ਦਿੱਤਾ ਜਾਂਦਾ ਸੀ ਤਾਂ ਕਿ ਗੇਟ ਰਵਾਂ ਬੰਦ ਹੋਵੇ ਤੇ ਰੈਲਾ ਖੁਲ੍ਹ ਸਕੇ। ਇੱਕ ਵਾਰ ਕੁਦਰਤੀ ਤੇਲ ਪਾਉਂਦਿਆਂ ਤੋਂ ਕਿਸੇ ਘਰ ਵਿੱਚ ਕੋਈ ਮਹਿਮਾਨ ਆ ਗਿਆ ਤੇ ਉਸ ਨੂੰ ਗੇਟ ਤੇ ਦੋ ਕੁ ਮਿੰਟ ਰੁਕਣਾ ਪਿਆ ਕਿਉਂਕਿ ਘਰ ਦਾ ਮੁਖੀਆ ਗੇਟ ਨੂੰ ਰਵਾਂ ਕਰਨ ਲਈ ਤੇਲ ਪਾ ਰਿਹਾ ਸੀ,ਤੇ ਵੇਖੋ ਵੇਖੀ ਇਹ ਰਿਵਾਜ ਪ੍ਰਚਲਿਤ ਹੋ ਗਿਆ, ਜੋ ਅੱਜ ਤੱਕ ਵੀ ਰਿਵਾਜ ਦੇ ਤੌਰ ਤੇ ਪ੍ਰਚੱਲਤ ਹੈ ਕਿ ਘਰ ਕਿਸੇ ਖਾਸ ਮਹਿਮਾਨ ਦੇ ਆਏ ਤੋਂ ਕੌਲੀਂ ਤੇਲ ਪਾਇਆ ਜਾਂਦਾ ਹੈ ਤੇ ਓਸੇ ਸਮੇਂ ਤੋਂ ਹੀ ਇਹ ਵੀ ਇੱਕ ਰਿਵਾਜ ਦੀ ਤਰ੍ਹਾਂ ਪ੍ਰਚੱਲਤ ਹੋ ਗਿਆ, ਜਦੋਂ ਕਿ ਕਿਸੇ ਆਏ ਗਏ ਪ੍ਰਾਹੁਣੇ ਨਾਲ ਇਸ ਦਾ ਕੋਈ ਵੀ ਮਤਲਬ ਨਹੀਂ ਤੇ ਦੂਰ ਦਾ ਵੀ ਸਬੰਧ ਨਹੀ,ਪਰ ਅੱਜ ਵੀ ਅਸੀਂ ਓਵੇਂ ਹੀ ਕਰ ਰਹੇ ਹਾਂ ਜਦੋਂ ਕਿ ਹੁਣ ਆਲੀਸ਼ਾਨ ਕੋਠੀਆਂ ਬਣ ਚੁੱਕੀਆਂ ਹਨ ਪਰ ਅਸੀਂ ਲਕੀਰ ਦੇ ਫਕੀਰ ਬਣੇ ਹੋਏ ਹਾਂ ਤੇ ਆਏ ਕਿਸੇ ਖਾਸ ਮਹਿਮਾਨ ਵੇਲੇ ਕੌਲੀਂ ਤੇਲ ਪਾਉਣਾ ਚਾਲੂ ਰੱਖਿਆ ਹੋਇਆ ਹੈ।

          ਹੁਣ ਆਪਾਂ ਆਉਣੇ ਆਂ ਤੀਜੀ ਗੱਲ ਤੇ ਜੋ ਡੋਲੀ ਤੋਰਨ ਵੇਲੇ ਟਾਇਰਾਂ ਤੇ ਪਾਣੀ ਪਾਉਣਾ।ਸਹੀ ਮਾਅਨਿਆਂ ਚ ਪਹਿਲੇ ਸਮਿਆਂ ਵਿੱਚ ਡੋਲੀਆਂ ਰੱਥ ਜਾਂ ਬਲਦਾਂ ਵਾਲੇ ਗੱਡਿਆਂ ਤੇ ਜਾਂਦੀਆਂ ਰਹੀਆਂ ਹਨ,ਰਥ ਜਾਂ ਗੱਡਿਆਂ ਦੇ ਲੱਕੜ ਤੋਂ ਬਣੇ ਹੋਏ ਪਹੀਏ ਜਦੋਂ ਇੱਕ ਦੂਜੇ ਨਾਲ ਚੱਲਦੇ ਚੱਲਦੇ ਖਹਿੰਦੇ ਸਨ ਤਾਂ ਕਾਫ਼ੀ ਡਰਾਉਣੀ ਜਿਹੀ ਆਵਾਜ਼ ਆਇਆ ਕਰਦੀ ਸੀ ਤੇ ਸਾਡੇ ਪੁਰਖਿਆਂ ਦੇ ਦੱਸਣ ਮੁਤਾਬਿਕ ਓਨਾਂ ਸਮਿਆਂ ਵਿੱਚ ਡੋਲੀ ਨੂੰ ਲੁਟੇਰਿਆਂ ਵੱਲੋਂ ਲੁੱਟਿਆ ਵੀ ਜਾਂਦਾ ਰਿਹਾ ਹੈ, ਪਾਣੀ ਪਾਉਣ ਦਾ ਮਤਲਬ ਸਿਰਫ਼ ਓਹਨਾਂ ਗੱਡਿਆਂ ਜਾਂ ਰਥਾਂ ਦੇ ਪਹੀਆਂ ਵਿੱਚੋਂ ਆਵਾਜ਼ ਨਾ ਆਉਣ ਤੱਕ ਹੀ ਸੀਮਤ ਸੀ, ਸਿਰਫ਼ ਇਸ ਲਈ ਪਾਣੀ ਪਾਇਆ ਜਾਂਦਾ ਰਿਹਾ ਹੈ, ਜਦੋਂ ਕਿ ਅਜੋਕੇ ਅਗਾਂਹਵਧੂ ਅਤੇ ਮਾਡਰਨ ਜ਼ਮਾਨੇ ਵਿੱਚ ਓਹ ਜਗ੍ਹਾ ਮਹਿੰਗੀਆਂ ਕਾਰਾਂ ਤੇ ਇਥੋਂ ਤੱਕ ਕਿ ਹੈਲੀਕਾਪਟਰਾਂ ਅਤੇ ਹਵਾਈ ਜਹਾਜ਼ਾਂ ਨੇ ਲੈ ਲਈ ਹੈ,ਪਰ ਅਸੀਂ ਹਾਲੇ ਵੀ ਲਕੀਰ ਦੇ ਫਕੀਰ ਬਣੇ ਹੋਏ ਆ ਭਾਵ ਕਾਰਾਂ ਦੇ ਟਾਇਰਾਂ ਤੇ ਪਾਣੀ ਪਾ ਕੇ ਡੋਲੀ ਨੂੰ ਵਿਦਾ ਕਰਦੇ ਹਾਂ।ਓਹ ਤਾਂ ਖ਼ੈਰ ਪਹੁੰਚ ਤੋਂ ਬਾਹਰ ਦੀ ਗੱਲ ਹੈ ਨਹੀਂ ਤਾਂ ਅਸੀਂ ਹੈਲੀਕਾਪਟਰਾਂ ਅਤੇ ਹਵਾਈ ਜਹਾਜ਼ਾਂ ਦੇ ਟਾਇਰਾਂ ਤੇ ਵੀ ਪਾਣੀ ਪਾਉਣ ਦੀ ਢਿੱਲ ਨਾ ਕਰੀਏ ਪਰ ਓਥੇ ਪਹੁੰਚਿਆ ਨਹੀਂ ਜਾਂਦਾ।

          ਸੋ ਦੋਸਤੋ ਸਮਾਂ ਬਹੁਤ ਅੱਗੇ ਲੰਘ ਚੁੱਕਿਆ ਹੈ ਸਾਨੂੰ ਸਾਰਿਆਂ ਨੂੰ ਸਮੇਂ ਅਨੁਸਾਰ ਢਲਣਾ ਹੀ ਪਵੇਗਾ।ਇਹ ਕੁੱਝ ਕੁ ਗੱਲਾਂ ਸਨ ਜੋ ਵਡੇਰੀ ਉਮਰ ਦੇ ਸਾਡੇ ਪੁਰਖਿਆਂ ਤੋਂ ਕੁੱਝ ਕੁ ਦਿਨ ਪਹਿਲਾਂ ਹੀ ਸੁਣੀਆਂ ਸਨ ਜੋ ਤੁਹਾਡੇ ਸਭਨਾਂ ਨਾਲ ਸਾਂਝੀਆਂ ਕੀਤੀਆਂ ਨੇ, ਹੋਰ ਵੀ ਜਿਵੇਂ ਜਿਵੇਂ ਕਿਸੇ ਪੁਰਾਤਨ ਰੀਤੀ ਰਿਵਾਜਾਂ ਦਾ ਪੁਰਖਿਆਂ ਤੋਂ ਪਤਾ ਲੱਗੇਗਾ ਓਹ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗਾ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556