ਦੁਨੀਆਂਦਾਰੀ ਜਿਵੇਂ-ਜਿਵੇਂ ਤਰੱਕੀਆਂ ਦੇ ਦੌਰ 'ਚ ਪੈਸੇ ਦੀ ਦੌੜ 'ਚ ਅੱਗੇ ਲੱਗੀ ਹੋਈ ਹੈ,ਉੱਥੇ ਰਿਸ਼ਤਿਆਂ ਨੂੰ ਜਿਊਣ ਤੇ ਨਿਭਾਉਣ 'ਚ ਪਿੱਛੇ ਹੁੰਦੀਂ ਜਾ ਰਹੀ ਹੈ। ਕੁੱਝ ਰਿਸ਼ਤੇ ਖ਼ੂਨ ਨਾਲ਼ ਸਿੰਜੇ ਹੁੰਦੇ ਹਨ, ਕੁੱਝ ਰਿਸ਼ਤੇ ਭਾਵਨਾਵਾਂ ਨਾਲ਼ ਜਿਉਂਦੇ-ਵੱਸਦੇ ਰਹਿੰਦੇ ਹਨ। ਰਿਸ਼ਤਿਆਂ ਨੂੰ ਨਿਭਾਉਣ ਦੀ ਆਪਣੀ ਦੁਨੀਆਂ ਤੇ ਆਪੋ ਆਪਣਾ ਢੰਗ ਹੁੰਦਾ। ਹਰ ਇਨਸਾਨ ਦਾ ਇਹ ਧਰਤੀ 'ਤੇ ਆਉਣ ਦਾ ਸਬੱਬ ਮਾਂ-ਪਿਓ ਦੇ ਰਿਸ਼ਤੇ ਨਾਲ਼ ਹੀ ਹੁੰਦਾ। ਸੁਭਾਵਿਕ ਹੈ ਇਹ ਦੋਵੇਂ ਰਿਸ਼ਤੇ ਹਰ ਇੱਕਨਸਾਨ ਲਈ ਰੱਬ ਦਾ ਰੂਪ ਹੀ ਹੋਣਗੇ। ਇਹਨਾਂ ਦੋਵਾਂ ਰਿਸ਼ਤਿਆਂ ਦੇ ਦਿੱਤੇ ਮਹੌਲ 'ਤੇ ਹੀ ਅੱਗੇ ਹੋਰ ਪਿਆਰੇ ਰਿਸ਼ਤਿਆਂ ਦੀ ਦੁਨੀਆਂ ਬਣਦੀ ਹੈ। ਵਿਸ਼ਵ ਪੱਧਰ 'ਤੇ ਜਿਵੇਂ ਅਸੀਂ ਜਾਣਦੇ ਹੀ ਹਾਂ ਕਿ ਹੁਣ ਰਿਸ਼ਤਿਆਂ ਨੂੰ ਨਿਭਾਉਣ ਲਈ ਜਾਂ ਇਹ ਕਹਿ ਲਓ ਕਿ ਰਿਸ਼ਤਿਆਂ 'ਤੇ ਆਪਣਾ ਹੱਕ ਦਿਖਾਉਣ ਲਈ ਕੁੱਝ ਦਿਨ ਮਿਥ ਲਏ ਗਏ ਹਨ। ਹਰ ਰਿਸ਼ਤੇ ਨੂੰ ਸਾਲ 'ਚ ਇੱਕ ਵਿਸ਼ੇਸ਼ ਦਿਨ ਦੇਕੇ ਮਨਾਉਣ ਦੀ ਰਵਾਇਤ ਚੱਲ ਰਹੀ ਹੈ। ਹਰ ਮੁਲਕ ਦੀ ਆਪਣੀ ਜੀਵਨ ਜਾਚ ਹੁੰਦੀ ਹੈ, ਕਿਸੇ ਮੁਲਕ ਦੇ ਸੱਭਿਆਚਾਰ ਵਿੱਚ,ਕਿਰਤ ਦੇ ਹੁਨਰ ਤੇ ਵਕਤ ਦੀ ਕਦਰ ਨੇ ਇਹ ਵਿਸ਼ੇਸ਼ ਦਿਨ ਮਨਾਉਣ ਦੀ ਰਵਾਇਤ ਨੂੰ ਅਪਣਾ ਲਿਆ। ਹੌਲ਼ੀ ਹੌਲ਼ੀ ਵੱਖੋ-ਵੱਖ ਮੁਲਕਾਂ ਵਿੱਚ ਇਸ ਤਰ੍ਹਾਂ ਵਿਸ਼ੇਸ਼ ਦਿਹਾੜੇ ਮਨਾਉਣ ਦੀ ਇੱਕ ਪਿਰਤ ਪੈ ਗਈ। ਗੱਲ ਅੱਜ ਦੀ ਕਰੀਏ ਅੱਜ ਪਿਤਾ ਦਿਵਸ ਮਨਾਇਆ ਜਾ ਰਿਹਾ। ਜੂਨ ਮਹੀਨੇ ਦੇ ਤੀਜੇ ਐਤਵਾਰ ਨੂੰ ਪਿਤਾ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਕੀ ਇਹ ਦਿਨ ਮਨਾਉਣਾ ਚਾਹੀਦਾ ? ਕੀ ਇੱਕ ਦਿਨ ਹੀ ਆਪਣੇ ਪਿਤਾ ਲਈ ਪਿਆਰ ਦਾ ਦਿਨ ਹੁੰਦਾ ? ਕੀ ਸਿਰਫ ਅਸੀਂ ਦਿਖਾਵਾ ਕਰਨ ਲਈ ਹੀ ਤਾਂ ਨਹੀਂ ਇਹ ਦਿਨ ਮਨਾ ਰਹੇ ? ਜੇ ਆਪਾਂ ਸਾਰੇ ਪੰਜਾਬ ਦੀ ਧਰਤੀ ਨਾਲ਼ ਜੁੜੇ ਹੋਏ ਹਾਂ ਤਾਂ ਅਜਿਹੇ ਸਵਾਲ ਮਨ 'ਚ ਆਉਣੇ ਸੁਭਾਵਿਕ ਹੀ ਨੇ ਕਿਉਂਕਿ ਸਾਡੇ ਮੁਲਕ ਦੀ ਜੀਵਨ ਜਾਚ ਵੱਖਰੀ ਹੈ। ਸਾਡੇ ਰਿਸ਼ਤੇ ਮਾਂ ਦੀ ਕੁੱਖ 'ਚੋਂ,ਪਿਤਾ ਦੀ ਗੁੜ੍ਹਤੀ ਨਾਲ਼ ਅੱਗੇ ਤੁਰਦੇ ਹੋਏ,ਦਾਦਾ-ਦਾਦੀ ਦੀਆਂ ਬਾਤਾਂ ਸੁਣਦੇ, ਭੈਣਾਂ ਦੀਆਂ ਘੋੜੀਆਂ ਦਾ ਮਾਣ ਵਧਾਉਂਦੇ, ਭਰਾਵਾਂ ਦੇ ਲਲਕਾਰਿਆਂ 'ਤੇ ਭੰਗੜੇ ਪਾਉਂਦੇ, ਆਪੋ-ਆਪਣੇ ਹਮਸਫ਼ਰ ਨਾਲ਼ ਸਾਥ ਨਿਭਾਉਂਦੇ ਹੋਏ, ਬੱਚਿਆਂ ਨਾਲ਼ ਬੱਚੇ ਬਣਕੇ ਸ਼ਮਸ਼ਾਨ ਘਾਟ ਤੱਕ ਨਿਭਦੇ ਹਨ। ਬੇਸ਼ੱਕ ਸਮੇਂ ਦੀ ਦੌੜ 'ਚ ਰਿਸ਼ਤਿਆਂ ਨੂੰ ਨਿਭਾਉਣ ਦਾ ਢੰਗ ਬਦਲ ਜ਼ਰੂਰ ਗਿਆ ਪਰ ਮਾਂ-ਪਿਓ ਤੋਂ ਸਾਡੇ ਰਿਸ਼ਤੇ ਹਜੇ ਆਕੀ ਨਹੀਂ ਹੋਏ। ਅਸੀਂ ਦੁਆ ਕਰਦੇ ਹਾਂ ਕਿ ਇੰਝ ਕਦੇ ਹੋਵੇ ਵੀ ਨਾ। ਬਾਪ ਹੋਣਾ,ਬਾਬਲ ਹੋਣਾ ਸੌਖੀ ਗੱਲ ਨਹੀਂ,ਬੱਚੇ ਦਾ ਮਾਂ ਦੀ ਕੁੱਖ ਤੋਂ ਬਾਹਰ ਆ ਕੇ ਸਾਹ ਲੈਣਾ,ਪਿਤਾ ਦੀਆਂ ਜੁੰਮੇਵਾਰੀਆਂ ਅਤੇ ਮਾਣ ਨੂੰ ਦੁੱਗਣਾ ਕਰ ਦਿੰਦਾ।
ਜੇ ਮਾਂ ਦਾ ਰਿਸ਼ਤਾ ਠੰਢੀ ਛਾਂ ਹੈ,
ਪਿਤਾ ਨੇ ਜੜ੍ਹਾਂ ਲਾਈਆਂ ਉਹ ਵੀ ਤਾਂ ਹੈ।
ਸਾਇਦ ਸਭ ਨੇ ਕਿਤੇ ਇਹ ਜ਼ਰੂਰ ਪੜ੍ਹਿਆ-ਸੁਣਿਆ ਹੋਵੇਗਾ ਕਿ ਜਦ ਜਵਾਨ ਪੁੱਤ ਕਮਾ ਕੇ ਸਾਮੀਂ ਘਰ ਵਾਪਸ ਆਉਦਾ ਏ ਤਾਂ ਬਾਪ ਪੁੱਛਦਾ ਏ, "ਪੁੱਤਰਾ ਅੱਜ ਕੀ ਕਮਾਇਆ ?" ਬੇਟਾ ਪੁੱਛਦਾ ਹੈ, "ਬਾਪੂ ਮੈਨੂੰ ਖਾਣ ਨੂੰ ਕੀ ਲਿਆਇਆਂ ?" ਮਾਂ ਪੁੱਛਦੀ ਹੈ, "ਬੇਟਾ ਅੱਜ ਕੀ ਖਾਇਆ ?" ਤੇ ਪਤਨੀ ਪੁੱਛਦੀ ਹੈ, "ਅੱਜ ਕਿੰਨਾ ਕੁ ਬਚਾਇਆ ?"
ਇੱਥੋਂ ਅਸੀਂ ਮਾਂ ਦੀ ਮਮਤਾ ਤੇ ਮੋਹ ਨੂੰ ਤਾਂ ਸਜਦਾ ਕਰਦੇ ਹੀ ਹਾਂ ਪਰ ਕਿਤੇ ਨਾ ਕਿਤੇ ਬਾਪ ਨੂੰ ਕਮਾਈ ਵਾਲ਼ੀ ਗੱਲ ਕਰਕੇ ਆਮ ਸਾਧਾਰਨ ਨਜ਼ਰੀਏ ਤੋਂ ਪੜ੍ਹ-ਸੁਣ ਕੇ ਘੱਟ ਮਹੱਤਵ ਦਿੰਦੇ ਹਾਂ। ਅਸਲ 'ਚ ਇੱਥੇ ਹੀ ਤਾਂ ਲੋੜ ਹੈ ਸਮਝਣ ਦੀ, ਮਹਿਸੂਸ ਕਰਨ ਦੀ, ਮੇਰਾ ਮਤਲਬ,ਜਦ ਬਾਪ ਪੁੱਛਦਾ ਹੈ, "ਪੁੱਤਰਾ ਅੱਜ ਕੀ ਕਮਾਇਆ ?" ਤਾਂ ਇਸ ਪਿੱਛੇ ਉਹਦਾ ਕੋਈ ਨਿੱਜ ਜਾਂ ਸੁਆਰਥ ਨਹੀਂ ਹੁੰਦਾ ਸਗੋ ਉਹ ਚਾਹੁੰਦਾ ਹੈ ਕਿ ਮੇਰਾ ਪੁੱਤਰ ਆਪਣੇ ਪੈਰਾਂ 'ਤੇ ਖਲੋਵੇ, ਆਪ ਆਪਣੀ ਮਿਹਨਤ ਨਾਲ਼ ਕਮਾਉਣ ਯੋਗ ਹੋਵੇ। ਸਾਰੀ ਜ਼ਿੰਦਗੀ ਆਪਣੇ ਹੱਕ ਦੀ ਕਮਾ ਕੇ ਸਿਰ ਉੱਚਾ ਕਰਕੇ ਜ਼ਿੰਦਗੀ ਮਾਣੇ।
ਮਾਂ ਬਾਰੇ ਲਿਖਿਆ ਬਹੁਤ ਕੁੱਝ ਮਿਲ਼ ਜਾਂਦਾ ਕਵਿਤਾਵਾਂ, ਗੀਤ, ਨਾਟਕ,ਨਾਵਲ, ਕਹਾਣੀਆਂ, ਫਿਲਮਾਂ ਆਦਿ। ਪਤਾ ਨਹੀਂ ਕਿਉਂ ਪਿਤਾ ਦਾ ਰਿਸ਼ਤਾ ਇਸ ਪੱਖੋਂ ਕਿਤੇ ਨਾ ਕਿਤੇ ਥੋੜਾ ਨਜ਼ਰ-ਅੰਦਾਜ਼ ਹੋ ਜਾਂਦਾ। ਅਸਲ 'ਚ ਪਿਤਾ ਬਾਰੇ ਕੁੱਝ ਲਿਖਣਾ ਉਦੋਂ ਹੀ ਸੰਭਵ ਹੋ ਸਕਦਾ ਜਦ ਕਲਮ ਜ਼ੁੰਮੇਵਾਰੀਆਂ ਸਮਝਦੀ ਤੇ ਨਿਭਾਉਂਦੀ ਹੋਈ ਚੱਲੇ। ਮਾਂ ਬਾਰੇ ਤਾਂ ਮਮਤਾ ਦਾ ਭਾਵ ਹੀ ਸੁਤੇ ਸੁਭਾਅ ਲਿਖਵਾ ਦਿੰਦਾ। ਪਿਤਾ ਦੀ ਘੂਰੀ ਨੂੰ ਸਮਝਕੇ ਜਦੋਂ ਅਸੀਂ ਮਾਣ ਮਹਿਸੂਸ ਕਰਦੇ ਹੋਏ,ਆਪਣੇ ਫ਼ਰਜ਼ ਨਿਭਾਵਾਂਗੇ ਤਾਂ ਕਲਮ ਆਪਣੇ ਆਪ ਆਪਣੇ ਪਿਤਾ ਦੀ ਮਿਹਨਤ ਨੂੰ ਸਜਦਾ ਕਰਦਿਆਂ ਸ਼ਾਹਕਾਰ ਰਚਨਾਵਾਂ ਨੂੰ ਜਨਮ ਦੇਵੇਗੀ ਹੀ ਦੇਵੇਗੀ। ਮਾਂ ਕੋਲ਼ ਮਮਤਾ ਤੇ ਸਬਰ ਹੈ ਤਾਂ ਪਿਤਾ ਕੋਲ਼ ਮਿਹਨਤ ਦਾ ਹੁਨਰ ਹੈ। ਜਦ ਘਰੇ ਮਾਂ ਆਪਣੇ ਬੱਚੇ 'ਤੇ ਚੁੰਨੀ ਦੀ ਛਾਂ ਕਰਦੀ ਹੈ ਤਾਂ ਪਿਤਾ ਉਦੋਂ ਆਪਣੇ ਪਰਿਵਾਰ ਲਈ ਖੇਤਾਂ ਵਾਲ਼ੇ ਰਾਹਾਂ 'ਤੇ ਜਾਂ ਸ਼ਹਿਰਾਂ ਦੀਆਂ ਵੱਡੀਆਂ ਸੜਕਾਂ 'ਤੇ ਸੂਰਜ ਨੂੰ ਮਸ਼ਕਰੀਆਂ ਕਰਦਾ ਕਮਾਈ ਕਰ ਰਿਹਾ ਹੁੰਦਾ। ਮਾਂ ਦੀ ਕੁੱਖ ਤੇ ਪਿਤਾ ਦੇ ਮੋਢਿਆਂ ਅੱਗੇ ਵੱਡੇ-ਵੱਡੇ ਤਖ਼ਤ ਵੀ ਨਿੱਕੇ ਨਿੱਕੇ ਲੱਗਦੇ ਹਨ। ਬਾਪ ਦੇ ਮੱਥੇ 'ਤੇ ਪਾਈਆਂ ਵਕਤ ਦੀਆਂ ਤਿਉੜੀਆਂ ਬੱਚਿਆਂ ਦੇ ਭਵਿੱਖ ਦਾ ਨਕਸ਼ਾ ਬਣਾਉਂਦੀਆਂ ਹਨ। ਬਾਪ ਦੇ ਹੱਥਾਂ 'ਤੇ ਪਏ ਅੱਟਣਾਂ ਦਾ ਮੋਢੇ 'ਤੇ ਦਿੱਤਾ ਥਾਪੜਾ ਬੱਚਿਆਂ ਨੂੰ ਚੜ੍ਹਦੀ ਕਲਾ 'ਚ ਜਿਊਣ ਦਾ ਹੁਨਰ ਬਖ਼ਸ਼ਦਾ। ਮਾਂ ਧੀ ਤੇ ਪੁੱਤ ਲਈ ਮਾਂ ਹੀ ਰਹਿੰਦੀ ਹੈ ਪਰ ਬਾਪ ਦੀ ਖ਼ੁਸ਼ਕਿਸਮਤੀ ਦੇਖੋ ਬਾਪ "ਬਾਬਲ" ਬਣ ਕੇ ਧੀ ਲਈ ਮਾਂ ਤੋਂ ਵੀ ਵੱਖਰਾ ਅਹਿਸਾਸ ਜਿਊਂਦਾ। ਬੇਸ਼ੱਕ ਬਾਪ ਬਾਰੇ ਥੋੜ੍ਹਾ ਲਿਖਿਆ ਗਿਆ ਪਰ ਬਾਪ ਬਾਰੇ ਜਿੰਨ੍ਹਾਂ ਵੀ ਲਿਖੀਏ ਉਹ ਥੋੜ੍ਹਾ ਹੀ ਹੈ। ਪਿਤਾ ਹੋਣ ਦੇ ਅਹਿਸਾਸ ਨੂੰ ਮਹਿਸੂਸ ਕਰਕੇ ਜਿਊਣ ਦੀ ਲੋੜ ਹੈ। ਮਾਂ ਦੀ ਮਮਤਾ ਦੇ ਬਰਾਬਰ ਦਾ ਪਿਆਰ ਤੇ ਸਤਿਕਾਰ ਸਾਡੇ ਵੱਲੋਂ ਬਾਪੂ ਦੀ ਘੂਰੀ ਉਹਲੇ ਲੁਕੇ ਫ਼ਿਕਰ ਨੂੰ ਦੇਣਾ ਬਣਦਾ। ਇਹਦੇ ਲਈ ਧੀ ਹੋਣ ਨਾਤੇ ਬਸ ਬਾਪੂ ਦੀ ਸਿਰ ਤੋਂ ਲਾਹੀ ਪੱਗ ਨੂੰ ਆਪਣੇ ਸਿਰ 'ਤੇ ਰੱਖਕੇ ਕਹਿ ਦੇਣਾ, "ਦੇਖ ਬਾਪੂ ਤੇਰੀ ਲਾਡੋ ਤੇਰਾ ਰਾਜਾ ਪੁੱਤ ਬਣਗੀ।" ਪੁੱਤ ਹੋਣ ਨਾਤੇ ਕਦੇ ਕੰਮ ਤੋਂ ਆਏ ਬਾਪੂ ਦੇ ਸਿਰ ਤੋਂ ਲਾਹੇ ਪਰਨੇ ਨੂੰ ਬਿਨ੍ਹਾਂ ਝਾੜੇ ਹੇਠਾਂ ਧਰਤੀ 'ਤੇ ਵਿਛਾ ਕੇ ਉੱਪਰ ਪੈ ਕੇ ਲੱਤ 'ਤੇ ਲੱਤ ਧਰਕੇ ਕਹਿਣਾ, "ਦੇਖ ਬਾਪੂ ਤੇਰਾ ਪੁੱਤ ਅੱਜ ਦੁਨੀਆਂ ਦੇ ਨਕਸ਼ੇ 'ਤੇ ਰਾਜਾ ਬਣਿਆ ਪਿਆ।" ਅੱਜ ਇਹ ਦੁਨੀਆਂ ਦਿਖਾਉਣ ਤੇ ਦੁਨੀਆਦਾਰੀ ਬਾਰੇ ਸਮਝਾਉਣ ਵਾਲ਼ੇ ਪਿਤਾ ਨੂੰ ਯਾਦ ਕਰਦਿਆਂ ਪਾਪਾ,ਪਾ, ਡੈਡੀ, ਡੈਡ ਤੇ ੜੈੜ ਆਦਿ ਸ਼ਬਦਾਂ ਦੀ ਭੀੜ ਤੋਂ ਥੋੜ੍ਹਾ ਜਿਹਾ ਪਾਸੇ ਹੋਕੇ "ਬਾਪ" ਤੇ "ਬਾਬਲ" ਹੋਣ ਦਾ ਮਾਣ ਦੇਈਏ। ਅੱਜ ਇੱਕ ਦੁਆ ਤੇ ਵਾਅਦਾ ਕਰੀਏ ਕਿ ਸਾਨੂੰ ਕਦੇ ਬਿਰਧ ਆਸ਼ਰਮਾਂ 'ਚ ਜਾਕੇ ਇਹ ਦਿਨ ਮਨਾਉਣ ਦੀ ਕਦੇ ਲੋੜ ਨਾ ਪਵੇ। ਸਾਡੇ ਮਾਪੇ-ਸਾਡੀਆਂ ਮਾਂਵਾਂ, ਸਾਡੇ ਬਾਪ ਆਪੋ-ਆਪਣੇ ਪਰਿਵਾਰਾਂ 'ਚ ਆਪਣੀ ਔਲਾਦ ਨਾਲ਼ ਆਪਣੀਆਂ ਪੋਤੀਆਂ-ਦੋਹਤੀਆਂ ਤੇ ਪੋਤੇ-ਦੋਹਤਿਆਂ ਨਾਲ਼ ਖੇਡਦੇ ਜਿਉਂਦੇ ਵੱਸਦੇ ਉਮਰਾਂ ਦੇ ਆਖਰੀ ਪਲ ਖ਼ੁਸ਼ੀਆਂ ਨਾਲ਼ ਬਿਤਾਉਣ।
ਸ. ਸੁਖਚੈਨ ਸਿੰਘ ਕੁਰੜ
(ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ