ਜਗਰਾਉਂ 11 ਫਰਵਰੀ (ਕੁਲਦੀਪ ਸਿੰਘ ਕੋਮਲ / ਮੋਹਿਤ ਗੋਇਲ ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਲਾ ਕਮੇਟੀ ਦੀ ਮੀਟਿੰਗ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੀਟਿੰਗ ਵਿੱਚ ਅਲਾਹਾਬਾਦ ਹਾਈਕੋਰਟ ਵਲੋਂ ਲਖੀਮਪੁਰ ਖੀਰੀ ਵਿਖੇ ਪਿਛਲੇ ਸਾਲ ਭਾਜਪਾਈ ਗੁੰਡਿਆਂ ਵਲੋਂ ਗੱਡੀਆਂ ਚੜਾ ਕੇ ਸ਼ਹੀਦ ਕੀਤੇ ਕਿਸਾਨਾਂ ਦੇ ਕਤਲ ਦੇ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਨੂੰ ਜਮਾਨਤ ਤੇ ਰਿਹਾ ਕਰਨ ਦੀ ਕਰੜੀ ਨਿੰਦਾ ਦਾ ਮਤਾ ਪਾਸ ਕੀਤਾ ਗਿਆ। ਮੀਟਿੰਗ ਵਿੱਚ ਯੂਪੀ ਸਰਕਾਰ ਤੋਂ ਇਹ ਜਮਾਨਤ ਰੱਦ ਕਰਾਉਣ ਦੀ ਜੋਰਦਾਰ ਮੰਗ ਕੀਤੀ ਗਈ। ਮੀਟਿੰਗ ਨੇ ਨਿਆਂਪਾਲਿਕਾ ਦੇ ਇਸ ਪੱਖਪਾਤੀ ਰਵੱਈਏ ਤੇ ਚਿੰਤਾ ਜਾਹਰ ਕਰਦਿਆਂ ਕਿਹਾ ਕਿ ਫਿਰ ਸੁਪਰੀਮ ਕੋਰਟ ਵਲੋਂ ਤੈਨਾਤ ਵਿਸ਼ੇਸ਼ ਖੋਜ ਟੀਮ ਦੀ ਇਸ ਪੜਤਾਲ ਦਾ ਕੀ ਅਰਥ ਰਹਿ ਜਾਂਦਾ ਹੈ ਕਿ ਇਹ ਕੋਈ ਅਚਾਨਕ ਵਾਪਰੀ ਘਟਨਾ ਨਹੀਂ ਬਲਕਿ ਇਕ ਸੋਚੀ ਸਮਝੀ ਸਾਜਿਸ਼ ਸੀ। ਉਨਾਂ ਕਿਹਾ ਕਿ ਇਸ ਸਬੰਧੀ ਸੂਬਾ ਕਮੇਟੀ ਦੇ ਸੱਦੇ ਤੇ ਜਲਦ ਹੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਮੀਟਿੰਗ ਵਿਚ 15 ਫਰਵਰੀ ਨੂੰ ਜਗਰਾਂਓ ਵਿਖੇ ਇਨਕਲਾਬੀ ਕੇਂਦਰ ਪੰਜਾਬ ਵਲੋਂ ਸ਼ਹੀਦ ਭਗਤ ਸਿੰਘ ਪਾਰਕ, ਅਗਵਾੜ ਲੋਪੋ ਵਿਖੇ ਰੱਖੀ "ਇਨਕਲਾਬੀ ਬਦਲ ਉਸਾਰੋ ਕਨਵੈਨਸ਼ਨ "ਚ ਜਿਲੇ ਦੀਆਂ ਸਾਰੀਆਂ ਇਕਾਈਆਂ ਵਲੋਂ ਸਮੇਤ ਔਰਤ ਵਿੰਗ ਦੇ ਵਧ ਚੜ ਕੇ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ।ਮੀਟਿੰਗ ਵਿਚ 18 ਫਰਵਰੀ ਨੂੰ ਕਿਸਾਨ ਲਹਿਰ ਦੇ ਸ਼ਹੀਦ ਪਿਆਰਾ ਸਿੰਘ TV ਕੀਤਾ ਗਿਆ। ਮੀਟਿੰਗ ਚ ਹਾਜਰ ਆਗੂਆਂ ਨੇ ਬਾਰਸ਼ ਤੇ ਗੜੇਮਾਰੀ ਕਾਰਨ ਕਣਕ ਵਿਸ਼ੇਸ਼ਕਰ ਆਲੂਆਂ ਦੇ ਹੋਏ ਭਾਰੀ ਨੁਕਸਾਨ ਦਾ ਪੂਰਾ ਬਣਦਾ ਮੁਆਵਜਾ ਪ੍ਰਤੀ ਏਕੜ ਸੱਠ ਹਜਾਰ ਰੁਪਏ ਪਹਿਲ ਦੇ ਆਧਾਰ ਤੇ ਜਾਰੀ ਕਰਨ ਦੀ ਮੰਗ ਡਿਪਟੀ ਕਮਿਸ਼ਨਰ ਲੁਧਿਆਣਾ ਤੋਂ ਕੀਤੀ ।ਇਸ ਸਮੇਂ ਗੁਰਪ੍ਰੀਤ ਸਿੰਘ ਸਿਧਵਾਂ,ਜਗਤਾਰ ਸਿੰਘ ਦੇਹੜਕਾ, ਤਰਸੇਮ ਸਿੰਘ ਬੱਸੂਵਾਲ, ਰਣਧੀਰ ਸਿੰਘ ਬੱਸੀਆਂ, ਰਾਮਸਰਨ ਸਿੰਘ ਰਸੂਲਪੁਰ, ਦੇਵਿੰਦਰ ਸਿੰਘ ਮਲਸੀਹਾਂ ਸੁਖਵਿੰਦਰ ਸਿੰਘ ਹੰਬੜਾਂ, ਦੇਵਿੰਦਰ ਸਿੰਘ ਕਾਉਂਕੇ, ਕੁਲਦੀਪ ਸਿੰਘ ਖਾਲਸਾ ਰੱਤੋਵਾਲ ਆਦਿ ਆਗੂ ਹਾਜਰ ਸਨ ।