You are here

ਅਸ਼ਲੀਲ ਤੇ ਮਾਰਧਾੜ ਵਾਲੀ ਗਾਇਕੀ ਦੇ ਖਾਤਮੇ ਲਈ ਸੈਂਸਰ- ਬੋਰਡ ਫੌਰੀ ਕਾਇਮ ਕੀਤਾ ਜਾਵੇ 

ਮੁੱਲਾਂਪੁਰ ਦਾਖਾ, 7 ਮਈ ( ਸਤਵਿੰਦਰ ਸਿੰਘ ਗਿੱਲ) ਕੌਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੀ ਇਕ ਅਹਿਮ ਮੀਟਿੰਗ ਅੱਜ ਸਾਥੀ ਕੁਲਦੀਪ ਸਿੰਘ ਐਡਵੋਕੇਟ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਵੱਖ- ਵੱਖ  ਭਖਦੇ ਲੋਕ ਹਿੱਤੂ ਤੇ ਦੇਸ਼ ਪ੍ਰੇਮੀ ਮੁੱਦਿਆਂ ਬਾਰੇ ਜੰਮ ਕੇ ਗੰਭੀਰ ਤੇ ਡੂੰਘੀਆਂ ਵਿਚਾਰਾਂ ਹੋਈਆਂ। ਜਿਸ ਉਪਰੰਤ ਢੁੱਕਵੇਂ ਤੇ ਨਿੱਗਰ ਫ਼ੈਸਲੇ ਕੀਤੇ ਗਏ ।
ਕੌਮਾਗਾਟਾਮਾਰੂ ਯਾਦਗਾਰ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂਆਂ -ਜਸਦੇਵ ਸਿੰਘ  ਲਲਤੋੰ, ਹਰਦੇਵ ਸਿੰਘ ਸੁਨੇਤ, ਸੁਖਦੇਵ ਸਿੰਘ ਕਿਲਾ ਰਾਏਪੁਰ, ਜੁਗਿੰਦਰ ਸਿੰਘ ਸ਼ਹਿਜ਼ਾਦ, ਪ੍ਰੇਮ ਸਿੰਘ ਸ਼ਹਿਜਾਦ, ਉਜਾਗਰ ਸਿੰਘ ਬੱਦੋਵਾਲ ਤੇ ਸ਼ਿੰਦਰ ਸਿੰਘ ਜਵੱਦੀ ਨੇ ਵਰਨਣ ਕੀਤਾ ਕਿ ਬੇਸ਼ੱਕ ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਨੇ  ਅਸ਼ਲੀਲ ਤੇ ਮਾਰਧਾੜ ਵਾਲੀ ,ਹਥਿਆਰਾਂ ਅਤੇ ਨਸ਼ਿਆਂ ਦੀ ਵਰਤੋਂ ਨੂੰ ਵਧਾਉਣ ਵਾਲੀ ਗਾਇਕੀ 'ਤੇ ਸਿਧਾਂਤਕ  ਤੌਰ ਤੇ ਪਾਬੰਦੀ ਲਾ ਕੇ 2 ਮਹੀਨੇ ਪਹਿਲਾਂ ਵਧੀਆ ਲੋਕ ਪੱਖੀ ਤੇ ਉਸਾਰੂ ਫੈਸਲਾ ਲਿਆ ਸੀ, ਲੇਕਿਨ ਅਮਲੀ ਤੌਰ ਤੇ ਅਜੇ ਤੱਕ ਯੋਗ ਸੈਂਸਰ- ਬੋਰਡ ਕਾਇਮ ਕਰਕੇ ਇਸ ਦੇ ਖਾਤਮੇ ਲਈ ਅਸਰਦਾਰ ਅਮਲੀ ਕਦਮ ਨਹੀਂ ਚੁੱਕਿਆ।
 ਸੋ ਕਮੇਟੀ ਦੀ ਪੁਰਜ਼ੋਰ ਮੰਗ ਹੈ ਕਿ ਫੌਰੀ ਤੌਰ ਤੇ ਕਾਬਲ ਸੈਂਸਰ ਬੋਰਡ ਕਾਇਮ ਕੀਤਾ ਜਾਵੇ। ਇਸ ਤੋਂ ਇਲਾਵਾ ਸਾਰੀਆਂ ਪ੍ਰਾਈਵੇਟ ਤੇ ਕਾਫ਼ੀ ਸਰਕਾਰੀ ਬੱਸਾਂ 'ਚ ,ਆਟੋ ਰਿਕਸ਼ਿਆਂ 'ਚ ਸ਼ਰ੍ਹੇਆਮ ਵੱਡੇ ਪੈਮਾਨੇ 'ਤੇ ਵੱਜਦੀ ਅਜੇਹੀ ਗੁੰਮਰਾਹਕੁੰਨ  ਦਿਸ਼ਾਵਾਲੀ ਤੇ  ਖ਼ਤਰਨਾਕ ਸਿੱਟਿਆਂ ਨੂੰ ਜਨਮ ਦੇਣ ਵਾਲੀ ਗਾਇਕੀ ਫੌਰੀ ਤੌਰ ਤੇ ਬੰਦ ਕਰਵਾਉਣ ਦਾ ਹੁਕਮ ਜਾਰੀ ਕੀਤਾ ਜਾਵੇ 'ਤੇ ਲਾਗੂ ਕੀਤਾ ਜਾਵੇ ।
 ਇਸ ਤੋਂ ਇਲਾਵਾ ਕਮੇਟੀ ਨੇ  ਪੁਰਜ਼ੋਰ ਮੰਗ ਕੀਤੀ ਹੈ ਕਿ ਸੰਗਰੂਰ ਵਿਖੇ ਵੱਖ -ਵੱਖ ਕੈਟੇਗਰੀਆਂ ਦੇ ਬੇਰੁਜ਼ਗਾਰ ਨੌਜਵਾਨਾਂ ਦੇ ਹੱਕੀ ਘੋਲਾਂ 'ਤੇ ਪੁਲੀਸ ਲਾਠੀਚਾਰਜ ਅਤੇ ਖਿੱਚ- ਧੂਹ ਦੀ ਨੀਤੀ ਬੰਦ ਕਰ ਕੇ, ਉਨ੍ਹਾਂ ਦੀਆਂ ਪੱਕੇ ਰੁਜ਼ਗਾਰ ਸਬੰਧੀ ਹੱਕੀ ਮੰਗਾਂ ਦਾ ਹੱਲ ਗੱਲਬਾਤ ਦੀ ਮੇਜ਼ 'ਤੇ ਬੈਠ ਕੇ ਬਿਨਾਂ ਕਿਸੇ ਹੋਰ ਦੇਰੀ ਤੋਂ ਕੀਤਾ ਜਾਵੇ।