You are here

ਕੁੜੀ ✍️ ਸਲੇਮਪੁਰੀ ਦੀ ਚੂੰਢੀ

- ਇੱਕ ਕੁੜੀ ਮੈਂ ਤੱਕੀ,
ਪੈਰਾਂ ਤੋਂ ਨੰਗੀ,
ਸਿਰ ਤੋਂ ਕੱਜੀ!
ਖੜ੍ਹੀ ਸੀ
ਪਗਡੰਡੀ ਦੇ ਕਿਨਾਰੇ।
ਮੈਂ ਸੋਚਿਆ
ਕੋਈ ਵੇਸਵਾ ਹੈ,
ਜਿਹੜੀ
 ਉਡੀਕ ਰਹੀ ਆ
ਕਿਸੇ ਗਾਹਕ ਨੂੰ!
ਕੌਣ ਬੁਝਾਏਗਾ
ਉਸ ਦੀ ਝਾਕ ਨੂੰ?
ਮੈਂ ਪੁੱਛਿਆ -
ਉਸ ਦਾ ਨਾਂ?
ਕਿਹੜਾ ਸ਼ਹਿਰ,
ਕਿਹੜਾ ਗਰਾਂ ?
ਉਸ ਕੁੜੀ ਨੇ
ਮੇਰੀ ਬਾਂਹ ਫੜ ਕੇ,
 ਚਿਹਰਾ
ਹੇਠਾਂਹ ਕਰਕੇ,
ਕਿਹਾ -
ਮੈਂ -
ਇੱਕ ਆਮ ਕੁੜੀ ਹਾਂ!
ਪਰ ਬਦਨਾਮ ਕੁੜੀ ਹਾਂ!
ਮੈੰ ਵੇਸਵਾ ਨਹੀਂ,
ਪਰ -
ਨੰਗੀ ਸ਼ਰੇਆਮ ਹੋਈ ਆਂ !
ਕੋਈ ਟਿਕਾਣਾ ਨਹੀਂ,
ਬੇਲਗਾਮ ਹੋਈ ਆਂ!
 ਉਸ ਕੁੜੀ ਨੇ
ਲੰਬਾ ਹਉਕਾ ਲੈ ਕੇ!
ਇਕਾਂਤ ਵਿਚ ਬਹਿ ਕੇ!
ਕਿਹਾ -
ਮੈਂ ਕਦੇ ਹੁੰਦੀ ਸੀ
ਰਾਜਿਆਂ,
ਮਹਾਰਾਜਿਆਂ
 ਦੇ ਮਹਿਲਾਂ ਦੀ ਪਟਰਾਣੀ!
ਹੁਣ ਜਣਾ-ਖਣਾ
ਬਣਾ ਲੈਂਦਾ
ਆਪਣੀ ਰਾਣੀ!
ਫੜੇ ਜਾਣ 'ਤੇ
ਨਾ ਅਫਸੋਸ ਹੁੰਦਾ ਹੈ!
ਨਾ ਰੋਸ ਹੁੰਦਾ ਹੈ!
ਬਸ-
ਬਣ ਜਾਂਦੀ ਆਂ
ਅਖਬਾਰਾਂ ਦੀ ਕਹਾਣੀ!
 ਰਿੜਕੀ ਜਾਂਦੀ ਆਂ,
ਜਿਉਂ -
ਪਾਣੀ ਵਿਚ ਮਧਾਣੀ!
ਮੈਨੂੰ ਬਹੁਤ ਨੇ
ਚਾਹੁਣ ਵਾਲੇ!
ਹਿੱਕ ਨਾਲ
ਲਾਉਣ ਵਾਲੇ!
ਪਰ-
'ਹੱਥ ਨਾ ਪੁੱਜੇ
ਥੂਹ ਕੌੜੀ'
 ਉਹੀ ਪਾਉਂਦੇ ਨੇ,
ਉੱਚੀ ਰੌਲੀ!  
ਉਸ ਕੁੜੀ ਨੇ
ਪਿੱਠ ਘੁੰਮਾ ਕੇ,
ਥੋੜ੍ਹਾ ਸ਼ਰਮਾ ਕੇ,
ਕਿਹਾ -
ਮੇਰਾ ਨਾਂ ਹੈ -
ਰਿਸ਼ਵਤ!
ਰਿਸ਼ਵਤ!!
ਰਿਸ਼ਵਤ!!!
-ਸੁਖਦੇਵ ਸਲੇਮਪੁਰੀ
09780620233
4 ਜੂਨ, 2022.