4 ਜੂਨ 1904 ਨੂੰ ਛਿੱਬੂ ਮੱਲ ਅਤੇ ਮਹਿਤਾਬ ਕੌਰ ਦੇ ਘਰ ਪਿੰਡ ਰਾਜੇਵਾਲ ਰੇਹਣੋ, ਤਹਿਸੀਲ ਖੰਨਾ, ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਬੱਚੇ ਦਾ ਜਨਮ ਹੋਇਆ। ਜਿਸਦਾ ਨਾਂ ਰਾਮਜੀ ਦਾਸ ਰੱਖਿਆ ਗਿਆ । ਛਿੱਬੂ ਮੱਲ ਇੱਕ ਚੰਗੇ ਸ਼ਾਹੂਕਾਰ ਸਨ ਅਤੇ ਮਾਤਾ ਮਹਿਤਾਬ ਕੌਰ ਧਾਰਮਿਕ ਬਿਰਤੀ ਦੇ ਮਾਲਿਕ ਸਨ। ਉਨ੍ਹਾਂ ਨੇ ਰਾਮਜੀ ਦਾਸ ਨੂੰ ਬਚਪਨ ਵਿੱਚ ਅਨੇਕਾਂ ਮਹਾਂਪੁਰਸ਼ਾਂ ਦੀਆਂ ਸਾਖੀਆਂ ਸੁਣਾਈਆਂ ਜਿਨ੍ਹਾਂ ਦਾ ਪ੍ਰਭਾਵ ਰਾਮਜੀ ਦਾਸ ਦੇ ਜੀਵਨ ਉੱਪਰ ਅੱਗੇ ਜਾ ਕੇ ਬਹੁਤ ਪਿਆ।
ਮੁੱਢਲੀ ਵਿੱਦਿਆ ਉਨ੍ਹਾਂ ਨੇ ਪਿੰਡ ਦੇ ਸਰਕਾਰੀ ਸੀਨੀਅਰ ਸਕੂਲ ਖੰਨਾ ਤੋਂ ਪ੍ਰਾਪਤ ਕੀਤੀ। ਦਸਵੀਂ ਜਮਾਤ ਵਿੱਚ ਪੜ੍ਹਦਿਆਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਅਤੇ ਅਚਾਨਕ ਘਰ ਵਿੱਚ ਗ਼ਰੀਬੀ ਆ ਜਾਣ ਕਾਰਨ ਪੜ੍ਹਾਈ ਵੀ ਵਿਚਾਲੇ ਹੀ ਛੱਡਣੀ ਪਈ।
1923 ਵਿੱਚ ਰਾਮ ਜੀ ਦਾਸ ਨੇ ਲੁਧਿਆਣੇ ਜਦ ਦਸਵੀਂ ਦਾ ਇਮਤਿਹਾਨ ਦਿੱਤਾ ਤਾਂ ਉਹਨਾਂ ਦੇ ਜੀਵਨ ਵਿੱਚ ਇੱਕ ਘਟਨਾ ਘਟੀ, ਜਿਸ ਦੇ ਚੱਲਦਿਆਂ ਉਹਨਾਂ ਦਾ ਝੁਕਾਅ ਗੁਰੂ ਘਰ ਵੱਲ ਜ਼ਿਆਦਾ ਹੋ ਗਿਆ ਤੇ ਉਹ ਡੇਹਰਾ ਸਾਹਿਬ ਲਾਹੌਰ ਸੇਵਾ ਕਰਦੇ ਰਹੇ। ਇਸ ਸਮੇਂ ਦੌਰਾਨ ਉਹਨਾਂ ਨੇ ਸਿੱਖ ਧਰਮ ਵਿੱਚ ਪ੍ਰਵੇਸ਼ ਕਰ ਲਿਆ ਤੇ ਰਾਮ ਜੀ ਦਾਸ ਤੋਂ ‘ਪੂਰਨ ਸਿੰਘ’ ਬਣ ਗਏ।
ਉਹਨਾਂ ਨੇ 1924 ਈ: ਤੋਂ 1947 ਈਸਵੀ ਤੱਕ ਗੁਰਦੁਆਰਾ ਡੇਹਰਾ ਸਾਹਿਬ ਦੀ ਛਤਰ ਛਾਇਆ ਹੇਠ ਆਪਣਾ ਜੀਵਨ ਬਤੀਤ ਕੀਤਾ।
ਇਸ ਦੌਰਾਨ 1934 ਵਿੱਚ ਜਦੋਂ ਉਹ ਲਾਹੌਰ ਵਿਖੇ ਗੁਰਦੁਆਰਾ ਡੇਰਾ ਸਾਹਿਬ ਵਿਖੇ ਸੇਵਾ ਕਰਦੇ ਸਨ ਤਾਂ ਇੱਕ ਦਿਨ ਉਹਨਾਂ ਨੂੰ ਗੁਰਦੁਆਰੇ ਦੇ ਗੇਟ ਤੋਂ ਬਾਹਰ ਇੱਕ ਚਾਰ ਸਾਲ ਦਾ ਅਪਾਹਿਜ ਬੱਚਾ ਮਿਲਿਆ।
ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਬੱਚੇ ਨੂੰ ਭਗਤ ਜੀ ਦੇ ਹਵਾਲੇ ਕਰ ਕੇ ਆਖਿਆ, ”ਪੂਰਨ ਸਿੰਘ! ਤੂੰ ਅੱਜ ਤੋਂ ਇਸ ਬੱਚੇ ਦੀ ਸੇਵਾ-ਸੰਭਾਲ ਕਰ।” ਭਗਤ ਜੀ ਲਈ ਇਹ ਬੱਚਾ ਪਿਆਰ ਦਾ ਸੋਮਾ ਹੋ ਨਿਬੜਿਆ ਤੇ ਉਸ ਦਾ ਨਾਂ ‘ਪਿਆਰਾ ਸਿੰਘ’ ਹੋ ਗਿਆ। ਭਗਤ ਪੂਰਨ ਸਿੰਘ ਕਈ ਸਾਲ ਇਸ ਲਾਚਾਰ ਬੱਚੇ ਨੂੰ ਵੱਖ-ਵੱਖ ਥਾਵਾਂ ‘ਤੇ ਮੋਢਿਆਂ ‘ਤੇ ਚੁੱਕ ਕੇ ਫਿਰਦੇ ਰਹੇ ਕਿਉਂਕਿ ਉਸ ਵੇਲੇ ਉਨ੍ਹਾਂ ਕੋਲ ਕੋਈ ਪੱਕੀ ਜਗ੍ਹਾ ਨਹੀਂ ਸੀ।
1949 ਤੋਂ 1958 ਈ: ਤੱਕ ਭਗਤ ਪੂਰਨ ਸਿੰਘ ਨੇ ਫੁੱਟਪਾਥਾਂ, ਰੁੱਖਾਂ ਦੀ ਛਾਂਵੇਂ ਲਵਾਰਿਸਾਂ ਅਤੇ ਪੀੜਤ ਲੋਕਾਂ ਦੀ ਸੇਵਾ-ਸੰਭਾਲ ਕੀਤੀ। ਭਗਤ ਪੂਰਨ ਸਿੰਘ ਜੀ ਨੇ ਆਪਣਾ ਜ਼ਿਆਦਾਤਰ ਜੀਵਨ ਬਿਨਾਂ ਕਿਸੇ ਸਵਾਰਥ ਤੋਂ ਬਜ਼ੁਰਗਾਂ, ਬਿਮਾਰਾਂ ਅਤੇ ਬੇਆਸਰਿਆਂ ਨੂੰ ਸਮਰਪਿਤ ਕੀਤਾ। ਇਸ ਦੌਰਾਨ ਭਗਤ ਜੀ ਨੂੰ ਜੋ ਵੀ ਸਮਾਂ ਮਿਲਦਾ, ਉਹ ਵੱਖ-ਵੱਖ ਲਾਇਬ੍ਰੇਰੀਆਂ ਵਿਚ ਸਮਾਜ ਦੀਆਂ ਵੱਖ-ਵੱਖ ਸਮੱਸਿਆਵਾਂ ਦਾ ਅਧਿਐਨ ਕਰਦੇ ਅਤੇ ਉਨ੍ਹਾਂ ਦੇ ਦੁੱਖਾਂ ਦੇ ਹੱਲ ਬਾਰੇ ਸੋਚਦੇ।
ਇਸ ਦੌਰਾਨ ਸਮੇਂ ਦੀ ਲੋੜ ਸਮਝਦਿਆਂ 30 ਮਈ, 1955 ਨੂੰ ਭਗਤ ਜੀ ਨੇ 'ਪੂਰਨ ਪ੍ਰਿੰਟਿੰਗ ਪ੍ਰੈੱਸ' ਦੀ ਸਥਾਪਨਾ ਕੀਤੀ ਸੀ। 6 ਸਤੰਬਰ, 1957 ਨੂੰ ਉਨ੍ਹਾਂ ਨੇ ਰਜਿਸਟਰਾਰ ਆਫ ਕੰਪਨੀਜ਼, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਤੋਂ 'ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ:) ਅੰਮ੍ਰਿਤਸਰ' ਦੀ ਰਜਿਸਟ੍ਰੇਸ਼ਨ ਕਰਵਾਈ ਸੀ। 27 ਨਵੰਬਰ 1958 ਨੂੰ ਭਗਤ ਜੀ ਨੇ 16,964 ਰੁਪਏ ਵਿਚ ਮੌਜੂਦਾ ਪਿੰਗਲਵਾੜੇ ਵਾਲੀ ਥਾਂ (ਤਹਿਸੀਲਪੁਰਾ, ਜੀ. ਟੀ. ਰੋਡ, ਅੰਮ੍ਰਿਤਸਰ) ਖਰੀਦੀ ਜੋ ਕਿ ਬੇਆਸਰਿਆਂ ਲਈ ਆਸਰਾ ਬਣੀ।
ਮਾਣ ਸਨਮਾਨ:- ਭਗਤ ਪੂਰਨ ਸਿੰਘ ਜੀ ਨੂੰ ਭਾਰਤ ਸਰਕਾਰ ਵੱਲੋਂ 1981 ਵਿੱਚ ‘ਪਦਮਸ਼੍ਰੀ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। 1984 ਵਿੱਚ ਦਰਬਾਰ ਸਾਹਿਬ 'ਤੇ ਹੋਏ ਹਮਲੇ ਦੀ ਘਟਨਾ ਦਾ ਭਗਤ ਪੂਰਨ ਸਿੰਘ ਦੇ ਸੇਵਾ ਭਾਵਨਾ ਵਾਲ਼ੇ ਮਨ ਨੂੰ ਗਹਿਰਾ ਸਦਮਾ ਪਹੁੰਚਿਆ ਜਿਸ ਦੇ ਰੋਸ ਵਜੋਂ ਭਗਤ ਪੂਰਨ ਸਿੰਘ ਨੇ 'ਪਦਮਸ਼੍ਰੀ' ਐਵਾਰਡ ਵਾਪਿਸ ਕਰ ਦਿੱਤਾ। ਉਨ੍ਹਾਂ ਨੂੰ 1990 ਵਿਚ ‘ਹਾਰਮਨੀ ਪੁਰਸਕਾਰ’, 1991 ਵਿੱਚ ‘ਰੋਗ ਰਤਨ ਪੁਰਸਕਾਰ’ ਅਤੇ 1991 ਵਿੱਚ ਹੀ ਭਾਈ ਘਨ੍ਹੱਈਆ ਐਵਾਰਡ ਨਾਲ਼ ਨਿਵਾਜਿਆ ਗਿਆ। ਪੰਜਾਬ ਵਿਰਾਸਤ ਸੰਸਥਾ ਸ਼ਿਕਾਗੋ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ।
ਭਗਤ ਪੂਰਨ ਸਿੰਘ ਪਿੰਗਲਵਾੜਾ ਨਾਂ ਪੜ੍ਹਦਿਆਂ ਸਾਡੇ ਮਨ ਵਿੱਚ ਉਹਨਾਂ ਦੀ ਸੇਵਾ ਭਾਵਨਾ ਦਾ ਖਿਆਲ ਆਉਂਦਿਆਂ ਸਿਰ ਝੁਕਦਾ ਪਰ ਇੱਥੇ ਉਹਨਾਂ ਦੀ ਸਾਹਿਤਕ ਰੁਚੀ ਦਾ ਜ਼ਿਕਰ ਕਰਨਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਜਿਵੇਂ ਅਸੀਂ ਜਾਣਦੇ ਹਾਂ ਕਿ ਭਗਤ ਪੂਰਨ ਸਿੰਘ ਦੇ ਜੀਵਨ ਦਾ ਮੂਲ ਸੰਕਲਪ ਮਾਨਵ ਭਲਾਈ ਸੀ। ਆਪਣੇ ਇਸ ਸੰਕਲਪ ਦੀ ਪੂਰਤੀ ਲਈ ਭਗਤ ਪੂਰਨ ਸਿੰਘ ਨੇ 23 ਦੇ ਕਰੀਬ ਪੁਸਤਕਾਂ ਤੇ ਕਿਤਾਬਚੇ ਪ੍ਰਕਾਸ਼ਿਤ ਕਰਵਾਏ ਜਿੰਨ੍ਹਾਂ ਵਿੱਚ ਸਾਹਿਤ ਦੇ ਵੱਖ-ਵੱਖ ਰੂਪ ਮੌਜੂਦ ਹਨ। ਭਗਤ ਪੂਰਨ ਸਿੰਘ ਨੇ ਸਭ ਤੋਂ ਵੱਧ ਨਿਬੰਧ ਰੂਪੀ ਸਾਹਿਤ ਵਿੱਚ ਆਪਣੇ ਸੰਦੇਸ਼ ਜਨ-ਸਾਧਾਰਨ ਤਕ ਪਹੁੰਚਾਏ।
ਭਗਤ ਪੂਰਨ ਸਿੰਘ ਦੇ ਸਾਰੇ ਸਾਹਿਤ ਨੂੰ ਸਮਝਿਆਂ ਉਹਨਾਂ ਦੀਆਂ ਰਚਨਾਵਾਂ ਦੇ ਵਿਸ਼ੇ ਵਾਤਾਵਰਣ, ਵਿਹਾਰਕ ਜੀਵਨ, ਸਿਹਤ, ਨੈਤਿਕਤਾ, ਵਰਤਮਾਨ ਅਤੇ ਭਵਿੱਖ ਨਾਲ ਜੁੜੇ ਹੋਏ ਮਿਲਦੇ ਹਨ। ਉਨ੍ਹਾਂ ਦੀਆਂ ਲਿਖਤਾਂ ਦਾ ਮੂਲ ਮਨੋਰਥ ਹੀ ਮਨੁੱਖੀ ਜਾਤੀ ਦੀ ਭਲਾਈ, ਰੱਖਿਆ ਤੇ ਵਾਤਾਵਰਣ ਸਬੰਧੀ ਸਮੱਸਿਆਵਾਂ ਦੇ ਵਿਸ਼ੇਸ਼ ਦ੍ਰਿਸ਼ਟੀ ਤੋਂ ਹੱਲ ਪੇਸ਼ ਕਰਨਾ ਹੈ।
ਉਨ੍ਹਾਂ ਦੇ ਲਿਖਣ ਦਾ ਢੰਗ ਨਿਵੇਕਲਾ ਸੀ। ਉਨ੍ਹਾਂ ਨੇ ਬਹੁਤ ਸਰਲ, ਸੰਖੇਪ ਅਤੇ ਮੁਲਵਾਨ ਸਾਹਿਤ ਸਿਰਜਣਾ ਕੀਤੀ। ਭਗਤ ਪੂਰਨ ਸਿੰਘ ਨੇ 6 ਮਾਰਚ 1957 ਨੂੰ ਪੂਰਨ ਪ੍ਰਿੰਟਿੰਗ ਪ੍ਰੈਸ ਦੀ ਸਥਾਪਨਾ ਕੀਤੀ ਸੀ। ਇੱਥੋਂ ਪ੍ਰਕਾਸ਼ਤ ਸਾਰਾ ਸਾਹਿਤ ਮੁਫਤ ਰੂਪ ਵਿੱਚ ਪਾਠਕਾਂ ਵਿੱਚ ਵੰਡਿਆਂ ਜਾਂਦਾ ਅਤੇ ਅੱਜ ਵੀ ਇਹ ਪਿਰਤ ਪਿੰਗਲਵਾੜਾ ਸੰਸਥਾ ਵਲੋਂ ਨਿਰੰਤਰ ਜਾਰੀ ਹੈ।
ਭਗਤ ਪੂਰਨ ਸਿੰਘ ਦੀ ਸੋਚ ਸੀ ਕਿ ਕੋਈ ਵੀ ਪਾਠਕ ਪੈਸੇ ਦੀ ਕਮੀ ਕਾਰਨ ਗਿਆਨ ਪ੍ਰਾਪਤੀ ਤੋਂ ਵਾਂਝਾ ਨਾ ਰਹੇ। ਉਨ੍ਹਾਂ ਨੇ ਆਪਣੀ ਕਲਮ ਰਾਹੀਂ ਲੋਕਾਂ ਵਿੱਚ ਚੇਤਨਾ ਪੈਦਾ ਕਰਨ ਦਾ ਉਪਰਾਲਾ ਕੀਤਾ।
ਨਿਸ਼ਕਾਮ ਸੇਵਾ ਕਰਦੇ ਹੋਏ ਉਹ 5 ਅਗਸਤ, 1992 ਨੂੰ ਸਰੀਰ ਤਿਆਗ ਗਏ। ਆਪਣੀ ਨਿਸ਼ਕਾਮ ਸੇਵਾ ਤੇ ਵਿਲੱਖਣ ਸਾਹਿਤ ਸਿਰਜਣਾ ਸਦਕਾ ਉਹ ਹਮੇਸ਼ਾ ਸਾਡੇ ਅੰਗ ਸੰਗ ਰਹਿਣਗੇ। ਅਜਿਹੀਆਂ ਮਹਾਨ ਰੂਹਾਂ ਨੂੰ ਯਾਦ ਕਰਦਿਆਂ, ਉਹਨਾਂ ਦੇ ਕੀਤੇ ਨੇਕ ਕਾਰਜਾਂ ਨੂੰ ਸਜਦੇ ਕਰਦਿਆਂ ਅੱਜ ਲੋੜ ਹੈ ਕਿ ਅਸੀਂ ਵੀ ਉਹਨਾਂ ਦੇ ਬਣਾਏ ਰਾਹਾਂ ਦੇ ਰਾਹੀ ਬਣੀਏ।
ਸ.ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ ( ਫ਼ਿਰੋਜ਼ਪੁਰ )