ਮਾਂ ਤੇਰੀ ਛਾਂ ਹੇਠ ਬੈਠਣ ਨੂੰ ਅੱਜ ਬੜਾ ਹੀ ਦਿਲ ਕਰਦਾ ਏ
ਤੂੰ ਲਾਡ-ਲਡਾਵੇ ਤੇਰੀ ਗੋਦ ਵਿੱਚ
ਸੌਣ ਨੂੰ ਜੀ ਕਰਦਾ ਏ।
ਮੁੜ ਆਵੇ ਉਹ ਵੇਲਾ
ਭੌਰਾ ਵਸਾਹ ਨਹੀਂ ਸੀ ਕਰਦੀ ਮੇਰਾ
ਅੱਜ ਫਿਰ ਉਹ ਗੱਲਾਂ ਕਹਿਣ ਨੂੰ ਦਿਲ ਕਰਦਾ ਏ।
ਤੱਕ ਲੈਂਦੀ ਹਾਂ ਜਦ ਮੋਹ ਮਮਤਾ ਕਿਸੇ ਦੀ
ਤਾਂ ਦਿਲ ਹੌਕਾ ਜਿਹਾ ਭਰਦਾ ਏ
ਲੱਖ ਕੋਸ਼ਿਸ਼ ਕੀਤੀ ਏ ਤੈਨੂੰ ਮਿਲਣੇ ਦੀ
ਪਰ ਬੜਾ ਲੰਮਾ ਪੈਂਡਾ ਤੇਰੇ ਘਰ ਦਾ ਏ
ਕੁੱਟ ਕੇ ਦੇਸੀ ਘਿਓ ਦੀ ਚੂਰੀ ਤੂੰ ਖਵਾਉਂਦੀ ਸੀ
ਨਾ ਹੀ ਉਹ ਛੰਨਾ ਹੁਣ ਚੂਰੀ ਨਾਲ ਭਰਦਾ ਏ ।
ਤੇਰੀਆਂ ਯਾਦਾਂ ਵਿੱਚ ਜਦ ਅੱਖਾਂ ਰੋਣ ਨੀ ਮਾਏ
ਇਹ ਹੰਝੂ ਵੀ ਨਾ ਹਾੜਿਆ ਹੱਟਦਾ ਏ
ਤੇਰੇ ਮੁੜ ਆਉਣ ਦਾ ਵਹਿਮ ਜੋ ਦਿਲ ਅੰਦਰ ਏ
ਨਾ ਉਹ ਮਾਰਿਆ ਮਰਦਾ ਏ ।
ਜਦ ਮੇਰੇ ਕੋਈ ਸੱਟ ਲੱਗ ਜਾਂਦੀ
ਝੱਟ ਤੇਰੇ ਕਲ਼ੇਜੇ ਖੋਹ ਜਿਹੀ ਪੈ ਜਾਂਦੀ
ਬੜਾ ਡੂੰਘਾ ਹੋ ਗਿਆ ਏ ਮਾਂ ਜ਼ਖ਼ਮ ਦਿਲ ਦਾ
ਨਾ ਕਿਸੇ ਦੇ ਭਰਿਆ ਭਰਦਾ ਏ ।
ਮਾਵਾਂ ਬਿਨਾਂ ਜ਼ਿੰਦਾ ਲਾਸ਼ ਹੈ ਜ਼ਿੰਦਗੀ ਬੱਚਿਆਂ ਦੀ
ਹੁਣ ਨਾ ਵਹਿਮ ਮਨ ‘ਚੋਂ ਹਟੱਦਾ ਏ
ਜੇ ਖੁੱਸ ਜਾਵੇ ਕਿਸੇ ਦੀ ਮਮਤਾ
ਤਾਂ ਜੱਗ ਉੱਚੀ ਉੱਚੀ ਹੱਸਦਾ ਏ।
ਧਾਲੀਵਾਲ ਨੂੰ ਤੇਰੇ ਬਾਝੋਂ ਕੁੱਝ ਨਹੀਂ ਭਾਉਂਦਾ ਏ
ਬੱਸ ‘ਗਗਨ’ ਦਾ ਦਿਲ ਤੇਰੇ ਰਾਹੇ ਆ ਖੜਦਾ ਏ
ਬੜਾ ਸਮਾਂ ਹੋ ਗਿਆ ਮਾਂ ਤੇਰੀ ਬੁੱਕਲ ਵਿੱਚ ਬੈਠੀ ਨੂੰ
ਮਾਂ ਤੇਰੀ ਛਾਂ ਹੇਠ ਬੈਠਣ ਨੂੰ ਅੱਜ ਬੜਾ ਹੀ ਦਿਲ ਕਰਦਾ ਏ।
ਪ੍ਰੋ.ਗਗਨਦੀਪ ਕੌਰ ਧਾਲੀਵਾਲ