You are here

ਕਿਸਾਨ ਭਾਗੀਦਾਰੀ ਪ੍ਰਾਥਮਿਕਤਾ ਹਮਾਰੀ 24 ਅਪ੍ਰੈਲ ਤੋਂ 1 ਮਈ ਤੱਕ ਜਾਰੀ : ਡਿਪਟੀ ਕਮਿਸ਼ਨਰ

ਕਿਸਾਨ ਗਰਾਮ ਸਭਾਵਾਂ ਦਾ ਉਠਾਉਣ ਵੱਧ ਤੋਂ ਵੱਧ ਲਾਭ

ਸ੍ਰੀ ਮੁਕਤਸਰ ਸਾਹਿਬ 21 ਅਪ੍ਰੈਲ (ਰਣਜੀਤ ਸਿੱਧਵਾਂ) : ਸ੍ਰੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਕਿਸਾਨ ਭਾਗੀਦਾਰੀ ਪ੍ਰਾਥਮਿਕਤਾ ਹਮਾਰੀ ਸਬੰਧੀ ਬੈਂਕਰਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਸੁਰਿੰਦਰ ਸਿੰਘ ਢਿਲੋਂ ਏ.ਡੀ.ਸੀ ਵਿਕਾਸ, ਲੀਡ ਬੈਂਕ ਮੈਨੇਜਰ ਭਗਵਾਨ ਸਿੰਘ ਮੱਕੜ, ਡੀ.ਡੀ.ਐਮ ਨਬਾਰਡ ਸਤੀਸ਼ ਕੁਮਾਰ ਨੇ ਭਾਗ ਲਿਆ। ਮੀਟਿੰਗ ਦੀ ਪ੍ਰਧਾਨਗੀ ਕਰਦਿਆ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲੇ ਵਿੱਚ ਕਿਸਾਨਾਂ ਨੂੰ ਸਰਕਾਰ ਵੱਲੋਂ ਕਿਸਾਨ ਕਰੈਡਿਟ ਕਾਰਡ ਦੇਣ ਲਈ ਕਿਸਾਨ ਭਾਗੀਦਾਰੀ ਪ੍ਰਾਥਮਿਕਤਾ ਹਮਾਰੀ ਮੁਹਿੰਮ ਚਲਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਕਿਸਾਨ ਕਰੈਡਿਟ ਕਾਰਡ ਦੇਣ ਲਈ 24 ਅਪ੍ਰੈਲ ਤੋਂ 1 ਮਈ ਤੱਕ ਜ਼ਿਲ੍ਹੇ ਦੇ ਪਿੰਡਾਂ ਵਿੱਚ ਗਰਾਮ ਸਭਾਵਾਂ ਲਗਾਈਆ ਜਾ ਰਹੀਆਂ ਹਨ, ਜਿਸ ਵਿੱਚ ਇਸ ਕਰੈਡਿਟ ਕਾਰਡ ਮੁਹਿੰਮ ਦੇ ਤਹਿਤ ਕਿਸਾਨਾਂ ਨੂੰ ਫਸਲੀ ਕਰਜ਼ਾ, ਪਸ਼ੂ ਪਾਲਣ ਕਰਜ਼ਾ ਅਤੇ ਮੱਛੀ ਪਾਲਣ ਕਰਜ਼ਾ ਲੈਣ ਖਾਤਰ ਲਿਮਟਾਂ ਬਣਾਈਆਂ ਜਾਣਗੀਆਂ। ਉਹਨਾਂ ਅੱਗੇ ਦੱਸਿਆ ਕਿ ਇਸ ਮੁਹਿੰਮ ਤਹਿਤ ਕਿਸਾਨ ਕਰੈਡਿਟ ਕਾਰਡ ਦਾ ਵਿਆਜ 3 ਲੱਖ ਰੁਪਏ ਤੱਕ 7 ਪ੍ਰਤੀਸ਼ਤ ਹੈ ਅਤੇ ਸਮੇਂ ਸਿਰ ਕਰਜ਼ਾ ਅਦਾ ਕਰਨ ਵਾਲੇ ਕਿਸਾਨਾ ਨੂੰ 3 ਪ੍ਰਤੀਸ਼ਤ ਵਿਆਜ ਵਿੱਚ ਛੋਟ ਮਿਲੇਗੀ। ਉਹਨਾਂ ਅੱਗੇ ਦੱਸਿਆ ਕਿ ਪ੍ਰਧਾਨ ਮੰਤਰੀ ਸੁਰੱਖਿਆ ਬੀਮਾਂ ਯੋਜਨਾ ਦੇ ਤਹਿਤ 12 ਰੁਪਏ ਸਲਾਨਾ ਪ੍ਰੀਮੀਅਮ ਤੇ 2 ਲੱਖ ਰੁਪਏ ਦਾ ਦੁਰਘਟਨਾ ਬੀਮਾ ਕੀਤਾ ਜਾਵੇਗਾ ਅਤੇ ਪ੍ਰਧਾਨ ਮੰਤਰੀ ਜੀਵਨ ਜ਼ੋਤੀ ਬੀਮੇਂ ਦੇ ਤਹਿਤ 330 ਰੁਪਏ ਪ੍ਰੀਮੀਅਮ ਵਿੱਚ 2 ਲੱਖ ਰੁਪਏ ਦਾ ਬੀਮਾਂ ਕਿਸੇ ਵੀ ਕਾਰਣ ਮੌਤ ਹੋਣ ਤੇ ਮਿਲਣ ਯੋਗ ਹੋਵੇਗਾ।ਉਹਨਾਂ ਦੱਸਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ 24 ਅਪ੍ਰੈਲ ਨੂੰ ਵੀਡੀਓ ਕਾਨਫਰੰਸ ਰਾਹੀਂ ਦੇਸ਼ ਦੇ ਸਮੂਹ ਕਿਸਾਨਾਂ ਨੂੰ ਇਸ ਮੁਹਿੰਮ ਸਬੰਧੀ ਸੰਬੋਧਨ ਕੀਤਾ ਜਾਣਾ ਹੈ ਅਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਕਿਸਾਨ ਵੀ ਇਸ ਕਾਨਫਰੰਸ ਵਿੱਚ ਸ਼ਾਮਿਲ ਹੋ ਕੇ ਦੱਸੀਆਂ ਜਾਣ ਵਾਲੀਆਂ ਸਕੀਮਾਂ ਦਾ ਵੱਧ ਤੋਂ ਵੱਧ ਫਾਇਦਾ ਵੀ ਉਠਾਉਣਾ ਚਾਹੀਦਾ ਹੈ। ਮੀਟਿੰਗ ਦੌਰਾਨ ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਨੇ ਪਹਿਲਾਂ ਤੋਂ ਹੀ ਵੱਖ-ਵੱਖ ਬੈਂਕਾਂ ਵਿੱਚ ਲੋਨ ਅਪਲਾਈ ਕੀਤਾ ਹੋਇਆ ਹੈ, ਉਹ ਵੀ ਕਰਜ਼ੇ ਨਾਲ ਸਬੰਧਿਤ ਦਸਤਾਵੇਜ਼ ਲੈ ਕੇ ਇਨਾਂ ਗਰਾਮ ਸਭਾਵਾਂ ਵਿੱਚ ਸ਼ਾਮਿਲ ਹੋ ਸਕਦੇ ਹਨ। ਉਹਨਾਂ ਇਹ ਵੀ ਕਿਹਾ ਕਿ ਕਰਜ਼ਾ ਲੈਣ ਦੇ ਚਾਹਵਾਨ ਵਿਅਕਤੀ ਸਰਪੰਚ, ਗਰਾਮ ਪੰਚਾਇਤ ਤੋਂ ਸ਼ਨਾਖਤ ਦੇ ਤੌਰ ਤੇ ਸਰਟੀਫਿਕੇਟ ਤਸਦੀਕ ਕਰਵਾਉਣ ਉਪਰੰਤ ਜਿਸ ਵੀ ਬੈਂਕ ਵਿੱਚ ਅਪਣਾ ਖਾਤਾ ਚੱਲ ਰਿਹਾ ਹੈ, ਵਿੱਚ ਜਮਾਂ ਕਰਵਾਉਣ।