ਸ੍ਰੀ ਦਮਦਮਾ ਸਾਹਿਬ, 17 ਅਕਤੂਬਰ (ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ ) ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਵੱਖ-ਵੱਖ ਦੇਸ਼ਾਂ ਵਿੱਚ ਲਗੀ ਜੰਗ ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਮਨੁੱਖਤਾ ਨੂੰ ਤਬਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਇਜ਼ਰਾਈਲ-ਹਮਾਸ ਜੰਗ ਤਬਾਹਕੁੰਨ ਪੜਾਅ ਵਿੱਚ ਪਹੰੁਚ ਚੁਕੀ ਹੈ। ਦੋਵੇਂ ਦੇਸ਼ ਅਜਿਹੀਆਂ ਕਾਰਵਾਈਆਂ ਕਰ ਰਹੇ ਹਨ ਜਿਨ੍ਹਾਂ ਨੂੰ ਮਨੁੱਖਤਾ ਵਿਰੁੱਧ ਜੁਰਮ ਕਰਾਰ ਦਿੱਤਾ ਜਾਂਦਾ ਹੈ। ਦੋਹਾਂ ਦੇਸ਼ਾਂ ਦੀ ਜੰਗਬੰਦੀ ਕਰਨ ਲਈ ਸੰਯੁਕਤ ਰਾਸ਼ਟਰ ਨੂੰ ਤੁਰੰਤ ਦਖਲ ਦੇਣਾ ਚਾਹੀਦਾ ਹੈ।
ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਹਲਾਤ ਤੇ ਅਸਾਰ ਸਾਹਮਣੇ ਆ ਰਹੇ ਹਨ ਉਹ ਮਨੁੱਖਤਾ ਲਈ ਬਹੁਤ ਹੀ ਖਤਰਨਾਕ ਤੇ ਤਬਾਹਕੁੰਨ ਹਨ, ਵੱਡੀ ਪੱਧਰ ਤੇ ਇਜ਼ਰਾਈਲ ਤੇ ਹਮਾਸ ਨਾਲ ਵੱਖ-ਵੱਖ ਦੇਸ਼ ਆ ਖੜੇ ਹੋਣ ਦਾ ਦਾਅਵਾ ਕਰ ਰਹੇ ਹਨ, ਇਹ ਤਬਾਹੀ ਤੇ ਬਰੂਦ ਦਾ ਅਸਲ ਵਿੱਚ ਮੰਡੀ ਕਰਨ ਹੋ ਰਿਹਾ ਹੈ। ਮਨੁੱਖਤਾ ਦੀ ਬਲੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਦੋਹਾਂ ਦੇਸ਼ਾਂ ਦੀ ਲੜਾਈ ਵਿੱਚ ਬੇਕਸੂਰ-ਅਨਭੋਲ ਵਾਸੀਆਂ ਦਾ ਕੀ ਕਸੂਰ ਹੈ ਆਮ ਲੋਕ ਮਿਜਾਇਲਾਂ ਤੋਪਾਂ ਦੇ ਗੋਲਿਆਂ ਨਾਲ ਉਡਾਏ ਜਾ ਰਹੇ ਹਨ, ਉਨ੍ਹਾਂ ਕਿਹਾ ਇਹ ਵਧਦੀ ਨਫਰਤ ਦੇ ਚੰਗਿਆੜੇ ਵਿਸ਼ਵ ਯੁੱਧ ਵੱਲ ਵੱਧ ਰਹੇ ਹਨ, ਇੱਕ ਪਾਸੇ ਰੂਸ ਤੇ ਯੂਕਰੇਨ ਨੇ ਜੰਗ ਛੇੜੀ ਹੋਈ ਹੈ, ਚੀਨ-ਪਾਕਿਸਤਾਨ ਨਾਲ ਮਿਲ ਕੇ ਬੀ ਆਰ ਆਈ ਮਸਲੇ ਤੇ ਭਾਰਤ ਨੂੰ ਅੱਖਾਂ ਵਿਖਾ ਰਿਹਾ ਹੈ। ਕਈ ਹੋਰ ਦੇਸ਼ ਵੀ ਜੰਗ ਦਾ ਸੇਕ ਝੱਲ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ਾਂ ਦੇ ਮੁੱਖੀਆਂ ਦੀ ਹਉਮੇ ਮਨੁੱਖਤਾ ਦਾ ਘਾਣ ਕਰ ਰਹੀ ਹੈ। ਜੰਗੀ ਦੇਸ਼ਾਂ ਨੂੰ ਵਿਸ਼ਵਯੁੱਧ ਤੋਂ ਰੋਕਣ ਲਈ ਸੰਯੁਕਤ ਰਾਸ਼ਟਰ ਨੂੰ ਅੱਗੇ ਆਉਣਾ ਚਾਹੀਦਾ ਹੈ। ਜੰਗ ਕਿਸੇ ਮੱਸਲੇ ਦਾ ਹੱਲ ਨਹੀਂ ਇਹ ਖੁਦ ਇੱਕ ਸਮੱਸਿਆਂ ਭਰਿਆ ਮਸਲਾ ਹੈ। ਉਨ੍ਹਾਂ ਕਿਹਾ ਵਿਕਸਤ ਦੇਸ਼ ਤਬਾਹਕੁੰਨ ਤੇ ਅਧੁਨਿਕ ਬੰਬ ਬਣਾ ਰਹੇ ਹਨ ਜਿਨ੍ਹਾਂ ਨਾਲ ਸਮੁੱਚਾ ਸੰਸਾਰ ਝੁਲਸ ਕੇ ਰਹਿ ਜਾਵੇਗਾ, ਪਿੱਛੇ ਹੋਈਆਂ ਜੰਗਾਂ ਤੋਂ ਸਬਕ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਵੱਡੇ ਦੇਸ਼ਾਂ ਨੂੰ ਰਾਜਨੀਤਕ ਤੇ ਵਿਉਪਾਰਕ ਬਿਰਤੀ ਨੂੰ ਤਿਆਗਦਿਆਂ ਸ਼ਾਂਤੀ ਨਾਲ ਸਾਰਿਆਂ ਨੂੰ ਰਹਿਣ ਲਈ ਸੰਯੁਕਤ ਰਾਸ਼ਟਰ ਨੂੰ ਸਹਿਯੋਗੀ ਹੋਣਾ ਚਾਹੀਦਾ ਹੈ ਇਹ ਲੱਗੀਆਂ ਜੰਗਾਂ ਨੂੰ ਤੁਰੰਤ ਰੋਕਣ ਲਈ ਜੰਗਬੰਦੀ ਦਾ ਐਲਾਨ ਹੋਣਾ ਚਾਹੀਦਾ ਹੈ।