ਵੱਖ-ਵੱਖ ਖੇਤਰਾਂ 'ਚ ਨਾਮਣਾ ਖੱਟਣ ਵਾਲੀਆਂ ਨਾਮਵਰ ਮਹਿਲਾ ਸਖਸ਼ੀਅਤਾਂ ਨੂੰ ਵੀ ਕੀਤਾ ਸਨਮਾਨਿਤ
ਲੁਧਿਆਣਾ, 17 ਅਕਤੂਬਰ (ਟੀ. ਕੇ. ) - ਪੰਜਾਬ ਦੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਔਰਤਾਂ ਵਿੱਚ ਹਰ ਖੇਤਰ ਵਿੱਚ ਸਫ਼ਲਤਾ ਹਾਸਲ ਕਰਨ ਦੀ ਕਾਬਲੀਅਤ ਹੁੰਦੀ ਹੈ ਜੇਕਰ ਉਨ੍ਹਾਂ ਨੂੰ ਆਪਣੇ ਪਰਿਵਾਰ ਤੋਂ ਪ੍ਰੇਰਣਾ ਅਤੇ ਸਹਿਯੋਗ ਮਿਲੇ। ਉਹ ਅੱਜ ਸਥਾਨਕ ਰੈਡੀਸ਼ਨ ਹੋਟਲ ਵਿਖੇ ਸੋਸਾਇਟੀ ਅਤੇ ਐਸ.ਆਰ.ਐਸ.ਐਫ. ਇੰਡੀਆ ਵੱਲੋਂ ਆਯੋਜਿਤ ਮਹਿਲਾ ਸ਼ਕਤੀਕਰਨ ਸੰਮੇਲਨ ਦੌਰਾਨ ਸੰਬੋਧਨ ਕਰ ਰਹੇ ਸਨ।
ਆਪਣੇ ਸੰਘਰਸ਼ ਭਰੇ ਜੀਵਨ ਸਫ਼ਰ ਦੀਆਂ ਝਲਕੀਆਂ ਸਾਂਝੀਆਂ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਔਰਤਾਂ ਨੂੰ ਪਰਿਵਾਰ ਦਾ ਸਹਿਯੋਗ ਮਿਲੇ ਤਾਂ ਆਪਣੇ ਜੀਵਨ ਵਿੱਚ ਸਫਲਤਾ ਪ੍ਰਾਪਤ ਕਰ ਸਕਦੀਆਂ ਹਨ. ਉਨ੍ਹਾਂ ਅੱਗੇ ਕਿਹਾ ਕਿ ਉਹ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਮਹਿਲਾ ਅਤੇ ਬਾਲ ਭਲਾਈ ਵਿਭਾਗ ਦੀ ਜਿੰਮੇਵਾਰੀ ਸੌਂਪੀ ਗਈ ਹੈ ਜਿੱਥੇ ਉਹ ਇਸ ਖੇਤਰ ਵਿੱਚ ਕੁਝ ਕਰਨ ਲਈ ਠੋਸ ਉਪਰਾਲੇ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਔਰਤਾਂ ਨਾ ਸਿਰਫ ਆਪਣੇ ਕਰੀਅਰ ਵਿੱਚ ਸਫਲਤਾ ਪ੍ਰਾਪਤ ਕਰ ਰਹੀਆਂ ਹਨ ਬਲਕਿ ਸਾਡੇ ਦੇਸ਼ ਦੀ ਤਰੱਕੀ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਔਰਤਾਂ ਵਲੋਂ ਸਮਾਜਿਕ ਬਦਲਾਅ ਲਈ ਵੀ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ।
ਇਸ ਦੌਰਾਨ ਕੈਬਨਿਟ ਮੰਤਰੀ ਵਲੋਂ ਵਿਧਾਇਕ ਜੀਵਨਜੋਤ ਕੌਰ ਅਤੇ ਸਰਵਜੀਤ ਕੌਰ ਮਾਣੂੰਕੇ, ਕੁਕਿੰਗ ਮਾਹਿਰ ਨੀਨਾ ਮਹਿਤਾ, ਅਭਿਨੇਤਰੀ ਸੀਮਾ ਕੌਸ਼ਲ, ਓਲੰਪੀਅਨ ਅਵਨੀਤ ਕੌਰ ਸਿੱਧੂ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਨਾਮਵਰ ਮਹਿਲਾ ਸਖਸ਼ੀਅਤਾਂ ਨੂੰ ਵੀ ਸਨਮਾਨਿਤ ਕੀਤਾ।
ਇਸ ਤੋਂ ਪਹਿਲਾਂ ਐਸ.ਆਰ.ਐਸ. ਫਾਊਂਡੇਸ਼ਨ ਦੇ ਡਾਇਰੈਕਟਰ ਡਾ. ਸਾਜਨ ਸ਼ਰਮਾ ਅਤੇ ਅਨਮੋਲ ਲੂਥਰਾ ਨੇ ਪਤਵੰਤਿਆਂ ਦਾ ਸਮਾਗਮ ਵਿੱਚ ਪਹੁੰਚਣ 'ਤੇ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਇਹ ਸਮਾਗਮ ਵੱਖ-ਵੱਖ ਖੇਤਰਾਂ ਵਿੱਚ ਔਰਤਾਂ ਵੱਲੋਂ ਮਾਰੀਆਂ ਮੱਲਾਂ ਨੂੰ ਹੋਰ ਹੁਲਾਰਾ ਦੇਣ ਲਈ ਆਯੋਜਿਤ ਕੀਤਾ ਗਿਆ ਤਾਂ ਜੋ ਉਨ੍ਹਾਂ ਨੂੰ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਪ੍ਰੇਰਿਤ ਕੀਤਾ ਜਾ ਸਕੇ।