ਸਰਦਾਰ ਹਰਦੀਪ ਸਿੰਘ ਗਾਲਿਬ ਪਿਛਲੇ ਲੰਮੇ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ ਅੱਜ ਉਨ੍ਹਾਂ ਆਪਣੇ ਆਖ਼ਰੀ ਸਾਹ ਲਏ
16 ਅਪ੍ਰੈਲ 11 ਵਜੇ ਪਿੰਡ ਗਾਲਿਬ ਕਲਾਂ ਵਿਖੇ ਹੋਵੇਗਾ ਸੰਸਕਾਰ
ਜਗਰਾਉਂ, 15 ਅਪ੍ਰੈਲ (ਗੁਰਦੇਵ ਗ਼ਾਲਿਬ ) ਦੋ ਦਹਾਕਿਆਂ ਤੋਂ ਕਿਸਾਨ ਲਹਿਰ ਦੀ ਅਗਵਾਈ ਕਰਦੇ ਆ ਰਹੇ, ਦਿੱਲੀ ਕਿਸਾਨ ਅੰਦੋਲਨ ਚ ਮੋਹਰੀ ਭੂਮਿਕਾ ਅਪਨਾਉਣ ਵਾਲੇ , ਅਨੇਕਾਂ ਕਿਸਾਨ ਸੰਘਰਸ਼ਾਂ ਚ ਕਿਸਾਨਾਂ ਦੀ ਸਫਲ ਅਗਵਾਈ ਕਰਨ ਵਾਲੇ , ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਹਰਦੀਪ ਸਿੰਘ ਗਾਲਬ ਅੱਜ ਸਦਾ ਸਦਾ ਲਈ ਵਿਛੋੜਾ ਦੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜਕਾਰੀ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਦੱਸਿਆ ਕਿ ਦਿੱਲੀ ਵਿਖੇ ਖੇਤੀ ਸਬੰਧੀ ਕਾਲੇ ਕਨੂੰਨਾਂ ਖਿਲਾਫ ਕਿਸਾਨ ਅੰਦੋਲਨ ਦੋਰਾਨ ਹੀ ਕੈੰਸਰ ਜਿਹੀ ਨਾਮੁਰਾਦ ਬੀਮਾਰੀ ਦਾ ਸ਼ਿਕਾਰ ਹੋਏ ਕਿਸਾਨ ਆਗੂ ਨੂੰ ਬਚਾਉਣ ਲਈ ਪਰਿਵਾਰ ਅਤੇ ਜਥੇਬੰਦੀ ਵਲੋਂ ਬੇਹੱਦ ਕੋਸ਼ਿਸ਼ ਕਰਨ ਦੇ ਬਾਵਜੂਦ ਨਹੀਂ ਬਚਾਇਆ ਜਾ ਸਕਿਆ। ਉਨਾਂ ਦੱਸਿਆ ਕਿ ਭਲਕੇ 16 ਅਪ੍ਰੈਲ ਦਿਨ ਸ਼ਨੀਵਾਰ ਸਵੇਰੇ 11 ਵਜੇ ਪਿੰਡ ਗਾਲਬ ਕਲਾਂ ਵਿਖੇ ਹਰਦੀਪ ਸਿੰਘ ਗਾਲਬ ਨੂੰ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ। ਇਸ ਸਮੇਂ ਜਥੇਬੰਦਕ ਸਨਮਾਨਾਂ ਨਾਲ ਕਿਸਾਨ ਆਗੂ ਦਾ ਸੰਸਕਾਰ ਕੀਤਾ ਜਾਵੇਗਾ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ, ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ, ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਰਣਧੀਰ ਸਿੰਘ ਓਪਲ, ਸੁਖਵਿੰਦਰ ਸਿੰਘ ਹੰਬੜਾਂ ,ਸਰਬਜੀਤ ਸਿੰਘ ਗਿੱਲ, ਦੇਵਿੰਦਰ ਸਿੰਘ ਮਲਸੀਹਾਂ, ਤਰਨਜੀਤ ਸਿੰਘ ਕੂਹਲੀ ਤੋਂ ਬਿਨਾਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ, ਜਸਵੰਤ ਸਿੰਘ ਜੀਰਖ, ਪੇੰਡੂ ਮਜਦੂਰ ਯੂਨੀਅਨ ਮਸ਼ਾਲ ਦੇ ਆਗੂ ਜਸਵਿੰਦਰ ਸਿੰਘ ਭਮਾਲ, ਮਦਨ ਸਿੰਘ ਆਦਿ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।