You are here

ਅਲਜੀਰੀਅਨ ਕਪਤਾਨ ਨਾਲ ਵਿਆਹੀ ਹੈ ਪੰਜਾਬ ਦੀ ਰਾਜਿੰਦਰ ਕੌਰ ਜੌਹਲ

ਮਾਨਚੈਸਟਰ, ਜੂਨ 2020-(ਅਮਨਜੀਤ ਸਿੰਘ ਖਹਿਰਾ/ਗਿਆਨੀ ਅਮਰੀਕ ਸਿੰਘ ਰਾਠੌਰ )-

ਪੰਜਾਬ ਦੀ ਰੀਤਾ ਜੌਹਲ ਪੰਜਾਬ ਦੀ ਹੀ ਨਹੀਂ ਸਗੋਂ ਦੇਸ਼ ਦੀ ਪਹਿਲੀ ਮੁਟਿਆਰ ਹੈ, ਜਿਸ ਦਾ ਪਤੀ ਫੀਫਾ ਵਰਲਡ ਕੱਪ ਖੇਡ ਚੁੱਕਾ ਹੈ। ਰੀਤਾ ਜੌਹਲ ਦੇ ਪਤੀ ਦਾ ਨਾਂ ਰਿਆਦ ਮਹਰੇਜ਼ ਹੈ। ਉਹ ਅਲਜੀਰੀਅਨ ਮੂਲ ਦਾ ਕੌਮਾਂਤਰੀ ਫੁੱਟਬਾਲਰ ਹੈ। ਪੰਜਾਬ ਦੇ ਜੱਟ ਪਰਿਵਾਰ ਦੀ ਧੀ ਰੀਤਾ ਜੌਹਲ ਦਾ ਪੂਰਾ ਨਾਂ ਰਾਜਿੰਦਰ ਕੌਰ ਰੀਤਾ ਹੈ ਪਰ ਅਲਜੀਰੀਅਨ ਨੈਸ਼ਨਲ ਸਾਕਰ ਟੀਮ ਦੇ ਅਟੈਕਿੰਗ ਵਿੰਗਰ ਰਿਆਦ ਮਹਰੇਜ਼ ਦੀ ਜੀਵਨ ਸਾਥਣ ਨਾਮਜ਼ਦ ਹੋਣ ਉਪਰੰਤ ਉਸ ਨੇ ਆਪਣਾ ਨਾਂ ਰੀਤਾ ਜੇਨੇਤ ਮਹਰੇਜ਼ ਜੌਹਲ ਰੱਖ ਲਿਆ ਹੈ। 27 ਸਾਲਾ ਰੀਤਾ ਜੌਹਲ ਦਾ ਜਨਮ ਇੰਗਲੈਂਡ ਦੇ ਸਿਟੀ ਲੈਸਟਰ 'ਚ ਅਗਸਤ-2, 1992 'ਚ ਪੰਜਾਬੀ ਜੱਟ ਪਰਿਵਾਰ 'ਚ ਹੋਇਆ। ਪੋ੍ਫੈਸ਼ਨਲ ਮਾਡਲ ਹੋਣ ਦੇ ਬਾਵਜੂਦ ਰੀਤਾ ਜੌਹਲ ਫੁੱਟਬਾਲ ਖੇਡ ਦੀ ਵੱਡੀ ਪ੍ਰਸ਼ੰਸਕ ਹੈ। ਇਸੇ ਦਿਲਚਸਪੀ ਕਰਕੇ ਰੀਤਾ ਜੌਹਲ ਇੰਗਲਿਸ਼ ਪ੍ਰਰੀਮੀਅਰ ਸਾਕਰ ਲੀਗ ਦਾ ਮੈਚ ਵੇਖਣ ਲੈਸਟਰ ਗਈ ਸੀ। ਉਦੋਂ ਰਿਆਦ ਮਹਰੇਜ਼ ਲੈਸਟਰ ਫੁੱਟਬਾਲ ਕਲੱਬ ਦੀ ਟੀਮ ਦਾ ਪੇਸ਼ੇਵਰ ਖਿਡਾਰੀ ਸੀ ਪਰ ਹੁਣ ਰਿਆਦ ਮਹਰੇਜ਼ ਇੰਗਲੈਂਡ ਦੇ ਮੌਜੂਦਾ ਕਲੱਬ ਮਾਨਚੈਸਟਰ ਸਿਟੀ ਐੱਫਸੀ ਵੱਲੋਂ ਇੰਗਲਿਸ਼ ਫੁੱਟਬਾਲ ਲੀਗ ਖੇਡਦਾ ਹੈ। ਲੈਫਟ ਫਾਰਵਰਡ ਮਹਰੇਜ਼ ਨੇ ਮਾਨਚੈਸਟਰ ਸਿਟੀ ਨਾਲ 2018 'ਚ ਵੀਹ ਹਜ਼ਾਰ ਪੌਂਡ ਹਫਤਾਵਾਰੀ ਸੈਲਰੀ ਉਗਰਾਹੁਣ ਦਾ ਕੰਟਰੈਕਟ ਸਾਈਨ ਕੀਤਾ ਹੈ। ਮਹਰੇਜ਼ ਆਪਣੇ ਚਹੇਤੇ ਸਾਕਰ ਕਲੱਬ ਸਿਟੀ ਮਾਨਚੈਸਟਰ ਦੀ ਟੀਮ ਨਾਲ 50 ਮੈਚਾਂ 'ਚ 14 ਗੋਲ ਸਕੋਰ ਕਰਨ ਦਾ ਕਾਰਨਾਮਾ ਕਰ ਚੁੱਕਾ ਹੈ। 2014 'ਚ ਅਲਜੀਰੀਆ ਦੀ ਨੈਸ਼ਨਲ ਟੀਮ 'ਚ ਐਂਟਰੀ ਕਰਨ ਵਾਲੇ ਰਿਆਦ ਮਹਰੇਜ਼ ਨੂੰ ਕਰੀਅਰ ਦਾ ਪਹਿਲਾ ਕੌਮਾਂਤਰੀ ਮੈਚ 31 ਮਈ, 2014 'ਚ ਅਰਮੀਨੀਆ ਦੀ ਟੀਮ ਨਾਲ ਖੇਡਣ ਦਾ ਮੌਕਾ ਨਸੀਬ ਹੋਇਆ। ਬ੍ਰਾਜ਼ੀਲ-2014 ਦਾ ਫੀਫਾ ਫੁਟੱਬਾਲ ਕੱਪ ਖੇਡਣ ਵਾਲੇ ਰਿਆਦ ਮਹਰੇਜ਼ ਨੂੰ 2015 ਤੇ 2016 'ਚ 'ਅਲਜੀਰੀਅਨ ਸਾਕਰ ਪਲੇਅਰ ਆਫ ਦਿ ਯੀਅਰ' ਨਾਮਜ਼ਦ ਕੀਤਾ ਗਿਆ। 2016 'ਚ 'ਅਫਰੀਕਨ ਪਲੇਅਰ ਆਫ ਦਿ ਯੀਅਰ' ਐਵਾਰਡ ਹਾਸਲ ਰਿਆਦ ਮਹਰੇਜ਼ ਕੌਮੀ ਟੀਮ ਵੱਲੋਂ 57 ਕੌਮਾਂਤਰੀ ਮੈਚ ਖੇਡਣ ਸਦਕਾ 15 ਗੋਲ ਆਪਣੇ ਖਾਤੇ 'ਚ ਜਮ੍ਹਾਂ ਕਰ ਚੁੱਕਾ ਹੈ।

ਕੌਮਾਂਤਰੀ ਫੁੱਟਬਾਲਰ ਰਿਆਦ ਮਹਰੇਜ਼ ਨਾਲ ਰੀਤਾ ਜੌਹਲ ਦੀ ਪਹਿਲੀ ਮਿਲਣੀ ਵੀ ਲੈਸਟਰ 'ਚ ਇੰਗਲਿਸ਼ ਪ੍ਰੀਮੀਅਰ ਲੀਗ ਦੇ ਮੈਚ ਦੌਰਾਨ ਹੋਈ ਸੀ। ਇਸੇ ਪਲੇਠੀ ਮੁਲਕਾਤ 'ਚ ਰੀਤਾ ਜੌਹਲ ਲੈਸਟਰ ਫੁੱਟਬਾਲ ਕਲੱਬ ਦੀ ਟੀਮ ਵਲੋਂ ਖੇਡਣ ਵਾਲੇ ਮਹਰੇਜ਼ ਰਿਆਦ ਨੂੰ ਆਪਣਾ ਦਿਲ ਦੇ ਬੈਠੀ। ਪੰਜਾਬਣ ਕੁੜੀ ਰੀਤਾ ਜੌਹਲ ਇੰਗਲੈਂਡ 'ਚ ਪੇਸ਼ੇਵਰ ਮਾਡਲ ਹੈ। ਰਿਆਦ ਅਲਜੀਰੀਆ ਦੀ ਕੌਮੀ ਫੁੱਟਬਾਲ ਟੀਮ ਦੀ 2014 'ਚ ਬ੍ਰਾਜ਼ੀਲ 'ਚ ਖੇਡੇ ਗਏ ਵਿਸ਼ਵ ਫੁੱਟਬਾਲ ਕੱਪ 'ਚ ਨੁਮਾਇੰਦਗੀ ਕਰ ਚੁੱਕਾ ਹੈ। ਅਲਜੀਰੀਆ ਦੀ ਸਾਕਰ ਟੀਮ ਦੇ ਮੌਜੂਦਾ ਕਪਤਾਨ ਰਿਆਦ ਮਹਰੇਜ਼ ਦਾ ਜਨਮ 27 ਫਰਵਰੀ, 1991 'ਚ ਫਰਾਂਸ ਦੇ ਸ਼ਹਿਰ ਸਰਸੇਲਜ਼ 'ਚ ਅਲਜੀਰੀਆ ਦੇ ਮੁਸਲਿਮ ਪਰਿਵਾਰ 'ਚ ਹੋਇਆ। ਰਿਆਦ ਮਹਰੇਜ਼ ਦੀਆਂ ਦੋ ਭੈਣਾਂ ਡੋਨੇਜ਼ ਤੇ ਲੇਨਜ਼ ਹਨ ਜੋ ਰੀਤਾ ਮਹਰੇਜ਼ ਨੂੰ ਬਹੁਤ ਪਿਆਰ ਕਰਦੀਆਂ ਹਨ। ਰਿਆਦ ਮਹਰੇਜ਼ ਦੋ ਲੜਕੀਆਂ ਦਾ ਪਿਤਾ ਬਣ ਚੁੱਕਾ ਹੈ। ਰੀਤਾ ਦੋਵੇਂ ਲੜਕੀਆਂ ਨਾਲ ਅਮਰੀਕਾ ਦੇ ਸ਼ਹਿਰ ਨਿਊਯਾਰਕ 'ਚ ਰਹਿੰਦੀ ਹੈ।