You are here

ਲੁਧਿਆਣਾ ਵਿੱਚ ਆਪਣੀ ਤਰਾਂ ਦਾ ਪਹਿਲਾ 'ਰੇਨ ਵਾਟਰ ਰੀਚਾਰਜ ਵੈੱਲ' ਤਿਆਰ

ਹਲਕਾ ਲੁਧਿਆਣਾ (ਪੱਛਮੀ) ਤੋਂ ਹੋਈ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਸ਼ੁਰੂਆਤ, ਐਤਕੀਂ ਮੀਂਹ ਕਾਰਨ ਸੜਕਾਂ 'ਤੇ ਨਹੀਂ ਖੜੇਗਾ ਪਾਣੀ, ਨਾ ਹੀ ਹੋਣਗੇ ਹਾਦਸੇ ਲੁਧਿਆਣਾ, ਜੁਲਾਈ 2019( ਮਨਜਿੰਦਰ ਗਿੱਲ )-ਨਿੱਤ ਦਿਨ ਘਟਦੇ ਜਾ ਰਹੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਸ਼ੁਰੂਆਤ ਵਿਧਾਨ ਸਭਾ ਹਲਕਾ ਲੁਧਿਆਣਾ (ਪੱਛਮੀ) ਤੋਂ ਹੋ ਗਈ ਹੈ। ਆਗਾਮੀ ਮੌਨਸੂਨ ਸੀਜ਼ਨ ਦੌਰਾਨ ਮੀਂਹ ਦੇ ਪਾਣੀ ਨੂੰ ਸੰਭਾਲਣ ਅਤੇ ਧਰਤੀ ਹੇਠ ਪਾਉਣ ਲਈ ਸ਼ਹਿਰ ਲੁਧਿਆਣਾ ਵਿੱਚ ਆਪਣੀ ਤਰਾਂ ਦਾ ਪਹਿਲਾਂ 'ਰੇਨ ਵਾਟਰ ਰੀਚਾਰਜ ਵੈੱਲ' ਬਣ ਕੇ ਤਿਆਰ ਹੋ ਗਿਆ ਹੈ। ਇਸ ਪ੍ਰੋਜੈਕਟ ਦਾ ਅੱਜ ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲਿਆਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਜਾਇਜ਼ਾ ਲਿਆ। ਦੱਸਣਯੋਗ ਹੈ ਕਿ ਇਸ ਪ੍ਰੋਜੈਕਟ ਦੀ ਰੂਪ ਰੇਖਾ ਤੋਂ ਲੈ ਕੇ ਮੁਕੰਮਲ ਹੋਣ ਤੱਕ ਆਸ਼ੂ ਨੇ ਇਸ ਦੀ ਪੂਰੀ ਦਿਲਚਸਪੀ ਨਾਲ ਮੋਨੀਟਰਿੰਗ ਕੀਤੀ ਹੈ। ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਆਸ਼ੂ ਨੇ ਦੱਸਿਆ ਕਿ ਨਗਰ ਨਿਗਮ ਲੁਧਿਆਣਾ ਵੱਲੋਂ ਇਹ ਵੈੱਲ (ਖੂਹ) ਸਥਾਨਕ ਭਾਈ ਰਣਧੀਰ ਸਿੰਘ ਨਗਰ ਸਥਿਤ ਡੀ. ਏ. ਵੀ. ਸਕੂਲ ਦੇ ਪਿਛਲੇ ਪਾਸੇ ਬਣਾਇਆ ਗਿਆ ਹੈ। ਜਿਸ ਦੀ ਗੋਲਾਈ 20 ਫੁੱਟ ਅਤੇ ਡੂੰਘਾਈ 30 ਫੁੱਟ ਦੇ ਕਰੀਬ ਹੈ। ਇਸ ਪ੍ਰੋਜੈਕਟ 'ਤੇ ਕਰੀਬ 25 ਲੱਖ ਰੁਪਏ ਦਾ ਖਰਚਾ ਆਇਆ ਹੈ। ਇਹ ਪ੍ਰੋਜੈਕਟ ਬਿਲਕੁਲ ਤਿਆਰ ਹੈ ਅਤੇ ਅਗਲੇ 2-3 ਦਿਨ ਵਿੱਚ ਇਸ ਨੂੰ ਚਾਲੂ ਕਰਨ ਦਾ ਪ੍ਰੋਗਰਾਮ ਹੈ। ਇਸ ਪ੍ਰੋਜੈਕਟ ਦੇ ਚਾਲੂ ਹੋਣ ਨਾਲ ਧਰਤੀ ਹੇਠਲੇ ਪਾਣੀ ਦੇ ਦਿਨੋਂ ਦਿਨ ਡਿੱਗ ਰਹੇ ਪੱਧਰ ਨੂੰ ਵੱਡੇ ਪੱਧਰ 'ਤੇ ਰੋਕ ਲੱਗੇਗੀ। ਉਨਾਂ ਦੱਸਿਆ ਕਿ ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਜਦੋਂ ਮੌਨਸੂਨ ਦੌਰਾਨ ਮੀਂਹ ਪੈਂਦੇ ਹਨ ਤਾਂ ਕਈ ਇਲਾਕਿਆਂ ਵਿੱਚ ਭਾਰੀ ਮਾਤਰਾ ਵਿੱਚ ਪਾਣੀ ਸੜਕਾਂ ਅਤੇ ਗਲੀਆਂ ਵਿੱਚ ਖੜਾ ਹੋ ਜਾਂਦਾ ਹੈ। ਇਥੋਂ ਤੱਕ ਕਿ ਜਿਆਦਾ ਮੀਂਹ ਵਿੱਚ ਪਾਣੀ ਘਰਾਂ ਵਿੱਚ ਵੀ ਵੜ ਜਾਂਦਾ ਹੈ। ਜਿਸ ਕਾਰਨ ਹਾਦਸੇ ਤਾਂ ਹੁੰਦੇ ਹੀ ਹਨ, ਸਗੋਂ ਬਿਮਾਰੀਆਂ ਫੈਲਣ ਦਾ ਵੀ ਡਰ ਰਹਿੰਦਾ ਹੈ। ਉਨਾਂ ਕਿਹਾ ਕਿ ਇਹ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਜਿੱਥੇ ਸੜਕ ਹਾਦਸੇ ਘਟਣਗੇ, ਉਥੇ ਹੀ ਸੜਕ ਅਤੇ ਹੋਰ ਬੁਨਿਆਦੀ ਢਾਂਚੇ ਦਾ ਵੀ ਨੁਕਸਾਨ ਨਹੀਂ ਹੋਵੇਗਾ। ਉਨਾਂ ਕਿਹਾ ਕਿ ਫਿਲਹਾਲ ਇਸ ਪ੍ਰੋਜੈਕਟ ਦੀ ਸ਼ੁਰੂਆਤ ਹਲਕਾ ਲੁਧਿਆਣਾ (ਪੱਛਮੀ) ਤੋਂ ਕੀਤੀ ਗਈ ਹੈ, ਜਿਸ ਉਪਰੰਤ ਸ਼ਹਿਰ ਵਿੱਚ ਅਜਿਹੇ ਹੋਰ ਕਈ ਖੂਹ ਤਿਆਰ ਕੀਤੇ ਜਾਣਗੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਬਰਸਾਤਾਂ ਦੇ ਮੌਸਮ ਦੌਰਾਨ ਕਿਸੇ ਵੀ ਤਰਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਉਨਾਂ ਓ ਐਂਡ ਐੱਮ ਸਾਖ਼ਾ ਦੇ ਨਿਗਰਾਨ ਇੰਜੀਨੀਅਰ ਰਵਿੰਦਰ ਗਰਗ ਅਤੇ ਹੋਰ ਅਧਿਕਾਰੀਆਂ ਨੂੰ ਬਣਦੀਆਂ ਹਦਾਇਤਾਂ ਜਾਰੀ ਕੀਤੀਆਂ ਅਤੇ ਇਸ ਪ੍ਰੋਜੈਕਟ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਬਾਰੇ ਕਿਹਾ।