ਲੁਧਿਆਣਾ, ਅਪ੍ਰੈਲ 2020 ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ ਦੀਆਂ ਹਦਾਇਤਾਂ ਅਨੁਸਾਰ ਐਸ.ਡੀ.ਐਮ. ਪੂਰਬੀ ਅਮਰਜੀਤ ਸਿੰਘ ਬੈਂਸ ਦੀ ਅਗਵਾਈ ਵਿੱਚ ਤਹਿਸੀਲਦਾਰ ਲੁਧਿਆਣਾ ਗੁਰਮੀਤ ਸਿੰਘ ਮਾਨ ਅਤੇ ਤਹਿਸੀਲ ਪੂਰਬੀ ਦੇ ਸਮੂਹ ਨਾਇਬ ਤਹਿਸੀਲਦਾਰਾਂ, ਪਟਵਾਰੀ, ਕਾਨੂੰਗੋ ਅਤੇ ਸਮੂਹ ਕਲੈਰੀਕਲ ਸਟਾਫ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ।ਹੁਣ ਤੱਕ ਲੁਧਿਆਣਾ (ਪੂਰਬੀ) ਇਲਾਕੇ ਵਿੱਚ ਸਰਕਾਰੀ ਤੌਰ 'ਤੇ 50 ਹਜ਼ਾਰ ਤੋਂ ਵਧੇਰੇ ਰਾਸ਼ਨ ਕਿੱਟਾਂ ਲੋੜਵੰਦਾਂ ਤੱਕ ਪਹੁੰਚਾਉਣ ਤੋਂ ਇਲਾਵਾ ਤਿਆਰ ਰੋਜ਼ਾਨਾ ਤਿਆਰ ਭੋਜਨ ਵੀ ਮੁਹੱਈਆ ਕਰਵਾਇਆ ਗਿਆ ਹੈ। ਗੁਰਮੀਤ ਸਿੰਘ ਮਾਨ ਨੇ ਦੱਸਿਆ ਕਿ ਆਪਣੇ ਅਤੇ ਆਪਣੇ ਪਰਿਵਾਰ ਦੀ ਜਾਨ-ਮਾਲ ਦੀ ਪਰਵਾਹ ਨਾ ਕਰਦੇ ਹੋਏ ਇਨਸਾਨੀਅਤ ਦੀ ਸੇਵਾ ਕਰਦੇ ਹੋਏ ਲਗਾਤਾਰ ਇਕ ਮਹੀਨੇ ਤੋਂ ਜੋ ਪੰਜਾਬ ਸਰਕਾਰ ਵੱਲੋਂ ਸੁੱਕਾ ਰਾਸ਼ਨ ਜਰੂਰਤਮੰਦ ਲੋਕਾਂ ਨੂੰ ਚਾਹੇ ਉਹ ਪੰਜਾਬ ਦਾ ਮੂਲ ਨਿਵਾਸੀ ਹੋਵੇ ਜਾਂ ਪ੍ਰਵਾਸੀ ਲੋਕ ਹੋਣ ਉਨਾਂ ਨੂੰ ਮੁੱਢਲੀ ਜ਼ਰੂਰਤਾਂ ਵਿੱਚ ਵਰਤੋਂ ਆਉਣ ਵਾਲੀਆਂ ਚੀਜ਼ਾਂ ਜਿਨਾਂ ਵਿੱਚ ਆਟਾ, ਆਲੂ, ਚਾਵਲ, ਤੇਲ ਆਦਿ ਦਿਨ-ਰਾਤ ਕਿਸੇ ਵੀ ਸਮੇਂ ਉਨਾਂ ਨੂੰ ਪਹੁੰਚਾ ਰਹੇ ਹਨ। ਇਸ ਸੇਵਾ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਸਮੂਹ ਸਟਾਫ ਆਪਣੇ ਨਿੱਜੀ ਵਹੀਕਲਾਂ ਦਾ ਇਸਤੇਮਾਲ ਕਰਦੇ ਹਨ। ਇਸ ਟੀਮ ਵੱਲੋਂ ਜਿੱਥੇ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਪਹੁੰਚਾਇਆ ਜਾਂਦਾ ਹੈ ਓਥੇ ਨਾਲ ਹੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਬਾਰੇ ਲੋਕਾਂ ਨੂੰ ਜਾਣੂ ਵੀ ਕਰਵਾਇਆ ਜਾਂਦਾ ਹੈ ਕਿ ਤੁਸੀਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰੋ ਅਤੇ ਪੂਰਨ ਸਹਿਯੋਗ ਦਿਓ ਤਾਂ ਜੋ ਸਾਡਾ ਘੁੱਗ ਵਸਦਾ ਪੰਜਾਬ ਆਪਣੀਆਂ ਪੁਰਾਣੀਆਂ ਲੀਹਾਂ 'ਤੇ ਦੁਬਾਰਾ ਆ ਕੇ ਖੁਸ਼ਹਾਲ ਹੋ ਸਕੇ। ਉਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਿਨਾ ਬੱਸਾਂ ਰਾਹੀਂ ਸੁੱਕਾ ਰਾਸ਼ਨ ਆਉਂਦਾ ਹੈ ਉਨਾਂ ਬੱਸਾਂ ਨੂੰ ਚੰਗੀ ਤਰਾਂ ਸੈਨੀਟਾਈਜ ਕੀਤਾ ਜਾਂਦਾ ਹੈ।ਸਮੂਹ ਕਰਮਚਾਰੀਆਂ ਵੱਲੋਂ ਮਾਨਵਤਾ ਦੀ ਸੇਵਾ ਨਿਰਪੱਖ ਤੌਰ 'ਤੇ ਕੀਤੀ ਜਾ ਰਹੀ ਹੈ ਤਾਂ ਜੋਂ ਕੋਈ ਵੀ ਲੋੜਵੰਦ ਭੁਖਾ ਨਾ ਸੋਂਵੇ।