ਗਲ਼ਾਂ ਵਿੱਚ ਫਾਂਸੀ ਦੇ ਫੰਦੇ ਪਾ ਕੇ ਵਾਤਾਵਰਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦੇ ਦੇਖੇ ਗਏ ਗ੍ਰੀਨ ਪੰਜਾਬ ਮਿਸ਼ਨ ਟੀਮ ਦੇ ਨੁਮਾਇੰਦੇ
ਗਰੀਨ ਪੰਜਾਬ ਮਿਸ਼ਨ ਟੀਮ ਵੱਲੋਂ 10 ਬਾਗ ਤੇ 35000 ਰੁੱਖ ਲਗਾਏ ਗਏ
75000 ਬੂਟੇ ਪ੍ਰਸਾਦ ਦੇ ਰੂਪ ਵਿੱਚ ਵੰਡੇ ਗਏ ਹਨ
ਜਗਰਾਉ 14 ਮਾਰਚ 2022( ਗੁਰਦੇਵ ਗ਼ਾਲਿਬ / ਗੁਰਕੀਰਤ ਜਗਰਾਉਂ ) ਧਰਤੀ ਦੀ ਆਲਮੀ ਤਪਸ਼ ਵਿਗਿਆਨ ਅਨੁਸਾਰ ਧਰਤੀ ਲਈ ਸਭ ਤੋਂ ਵੱਡਾ ਖ਼ਤਰਾ ਬਣਦੀ ਜਾ ਰਹੀ ਹੈ। ਇਸ ਸਭ ਤੋਂ ਵੱਡੇ ਖਤਰੇ ਤੋਂ ਬਚਣ ਲਈ ਦੁਨੀਆਂ ਦੇ ਬਹੁਤ ਸਾਰੇ ਦੇਸ ਬੇਹੱਦ ਚਿੰਤਤ ਹਨ। ਚਿੰਤਾ ਤੋਂ ਬਚਣ ਲਈ ਆਪਣੇ ਆਪਣੇ ਦੇਸਾ ਅੰਦਰ ਤਰਾਂ ਤਰਾਂ ਦੇ ਮਿਸ਼ਨ ਚਲਾ ਕੇ ਧਰਤੀ ਨੂੰ ਬਚਾਉਣ ਲਈ ਯੋਗਦਾਨ ਪਾ ਰਹੇ ਹਨ। ਧਰਤੀ ਦੀ ਹੋਦ ਨੂੰ ਬਚਾ ਕੇ ਰੱਖਣ ਲਈ ਵਾਤਾਵਰਣ ਦਾ ਸਭ ਤੋਂ ਵੱਡਾ ਯੋਗਦਾਨ ਹੈ। ਅੱਜ ਸਭ ਤੋਂ ਵੱਡੀ ਤੇ ਅਹਿਮ ਲੋੜ ਵਾਤਾਵਰਣ ਨੂੰ ਬਚਾ ਕੇ ਰੱਖਣਾ ਦੀ ਹੈ। 33% ਰੁੱਖਾਂ ਨਾਲ ਧਰਤੀ ਦਾ ਹਰਿਆ ਭਰਿਆ ਹੋਣਾ ਲਾਜ਼ਮੀ ਹੈ। ਜੋ ਕਿ ਸਿਰਫ ਮਹਿਜ 6% ਦੇ ਕਰੀਬ ਹੈ ਤੇ ਧਰਤੀ ਲਈ ਸਭ ਵੱਡਾ ਖਤਰਾ ਹੈ। ਇਸ ਦਾ ਸਿਰਫ ਤੇ ਸਿਰਫ ਇੱਕੋ ਇੱਕ ਹੱਲ ਧਰਤੀ ਦੇ 33% ਹਿੱਸੇ ਨੂੰ ਰੁੱਖਾਂ ਨਾਲ ਹਰਿਆ ਭਰਿਆ ਬਣਾਉਣ ਹੈ। ਸਾਡੇ ਗੁਰੂਆਂ ਨੇ ਹਮੇਸ਼ਾ ਹੀ ਕੁਦਰਤੀ ਵਾਤਾਵਰਣ ਤੇ ਇਨਸਾਨੀਅਤ ਨੂੰ ਬਚਾਉਣ ਦਾ ਉਪਦੇਸ਼ ਦਿੱਤਾ। ਸੈਕੜੇ ਸਾਲ ਪਹਿਲਾਂ ਸ੍ਰੀ ਗੁਰੂ ਹਰ ਰਾਏ ਜੀ ਵੱਲੋਂ ਆਪਣੇ ਜੀਵਨ ਦੌਰਾਨ 52 ਬਾਗ ਲਗਾ ਕੇ ਸਭ ਤੋਂ ਪਹਿਲਾਂ ਸਭ ਤੋਂ ਵੱਡੇ ਸਿੱਖ ਵਾਤਾਵਰਣ ਪ੍ਰੇਮੀ ਹੋਣ ਦਾ ਮਾਣ ਹਾਸਿਲ ਕੀਤਾ।14 ਮਾਰਚ ਨੂੰ ਸਿੱਖ ਵਾਤਾਵਰਣ ਦਿਵਸ ਵਜੋ ਸ੍ਰੀ ਗੁਰੂ ਹਰ ਰਾਏ ਜੀ ਨੂੰ ਸਮਰਪਿਤ ਵਾਤਾਵਰਣ ਦਿਵਸ ਵਜੋਂ ਮਨਾਇਆ ਜਾਂਦਾ ਹੈ। ਅੱਜ ਜਗਰਾਉ ਵਿਖੇ ਗਰੀਨ ਪੰਜਾਬ ਮਿਸ਼ਨ ਟੀਮ ਜਗਰਾਉ ਵੱਲੋਂ ਸਿੱਖ ਵਾਤਾਵਰਣ ਦਿਵਸ ਮਨਾ ਕੇ ਗੁਰੂ ਸਾਹਿਬ ਨੂੰ ਸਰਧਾ ਤੇ ਸਤਿਕਾਰ ਭੇਂਟ ਕੀਤਾ। ਧਰਤੀ ਦੇ 33% ਹਿੱਸੇ ਨੂੰ ਸਜਾਉਣ ਲਈ ਗਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਜਗਰਾਉ ਤੋਂ ਵੱਡੀ ਗਿਣਤੀ ਵਿੱਚ ਪ੍ਰੋਗਰਾਮ ਚੱਲ ਰਹੇ ਹਨ । ਜੋ ਕਿ ਸਾਰਥਿਕ ਸਿੱਧ ਹੋ ਰਹੇ ਹਨ । ਗਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਹੁਣ ਤੱਕ ਜਗਰਾਉਂ ਦੀ ਧਰਤੀ ਨੂੰ 10 ਬਾਗ ਤੇ 35000 ਪੌਦੇ ਲਗਾ ਕੇ ਸਜਾਇਆ ਗਿਆ ਹੈ। 75000 ਪੌਦਿਆਂ ਨੂੰ ਪ੍ਰਸਾਦ ਦੇ ਰੂਪ ਵਿੱਚ ਵੰਡਿਆ ਜਾ ਚੁੱਕਿਆ ਹੈ। ਗਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਅੱਜ ਅਨੋਖੇ ਤਰੀਕੇ ਨਾਲ ਇਨਸਾਨਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ। ਗਲੋਬਲ ਵਾਰਮਿੰਗ ਕਰਕੇ ਗਲੇਸੀਅਰ ਲਗਾਤਾਰ ਤੇਜੀ ਨਾਲ ਪਿਗਲ ਰਹੇ ਹਨ। ਜਿਵੇਂ ਜਿਵੇਂ ਗਲੇਸੀਅਰ ਪਿਘਲ ਰਹੇ ਹਨ। ਉਵੇ ਉਵੇ ਧਰਤੀ ਤੇ ਇਨਸਾਨੀ ਹੋਦ ਮੌਤ ਦੇ ਕਰੀਬ ਜਾ ਰਹੀ ਹੈ। ਆਉ ਧਰਤੀ ਮਾਂ ਨੂੰ ਤੇ ਇਨਸਾਨੀਅਤ ਦੀ ਹੋਦ ਨੂੰ ਬਚਾਉਣ ਲਈ ਯਤਨ ਕਰੀਏ। ਇਨਸਾਨ ਹੋਣ ਦਾ ਫਰਜ ਨਿਭਾ ਕੇ ਧਰਤੀ ਨੂੰ 33% ਰੁੱਖਾ ਨਾਲ ਸਜਾਉਣ ਲਈ ਬਣਦਾ ਯੋਗਦਾਨ ਪਾਈਏ।