You are here

ਐਡਵੋਕੇਟ ਜਸਵੀਰ ਖੇੜੀ ਨੂੰ ਸੰਯੁਕਤ ਸਮਾਜ ਮੋਰਚੇ ਨੇ ਮਹਿਲ ਕਲਾਂ ਤੋਂ ਉਮੀਦਵਾਰ ਐਲਾਨਿਆ  

ਸੰਯੁਕਤ ਸਮਾਜ ਮੋਰਚਾ ਦੀ ਸਰਕਾਰ ਬਣਾਉਣ ਲਈ ਲੋਕ ਪੱਬਾਂ ਭਾਰ ਹੋਏ ਪਏ ਹਨ ---ਨਿਰਭੈ  ਛੀਨੀਵਾਲ 

ਮਹਿਲ ਕਲਾਂ/ ਬਰਨਾਲਾ- 29 ਜਨਵਰੀ- (ਗੁਰਸੇਵਕ ਸੋਹੀ ) -ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਸੰਯੁਕਤ ਸਮਾਜ ਮੋਰਚੇ ਵੱਲੋਂ ਐਡਵੋਕੇਟ ਜਸਬੀਰ ਸਿੰਘ ਖੇੜੀ ਨੂੰ  ਮੋਰਚੇ ਦਾ ਉਮੀਦਵਾਰ ਬਣਾਇਆ ਗਿਆ ਹੈ । ਸੰਯੁਕਤ ਮੋਰਚੇ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਵੱਲੋਂ ਇਕ ਲੈਟਰ ਹੈੱਡ ਤੇ 12 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਜਿਸ ਵਿਚ ਐਡਵੋਕੇਟ ਜਸਵੀਰ ਸਿੰਘ ਖੇੜੀ ਦਾ ਦੂਸਰਾ ਨੰਬਰ ਲਿਸਟ ਵਿੱਚ ਦਿਖਾਈ ਦੇ ਰਿਹਾ ਹੈ । ਐਡਵੋਕੇਟ ਜਸਬੀਰ ਸਿੰਘ ਪਿੰਡ ਖੇੜੀ ਕਲਾਂ( ਚਹਿਲਾਂ) ਦੇ ਜੰਮਪਲ ਹਨ ਅਤੇ ਦਿੱਲੀ ਵਿੱਚ ਚੱਲੇ ਕਿਸਾਨੀ ਅੰਦੋਲਨ ਦੌਰਾਨ ਐਡਵੋਕੇਟ ਜਸਵੀਰ ਸਿੰਘ ਦੀਆਂ ਗਤੀਵਿਧੀਆਂ ਬਹੁਤ ਹੀ ਜ਼ਿਆਦਾ  ਸ਼ਲਾਘਾਯੋਗ ਰਹੀਆਂ ਸਨ । ਉਨ੍ਹਾਂ ਵੱਲੋਂ ਦਿਨ ਰਾਤ ਇੱਕ ਕਰਕੇ ਕਿਸਾਨੀ ਅੰਦੋਲਨ ਦੀ ਹਮਾਇਤ ਕੀਤੀ ਗਈ ਸੀ ਜਿਸ ਨੂੰ ਦੇਖਦੇ ਹੋਏ ਸੰਯੁਕਤ ਸਮਾਜ ਮੋਰਚੇ ਵੱਲੋਂ ਐਡਵੋਕੇਟ ਜਸਬੀਰ ਸਿੰਘ ਖੇੜੀ ਕਲਾਂ ਨੂੰ ਮੋਰਚੇ ਦਾ ਉਮੀਦਵਾਰ ਬਣਾਇਆ ਗਿਆ ਹੈ ।ਐਡਵੋਕੇਟ ਜਸਵੀਰ ਸਿੰਘ ਖੇੜੀ ਵੱਲੋਂ ਹਲਕਾ ਮਹਿਲ ਕਲਾਂ ਦੇ ਵੱਖ ਵੱਖ ਪਿੰਡਾਂ ਕਸਬਿਆਂ ਵਿੱਚ ਲੋਕ ਹਿੱਤਾਂ ਲਈ ਲੜੇ ਜਾਂਦੇ ਸੰਘਰਸ਼ਾਂ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਜਾਂਦੀ ਰਹੀ ਹੈ । ਜਦੋਂ ਜਸਵੀਰ ਖੇੜੀ ਨੂੰ ਟਿਕਟ ਮਿਲਣ ਦਾ ਕਸਬਾ ਮਹਿਲ ਕਲਾਂ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਇਕੱਠੇ ਹੋ ਕੇ ਲੱਡੂ ਵੰਡੇ ਅਤੇ ਜਸ਼ਨ ਮਨਾਏ ਗਏ । ਇਸ ਮੌਕੇ ਸਯੁੰਕਤ ਸਮਾਜ ਮੋਰਚੇ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋ ਉਮੀਦਵਾਰ ਜਸਵੀਰ ਸਿੰਘ ਖੇੜੀ ਨੇ ਕਿਹਾ ਹੈ ਕਿ ਉਹ ਸਮੁੱਚੀ ਪਾਰਟੀ ਹਾਈ ਕਮਾਂਡ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਹਨ। ਜਿਨ੍ਹਾਂ ਨੇ ਉਨ੍ਹਾਂ ਦੀ ਪਾਰਟੀ ਅਤੇ ਵਰਕਰਾਂ ਨਾਲ ਨਿਭਾਈ ਵਫ਼ਾਦਾਰੀ ਤੇ ਮੋਹਰ ਲਗਾਈ ਹੈ । ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਹਲਕੇ ਨੂੰ ਵਿਕਾਸ ਪੱਖੋਂ ਬੁਲੰਦੀਆਂ ਤੇ ਲਿਜਾਣ ਲਈ ਦਿਨ ਰਾਤ ਕਰ ਰਹੇ ਹਨ। ਅਤੇ ਹੁਣ ਵੀ ਸਮੁੱਚੇ ਪਾਰਟੀ ਵਰਕਰਾਂ ਨੂੰ ਨਾਲ ਲੈ ਕੇ ਆਪਣੀ ਚੋਣ ਮੁਹਿੰਮ ਦਾ ਹਿੱਸਾ ਬਣਾਉਣਗੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਿਲਾ ਪ੍ਰਧਾਨ ਨਿਰਭੈ ਸਿੰਘ ਗਿਆਨੀ ਛੀਨੀਵਾਲ ਯੂਨੀਅਨ, ਮੁਖਤਿਆਰ ਸਿੰਘ ਬੀਹਲਾ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਗਹਿਲ, ਜਗਦੀਪ ਸਿੰਘ ਚੰਨਣਵਾਲ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪੂਰਨ ਭਰੋਸਾ ਹੈ ਕਿ ਉਹ ਪਾਰਟੀ ਦੇ ਮੁੱਖ ਬਲਵੀਰ ਸਿੰਘ ਰਾਜੇਵਾਲ ਵੱਲੋਂ ਸੂਬੇ ਦੇ ਹਿੱਤ ਵਿੱਚ ਲਏ ਗਏ ਇਤਿਹਾਸਕ ਫ਼ੈਸਲਿਆਂ ਨੂੰ ਵੋਟ ਦੇ ਕੇ ਸੂਬੇ ਅੰਦਰ ਸਮਾਜ ਸੰਯੁਕਤ ਮੋਰਚਾ ਦੀ ਸਰਕਾਰ ਬਣਾਉਣਗੇ।