ਚੰਡੀਗੜ੍ਹ 28 ਦਸੰਬਰ ( ਗੁਰਸੇਵਕ ਸੋਹੀ ) ਕੱਲ੍ਹ ਦੇਰ ਸ਼ਾਮ ਖੜ੍ਹੇ ਪੈਰ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਵੱਲੋਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਆਗੂਆਂ ਨਾਲ ਅੱਜ ਸਵੇਰੇ 10.30 ਵਜੇ ਇੱਥੇ ਰੱਖੀ ਗਈ ਮੀਟਿੰਗ ਫਿਰ ਸਮੇਂ ਦੀ ਤੰਗੀ ਦੀ ਭੇਂਟ ਚੜ੍ਹ ਗਈ। ਲੰਮੀ ਇੰਤਜ਼ਾਰ ਮਗਰੋਂ 12-15 ਵਜੇ ਆ ਕੇ ਸ੍ਰੀ ਚੰਨੀ ਆਪਣੀ ਮਜਬੂਰੀ ਦੱਸਦਿਆਂ 30 ਦਸੰਬਰ ਨੂੰ ਖੁਲ੍ਹੇ ਸਮੇਂ ਲਈ ਮੀਟਿੰਗ ਕਰਨ ਦਾ ਵਾਅਦਾ ਕਰਕੇ ਅਤੇ ਮੰਨੀਆਂ ਹੋਈਆਂ ਮੰਗਾਂ ਦੀ ਸਥਿਤੀ ਉੱਪਰ ਚਰਚਾ ਤੇ ਲੋੜੀਂਦੇ ਫ਼ੈਸਲਿਆਂ ਬਾਰੇ ਖੇਤੀ ਮੰਤਰੀ ਸ੍ਰੀ ਰਣਦੀਪ ਸਿੰਘ ਨਾਭਾ ਦੀ ਡਿਊਟੀ ਲਗਾ ਕੇ ਚਲੇ ਗਏ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਸ੍ਰੀ ਨਾਭਾ ਨੇ ਲਾਗੂ ਕਰਨ ਵਾਲੇ ਸਰਕਾਰੀ ਹੁਕਮਾਂ ਦੀਆਂ ਨਕਲਾਂ ਅਤੇ ਮੁਆਵਜਿਆਂ ਨੌਕਰੀਆਂ ਦੀਆਂ ਸੂਚੀਆਂ ਆਗੂਆਂ ਨੂੰ ਦੇਣ ਤੋਂ ਇਲਾਵਾ ਮਾਨਸਾ ਵਿਖੇ ਬੇਰੁਜ਼ਗਾਰ ਟੀਚਰਾਂ 'ਤੇ ਕਹਿਰ ਢਾਹੁਣ ਵਾਲੇ ਡੀ ਐੱਸ ਐੱਸ ਪੀ ਦੇ ਮੁਅੱਤਲੀ ਹੁਕਮਾਂ ਦੀ ਨਕਲ ਤਹਿਸ਼ੁਦਾ ਅਗਲੀ ਮੀਟਿੰਗ ਵਿੱਚ ਦੇਣ ਦਾ ਵਾਅਦਾ ਕੀਤਾ। ਕਿਸਾਨ ਆਗੂ ਅਨੁਸਾਰ ਜਥੇਬੰਦੀ ਵੱਲੋਂ 15 ਥਾਂਵਾਂ'ਤੇ ਡੀ ਸੀ ਜਾਂ ਐੱਸ ਡੀ ਐੱਮ ਦਫ਼ਤਰਾਂ ਅੱਗੇ ਜਥੇਬੰਦੀ ਵੱਲੋਂ ਦਿਨ ਰਾਤ ਦੇ ਪੱਕੇ ਧਰਨੇ ਅੱਜ ਨੌਂਵੇਂ ਦਿਨ ਵੀ ਲਗਾਤਾਰ ਜਾਰੀ ਰਹੇ। ਮਾਨਸਾ ਅਤੇ ਮੋਗਾ ਜ਼ਿਲ੍ਹਿਆਂ ਵਿੱਚ ਉੱਚ ਅਧਿਕਾਰੀਆਂ ਦੇ ਘਿਰਾਓ ਵੀ ਕੀਤੇ ਗਏ। ਮੀਟਿੰਗ ਤੋਂ ਬਾਅਦ ਜ਼ਿਲ੍ਹਾ ਧਰਨਿਆਂ ਦੀ ਰਿਪੋਰਟ ਲੈਣ ਸਮੇਂ ਫਸਲੀ ਤਬਾਹੀ ਦਾ ਮੁਆਵਜ਼ਾ ਵੰਡਣ ਵੇਲੇ ਨੋਟ ਕੀਤੀ ਗਈ ਵੱਡੀ ਖ਼ਾਮੀ ਖੇਤੀ ਡਾਇਰੈਕਟਰ ਸ੍ਰੀ ਗੁਰਵਿੰਦਰ ਸਿੰਘ ਰਾਹੀਂ ਫੋਨ ਕਰਕੇ ਖੇਤੀ ਮੰਤਰੀ ਦੇ ਧਿਆਨ ਵਿੱਚ ਲਿਆਂਦੀ ਗਈ ਅਤੇ ਮੰਗ ਕੀਤੀ ਗਈ ਕਿ ਪੀੜਤ ਕਿਸਾਨ ਦੀ ਤਬਾਹ ਹੋਈ ਫ਼ਸਲ ਦਾ 5 ਏਕੜ ਤੋਂ ਵਾਧੂ ਰਕਬੇ ਦਾ ਮੁਆਵਜ਼ਾ ਦੇਣ ਉੱਪਰ ਲਾਈ ਪਾਬੰਦੀ ਖ਼ਤਮ ਕੀਤੀ ਜਾਵੇ।
ਮੰਨੀਆਂ ਮੰਗਾਂ ਲਾਗੂ ਕਰਵਾਉਣ ਤੋਂ ਇਲਾਵਾ ਪੰਜਾਬ ਦੇ ਕਰਜਾਗ੍ਰਸਤ ਕਿਸਾਨਾਂ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ, ਹਰ ਘਰ ਰੁਜ਼ਗਾਰ ਅਤੇ ਮਾਰੂ ਨਸ਼ਿਆਂ ਦੇ ਖਾਤਮੇ ਵਰਗੇ ਅਹਿਮ ਚੋਣ ਵਾਅਦੇ ਲਾਗੂ ਕਰਨ ਅਤੇ ਕਿਸਾਨ ਮਜ਼ਦੂਰ ਪੱਖੀ ਸੂਦਖੋਰੀ ਕਰਜ਼ਾ ਕਾਨੂੰਨ ਬਣਾਉਣ ਸਮੇਤ ਵੱਡੇ ਸਰਮਾਏਦਾਰਾਂ, ਸਾਮਰਾਜੀ ਕਾਰਪੋਰੇਟਾਂ ਤੇ ਵੱਡੇ ਜਗੀਰਦਾਰਾਂ/ਸੂਦਖੋਰਾਂ ਤੋਂ ਮੋਟੇ ਟੈਕਸ ਵਸੂਲਣ ਅਤੇ ਜ਼ਮੀਨੀ ਸੁਧਾਰ ਕਾਨੂੰਨ ਲਾਗੂ ਕਰਨ ਵਰਗੇ ਕਈ ਹੋਰ ਚਿਰਾਂ ਤੋਂ ਲਟਕਦੇ ਅਹਿਮ ਮਸਲਿਆਂ ਦੇ ਹੱਲ ਲਈ 30 ਦਸੰਬਰ ਦੀ ਗੱਲਬਾਤ ਸਮੇਂ ਜ਼ੋਰਦਾਰ ਪੈਰਵੀ ਕੀਤੀ ਜਾਵੇਗੀ।
ਮੀਟਿੰਗ ਵਿੱਚ ਖੁਦ ਸ੍ਰੀ ਕੋਕਰੀ ਸਮੇਤ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾਂ,ਜਨਕ ਸਿੰਘ ਭੁਟਾਲ, ਜਸਵਿੰਦਰ ਸਿੰਘ ਲੌਂਗੋਵਾਲ, ਜਗਤਾਰ ਸਿੰਘ ਕਾਲਾਝਾੜ ਅਤੇ ਹਰਿੰਦਰ ਕੌਰ ਬਿੰਦੂ ਸ਼ਾਮਲ ਸਨ। ਉਨ੍ਹਾਂ ਨੇ ਐਲਾਨ ਕੀਤਾ ਕਿ ਕੱਲ੍ਹ ਨੂੰ ਧਰਨਿਆਂ ਵਾਲ਼ੇ ਸਾਰੇ ਜ਼ਿਲ੍ਹਿਆਂ ਵਿੱਚ ਅਧਿਕਾਰੀਆਂ ਦੇ ਘਿਰਾਓ ਕੀਤੇ ਜਾਣਗੇ। 23 ਦਸੰਬਰ ਵਾਲੇ ਵਾਅਦੇ ਲਾਗੂ ਕਰਵਾਉਣ ਅਤੇ ਅਗਲੀ ਮੀਟਿੰਗ ਦੌਰਾਨ ਰਹਿੰਦੀਆਂ ਮੰਗਾਂ ਮੰਨਵਾਉਣ ਲਈ ਪੰਜਾਬ ਦੇ ਸਮੂਹ ਕਿਸਾਨਾਂ ਮਜ਼ਦੂਰਾਂ ਨੂੰ ਇਨ੍ਹਾਂ ਘਿਰਾਓ ਪ੍ਰੋਗਰਾਮਾਂ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਜਾਰੀ ਕਰਤਾ:- ਸੁਖਦੇਵ ਸਿੰਘ ਕੋਕਰੀ ਕਲਾਂ