ਜਗਰਾਓਂ 21 ਦਸੰਬਰ (ਅਮਿਤ ਖੰਨਾ) ਜਗਰਾਉਂ ਦੀ ਨਿਰੋਲ ਧਾਰਮਿਕ ਸੰਸਥਾ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਐਤਕੀਂ ਵੀ ਦਸਮੇਸ਼ ਪਿਤਾ ਜੀ ਦੇ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਤ ਕਥਾ ਕੀਰਤਨ ਸਮਾਗਮਾਂ ਦੀ ਲੜੀ 22 ਦਸੰਬਰ ਤੋਂ ਆਰੰਭ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਖ਼ਜ਼ਾਨਚੀ ਜਤਵਿੰਦਰਪਾਲ ਸਿੰਘ ਜੇ ਪੀ, ਗੁਰਦੀਪ ਸਿੰਘ ਦੁਆ, ਦਿਲਮੋਹਨ ਸਿੰਘ, ਚਰਨਜੀਤ ਸਿੰਘ ਚੀਨੂੰ ਤੇ ਅਮਰਜੀਤ ਸਿੰਘ ਓਬਰਾਏ ਨੇ ਦੱਸਿਆ ਕਿ ਸ਼ਹੀਦੀ ਸਮਾਗਮਾਂ ਦੀ ਲੜੀ 22 ਦਸੰਬਰ ਤੋਂ 26 ਦਸੰਬਰ ਤੱਕ ਚੱਲੇਗੀ ਜਿਸ ਵਿਚ ਪ੍ਰਸਿੱਧ ਕੀਰਤਨੀਏ, ਕਥਾਵਾਚਕ ਤੇ ਪ੍ਰਚਾਰਕ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ। ਉਨ੍ਹਾਂ ਦੱਸਿਆ ਕਿ 22 ਦਸੰਬਰ ਨੂੰ ਸ਼ਾਮ ਫੇਰੀ ਗੁਰਦੁਆਰਾ ਭਜਨਗੜ੍ਹ ਸਾਹਿਬ ਤੋਂ ਪੌਣੇ ਸੱਤ ਵਜੇ ਸ਼ੁਰੂ ਹੋਵੇਗੀ ਸੰਗਤਾਂ ਸ਼ਬਦ ਕੀਰਤਨ ਕਰਦੀਆਂ ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਵਿਖੇ ਪਹੁੰਚਣਗੀਆਂ ਜਿੱਥੇ ਕੀਰਤਨ ਦਾ ਪ੍ਰਵਾਹ ਚੱਲੇਗਾ। 23 ਦਸੰਬਰ ਨੂੰ ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ ਵਿਖੇ ਸਮਾਗਮ ਹੋਣਗੇ ਜਿਸ ਵਿਚ ਪ੍ਰਸਿੱਧ ਵਿਦਵਾਨ ਕਥਾਵਾਚਕ ਭਾਈ ਹਰਪ੍ਰੀਤ ਸਿੰਘ ਜੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਾਰਜ ਸਿੰਘ ਸੰਗਤਾਂ ਨੂੰ ਕਥਾ ਕੀਰਤਨ ਸਰਵਣ ਕਰਵਾਉਣਗੇ। 24 ਦਸੰਬਰ ਗੁਰਦੁਆਰਾ ਸਿੰਘ ਸਭਾ ਵਿਖੇ ਅਤੇ 25 ਦਸੰਬਰ ਨੂੰ ਗੁਰਦੁਆਰਾ ਭਜਨਗੜ੍ਹ ਸਾਹਿਬ ਵਿਖੇ ਸਮਾਗਮ ਹੋਣਗੇ। 26 ਦਸੰਬਰ ਨੂੰ ਸਵੇਰੇ ਪ੍ਰਭਾਤ ਫੇਰੀ ਗੁਰਦੁਆਰਾ ਭਜਨਗੜ੍ਹ ਸਾਹਿਬ ਤੋਂ ਆਰੰਭ ਹੋਵੇਗੀ ਤੇ ਪੁਰਾਣੀ ਗੈਸ ਗਲੀ ਵਿਖੇ ਸਰਦਾਰ ਪਰਮਜੀਤ ਸਿੰਘ, ਚਰਨਜੀਤ ਸਿੰਘ ਜੋਨੀ ਦੇ ਗ੍ਰਹਿ ਵਿਖੇ ਪਹੁੰਚੇਗੀ ਜਿੱਥੇ ਕੀਰਤਨ ਦਾ ਪ੍ਰਵਾਹ ਚੱਲੇਗਾ। ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਲਾਸਾਨੀ ਸ਼ਹਾਦਤਾਂ ਦੇ ਮਾਲਕਾਂ ਨੂੰ ਸਿਜਦਾ ਕਰਨ ਲਈ ਹੁੰਮਹੁਮਾ ਕੇ ਪੁੱਜੇ। ਸਾਰੇ ਸਮਾਗਮਾਂ ਵਿੱਚ ਗੁਰੂ ਕੇ ਲੰਗਰ ਅਤੁੱਟ ਵਰਤਣਗੇ।