ਮਲੇਰਕੋਟਲਾ, 20 ਦਸੰਬਰ ( ਗੁਰਸੇਵਕ ਸੋਹੀ )ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਲੋਕਾਂ ਦੇ ਸਾਹਮਣੇ ਫਾਂਸੀ ਦੇਣ ਦੀ ਵਕਾਲਤ ਕੀਤੀ ਹੈ। ਐਤਵਾਰ ਨੂੰ ਮਾਲੇਰਕੋਟਲਾ ਦੀ ਅਨਾਜ ਮੰਡੀ ਵਿਖੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਸਮਰਥਨ ਵਿੱਚ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਗੀਤਾ, ਕੁਰਾਨ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਹੈ ਤਾਂ ਉਸ ਨੂੰ ਬਾਹਰ ਲਿਆ ਕੇ ਫਾਂਸੀ ਦਿੱਤੀ ਜਾਵੇ। ਉਸ ਨੂੰ ਸੰਵਿਧਾਨ ਦੀ ਸਭ ਤੋਂ ਵੱਡੀ ਸਜ਼ਾ ਮਿਲਣੀ ਚਾਹੀਦੀ ਹੈ। ਸਿੱਧੂ ਨੇ ਕਿਹਾ ਕਿ ਇਹ ਬੇਈਮਾਨੀ ਦੀ ਗਲਤੀ ਨਹੀਂ ਸਗੋਂ ਇਕ ਕੌਮ ਨੂੰ ਡੋਬਣ ਦੀ ਸਾਜ਼ਿਸ਼ ਹੈ। ਸਾਡੀਆਂ ਜੜ੍ਹਾਂ 'ਚ ਘੁਣ ਲਗਾਉਣ ਦੀ ਕੋਸ਼ਿਸ਼ ਹੈ। ਪੰਜਾਬੀ ਇਸ ਨੂੰ ਕਦੀ ਕਾਮਯਾਬ ਨਹੀਂ ਹੋਣ ਦਿਆਂਗੇ ਜੋ ਪੰਜਾਬੀਆਂ ਨਾਲ ਟਕਰਾਏਗਾ, ਉਹ ਚੂਰ-ਚੂਰ ਹੋ ਜਾਵੇਗਾ। ਸਿੱਧੂ ਨੇ ਕਿਹਾ ਕਿ ਅੱਜ ਪੰਜਾਬ 'ਚ ਸਾਜ਼ਿਸ਼ ਘੜੀ ਜਾ ਰਹੀ ਹੈ। ਆਪਸੀ ਭਾਈਚਾਰੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬੀਅਤ 'ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿੱਧੂ ਨੇ ਕਿਹਾ ਕਿ ਰਾਜਨੀਤੀ ਏਨੀ ਗੰਦੀ ਹੋ ਗਈ ਹੈ, ਮੈਲੀ ਹੋ ਗਈ ਹੈ, ਸਿਆਸਤ ਏਨੀ ਸਵਾਰਥੀ ਹੋ ਗਈ ਹੈ ਕਿ ਲੋਕ ਵੋਟਾਂ ਦੀ ਸਿਆਸਤ ਲਈ ਗੁਰੂ ਦੀ ਬੇਅਦਬੀ ਕਰਵਾ ਸਕਦੇ ਹਨ ਜੋ ਸ੍ਰੀ ਦਰਬਾਰ ਸਾਹਿਬ 'ਚ ਹੋਇਆ ਹੈ, ਉਹ ਕਿਸੀ ਮਸਜਿਦ ਜਾਂ ਮੰਦਰ 'ਚ ਵੀ ਹੋ ਸਕਦਾ ਹੈ।