ਫ਼ਰੀਦਕੋਟ ਦੀ ਧਰਤੀ ਸ਼ਾਇਰਾਂ, ਕਵੀਆਂ ਤੇ ਫ਼ਨਕਾਰਾਂ ਦੀ ਧਰਤੀ ਹੈ । ਜਿੱਥੇ ਅਨੇਕਾਂ ਹੀ ਪ੍ਰਸਿੱਧ ਗਾਇਕਾਂ, ਗੀਤਕਾਰਾਂ ਅਤੇ ਸਾਹਿਤਕਾਰਾਂ ਨੇ ਜਨਮ ਲਿਆ । ਜਿਨ੍ਹਾਂ ਨੇ ਦੇਸ਼ਾਂ-ਵਿਦੇਸ਼ਾਂ ਵਿਚ ਖੂਬ ਨਾਮਣਾ ਖੱਟਿਆ । ਬਾਬਾ ਫ਼ਰੀਦ ਜੀ ਦੀ ਚਰਨ ਛੋਹ ਧਰਤੀ, ਫ਼ਰੀਦਕੋਟ ਵਾਸੀਆਂ ਲਈ ਵਰਦਾਨ ਹੈ । ਜੋ ਵੀ ਇਸ ਧਰਤੀ ਦੀ ਗੋਦ ‘ਚ ਆਉਂਦਾ, ਓਹ ਕਿਸੇ ਨਾ ਕਿਸੇ ਖੇਤਰ ‘ਚ ਪ੍ਰਸਿੱਧੀ ਹਾਸਲ ਕਰਦਾ ਹੈ ।
ਪ੍ਰੋ.ਬੀਰ ਇੰਦਰ ਸਰਾਂ ਜੀ ਅੱਜਕਲ੍ਹ ਦੇ ਉੱਘੇ ਸਾਹਿਤਕਾਰਾਂ ਵਿਚੋਂ ਇੱਕ ਹਨ । ਜੋ ਦਿਨ-ਰਾਤ ਪੰਜਾਬੀ ਮਾਂ-ਬੋਲੀ ਦੀ ਸੇਵਾ ਅਤੇ ਪ੍ਰਫੁੱਲਤਾ ਲਈ ਯਤਨਸ਼ੀਲ ਹਨ । ਜਿੱਥੇ ਉਹ ਇੱਕ ਸਾਹਿਤਕਾਰ ਵਜੋਂ ਆਪਣੀ ਪਹਿਚਾਣ ਬਣਾ ਚੁੱਕੇ ਹਨ, ਉੱਥੇ ਉਹਨਾਂ ਦਾ ਨਾਮ ਕਾਲਜ ਅਧਿਆਪਨ ਦੇ ਖੇਤਰ ਵਿੱਚ ਵੀ ਆਪਣੀ ਵਿਲੱਖਣ ਪਹਿਚਾਣ ਰੱਖਦਾ ਹੈ । ਉਹ ਪਿਛਲੇ ਇੱਕ ਦਹਾਕੇ ਤੋਂ ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਫ਼ਰੀਦਕੋਟ ਵਿਖੇ ਬਤੌਰ ਅਸਿਸਟੈਂਟ ਪ੍ਰੋਫ਼ੈਸਰ ਸੇਵਾ ਨਿਭਾਅ ਰਹੇ ਹਨ । ਉਹਨਾਂ ਦੇ ਪੜ੍ਹਾਏ ਹੋਏ ਵਿਦਿਆਰਥੀ, ਅਧਿਆਪਨ ਖੇਤਰ ਦੇ ਨਾਲ ਨਾਲ ਉੱਚ ਅਹੁਦਿਆਂ ਉੱਤੇ ਬਿਰਾਜਮਾਨ ਹਨ । ਉਹ ਸਮਾਜ ਸੇਵਾ ਦੇ ਕਾਰਜਾਂ ਵਿੱਚ ਵੀ ਸਮੇਂ ਸਮੇਂ ‘ਤੇ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਹਨ ।
ਪ੍ਰੋ.ਬੀਰ ਇੰਦਰ ਸਰਾਂ ਜੀ ਦਾ ਜਨਮ 10 ਅਕਤੂਬਰ 1979 ਨੂੰ ਪੰਜਾਬ ਦੇ ਮਲੋਟ ਸ਼ਹਿਰ ਵਿਖੇ ਮਾਤਾ ਗੁਰਵਿੰਦਰ ਕੌਰ ਜੀ ਦੀ ਕੁੱਖੋਂ ਹੋਇਆ ਅਤੇ ਇਹਨਾਂ ਦੇ ਪਿਤਾ ਸ੍ਰ. ਸੁਰਜੀਤ ਸਿੰਘ ਜੀ ਜੋ ਕਿ ਪੰਜਾਬ ਸਿੱਖਿਆ ਵਿਭਾਗ ਵਿੱਚੋਂ ਬਤੌਰ ਸੁਪਰਡੈਂਟ ਸੇਵਾ-ਮੁਕਤ ਹੋਏ ਹਨ । ਜੇਕਰ ਪ੍ਰੋ. ਸਰਾਂ ਜੀ ਦੀ ਪੜ੍ਹਾਈ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਨੇ ਮੁੱਢਲੀ ਪੜ੍ਹਾਈ ਫ਼ਰੀਦਕੋਟ ਦੇ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਅਤੇ ਨਿਊ ਮਾਡਲ ਸੀਨੀਅਰ ਸੈਕੰਡਰੀ ਸਕੂਲ ਤੋਂ ਪ੍ਰਾਪਤ ਕੀਤੀ । ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਤੋਂ ਬੀ.ਏ. ਦੀ ਡਿਗਰੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ.ਏ (ਰਾਜਨੀਤੀ ਸ਼ਾਸਤਰ ਤੇ ਪੰਜਾਬੀ), ਸ਼ਹੀਦ ਊਧਮ ਸਿੰਘ ਕਾਲਜ ਆਫ਼ ਐਜੂਕੇਸ਼ਨ,ਸੁਨਾਮ ਤੋਂ ਬੀ.ਐਡ., ਰਿਆਤ ਬਾਹਰਾ ਕਾਲਜ ਆਫ਼ ਐਜੂਕੇਸ਼ਨ, ਖਰੜ (ਮੋਹਾਲੀ) ਤੋਂ ਐਮ.ਐਡ. ਅਤੇ ਯੂ.ਜੀ.ਸੀ. ਨੈੱਟ (ਐਜੂਕੇਸ਼ਨ) ਵਿੱਚ ਪਾਸ ਕੀਤਾ ਹੋਇਆ ਹੈ । ਇਸ ਤੋਂ ਇਲਾਵਾ ਪੀ.ਜੀ.ਡੀ.ਸੀ.ਏ., ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਅਤੇ ਹੋਰ ਕਈ ਕੰਪਿਊਟਰ ਕੋਰਸ ਵੀ ਪਾਸ ਕੀਤੇ ਹੋਏ ਹਨ ।
ਪ੍ਰੋਫ਼ੈਸਰ ਸਾਹਿਬ ਅਕਸਰ ਹੀ ਰਾਸ਼ਟਰੀ, ਅੰਤਰਰਾਸ਼ਟਰੀ ਕਾਨਫ਼ਰੰਸਾਂ ਅਤੇ ਸੈਮੀਨਾਰਾਂ ਵਿੱਚ ਪੇਪਰ ਪੜ੍ਹਦੇ ਅਤੇ ਭਾਗ ਲੈਂਦੇ ਰਹਿੰਦੇ ਹਨ । ਉਹ ਅਧਿਆਪਨ ਖੇਤਰਾਂ, ਸਾਹਿਤ ਤੇ ਸੱਭਿਆਚਾਰਕ ਖੇਤਰਾਂ ਵਿੱਚ ਜੱਜਮੈਂਟ ਕਰਦੇ ਰਹਿੰਦੇ ਹਨ । ਆਪਣੀ ਅਣਥੱਕ ਮਿਹਨਤ ਨਾਲ ਆਪਣੇ ਕਾਲਜ, ਸਮਾਜ ਅਤੇ ਆਪਣੇ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ ‘ਚ ਅਨੇਕਾਂ ਹੀ ਸਨਮਾਨ ਦਿਵਾਉਂਦੇ ਰਹਿਣ ਦੇ ਨਾਲ ਨਾਲ ਹੌਂਸਲਾ ਅਫ਼ਜ਼ਾਈ ਕਰ ਅੱਗੇ ਵਧਾਉਂਦੇ ਰਹਿੰਦੇ ਹਨ।
ਪ੍ਰੋ. ਬੀਰ ਇੰਦਰ ਸਰਾਂ ਜੀ ਨੇ ਆਪਣੀ ਲੇਖਣੀ ਰਾਹੀਂ ਦੇਸ਼ਾਂ ਵਿਦੇਸ਼ਾਂ ‘ਚ ਖ਼ੂਬ ਨਾਮਣਾ ਖੱਟਿਆ ਹੈ । ਰਾਜ-ਪੱਧਰੀ, ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਅਨੇਕਾਂ ਹੀ ਕਵੀ-ਦਰਬਾਰਾਂ, ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿਚ ਹਾਜ਼ਰੀ ਲਵਾ, ਪੰਜਾਬੀ ਮਾਂ-ਬੋਲੀ ਦਾ ਮਾਣ ਨਾਲ ਸਿਰ ਉੱਚਾ ਕੀਤਾ । ਕਈ ਸਾਰੇ ਕਾਵਿ-ਮੁਕਾਬਲਿਆਂ ਵਿੱਚ ਮੋਹਰੀ ਪੁਜੀਸ਼ਨਾਂ ਅਤੇ ਸਨਮਾਨ ਵੀ ਹਾਸਲ ਕੀਤੇ ਹਨ । ਸਾਂਝੇ ਕਾਵਿ-ਸੰਗ੍ਰਹਿ ‘ਬੋਲਦੇ ਅਲਫ਼ਾਜ਼’ ਦੇ ਪੰਨਿਆਂ ਚ ਏਨਾਂ ਦੇ ਬਾ-ਕਮਾਲ ਸ਼ਬਦ ,ਰਹਿਬਰ ਬਣ ਪਾਠਕਾਂ ਦੀ ਰਹਿਨੁਮਾਈ ਕਰਦੇ ਹਨ । ਇਸਦੇ ਨਾਲ ਹੀ ‘ਇਸ਼ਕ ਮਿਜ਼ਾਜੀ ਤੋਂ ਇਸ਼ਕ ਹਕੀਕੀ ਵੱਲ’ ਕਾਵਿ-ਸੰਗ੍ਰਹਿ ਦੁਆਰਾ ਸੰਪਾਦਕੀ ਦੇ ਖੇਤਰ ਵਿੱਚ ਵੀ ਪ੍ਰਵੇਸ਼ ਕਰ ਚੁੱਕੇ ਹਨ । ਜਲਦ ਹੀ ਆਉਣ ਵਾਲੇ ਚਾਰ-ਪੰਜ ਕਾਵਿ-ਸੰਗ੍ਰਹਿ, ਜੋ ਪਾਠਕਾਂ ਦੀ ਕਚਹਿਰੀ ਹਾਜ਼ਰ ਹੋਣ ਵਾਲੇ ਹਨ, ਉਹਨਾਂ ‘ਚ ਪ੍ਰੋਫ਼ੈਸਰ ਸਾਹਿਬ ਦੇ ਜਾਦੂਮਈ ਸ਼ਬਦ, ਰੂਹਾਂ ਦੀ ਪਿਆਸ ਬੁਝਾਉਣਗੇ ।
ਪ੍ਰੋਫ਼ੈਸਰ ਸਾਹਿਬ ਜ਼ਿੰਦਗੀ ਨੂੰ ਇਹਨਾਂ ਖੂਬਸੂਰਤ ਸ਼ਬਦਾਂ ਵਿੱਚ ਬਿਆਨ ਕਰਦੇ ਹਨ :-
ਸਾਰੀ ਜਿੰਦਗੀ
ਜਿੰਦਗੀ ਨੂੰ
ਜ਼ਿੰਦਗੀ ਵਿੱਚ
ਲੱਭਦਾ ਰਿਹਾ ਮੈਂ
ਬਸ ਇਹੀ ਤਾਂ......
ਮੇਰੀ ਜਿੰਦਗੀ ਹੈ
'ਗੁਰਮੁਖੀ ਦੇ ਵਾਰਿਸ' ਪੰਜਾਬੀ ਸਾਹਿਤ ਸਭਾ ਤੇ ਵੈਲਫ਼ੇਅਰ ਸੁਸਾਇਟੀ (ਰਜਿ) ਪੰਜਾਬ ਦੇ ਪ੍ਰੈਸ ਸਕੱਤਰ ਅਤੇ ਮੀਡੀਆ ਇੰਚਾਰਜ ਹਨ ਅਤੇ ਫ਼ਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਲ ਨਾਲ ਉਹ ਹਫ਼ਤਾਵਾਰੀ ਪੰਜਾਬੀ ਮੈਗਜ਼ੀਨ ‘ਗੁਰਮੁਖੀ ਦੇ ਵਾਰਿਸ’ ਦੇ ਸੰਪਾਦਕ ਵੀ ਹਨ । ਇਸ ਤੋਂ ਇਲਾਵਾ ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ ਫ਼ਰੀਦਕੋਟ ਦੇ ਪ੍ਰੈੱਸ ਸਕੱਤਰ ਵਜੋਂ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰ ਰਹੇ ਹਨ । ਇਸ ਦੇ ਨਾਲ ਨਾਲ ਵੱਖ-ਵੱਖ ਰਾਸ਼ਟਰੀ ਤੇ ਅੰਤਰਰਾਸ਼ਟਰੀ, ਸਾਹਿਤ ਸਭਾਵਾਂ ਦੇ ਮੈਂਬਰ ਬਣ ਪੰਜਾਬੀ ਸਾਹਿਤ ਵਿਚ ਯੋਗਦਾਨ ਪਾ ਰਹੇ ਹਨ । ਉਹ ਆਪਣੇ ਡਿਜ਼ਾਇਨ ਕੀਤੇ ਪੋਸਟਰਾਂ ਅਤੇ ਸਰਟੀਫ਼ਿਕੇਟਾਂ ਦੁਆਰਾ ਪੰਜਾਬੀ ਸਾਹਿਤਕਾਰਾਂ ਨੂੰ ਸਨਮਾਨਿਤ ਕਰਨ ਦੀ ਸੇਵਾ ਵੀ ਨਿਭਾਉਂਦੇ ਹਨ ।
ਜੇ ਸਮਾਜ ਸੇਵਾ ਦੀ ਗੱਲ ਕਰੀਏ ਤਾਂ ਪ੍ਰੋ. ਬੀਰ ਇੰਦਰ ਸਰਾਂ ਜੀ ਵੱਖ-ਵੱਖ ਸੰਸਥਾਵਾਂ ਦੇ ਮੈਂਬਰ ਬਣ ਸਮਾਜਿਕ ਜਾਗਰੂਕਤਾ ਅਤੇ ਸਮਾਜ ਸੇਵਾ ਦੇ ਕਾਰਜਾਂ ਵਿੱਚ ਵੀ ਤਨ,ਮਨ,ਧਨ ਨਾਲ ਸੇਵਾ ਨਿਭਾਉਂਦੇ ਹਨ । ਹੁਣ ਤੱਕ 11 ਵਾਰ ਖੂਨਦਾਨ ਕਰਕੇ ਆਪਣੇ ਚਾਹੁਣ ਵਾਲਿਆਂ ਲਈ ਪ੍ਰੇਰਨਾ ਸਰੋਤ ਬਣੇ ਹਨ । ਹਰ ਸਾਲ ਵੱਖ ਵੱਖ ਸੰਸਥਾਵਾਂ ਨਾਲ ਮਿਲ ਕੇ ਅਨੇਕਾਂ ਰੁੱਖ ਲਗਾਉਂਦੇ ਅਤੇ ਆਪਣੇ ਵਿਦਿਆਰਥੀਆਂ ਤੇ ਸਮਾਜ ਨੂੰ ਵੀ ਜਾਗਰੂਕ ਕਰਦੇ ਹਨ ।
ਮਿਲਾਪੜੇ ਜਿਹੇ ਸੁਭਾਅ ਦੇ ਮਾਲਕ ਹੋਣ ਦੇ ਨਾਲ ਉਹ ਸਾਦਗੀ ਪਸੰਦ ਕਰਦੇ ਹਨ । ਆਪਣੀ ਜ਼ਿੰਦਗੀ ਵਿੱਚ ਪ੍ਰੇਰਣਾ-ਸ੍ਰੋਤ ਆਪਣੇ ਮਾਤਾ-ਪਿਤਾ ਤੇ ਪਰਿਵਾਰ ਨੂੰ ਮੰਨਦੇ ਹਨ । ਇਸ ਤੋਂ ਇਲਾਵਾ ਸਾਹਿਤ ਖੇਤਰ ਵੱਲ ਆਉਣ ਦੇ ਰੁਝਾਨ ਲਈ ਸ਼ਿਵ ਕੁਮਾਰ ਬਟਾਲਵੀ, ਨਰਿੰਦਰ ਸਿੰਘ ਕਪੂਰ, ਸੁਰਜੀਤ ਪਾਤਰ, ਸਤਿੰਦਰ ਸਰਤਾਜ ਅਤੇ ਚੰਗੀ ਲੇਖਣੀ ਵਾਲਿਆਂ ਨੂੰ ਮੰਨਦੇ ਹਨ । ਜਿਨ੍ਹਾਂ ਦੀਆਂ ਅਮਿੱਟ ਲਿਖਤਾਂ ਉਹਨਾਂ ਦੇ ਦਿਲ ‘ਤੇ ਆਪਣੀ ਗਹਿਰੀ ਛਾਪ ਛੱਡ ਗਈਆਂ ।
ਅੱਜਕਲ੍ਹ ਪ੍ਰੋ. ਸਰਾਂ ਸਾਹਿਬ ਜੀ ਆਪਣੀ ਪਰਿਵਾਰਕ ਫੁਲਵਾੜੀ ‘ਚ ਆਪਣੇ ਮਾਤਾ-ਪਿਤਾ ਤੋਂ ਇਲਾਵਾ ਆਪਣੀ ਧਰਮ ਪਤਨੀ ਸ਼੍ਰੀਮਤੀ ਰਣਦੀਪ ਕੌਰ ਜੋ ਕਿ ਸਰਕਾਰੀ ਸਕੂਲ ਅਧਿਆਪਕਾ ਹਨ ਅਤੇ ਦੋ ਬੇਟਿਆਂ ਰਣਬੀਰ ਸਰਾਂ ਤੇ ਹਰਸ਼ਬੀਰ ਸਰਾਂ ਨਾਲ ਮਾਈ ਗੋਦੜੀ ਸਾਹਿਬ ਕਾਲੋਨੀ ਫ਼ਰੀਦਕੋਟ ਵਿਖੇ ਨਿਵਾਸ ਕਰ ਰਹੇ ਹਨ ।
ਜੇਕਰ ਪ੍ਰੋ.ਬੀਰ ਇੰਦਰ ਸਰਾਂ ਜੀ ਦੀਆਂ ਰਚਨਾਵਾਂ ਦੀ ਗੱਲ ਨਾ ਕਰੀਏ, ਤਾਂ ਇਹ ਲੇਖ ਅਧੂਰਾ ਜਾਪੇਗਾ । ਉਹਨਾਂ ਦੀ ਲਿਖਣ ਸ਼ੈਲੀ ਬਹੁਤ ਸਾਰਥਕ, ਮਨਮੋਹਕ ਅਤੇ ਆਪਣੇ ਪਾਠਕਾਂ ਉੱਪਰ ਡੂੰਘਾ ਪ੍ਰਭਾਵ ਛੱਡਦੀ ਹੈ । ਉਹ ਆਪਣੇ ਡੂੰਘੇ ਜਜ਼ਬਾਤਾਂ ਨੂੰ ਇਸ ਤਰ੍ਹਾਂ ਲਿਖਦੇ ਹਨ :-
ਡੂੰਘੇ ਜਜ਼ਬਾਤ...
ਦਿਲ ਦੇ ਡੂੰਘੇ ਜਜ਼ਬਾਤ ਜੋ ਮੈਂ
ਇਨ੍ਹਾਂ ਕਾਗਜ਼ਾਂ ਉੱਤੇ ਉਕੇਰੇ ਨੇ
ਜੋ ਸ਼ਬਦ ਬਣ ਬਣ ਉੱਭਰੇ ਨੇ
ਕੁਝ ਤੇਰੇ ਨੇ ਤੇ ਕੁਝ ਮੇਰੇ ਨੇ
ਆਮੀਨ !
ਪੰਜਾਬੀ ਮਾਂ-ਬੋਲੀ ਦੇ ਇਸ ਸਾਹਿਤਕਾਰ ਪ੍ਰੋ. ਬੀਰ ਇੰਦਰ ਸਰਾਂ ਨੂੰ, ਉਹਨਾਂ ਦੀ ਅਣਥੱਕ ਮਿਹਨਤ, ਨਵੇਕਲੀ ਸੋਚ ਲਈ ਢੇਰ ਸਾਰੀਆਂ ਮੋਹ ਭਿੱਜੀਆਂ ਸ਼ੁਭਕਾਮਨਾਵਾਂ।
ਸ਼ਿਵਨਾਥ ਦਰਦੀ
ਸੰਪਰਕ:- 98551-55392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ