ਸੰਵਿਧਾਨ ਦੀ ਹੋਂਦ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ!
-ਦੇਸ਼ ਵਿੱਚ ਹਰ ਸਾਲ 26 ਨਵੰਬਰ ਦਾ ਦਿਨ 'ਭਾਰਤੀ ਸੰਵਿਧਾਨ' ਦੇ ਸਨਮਾਨ ਵਿਚ 'ਸੰਵਿਧਾਨ ਦਿਵਸ' ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਭਾਰਤੀ ਸੰਵਿਧਾਨ ਦੀ ਸਿਰਜਣਾ ਵਿਚ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਦਾ ਪ੍ਰਮੁੱਖ ਯੋਗਦਾਨ ਸੀ, ਇਸੇ ਕਰਕੇ ਸਮੁੱਚਾ ਰਾਸ਼ਟਰ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਪ੍ਰਤੀਕ ਦੇ ਰੂਪ ਵਿਚ ਅੱਜ ਦਾ ਦਿਨ ਵਿਸ਼ੇਸ਼ ਤੌਰ 'ਤੇ ਮਨਾਉਣ ਲਈ ਉਤਸ਼ਾਹਿਤ ਹੁੰਦਾ ਹੈ । ਅਸਲ ਵਿਚ ਅੱਜ ਦੇ ਦਿਨ ਹੀ ਭਾਰਤੀ ਸੰਵਿਧਾਨ ਦੀ ਹੋਂਦ ਸਥਾਪਿਤ ਹੋ ਗਈ ਸੀ, ਹਾਲਾਂਕਿ 26 ਜਨਵਰੀ,1950 ਨੂੰ ਸੰਵਿਧਾਨ ਲਾਗੂ ਕੀਤਾ ਗਿਆ ਸੀ। ਭਾਰਤੀ ਸੰਵਿਧਾਨ ਦੇ ਸਿਰਜਣਾ ਵਿਚ 2 ਸਾਲ 11 ਮਹੀਨੇ ਅਤੇ 18 ਦਿਨ ਦਾ ਸਮਾਂ ਲੱਗਿਆ ਸੀ ਅਤੇ ਇਹ ਸੰਵਿਧਾਨ ਹਰੇਕ ਨਾਗਰਿਕ ਨੂੰ ਅਜਾਦ ਭਾਰਤ ਵਿਚ ਰਹਿਣ ਦਾ ਅਧਿਕਾਰ ਦਿੰਦਾ ਹੈ, ਇਸੇ ਲਈ ਹਰੇਕ ਸਾਲ ਸੰਵਿਧਾਨ ਦਿਵਸ ਮਨਾਉਣ ਦਾ ਮੁੱਖ ਉਦੇਸ਼ ਹੈ ਕਿ, ਦੇਸ਼ ਦੇ ਹਰੇਕ ਨਾਗਰਿਕ ਨੂੰ ਉਸ ਦੇ ਅਧਿਕਾਰਾਂ ਅਤੇ ਕਰਤੱਵਾਂ ਤੋਂ ਜਾਣੂੰ ਕਰਵਾਇਆ ਜਾਵੇ ਤਾਂ ਜੋ ਉਹ ਸਮਾਜ ਅਤੇ ਦੇਸ਼ ਦੇ ਵਿਕਾਸ ਵਿਚ ਆਪਣਾ ਬਣਦਾ ਯੋਗਦਾਨ ਪਾ ਸਕੇ ।
ਜਿਸ ਵੇਲੇ ਭਾਰਤ ਅਜਾਦ ਹੋਇਆ ਤਾਂ ਉਸ ਵੇਲੇ ਦੇਸ਼ ਸਾਹਮਣੇ ਇਕ ਬਹੁਤ ਵੱਡੀ ਚੁਣੌਤੀ ਬਣ ਕੇ ਖੜ੍ਹੋ ਗਈ ਸੀ ਕਿ ਵਿਸ਼ਾਲ ਦੇਸ਼ ਨੂੰ ਇਕ ਲੜੀ ਵਿਚ ਪਰੋਕੇ ਕਿਵੇਂ ਰੱਖਿਆ ਜਾਵੇ, ਤਦ ਉਸ ਵੇਲੇ ਇਕ ਅਜਿਹੀ ਕਾਨੂੰਨੀ ਕਿਤਾਬ ਦੀ ਜਰੂਰਤ ਮਹਿਸੂਸ ਕੀਤੀ ਗਈ ਸੀ ਜੋ ਬਾਅਦ ਵਿਚ 'ਭਾਰਤੀ ਸੰਵਿਧਾਨ' ਦੇ ਰੂਪ ਵਿਚ ਸਾਹਮਣੇ ਆਈ। ਭਾਰਤੀ ਸੰਵਿਧਾਨ ਦੇਸ਼ ਦੇ ਸਾਰੇ ਨਾਗਰਿਕਾਂ ਦਾ ਇਕ 'ਸਾਂਝਾ ਮਹਾਨ ਗ੍ਰੰਥ' ਹੈ, ਜਿਹੜਾ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਬਰਾਬਰੀ ਦਾ ਅਧਿਕਾਰ ਪ੍ਰਦਾਨ ਕਰਦਾ ਹੋਇਆ, ਸਾਰੇ ਧਰਮਾਂ ਦੇ ਲੋਕਾਂ ਵਿਚ ਏਕਤਾ, ਸਮਾਨਤਾ, ਭਾਈਚਾਰਕ ਸਾਂਝ ਅਤੇ ਸਦਭਾਵਨਾ ਦੀ ਭਾਵਨਾ ਬਣਾ ਕੇ ਰੱਖਦਾ ਹੈ।ਇਹ ਭਾਰਤੀ ਸੰਵਿਧਾਨ ਦੀ ਹੀ ਮਹੱਤਤਾ ਹੈ ਕਿ ਭਾਰਤ ਅੱਜ ਇੱਕ ਮੁੱਠ ਹੈ, ਹਾਲਾਂਕਿ ਭਾਰਤ ਵਿਚ ਅਨੇਕਾਂ ਧਰਮ, ਬੋਲੀਆਂ, ਸੱਭਿਆਚਾਰ, ਕਬੀਲੇ, ਜਾਤਾਂ ਅਤੇ ਵੱਖ ਵੱਖ ਰੰਗਾਂ ਦੇ ਲੋਕ ਪਾਏ ਜਾਂਦੇ ਹਨ, ਕਿਉਂਕਿ ਭਾਰਤੀ ਸੰਵਿਧਾਨ ਹਰੇਕ ਨਾਗਰਿਕ ਨੂੰ ਬਿਨਾਂ ਕਿਸੇ ਭੇਦਭਾਵ ਤੋਂ ਸੱਭ ਨੂੰ ਬਰਾਬਰਤਾ ਦਾ ਅਧਿਕਾਰ ਦਿੰਦਾ ਹੈ।
ਭਾਰਤ ਸੰਵਿਧਾਨ ਦੀ ਸਥਾਪਨਾ ਲਈ 9 ਦਸੰਬਰ 1946 ਵਿਚ ਇਕ ਸੰਵਿਧਾਨ ਕਮੇਟੀ ਦਾ ਗਠਨ ਕੀਤਾ ਗਿਆ ਸੀ, ਤਦ ਉਸ ਵੇਲੇ ਇਸ ਕਮੇਟੀ ਦੇ 207 ਮੈਂਬਰ ਸਨ, ਜਿਨ੍ਹਾਂ ਦੀ ਬਾਅਦ ਵਿਚ ਗਿਣਤੀ ਵਧ ਕੇ 389 ਹੋ ਗਈ ਸੀ, ਪਰ ਫਿਰ ਮੈਂਬਰਾਂ ਦੀ ਛਾਂਟੀ ਪਿਛੋਂ 299 ਮੈਂਬਰ ਰਹਿ ਗਏ ਸਨ। 29 ਅਗਸਤ, 1949 ਨੂੰ ਸੰਵਿਧਾਨ ਕਮੇਟੀ ਵਲੋਂ ਸਰਵਸੰਮਤੀ ਨਾਲ ਫੈਸਲਾ ਲਿਆ ਗਿਆ ਸੀ ਕਿ, ਡਾ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੀ ਅਗਵਾਈ ਹੇਠ ਸੰਵਿਧਾਨ ਕਮੇਟੀ ਸੰਵਿਧਾਨ ਦਾ ਖਰੜਾ ਤਿਆਰ ਕਰੇਗੀ। ਡਾ ਅੰਬੇਦਕਰ ਦੀ ਅਗਵਾਈ ਹੇਠ ਸੰਵਿਧਾਨ ਤਿਆਰ ਕਰਨ ਪਿੱਛੋਂ 26 ਨਵੰਬਰ, 1949 ਨੂੰ ਸੰਵਿਧਾਨ ਨੂੰ ਸਵੀਕਾਰ ਕਰਦਿਆਂ ਮਾਨਤਾ ਦੇ ਦਿੱਤੀ ਗਈ ਅਤੇ ਫਿਰ 26 ਜਨਵਰੀ, 1950 ਨੂੰ ਲਾਗੂ ਕੀਤਾ ਗਿਆ।
ਅੱਜ ਭਾਰਤੀ ਸੰਵਿਧਾਨ ਦੀ ਹੋਂਦ ਨੂੰ ਖਤਰਾ ਬਣਿਆ ਹੋਇਆ ਹੈ, ਜਿਸ ਨੂੰ ਬਚਾਕੇ ਰੱਖਣਾ ਸਮੇਂ ਦੀ ਮੁੱਖ ਲੋੜ ਹੈ, ਜਦਕਿ ਭਾਰਤੀ ਸੰਵਿਧਾਨ ਸਦਕਾ ਹੀ ਅੱਜ ਭਾਰਤ ਇਕ ਧਾਗੇ ਵਿਚ ਪਰੋਕੇ ਰੱਖੇ ਹਾਰ ਵਾਗੂੰ ਹੈ। ਭਾਰਤੀ ਸੰਵਿਧਾਨ ਨੇ ਦੇਸ਼ ਦੇ ਸਾਰੇ ਹੀਰਿਆਂ ਵਰਗੇ ਸੂਬਿਆਂ ਅਤੇ ਸੂਬਿਆਂ ਦੇ ਲੋਕਾਂ ਨੂੰ ਮੋਤੀਆਂ ਦੇ ਇੱਕ ਹਾਰ ਦੀ ਤਰ੍ਹਾਂ ਪਰੋ ਕੇ ਰੱਖਿਆ ਹੋਇਆ ਹੈ ਅਤੇ ਭਾਰਤੀ ਸੰਵਿਧਾਨ ਸਦਕਾ ਹੀ ਭਾਰਤ ਭਾਂਤ ਭਾਂਤ ਦੇ ਫੁੱਲਾਂ ਦਾ ਇਕ ਖੂਬਸੂਰਤ ਗੁਲਦਸਤਾ ਬਣਿਆ ਹੋਇਆ ਹੈ।
ਭਾਰਤ ਸੰਵਿਧਾਨ ਨੇ ਉਨ੍ਹਾਂ ਲੋਕਾਂ ਜਿਨ੍ਹਾਂ ਨਾਲ ਹਜਾਰਾਂ ਸਾਲਾਂ ਤੋਂ ਪਸ਼ੂਆਂ ਵਰਗਾ ਵਤੀਰਾ ਕੀਤਾ ਜਾਂਦਾ ਸੀ ਨੂੰ, ਮੁੜ ਮਨੁੱਖ ਦੀ ਜਿੰਦਗੀ ਜਿਉਣ ਦੇ ਕਾਬਲ ਬਣਾਇਆ ਹੈ। ਜਿਹੜੇ ਲੋਕਾਂ ਦੇ ਕੰਨਾਂ ਵਿਚ ਸਿੱਕੇ ਢਾਲ ਕੇ ਪਾਏ ਜਾਂਦੇ ਸਨ, ਪਿੱਛੇ ਝਾੜੂ ਬੰਨ੍ਹੇ ਜਾਂਦੇ ਸਨ, ਅੰਗੂਠੇ ਕੱਟੇ ਜਾਂਦੇ ਸਨ, ਨੂੰ ਨਰਕ ਭਰੀ ਜਿੰਦਗੀ ਤੋਂ ਨਿਜਾਤ ਦਿਵਾਉਂਦਿਆਂ ਜੀਣ ਦਾ ਅਧਿਕਾਰ ਦਿੱਤਾ। ਉਹ ਔਰਤ ਜਿਸ ਨੇ ਪੀਰਾਂ, ਪੈਗੰਬਰਾਂ, ਰਾਜੇ ਮਹਾਰਾਜਿਆਂ, ਵਿਗਿਆਨੀਆਂ, ਅਰਥਸ਼ਾਸਤਰੀਆਂ ਅਤੇ ਬੁੱਧੀਜੀਵੀਆਂ ਨੂੰ ਜਨਮ ਦਿੱਤਾ ਨੂੰ, ਮਨੁੱਖ ਦੇ ਬਰਾਬਰ ਅਧਿਕਾਰ ਤਾਂ ਕੀ, ਮਨੁੱਖ ਦੇ ਬਰਾਬਰ ਵੀ ਬੈਠਣ ਦਾ ਹੁਕਮ ਨਹੀਂ ਸੀ, ਨੂੰ ਮਨੁੱਖ ਦੇ ਬਰਾਬਰ ਅਧਿਕਾਰ ਦੇ ਕੇ ਸੰਵਿਧਾਨ ਨੇ ਜੋ ਸਤਿਕਾਰ ਦਿੱਤਾ ਨੂੰ ਵਰਨਣ ਕਰਨਾ ਬਹੁਤ ਮੁਸ਼ਕਿਲ ਹੈ।ਅੱਜ ਜੇ ਔਰਤਾਂ ਹਰ ਖੇਤਰ ਵਿਚ ਮਨੁੱਖ ਦੇ ਬਰਾਬਰ ਆ ਕੇ ਬੈਠੀਆਂ ਹਨ ਤਾਂ ਭਾਰਤੀ ਸੰਵਿਧਾਨ ਸਦਕਾ ਹੀ ਹੈ।
ਭਾਰਤੀ ਸੰਵਿਧਾਨ ਨੇ ਸਦੀਆਂ ਤੋਂ ਦੇਸ਼ ਦੇ ਕਰੋੜਾਂ ਲਤਾੜੇ ਲੋਕਾਂ ਅਤੇ ਔਰਤਾਂ ਨੂੰ ਉਹ ਅਧਿਕਾਰ ਲੈ ਕੇ ਦਿੱਤੇ ਹਨ, ਜਿਨ੍ਹਾਂ ਨੂੰ ਦੇਸ ਦੇ ਧਾਰਮਿਕ ਗ੍ਰੰਥ ਲੈ ਕੇ ਦੇਣ ਵਿਚ ਵੀ ਸਫਲ ਨਹੀਂ ਹੋ ਸਕੇ, ਸਗੋਂ ਬਹੁਤੇ ਧਾਰਮਿਕ ਗ੍ਰੰਥ ਤਾਂ ਸਮਾਜ ਦੇ ਲਤਾੜੇ ਵਰਗ ਦੇ ਲੋਕਾਂ ਅਤੇ ਔਰਤਾਂ ਨੂੰ ਗੁਲਾਮ ਬਣਾ ਕੇ ਰੱਖਣ ਲਈ ਉਪਦੇਸ਼ ਦਿੰਦੇ ਹਨ, ਪਰ ਭਾਰਤੀ ਸੰਵਿਧਾਨ ਨੇ ਦੇਸ਼ ਦੇ ਹਰੇਕ ਨਾਗਰਿਕ ਭਾਵੇਂ ਉਹ ਜਿਹੜੇ ਮਰਜੀ ਧਰਮ ਨੂੰ ਮੰਨਦਾ ਹੋਵੇ, ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ ਹੈ। ਇਸ ਲਈ ਅੱਜ ਦੇ ਦਿਨ ਦੇਸ਼ ਦੇ ਹਰੇਕ ਨਾਗਰਿਕ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ, ਉਹ ਭਾਰਤੀ ਸੰਵਿਧਾਨ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਹਰ ਕੁਰਬਾਨੀ ਕਰਨ ਨੂੰ ਤਿਆਰ ਹੈ ।
-ਸੁਖਦੇਵ ਸਲੇਮਪੁਰੀ
09780620233
26 ਨਵੰਬਰ, 2021.