You are here

ਲੁਧਿਆਣਾ

ਨਗਰ ਨਿਗਮ ਵੱਲੋਂ ਸ਼ਹਿਰ ਵਾਸੀਆਂ ਨੂੰ 'ਈਜ਼ ਆਫ਼ ਲਿਵਿੰਗ ਇੰਡੈਕਸ ਸਰਵੇ' ਬਾਰੇ ਜਾਗਰੂਕ ਕਰਨ ਲਈ ਮੁਹਿੰਮ ਸ਼ੁਰੂ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਨਗਰ ਨਿਗਮ ਲੁਧਿਆਣਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕੇਂਦਰੀ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਕੀਤੇ ਜਾ ਰਹੇ ''ਈਜ਼ ਆਫ਼ ਲਿਵਿੰਗ ਇਡੈਕਸ ਅਸੈਸਮੈਂਟ''-ਅ ਸਿਟੀਜ਼ਨ ਪ੍ਰਸੈਪਸ਼ਨ ਸਰਵੇ ਵਿੱਚ ਵਧ ਚੜ ਕੇ ਭਾਗ ਲਿਆ ਜਾਵੇ। ਇਹ ਸਰਵੇ ਦੇਸ਼ ਭਰ ਵਿੱਚ ਸਮਾਰਟ ਸਿਟੀ ਵਜੋਂ ਵਿਕਸਤ ਕੀਤੇ ਜਾ ਰਹੇ ਸ਼ਹਿਰਾਂ ਵਿੱਚ ਕੀਤਾ ਜਾ ਰਿਹਾ ਹੈ। ਜਿਸ ਤਹਿਤ ਵੱਖ-ਵੱਖ ਮਾਪਦੰਡਾਂ ਦੇ ਆਧਾਰ 'ਤੇ ਸ਼ਹਿਰਾਂ ਦੀ ਦਰਜਾਬੰਦੀ ਕੀਤੀ ਜਾਣੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ੋਨਲ ਕਮਿਸ਼ਨਰ-ਕਮ-ਨੋਡਲ ਅਫ਼ਸਰ ਸ੍ਰੀਮਤੀ ਸਵਾਤੀ ਟਿਵਾਣਾ ਨੇ ਦੱਸਿਆ ਕਿ ਇਹ ਸਰਵੇ 1 ਫਰਵਰੀ ਤੋਂ 29 ਫਰਵਰੀ, 2020 ਦਰਮਿਆਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਸ਼ਹਿਰ ਵਾਸੀਆਂ ਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ। ਇਸ ਸੰਬੰਧੀ ਸ਼ਹਿਰ ਵਾਸੀ ਇਸ ਲਿੰਕ https://eol2019.org/citizenfeedback ਤੇ ਕਲਿੱਕ ਕਰਕੇ ਸ਼ਹਿਰ ਦੇ ਬੁਨਿਆਦੀ ਢਾਂਚੇ, ਕਾਨੂੰਨ ਵਿਵਸਥਾ, ਪ੍ਰਦੂਸ਼ਣ ਪੱਧਰ ਅਤੇ ਆਵਾਜਾਈ ਸਹੂਲਤਾਂ ਬਾਰੇ ਸਵਾਲਾਂ ਦੇ ਜਵਾਬ ਦੇ ਸਕਦੇ ਹਨ। ਇਨਾਂ ਸਵਾਲਾਂ ਦੇ ਜਵਾਬਾਂ ਦੇ ਹੀ ਆਧਾਰ 'ਤੇ ਸ਼ਹਿਰਾਂ ਦੀ ਦਰਜਾਬੰਦੀ ਤੈਅ ਹੋਵੇਗੀ। ਉਨਾਂ ਦੱਸਿਆ ਕਿ ਇਸ ਸੰਬੰਧੀ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਨ ਲਈ ਇੱਕ ਜਾਗਰੂਕਤਾ ਮੁਹਿੰਮ ਆਰੰਭੀ ਗਈ ਹੈ। ਸ਼ਹਿਰ ਵਿੱਚ ਹਰ ਪਾਸੇ ਹੋਰਡਿੰਗ ਅਤੇ ਪੋਸਟਰ ਆਦਿ ਪ੍ਰਚਾਰ ਸਮੱਗਰੀ ਰਾਹੀਂ ਲੋਕਾਂ ਨੂੰ ਇਸ ਸਰਵੇ ਵਿੱਚ ਭਾਗ ਲੈਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਸ਼ਹਿਰ ਵਾਸੀ ਪ੍ਰਚਾਰ ਸਮੱਗਰੀ 'ਤੇ ਮੁਹੱਈਆ ਕਰਵਾਏ ਕਿਊ. ਆਰ. ਕੋਡ ਨੂੰ ਸਕੈਨ ਕਰਕੇ ਵੀ ਸੰਬੰਧਤ ਲਿੰਕ ਤੋਂ ਜਾਣਕਾਰੀ ਲੈ ਸਕਦੇ ਹਨ। ਉਨਾਂ ਨੇ ਦੱਸਿਆ ਕਿ ਸ਼ਹਿਰਵਾਸੀਆਂ ਨੂੰ 24 ਵਿਸ਼ਿਆਂ 'ਤੇ ਫੀਡਬੈਕ ਦੇਣੀ ਪਵੇਗੀ, ਜਿਨਾਂ ਵਿੱਚ ਪ੍ਰਸਾਸ਼ਕੀ ਸੇਵਾਵਾਂ, ਸਿੱਖਿਆ, ਸਿਹਤ, ਸਫ਼ਾਈ, ਪਾਣੀ ਸਪਲਾਈ, ਸੁਰੱਖਿਆ, ਆਰਥਿਕ ਮੌਕੇ, ਰੋਜ਼ਗਾਰ, ਸਸਤਾ ਘਰ, ਬਿਜਲੀ ਸਪਲਾਈ, ਟਰਾਂਸਪੋਰਟੇਸ਼ਨ, ਵਾਤਾਵਰਣ, ਜਨਤਕ ਸੇਵਾਵਾਂ, ਜੀਵਨ ਪੱਧਰ ਅਤੇ ਹੋਰ ਸ਼ਾਮਿਲ ਹੋਣਗੇ। ਸ੍ਰੀਮਤੀ ਸਵਾਤੀ ਟਿਵਾਣਾ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਦੇਸ਼ ਵਿੱਚ ਅਜਿਹਾ ਕੋਈ ਸਰਵੇ ਹੋ ਰਿਹਾ ਹੈ, ਜਿਸ ਵਿੱਚ ਸਰਕਾਰ ਵੱਲੋਂ ਸ਼ਹਿਰਵਾਸੀਆਂ ਤੋਂ ਇਮਾਨਦਾਰੀ ਨਾਲ ਸਿੱਧੇ ਤੌਰ 'ਤੇ ਫੀਡਬੈਕ ਮੰਗੀ ਗਈ ਹੈ। ਉਨ•ਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਨੂੰ ਵੀ ਇਸ ਸੰਬੰਧੀ ਫੀਡਬੈਕ ਦੇਣ ਲਈ ਕਿਹਾ ਗਿਆ ਹੈ।

ਪਿੰਡ ਸੇਖਦੌਲਤ ਵਿੱਚ ਮਾਘ ਮਹੀਨੇ ਨੂੰ ਸਮਰਪਿਤ ਆਖੰਡ ਪਾਠ ਸਾਹਿਬ 21ਫਰਵਰੀ ਨੂੰ ਆਰੰਭ ਹੋਣਗੇ

ਜਗਰਾਉਂ(ਰਾਣਾ ਸੇਖਦੌਲਤ) ਇਥੋਂ ਨਜਦੀਕ  ਪਿੰਡ ਸੇਖਦੌਲਤ ਵਿੱਚ 21ਫਰਵਰੀ ਨੂੰ ਸਹੀਦ ਬਾਬਾ ਜੀਵਨ ਸਿੰਘ ਜੀ ਮਹੁੱਲੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਕਾਸ ਕਰਕੇ ਆਖੰਡ ਪਾਠ ਸਾਹਿਬ ਆਰੰਭ ਹੋਣਗੇ ਇਹ ਆਖੰਡ ਪਾਠ ਸਾਹਿਬ ਪਿੰਡ ਦੀ ਖੁਸਹਾਲੀ ਅਤੇ ਤੰਦਰੁਸਤੀ ਲਈ ਕਰਵਾਏ ਜਾਣਗੇ,ਇਹ ਆਖੰਡ ਪਾਠ ਪ੍ਬੰਕ ਕਾਮੇਟੀ ਅਤੇ ਪੂਰੇ ਨਗਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ, ਇਸ ਵਿੱਚ ਵੱਖ ਵੱਖ ਕਾਵਿਸਵਰੀ ਜੱਥੇ ਵੀ ਭਾਗ ਲੈਣਗੇ

ਪਿੰਡ ਗਾਲਿਬ ਰਣ ਸਿੰਘ ਪਿੰਡ ਵਾਸੀਆਂ ਨੇ ਚੋਰ ਨੂੰ ਕੀਤਾ ਕਾਬੂ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਇਥੋ ਥੋੜੀ ਦੂਰ ਪਿੰਡ ਗਾਲਿਬ ਰਣ ਸਿੰਘ ਵਿਚ ਪਿੰਡ ਵਾਸੀਆਂ ਨੇ ਬੀਤੀ ਰਾਤ ਬੜੇ ਹੋਸਲੇ ਨਾਲ ਇਕ ਚੋਰ ਨੂੰ ਕਾਬੂ ਕੀਤਾ ਤੇ ਦੋ ਚੋਰ ਭੱਜਣ ਵਿੱਚ ਕਮਯਾਬ ਹੋ ਗਏ।ਪਿੰਡ ਵਾਸੀਆਂ ਨੇ ਚੋਰਾਂ ਨੂੰ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਪਰ ਚੋਰ ਫਰਾਰ ਹੋਣ ਵਿੱਚ ਸਫਲ ਹੋ ਗਏ।ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਵਾਸੀ ਪਿਛਲੇ ਦਿਨੀ ਹੋਈਆਂ ਚੋਰੀਆਂ ਤੋ ਬਹੁਤ ਸਹਿਮੇ ਤੇ ਡਰੇ ਹੋਏ ਸਨ।ਇਸ ਸਮੇ ਸਰਪੰਚ ਜਗਦੀਸ਼ ਚੰਦ ਸ਼ਰਮਾ ਨੇ ਉਸ ਸਮੇ ਚੌਕੀ ਗਾਲਿਬ ਕਲਾਂ ਨੂੰ ਟੈਲੀਫੋਨ ਕਰ ਕੇ ਚੋਰ ਨੂੰ ਪੁਲਿਸ ਹਵਾਲੇ ਕੀਤਾ।ਇਸ ਸਮੇ ਪੁਲਿਸ ਨੇ ਦਸਿਆਂ ਕਿ ਜਾਂਚ ਕਰ ਕੇ ਚੋਰ ਵਿਰੱੁਧ ਜਲਦੀ ਕਰਵਾਈ ਕੀਤੀ ਜਵੇਗੀ ਤੇ ਬਾਕੀ ਰਹਿੰਦੇ ਚੋਰ ਵੀ ਜਲਦੀ ਕਾਬੁ ਕੀਤੇ ਜਾਣਗੇ।

ਲਾਜਪਤ ਰਾਏ ਰੋਡ ਪਾਸ ਕਰਨ ਦੇ ਬਾਵਜੂਦ ਨਾ ਬਣਾਉਣ ਤੋਂ ਦੁਖੀ ਹੋਏ ਦੁਕਾਨਦਾਰ ਦੁਕਨਦਾਰਾਂ ਨੂੰ ਗੁਮਰਾਹ ਕੀਤਾ ਜਾ ਰਿਹਾ-ਰਾਣਾ/ਕੈਂਥ

ਜਗਰਾਉਂ, ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-ਲਾਜਪਤ ਰਾਏ ਰੋਡ ਪਾਸ ਕਰਨ ਦੇ ਬਾਵਜੂਦ ਨਗਰ ਕੌਸਲ ਵਲੋਂ ਨਾ ਬਣਾਉਣ ਤੋਂ ਦੁਖੀ ਹੋਏ ਦੁਕਾਨਦਾਰ ਸਹਿਯੋਗੀਆਂ ਨੂੰ ਨਾਲ ਲੈ ਕੇ ਸੜਕ ਵਿਚਕਾਰ ਧਰਨੇ 'ਤੇ ਬੈਠ ਕੇ ਦੋਨੇ ਪਾਸਿਆਂ ਦੀ ਆਵਾਜਾਈ ਨੂੰ ਠੱਪ ਕਰ ਦਿੱਤਾ | ਉਨ੍ਹਾਂ ਨਗਰ ਕੌਸਲ ਦੀਆਂ ਬੇਨਿਯਮੀਆਂ ਵਿਰੁੱਧ ਭਾਰੀ ਨਾਅਰੇਬਾਜ਼ੀ ਕੀਤੀ | ਕਾਰਜ ਸਾਧਕ ਅਧਿਕਾਰੀ ਸੁਖਦੇਵ ਸਿੰਘ ਰੰਧਾਵਾ ਨੇ ਜਲਦ ਹੀ ਇਸ ਸੜਕ ਨੂੰ ਬਣਾਉਣ ਦਾ ਭਰੋਸਾ ਦੇ ਕੇ ਦੁਕਾਨਦਾਰਾਂ ਨੂੰ ਧਰਨੇ ਤੋਂ ਉਠਾਇਆ | ਇਸ ਮੌਕੇ ਸਿਟੀ ਇੰਚਾਰਜ ਜਗਜੀਤ ਸਿੰਘ ਵੀ ਪਹੁੰਚੇ ਹੋਏ ਸਨ | ਧਰਨੇ 'ਤੇ ਬੈਠੇ ਮੋਹਿਤ ਜੈਨ, ਦੀਪਕ ਗੋਇਲ, ਮਨਮੋਹਣ ਸਿੰਗਲਾ, ਬਲਵਿੰਦਰ ਸਿੰਘ, ਗੋਰਾ ਲੱਧੜ, ਕਮਲ ਪਾਸੀ, ਵਿਨੋਦ ਲੇਖੀ, ਰਾਜੇਸ਼ ਕੁਮਾਰ, ਰਿਸ਼ੀ ਸਿੰਗਲਾ, ਵਿਜੈ ਕੁਮਾਰ ਆਦਿ ਨੇ ਕਿਹਾ ਕਿ ਪਹਿਲੇ ਦਰਜੇ ਦੀ ਅਖਵਾਉਣ ਵਾਲੀ ਜਗਰਾਉਂ ਨਗਰ ਕੌਸਲ ਇਲਾਕਾ ਨਿਵਾਸੀਆਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਵਿਚ ਹਰ ਪੱਖੋਂ ਅਸਫ਼ਲ ਹੈ | ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਆਉਣ ਦੇ ਬਾਵਜੂਦ ਸੜਕਾਂ ਦਾ ਬੁਰਾ ਹਾਲ ਹੈ | ਉਨ੍ਹਾਂ ਕਿਹਾ ਕਿ ਨਗਰ ਕੌਸਲ ਦੇ ਅਧਿਕਾਰੀਆਂ ਅਤੇ ਇਸ ਸੜਕ ਨਾਲ ਸਬੰਧਿਤ ਕੌਸਲਰਾਂ ਨੂੰ ਕਈ ਵਾਰ ਸਮੱਸਿਆ ਸਬੰਧੀ ਜਾਣੂ ਕਰਵਾਉਣ ਦੇ ਬਾਵਜੂਦ ਸਾਡੀ ਕੋਈ ਵੀ ਸੁਣਵਾਈ ਨਹੀਂ ਹੋਈ | ਉਨ੍ਹਾਂ ਕਿਹਾ ਕਿ ਸਾਨੂੰ ਥੱਕ ਹਾਰ ਕੇ ਸੜਕਾਂ 'ਤੇ ਉਤਰਨਾ ਪਿਆ ਹੈ | ਇਸ ਮੌਕੇ ਨਗਰ ਕੌਸਲ ਦੇ ਕਾਰਜ ਸਾਧਕ ਅਧਿਕਾਰੀ ਸੁਖਦੇਵ ਸਿੰਘ ਰੰਧਾਵਾ ਨੇ ਦੱਸਿਆ ਕਿ ਕੁਝ ਤਕਨੀਕੀ ਕਾਰਨਾਂ ਕਾਰਨ ਇਹ ਸੜਕ ਨਹੀਂ ਬਣ ਸਕੀ | ਉਨ੍ਹਾਂ ਕਿਹਾ ਕਿ ਜਲਦ ਹੀ ਇਸ ਸੜਕ ਨੂੰ ਬਣਾ ਦਿੱਤਾ ਜਾਵੇਗਾ |
 ਇਸ ਸੜਕ 'ਤੇ ਪੈਂਦੇ ਵਾਰਡਾਂ ਦੇ ਕੌਸਲਰ ਜਤਿੰਦਰਪਾਲ ਰਾਣਾ ਤੇ ਕਮਲਜੀਤ ਸਿੰਘ ਕੈਂਥ ਨੇ ਦੱਸਿਆ ਕਿ ਠੇਕੇਦਾਰ ਵਲੋਂ ਸ਼ਰਤਾਂ ਨਾ ਪੂਰੀਆਂ ਕਰਨ ਕਾਰਨ ਇਸ ਸੜਕ ਨੂੰ ਬਣਾਉਣ ਵਿਚ ਦੇਰੀ ਹੋਈ ਹੈ | ਰਾਜਸੀ ਰੋਟੀਆਂ ਸੇਕਣ ਲਈ ਕੁਝ ਲੋਕ ਜਾਣਬੁਝ ਕੇ ਦੁਕਨਦਾਰਾਂ ਨੂੰ ਗੁਮਰਾਹ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਹੁਣ ਤਕਨੀਕੀ ਕਾਰਨਾਂ ਨੂੰ ਦੂਰ ਕਰਕੇ ਇਸ ਸੜਕ ਨੂੰ ਇੰਟਰਲਾਕ ਟਾਈਲਾਂ ਨਾਲ ਬਣਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਸੜਕ ਨਾ ਬਣਨ ਦੇ ਕਾਰਨਾਂ ਪ੍ਰਤੀ ਦੁਕਾਨਦਾਰਾਂ ਨੂੰ ਜਾਣੂ ਕਰਵਾਇਆ ਹੋਇਆ ਹੈ | ਉਨ੍ਹਾਂ ਸੋੜੀ ਰਾਜਨੀਤੀ ਖੇਡਣ ਵਾਲੇ ਆਗੂਆਂ ਨੂੰ ਲੋਕਾਂ ਨੂੰ ਗੁਮਰਾਹ ਕਰਨ ਦੀ ਥਾਂ ਮਸਲੇ ਹੱਲ ਕਰਨ ਲਈ ਅੱਗੇ ਆਉਣ ਲਈ ਆਖਿਆ |

ਕੈਬਨਿਟ ਮੰਤਰੀ ਆਸ਼ੂ ਦੀ ਹਦਾਇਤ 'ਤੇ ਜਵੱਦੀ ਸਥਿਤ 30 ਬਿਸਤਰਿਆਂ ਵਾਲੇ ਸਰਕਾਰੀ ਹਸਪਤਾਲ ਦੀ ਅਚਨਚੇਤ ਚੈਕਿੰਗ

ਬੱਚਾ ਰੋਗਾਂ ਦਾ ਮਾਹਿਰ ਡਾਕਟਰ ਗੈਰ-ਹਾਜ਼ਰ ਮਿਲਿਆ, ਸਿਵਲ ਸਰਜਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੀ ਹਦਾਇਤ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਹਦਾਇਤ 'ਤੇ ਉਨਾਂ ਦੀ ਪਤਨੀ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਨੇ ਅੱਜ ਸਥਾਨਕ ਜਵੱਦੀ ਸਥਿਤ 30 ਬਿਸਤਰਿਆਂ ਵਾਲੇ ਹਸਪਤਾਲ ਦੀ ਅਚਨਚੇਤ ਚੈਕਿੰਗ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਆਸ਼ੂ ਨੇ ਦੱਸਿਆ ਕਿ ਇਲਾਕਾ ਨਿਵਾਸੀਆਂ ਵੱਲੋਂ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸਨ ਕਿ ਹਸਪਤਾਲ ਵਿੱਚ ਤਾਇਨਾਤ ਬੱਚਾ ਰੋਗਾਂ ਦੇ ਮਾਹਿਰ ਡਾਕਟਰ ਜਾਂ ਤਾਂ ਅਕਸਰ ਗੈਰ-ਹਾਜ਼ਰ ਰਹਿੰਦਾ ਹੈ ਜਾਂ ਡਿਊਟੀ 'ਤੇ ਦੇਰੀ ਨਾਲ ਪਹੁੰਚਦਾ ਹੈ। ਸ੍ਰੀਮਤੀ ਆਸ਼ੂ ਨੇ ਦੱਸਿਆ ਕਿ ਅੱਜ ਉਨਾਂ ਨੇ ਸਵੇਰੇ 9.40 ਵਜੇ ਹਸਪਤਾਲ ਦਾ ਦੌਰਾ ਕੀਤਾ ਸੀ ਤਾਂ ਦੇਖਿਆ ਕਿ ਡਾਕਟਰ ਗੈਰ-ਹਾਜ਼ਰ ਸੀ। ਇਹ ਮਾਮਲਾ ਤੁਰੰਤ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਧਿਆਨ ਵਿੱਚ ਲਿਆਂਦਾ ਗਿਆ, ਜਿਨਾਂ ਨੇ ਸਿਵਲ ਸਰਜਨ ਨੂੰ ਹਦਾਇਤ ਕੀਤੀ ਕਿ ਡਾਕਟਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇ। ਦੱਸਣਯੋਗ ਹੈ ਕਿ ਇਸ ਹਸਪਤਾਲ ਨੂੰ 5 ਫਰਵਰੀ, 2020 ਨੂੰ ਹੀ ਸ਼ੁਰੂ ਕੀਤਾ ਗਿਆ ਸੀ, ਜੋ ਕਿ ਜਲਦੀ ਹੀ ਆਪਰੇਸ਼ਨ ਥੀਏਟਰ, ਪ੍ਰਾਈਵੇਟ ਕਮਰੇ, ਐਮਰਜੈਂਸੀ ਸਮੇਤ ਹਰ ਤਰਾਂ ਦੀਆਂ ਸਿਹਤ ਸਹੂਲਤਾਂ ਨਾਲ ਲੈੱਸ ਹੋਵੇਗਾ। ਇਥੇ ਇਹ ਵੀ ਦੱਸਣਯੋਗ ਹੈ ਕਿ ਇਹ 30 ਬਿਸਤਰਿਆਂ ਵਾਲਾ ਹਸਪਤਾਲ ਪਿਛਲੇ ਲੰਮੇ ਸਮੇਂ ਤੋਂ ਤਿਆਰ ਪਿਆ ਸੀ, ਜੋ ਕਿ ਭਾਰਤ ਭੂਸ਼ਣ ਆਸ਼ੂ ਦੇ ਉਪਰਾਲਿਆਂ ਨਾਲ ਚਾਲੂ ਹੋਇਆ ਹੈ। ਇਸ ਹਸਪਤਾਲ ਵਿੱਚ ਈ. ਐੱਸ. ਆਈ. ਦੀ ਡਿਸਪੈਂਸਰੀ ਸ਼ਿਫ਼ਟ ਕੀਤੀ ਗਈ ਸੀ, ਜਿਸ ਦਾ ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਲਾਭ ਲੈ ਰਹੇ ਹਨ। ਇਸ ਹਸਪਤਾਲ ਨੂੰ ਚਲਾਉਣ ਲਈ ਲੋੜੀਂਦੀਆਂ ਸਾਰੀਆਂ ਫਾਰਮੈਲਟੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪੂਰਾ ਸਾਜੋ ਸਮਾਨ ਸਥਾਪਤ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਇਸ ਹਸਪਤਾਲ ਨੂੰ ਚਾਲੂ ਕਰਨਾ ਇਲਾਕਾ ਨਿਵਾਸੀਆਂ ਦੀ ਚਿਰੋਕਣੀ ਮੰਗ ਸੀ, ਜੋ ਕਿ ਪੂਰੀ ਹੋ ਗਈ ਹੈ। ਉਨਾਂ ਕਿਹਾ ਕਿ ਇਸ ਹਸਪਤਾਲ ਵਿੱਚ ਐਮਰਜੈਂਸੀ ਮੈਡੀਕਲ ਅਫ਼ਸਰ ਡਾ. ਸੁਰਿੰਦਰ ਕੁਮਾਰ ਸਮੇਤ ਚਾਰ ਮਾਹਿਰ ਡਾਕਟਰਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ ਅਤੇ ਇਹ ਹਸਪਤਾਲ ਸਥਾਨਕ ਸਿਵਲ ਹਸਪਤਾਲ ਦੀ ਬਰਾਂਚ ਵਜੋਂ ਲੋਕਾਂ ਨੂੰ ਸੇਵਾਵਾਂ ਦੇਵੇਗਾ। ਉਨਾਂ ਦੱਸਿਆ ਕਿ ਇਨਾਂ ਮਾਹਿਰ ਡਾਕਟਰਾਂ ਵਿੱਚ ਮੈਡੀਸਨ, ਦੰਦਾਂ, ਜਨਾਨਾ ਰੋਗਾਂ ਦੇ ਮਾਹਿਰ ਅਤੇ ਫਾਰਮਾਸਿਸਟ ਸ਼ਾਮਿਲ ਹਨ। ਇਸ ਤੋਂ ਇਲਾਵਾ ਹੋਰ ਪੈਰਾਮੈਡੀਕਲ ਸਟਾਫ ਵੀ ਲਗਾਇਆ ਗਿਆ ਗਿਆ ਹੈ। ਉਨਾਂ ਡਾਕਟਰਾਂ ਅਤੇ ਹੋਰ ਅਮਲੇ ਨੂੰ ਅਪੀਲ ਕੀਤੀ ਹੈ ਕਿ ਉਹ ਲੋਕਾਂ ਨੂੰ ਵਧੀਆ ਮਿਆਰ ਦੀਆਂ ਸਿਹਤ ਸਹੂਲਤਾਂ ਦੇਣ ਲਈ ਸਹੀ ਮਾਅਨਿਆਂ ਵਿੱਚ ਕੰਮ ਕਰਨ।

ਲੁਧਿਆਣਾ ਅਧਾਰਿਤ ਤਿੰਨ ਗੈਰ-ਬੈਂਕਿੰਗ ਵਿੱਤ ਕੰਪਨੀਆਂ ਦੀ ਭਾਰਤੀ ਰਿਜ਼ਰਵ ਬੈਂਕ ਵੱਲੋਂ ਰਜਿਸਟਰੇਸ਼ਨ ਰੱਦ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਲੁਧਿਆਣਾ ਦੀਆਂ ਤਿੰਨ ਗੈਰ-ਬੈਂਕਿੰਗ ਵਿੱਤ ਕੰਪਨੀਆਂ ਦੀ ਭਾਰਤੀ ਰਿਜ਼ਰਵ ਬੈਂਕ ਵੱਲੋਂ ਰਜਿਸਟਰੇਸ਼ਨ ਰੱਦ ਕਰ ਦਿੱਤੀ ਗਈ ਹੈ। ਭਾਰਤੀ ਰਿਜ਼ਰਵ ਬੈਂਕ ਵੱਲੋਂ ਇਨਾਂ ਕੰਪਨੀਆਂ ਨੂੰ ਭਵਿੱਖ ਵਿੱਚ ਕਿਸੇ ਵੀ ਤਰਾਂ ਦੀ ਲੈਣਦਾਰੀ ਤੋਂ ਵਰਜ਼ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪ੍ਰਸਾਸ਼ਨ ਅਤੇ ਪੁਲਿਸ ਨੂੰ ਹੋਰ ਕੰਪਨੀਆਂ 'ਤੇ ਵੀ ਤਿੱਖੀ ਨਜ਼ਰ ਰੱਖਣ ਦੀ ਹਦਾਇਤ ਕੀਤੀ ਕਿ ਉਹ ਭਾਰਤੀ ਰਿਜ਼ਰਵ ਬੈਂਕ ਦੇ ਨਾਮ ਅਤੇ ਲੁਭਾਊ ਇਸ਼ਤਿਹਾਰਾਂ ਦੇ ਸਿਰ 'ਤੇ ਗਾਹਕਾਂ ਨਾਲ ਕਿਸੇ ਵੀ ਤਰਾਂ ਦਾ ਧੋਖ਼ਾ ਨਾ ਕਰ ਸਕਣ। ਇਸ ਸੰਬੰਧੀ ਵਿੱਤ ਵਿਭਾਗ ਦੇ ਡਾਇਰੈਕਟੋਰੇਟ ਆਫ਼ ਇੰਸਟੀਚਿਊਸ਼ਨਲ ਫਾਈਨਾਂਸ ਐਂਡ ਬੈਂਕਿੰਗ ਰਾਹੀਂ ਭਾਰਤੀ ਰਿਜ਼ਰਵ ਬੈਂਕ ਵੱਲੋਂ ਪ੍ਰਾਪਤ ਦਾ ਪੱਤਰ ਦਾ ਹਵਾਲਾ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਲੁਧਿਆਣਾ ਅਧਾਰਿਤ ਏਕਜੋਤ ਅਡਵਾਂਸਿਜ਼ ਲਿਮਿਟਡ, ਆਦੀਨਾਥ ਇਨਵੈਸਟਮੈਂਟ ਐਂਡ ਟਰੇਡਿੰਗ ਅਤੇ ਸਟੈਨਚਾਰਟ ਸਕਿਊਰਟੀਜ਼ ਪ੍ਰਾਈਵੇਟ ਲਿਮਿਟਡ ਦੀ ਭਾਰਤੀ ਰਿਜ਼ਰਵ ਬੈਂਕ ਵੱਲੋਂ ਅਧਿਨਿਯਮ, 1934 ਦੀ ਧਾਰਾ 45-1ਏ (6) ਤਹਿਤ ਰਜਿਸਟਰੇਸ਼ਨ ਰੱਦ ਕਰ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਇਨਾਂ ਕੰਪਨੀਆਂ ਨੂੰ ਕਿਹਾ ਗਿਆ ਹੈ ਕਿ ਜੇਕਰ ਉਨਾਂ ਨੇ ਭਾਰਤੀ ਰਿਜ਼ਰਵ ਬੈਂਕ ਅਧਿਨਿਯਮ, 1934 ਦੀ ਧਾਰਾ –45-1ਏ ਦੇ ਭਾਗ (ਏ) ਅਨੁਸਾਰ ਗੈਰ-ਬੈਂਕਿੰਗ ਵਿੱਤ ਕੰਪਨੀਆਂ ਵਜੋਂ ਕੰਮ ਜਾਰੀ ਰੱਖਿਆ ਤਾਂ ਉਨਾਂ ਦੇ ਖ਼ਿਲਾਫ਼ ਅਧਿਆਏ 5 ਅਧੀਨ ਸਖ਼ਤ ਕਾਨੂੰਨੀ ਕਾਰਵਾਈ ਆਰੰਭੀ ਜਾਵੇਗੀ। ਇਸ ਤੋਂ ਇਲਾਵਾ ਪੱਤਰ ਵਿੱਚ ਪੁਲਿਸ ਪ੍ਰਸਾਸ਼ਨ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਹੋਰ ਮਾਨਤਾ ਪ੍ਰਾਪਤ ਗੈਰ-ਬੈਂਕਿੰਗ ਵਿੱਤ ਕੰਪਨੀਆਂ ਦੀਆਂ ਗਤੀਵਿਧੀਆਂ 'ਤੇ ਵੀ ਨਜ਼ਰ ਰੱਖੀ ਜਾਵੇ ਕਿ ਕਿਤੇ ਉਹ ਭਾਰਤੀ ਰਿਜ਼ਰਵ ਬੈਂਕ ਦੇ ਨਾਮ ਅਤੇ ਲੋਕ ਲੁਭਾਊ ਇਸ਼ਤਿਹਾਰਾਂ ਦੇ ਸਿਰ 'ਤੇ ਲੋਕਾਂ ਤੋਂ ਪੈਸਾ ਨਾ ਹਥਿਆ ਸਕਣ।

ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਅਤੇ ਯੋਜਨਾਵਾਂ ਦਾ ਲਾਭ ਦਿਵਾਉਣ ਲਈ ਅਧਿਕਾਰੀ ਖੁਦ ਯਤਨ ਕਰਨ-ਬ੍ਰਹਮ ਮਹਿੰਦਰਾ

ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿੱਚ ਮੁਸ਼ਕਿਲਾਂ ਸੁਣੀਆਂ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਜ਼ਿਲਾ ਲੁਧਿਆਣਾ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਲੋਕਾਂ ਨੂੰ ਵੱਖ-ਵੱਖ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਦਿਵਾਉਣ ਅਤੇ ਉਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਖੁਦ ਸੰਪਰਕ ਕਰਨ। ਇਸ ਤੋਂ ਇਲਾਵਾ ਪੀੜਤ ਲੋਕਾਂ ਨੂੰ ਵੀ ਕਿਹਾ ਗਿਆ ਹੈ ਕਿ ਉਹ ਆਪਣੀਆਂ ਮੁਸ਼ਕਿਲਾਂ ਲਿਖ਼ਤੀ ਰੂਪ ਵਿੱਚ ਜ਼ਿਲਾ ਪ੍ਰਸਾਸ਼ਨ ਦੇ ਧਿਆਨ ਵਿੱਚ ਲਿਆਉਣ। ਬ੍ਰਹਮ ਮਹਿੰਦਰਾ ਅੱਜ ਸਥਾਨਕ ਬਚਤ ਭਵਨ ਵਿਖੇ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੁਰਿੰਦਰ ਡਾਵਰ, ਅਮਰੀਕ ਸਿੰਘ ਢਿੱਲੋਂ, ਗੁਰਕੀਰਤ ਸਿੰਘ ਕੋਟਲੀ, ਸੰਜੇ ਤਲਵਾੜ, ਸ੍ਰੀਮਤੀ ਸਰਬਜੀਤ ਕੌਰ ਮਾਣੂੰਕੇ (ਸਾਰੇ ਵਿਧਾਇਕ), ਮੇਅਰ ਬਲਕਾਰ ਸਿੰਘ ਸੰਧੂ, ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਕੰਵਲ ਪ੍ਰੀਤ ਕੌਰ ਬਰਾੜ, ਗਲਾਡਾ ਦੇ ਮੁੱਖ ਪ੍ਰਸਾਸ਼ਕ ਪਰਮਿੰਦਰ ਸਿੰਘ ਗਿੱਲ, ਨਗਰ ਸੁਧਾਰ ਟਰੱਸਟ ਚੇਅਰਮੈਨ ਰਮਨ ਬਾਲਾਸੁਬਰਾਮਨੀਅਮ, ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਗੁਰਪ੍ਰੀਤ ਗੋਗੀ, ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਹੰਸ ਰਾਜ ਜੱਸਾ ਤੋਂ ਇਲਾਵਾ ਕਮੇਟੀ ਦੇ ਹੋਰ ਮੈਂਬਰ ਅਤੇ ਅਧਿਕਾਰੀ ਹਾਜ਼ਰ ਸਨ। ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਮਹਿੰਦਰਾ ਨੇ ਕਿਹਾ ਕਿ ਅਧਿਕਾਰੀਆਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਪਤਾ ਲਗਾਉਣ ਲਈ ਖੁਦ ਫੀਲਡ ਵਿੱਚ ਜਾਣਾ ਚਾਹੀਦਾ ਹੈ। ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਲੋਕ ਹਿੱਤ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਉਨਾਂ ਦਾ ਲਾਭ ਯੋਗ ਲਾਭਪਾਤਰੀਆਂ ਨੂੰ ਦੇਣ ਲਈ ਉਪਰਾਲੇ ਕਰਨ ਤਾਂ ਜੋ ਪੰਜਾਬ ਸਰਕਾਰ ਦੀਆਂ ਲੋਕ ਪੱਖੀ ਯੋਜਨਾਵਾਂ ਨਾਲ ਲੋਕਾਂ ਦਾ ਅਤੇ ਸੂਬੇ ਦਾ ਸਰਬਪੱਖੀ ਵਿਕਾਸ ਯਕੀਨੀ ਬਣਾਇਆ ਜਾ ਸਕੇ। ਉਨਾਂ ਕਿਹਾ ਕਿ ਕੋਈ ਵੀ ਪ੍ਰਸਾਸ਼ਨ ਕਿਸੇ ਸਰਕਾਰ ਦਾ ਮਹੱਤਵਪੂਰਨ ਅੰਗ ਹੁੰਦਾ ਹੈ, ਜਿਸ ਦੇ ਜ਼ਰੀਏ ਸਰਕਾਰ ਨੇ ਲੋਕ ਪੱਖੀ ਨੀਤੀਆਂ ਨੂੰ ਸਫ਼ਲਤਾਪੂਰਵਕ ਲਾਗੂ ਕਰਾਉਣਾ ਹੁੰਦਾ ਹੈ ਪਰ ਦੇਖਣ ਵਿੱਚ ਆਉਂਦਾ ਹੈ ਕਿ ਕਈ ਪ੍ਰਸਾਸ਼ਨਿਕ ਅਧਿਕਾਰੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਹੱਲ ਕਰਨ ਦੀ ਬਿਜਾਏ ਉਨਾਂ ਨੂੰ ਠੰਢੇ ਬਸਤੇ ਪਾਈ ਰੱਖਦੇ ਹਨ, ਨਤੀਜਤਨ ਲੋਕਾਂ ਵਿੱਚ ਸਰਕਾਰ ਪ੍ਰਤੀ ਗੁੱਸਾ ਅਤੇ ਅਵਿਸ਼ਵਾਸ਼ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਉਨਾਂ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਹਾਂ ਪੱਖੀ ਨਜ਼ਰੀਆ ਅਪਨਾਉਣ। ਉਨਾਂ ਕਮੇਟੀ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਅਗਲੀ ਮੀਟਿੰਗ ਵਿੱਚ ਲਿਖ਼ਤੀ ਸ਼ਿਕਾਇਤਾਂ ਲੈ ਕੇ ਆਉਣ ਤਾਂ ਜੋ ਉਨਾਂ ਨੂੰ ਅੰਜ਼ਾਮ ਤੱਕ ਪਹੁੰਚਾਉਣ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ। ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਮੈਂਬਰਾਂ ਨੂੰ ਵੱਖ-ਵੱਖ ਵਿਭਾਗਾਂ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਬਾਰੇ ਜਾਗਰੂਕ ਕੀਤਾ ਜਾਵੇ। ਮੀਟਿੰਗ ਦੌਰਾਨ ਉਠਾਏ ਗਏ ਮੁੱਦਿਆਂ 'ਤੇ ਉਨਾਂ ਸੰਬੰਧਤ ਸਮੂਹ ਅਧਿਕਾਰੀਆਂ ਨੂੰ ਤਰਜੀਹੀ ਤੌਰ 'ਤੇ ਧਿਆਨ ਦੇਣ ਅਤੇ ਇਨਾਂ ਦਾ ਹੱਲ ਕਰਨ ਬਾਰੇ ਕਿਹਾ। ਉਨਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾਵੇ। ਹਰੇਕ ਕੰਮ ਵਿੱਚ ਲੋਕ ਨੁਮਾਇੰਦਿਆਂ ਨੂੰ ਭਰੋਸੇ ਵਿੱਚ ਲਿਆ ਜਾਵੇ। ਉਨਾਂ ਐਲਾਨ ਕੀਤਾ ਕਿ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਹੁਣ ਹਰੇਕ ਮਹੀਨੇ ਹੋਇਆ ਕਰੇਗੀ। ਜਿਸ ਵਿੱਚ ਸ਼ਿਕਾਇਤਾਂ ਦੇ ਨਿਪਟਾਰੇ ਲਈ ਅਧਿਕਾਰੀਆਂ ਦੀ ਜਿੰਮੇਵਾਰੀ ਨਿਯਤ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਚੇਅਰਮੈਨ ਅਤੇ ਹੋਰ ਮੈਂਬਰਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਮੀਟਿੰਗ ਦੀ ਕਾਰਵਾਈ ਚਲਾਈ। ਉਨਾਂ ਜ਼ਿਲਾ ਲੁਧਿਆਣਾ ਵਿੱਚ ਵੱਖ-ਵੱਖ ਯੋਜਨਾਵਾਂ ਤਹਿਤ ਲਾਭਪਾਤਰੀਆਂ ਨੂੰ ਦਿੱਤੇ ਜਾ ਰਹੇ ਲਾਭਾਂ ਅਤੇ ਮੁਸ਼ਕਿਲਾਂ ਦੇ ਹੱਲ ਲਈ ਕੀਤੇ ਜਾ ਰਹੇ ਯਤਨਾਂ ਦਾ ਵੇਰਵਾ ਪੇਸ਼ ਕੀਤਾ।

ਜਨਗਣਨਾ 2021 ਦੀਆਂ ਤਿਆਰੀਆਂ ਸ਼ੁਰੂ, ਦੋ ਗੇੜਾਂ ਵਿੱਚ ਹੋਵੇਗੀ ਗਿਣਤੀ

17 ਫਰਵਰੀ ਤੱਕ ਗਿਣਤੀਕਾਰ ਅਤੇ ਸੁਪਰਵਾਈਜ਼ਰ ਲਗਾਏ ਜਾਣ-ਡਿਪਟੀ ਕਮਿਸ਼ਨਰ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਹਰੇਕ 10 ਸਾਲ ਬਾਅਦ ਦੇਸ਼ ਵਿੱਚ ਹੋਣ ਵਾਲੀ ਆਮ ਜਨਗਣਨਾ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਹ ਜਨਗਣਨਾ ਦੋ ਗੇੜਾਂ ਵਿੱਚ ਮੁਕੰਮਲ ਕੀਤੀ ਜਾਵੇਗੀ। ਜਨਗਣਨਾ ਦੀਆਂ ਤਿਆਰੀਆਂ ਸੰਬੰਧੀ ਜ਼ਿਲਾ ਪੱਧਰੀ ਮੀਟਿੰਗ ਅੱਜ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਾਗਰ ਸੇਤੀਆ ਐੱਸ. ਡੀ. ਐੱਮ. ਪਾਇਲ, ਸ੍ਰੀਮਤੀ ਗੀਤਿਕਾ ਐੱਸ. ਡੀ. ਐੱਮ. ਸਮਰਾਲਾ, ਹਿਮਾਂਸ਼ੂ ਗੁਪਤਾ ਐੱਸ. ਡੀ. ਐੱਮ. ਰਾਏਕੋਟ, ਜ਼ਿਲਾ ਮਾਲ ਅਫ਼ਸਰ ਜੋਗਿੰਦਰ ਸਿੰਘ, ਸੰਬੰਧਤ ਖੇਤਰਾਂ ਦੇ ਤਹਿਸੀਲਦਾਰ ਅਤੇ ਕਾਰਜਕਾਰੀ ਅਫ਼ਸਰਾਂ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਹ ਜਨਗਣਨਾ ਕੇਂਦਰੀ ਗ੍ਰਹਿ ਮੰਤਰਾਲੇ ਅਧੀਨ ਕੰਮ ਕਰਦੇ ਰਜਿਸਟਰਾਰ ਜਨਰਲ ਐਂਡ ਸੈਂਸਜ਼ ਕਮਿਸ਼ਨਰ ਵੱਲੋਂ ਕਰਵਾਈ ਜਾਵੇਗੀ, ਜੋ ਕਿ ਦੋ ਗੇੜਾਂ ਵਿੱਚ ਮੁਕੰਮਲ ਕੀਤੀ ਜਾਣੀ ਹੈ। ਇਸ ਦਾ ਪਹਿਲਾ ਗੇੜ ਮਈ-ਜੂਨ 2020 (ਸੰਭਾਵੀ ਮਿਤੀ 15 ਮਈ ਤੋਂ 29 ਜੂਨ) ਮਹੀਨੇ ਕਰਵਾਇਆ ਜਾਵੇਗਾ, ਜਿਸ ਵਿੱਚ ਘਰਾਂ ਦੀ ਗਿਣਤੀ ਅਤੇ ਸੂਚੀਬੱਧ ਕਰਨ ਦੇ ਨਾਲ-ਨਾਲ ਨੈਸ਼ਨਲ ਪਾਪੂਲੇਸ਼ਨ ਰਜਿਸਟਰ ਨੂੰ ਅਪਡੇਟ ਕੀਤਾ ਜਾਵੇਗਾ। ਦੂਜਾ ਗੇੜ 9 ਫਰਵਰੀ 2021 ਤੋਂ 28 ਫਰਵਰੀ, 2021 ਦੌਰਾਨ ਹੋਵੇਗਾ, ਜਿਸ ਵਿੱਚ ਜਨਗਣਨਾ (ਲੋਕਾਂ ਦੀ ਗਿਣਤੀ) ਕੀਤੀ ਜਾਵੇਗੀ। ਇਸ ਉਪਰੰਤ 1 ਮਾਰਚ ਤੋਂ 5 ਮਾਰਚ, 2021 ਤੱਕ ਗਿਣਤੀ ਦੀ ਸਮੀਖਿਆ ਹੋਵੇਗੀ। ਅਗਰਵਾਲ ਨੇ ਦੱਸਿਆ ਕਿ ਜਨਗਣਨਾ ਸੰਬੰਧੀ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਹੱਦਬੰਦੀਆਂ ਨਾਲ ਛੇੜਛਾੜ 'ਤੇ ਰੋਕ ਲਗਾ ਦਿੱਤੀ ਗਈ ਹੈ ਤਾਂ ਜੋ ਕਿਸੇ ਵੀ ਅਧਿਕਾਰਤ ਖੇਤਰ ਬਾਰੇ ਭੰਬਲਭੂਸੇ ਵਾਲੀ ਸਥਿਤੀ ਨਾ ਪੈਦਾ ਹੋ ਸਕੇ। ਗਿਣਤੀ ਅਤੇ ਸੁਪਰਵੀਜ਼ਨ ਦਾ ਕੰਮ ਮੁੱਖ ਤੌਰ 'ਤੇ ਅਧਿਆਪਕਾਂ (ਪ੍ਰਾਇਮਰੀ ਅਤੇ ਸੈਕੰਡਰੀ), ਵੱਖ-ਵੱਖ ਵਿਭਾਗਾਂ ਦੇ ਕਲਰਕਾਂ ਅਤੇ ਹੋਰ ਦਰਜਾ ਪ੍ਰਾਪਤ ਕਰਮਚਾਰੀਆਂ ਵੱਲੋਂ ਕੀਤਾ ਜਾਵੇਗਾ। ਜੇਕਰ ਲੋੜ ਪਈ ਤਾਂ ਹੋਰ ਅਦਾਰਿਆਂ ਜਾਂ ਧਿਰਾਂ ਨੂੰ ਵੀ ਇਸ ਕੰਮ ਲਈ ਲਗਾਇਆ ਜਾ ਸਕਦਾ ਹੈ। ਅਗਰਵਾਲ ਨੇ ਹਦਾਇਤ ਕੀਤੀ ਕਿ 17 ਫਰਵਰੀ ਤੱਕ ਸਾਰੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਦੀਆਂ ਸੂਚੀਆਂ ਡਾਇਰੈਕਟਰ ਗਿਣਤੀ (ਆਪਰੇਸ਼ਨ) ਵਿਭਾਗ ਨੂੰ ਭੇਜ ਦਿੱਤੀਆਂ ਜਾਣ। ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਦੀ ਗਿਣਤੀ ਸਾਲ 2011 ਦੀ ਗਿਣਤੀ ਤੋਂ ਘੱਟੋ-ਘੱਟ 30 ਫੀਸਦੀ ਜਿਆਦਾ ਹੋਣੀ ਚਾਹੀਦੀ ਹੈ। ਅਗਰਵਾਲ ਨੇ ਸਪੱਸ਼ਟ ਕੀਤਾ ਕਿ ਜਨਗਣਨਾ ਦੇ ਕੰਮ ਵਿੱਚ ਜੇਕਰ ਕੋਈ ਵਿਭਾਗ ਸਹਿਯੋਗ ਨਹੀਂ ਦਿੰਦਾ ਤਾਂ ਉਸ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਡੈਟਾ ਲੈਣ, ਪੁਸ਼ਟੀ ਕਰਨ (ਵੈਲੀਡੇਸ਼ਨ), ਰਿਪੋਰਟ ਤਿਆਰ ਕਰਨ ਆਦਿ ਲਈ ਬਣਾਏ ਮੋਬਾਈਲ ਐਪਲੀਕੇਸ਼ਨ ਤੇ ਡੈਟਾ ਇਕੱਤਰ ਕਰਨ ਦੀ ਸਿਖ਼ਲਾਈ ਜਲਦ ਦੇ ਦਿੱਤੀ ਜਾਵੇਗੀ। ਅੰਕੜਿਆਂ ਸੰਬੰਧੀ ਦਸਤੀ ਰਿਕਾਰਡ ਵੀ ਤਿਆਰ ਕੀਤਾ ਜਾਵੇਗਾ। ਗਿਣਤੀਕਾਰਾਂ ਦੁਆਰਾ ਇਕੱਤਰ ਕੀਤੇ ਡਾਟੇ ਨੂੰ ਸੁਪਰਵਾਈਜ਼ਰਾਂ ਵੱਲੋਂ ਸੰਬੰਧਤ ਘਰਾਂ ਵਿੱਚ ਜਾ ਕੇ ਪੁਸ਼ਟੀ ਕਰਨ ਉਪਰੰਤ ਤਸਦੀਕ ਕੀਤਾ ਜਾਵੇਗਾ। ਡਾਟਾ ਇਕੱਤਰ ਕਰਨ ਅਤੇ ਬਾਕੀ ਕਾਰਵਾਈ ਕਰਨ ਉਪਰੰਤ ਜਨਗਣਨਾ ਦੇ ਅੰਕੜਾਤਮਕ ਨਤੀਜੇ ਜਾਰੀ ਕੀਤੇ ਜਾਣਗੇ। ਉਨਾਂ ਆਮ ਲੋਕਾਂ ਅਤੇ ਵੱਖ-ਵੱਖ ਅਦਾਰਿਆਂ ਨਾਲ ਜੁੜੇ ਲੋਕਾਂ ਨੂੰ ਇਸ ਗਣਨਾ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।

ਸ਼ਹਿਰਦੀਆਂ ਪ੍ਰਮੁੱਖ ਸੜਕਾਂ ਦੀ ਸਫਾਈ ਦਾ ਕੰਮ ਸ਼ੁਰੂ

ਸੜਕਾਂ ਹਫ਼ਤੇ ਵਿੱਚ ਸਾਫ਼ ਸੁਥਰੀਆਂ ਨਜ਼ਰ ਆਉਣਗੀਆਂ-ਮੇਅਰ ਸੰਧੂ
ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਸ਼ਹਿਰ ਦੀਆਂ ਸਾਰੀਆਂ ਸੜਕਾਂ ਨੂੰਸਾਫ਼ ਸੁਥਰੀ ਦਿੱਖ ਪ੍ਰਦਾਨ ਕਰਨ ਦੇ ਮਕਸਦ ਨਾਲ ਨਗਰ ਨਿਗਮ ਲੁਧਿਆਣਾ ਨੇ ਵੱਡੇ ਪੱਧਰ 'ਤੇ ਸਫਾਈਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ ਦਾ ਮੇਅਰ ਬਲਕਾਰ ਸਿੰਘ ਸੰਧੂ ਨੇ ਅੱਜ ਸਥਾਨਕਫਿਰੋਜ਼ ਗਾਂਧੀ ਮਾਰਕੀਟ ਤੋਂ ਆਗਾਜ਼ ਕੀਤਾ। ਇਸ ਮੌਕੇ ਸ੍ਰੀਮਤੀ ਮਮਤਾ ਆਸ਼ੂ, ਸ੍ਰੀਮਤੀ ਅੰਮ੍ਰਿਤ ਵਰਸ਼ਾਰਾਮਪਾਲ, ਨਰਿੰਦਰ ਸ਼ਰਮਾ, ਸਨੀ ਭੱਲਾ, ਦਿਲਰਾਜ ਸਿੰਘ (ਸਾਰੇ ਕੌਂਸਲਰ), ਜ਼ੌਨਲਕਮਿਸ਼ਨਰ ਕੁਲਪ੍ਰੀਤ ਸਿੰਘ ਅਤੇ ਨੀਰਜ ਜੈਨ ਅਤੇ ਹੋਰ ਹਾਜ਼ਰ ਸਨ। ਦੱਸਣਯੋਗ ਹੈ ਕਿ ਸ਼ਹਿਰ ਦੀ ਸਫ਼ਾਈ ਵਿਵਸਥਾ ਅਤੇ ਸਿਹਤ ਸਹੂਲਤਾਂ ਨੂੰ ਲੈ ਕੇਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰ ਭਾਰਤਭੂਸ਼ਣ ਆਸ਼ੂ ਨੇ ਬੀਤੇ ਦਿਨੀਂ ਸੰਬੰਧਤ ਸਾਖ਼ਾਵਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ ਅਤੇ ਬਣਦੀਆਂਹਦਾਇਤਾਂ ਜਾਰੀ ਕੀਤੀਆਂ ਸਨ। ਇਸ ਦੌਰਾਨ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਤੁਰੰਤ ਯਕੀਨੀ ਬਣਾਉਣਲਈ ਹਦਾਇਤ ਕੀਤੀ ਗਈ ਸੀ। ਸੰਧੂ ਨੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਹਫ਼ਤੇ ਵਿੱਚ ਸ਼ਹਿਰਦੀਆਂ ਸਾਰੀਆਂ ਪ੍ਰਮੁੱਖ ਸੜਕਾਂ ਦੀ ਸਫਾਈ ਕਰਕੇ ਨਵੀਂ ਦਿੱਖ ਦਿੱਤੀ ਜਾਵੇਗੀ। ਇਸ ਲਈ ਨਗਰ ਨਿਗਮਦੀ ਸਿਹਤ ਸਾਖ਼ਾ ਵੱਲੋਂ ਬਕਾਇਦਾ ਲੋੜੀਂਦੀ ਗਿਣਤੀ ਵਿੱਚ ਸਟਾਫ਼ ਤਾਇਨਾਤ ਕੀਤਾ ਗਿਆ ਹੈ। ਇਸੇਤਰ੍ਹਾਂ ਸਟਾਫ਼ ਨੂੰ ਕੂੜੇ ਦੇ ਸਹੀ ਪ੍ਰਬੰਧਨ ਬਾਰੇ ਵੀ ਹਦਾਇਤ ਕੀਤੀ ਗਈ ਹੈ। ਕੌਂਸਲਰ ਸ੍ਰੀਮਤੀ ਆਸ਼ੂ ਨੇ ਕਿਹਾ ਕਿ ਸਟਾਫ਼ ਨੂੰ ਪਹਿਲਾਂ ਸ਼ਹਿਰ ਦੀਆਂ ਪ੍ਰਮੁੱਖਸੜਕਾਂ ਦੀ ਸਫ਼ਾਈ ਵਿਵਸਥਾ ਬਣਾਈ ਰੱਖਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਬਾਅਦ ਵਿੱਚਸ਼ਹਿਰ ਦੀਆਂ ਸਾਰੀਆਂ ਸੜਕਾਂ ਦੀ ਸਫ਼ਾਈ ਕਰਵਾਈ ਜਾਵੇਗੀ।

 

‘ਖਾਲ੍ਹਾ ਜੀ ਦਾ ਵਾੜ੍ਹਾ ਨਹੀਂ’ ਪੁਲਿਸ ਮਹਿਕਮੇ ਤੋਂ ਆਰ.ਟੀ.ਆਈ.‘ਚ ਨਕਲ਼ਾਂ ਲੈਣੀਆਂ

30 ਦਿਨ ‘ਚ ਮਿਲਣ ਵਾਲੀਆਂ ਨਕਲਾਂ ਲੈਣ ਲਈ ਲੱਗੇ 3 ਸਾਲ

ਮਾਮਲਾ ਪੁਲਿਸ ਤੋਂ ਖੁਫੀਆਂ ਜਾਂਚ ਦੀਆਂ ਨਕਲਾਂ ਲੈਣ ਦਾ

ਲੁਧਿਆਣਾ,ਫ਼ਰਵਰੀ 2020-(ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਆਰ.ਟੀ ਆਈ ਐਕਟ-2005 ਅਧੀਨ ਪੰਜਾਬ ਪੁਲਿਸ ਹੈਡਕੁਆਰਟਰ ਤੋਂ ਜਾਂਚ ਰਿਪੋਰਟ ਦੀਆਂ ਨਕਲ਼ਾਂ ਲੈਣਾ ਕੋਈ ‘ਖਾਲਾ ਜੀ ਦਾ ਵਾੜ੍ਹਾ’ ਨਹੀਂ, ਐਕਟ ਮੁਤਾਬਕ 30 ਦਿਨਾਂ ‘ਚ ਮਿਲਣਯੋਗ ਨਕਲ਼ਾਂ ਲੈਣ ਲਈ 03 ਸਾਲ਼ ਵੀ ਚੰਡੀਗੜ੍ਹ ਸਥਿਤ ਸੂਚਨਾ ਕਮਿਸ਼ਨ ਦੇ ਚੱਕਰ ਲਗਾਉਂਣੇ ਪੈ ਸਕਦੇ ਨੇ। ਇਹ ਕਹਿਣਾ ਹੈ ਆਰ.ਟੀ.ਆਈ. ਕਾਰਕੁੰਨ ਅਤੇ ਯੂਨੀਵਰਸਲ਼ ਹਿਊਮਨ ਰਾਈਟਸ ਆਰਗੇਨਾਈਜੇਸ਼ਨ (ਰਜ਼ਿ.) ਦੇ ਸੂਬਾ ਜਰਨਲ ਸਕੱਤਰ ਇਕਬਾਲ ਸਿੰਘ ਰਸੂਲਪੁਰ ਦਾ। ਪ੍ਰੈਸ ਨਾਲ ਗੱਲਬਾਤ ਕਰਦਿਆਂ ਰਸੂਲਪੁਰ ਨੇ ਦੱਸਿਆ ਕਿ ਉਸ ਨੇ ਆਰ.ਟੀ.ਆਈ-2005 ਅਧੀਨ 13 ਜੂਨ 2016 ਨੂੰ ਪੰਜਾਬ ਪੁਲਿਸ ਦੇ ਇੰਟਰਨਲ਼ ਵਿਜ਼ੀਲੈਂਸ ਸੈਲ਼ ਦੇ ਏ.ਡੀ.ਜੀ.ਪੀ. ਤੋਂ ਜਗਰਾਓ ਦੇ ਥਾਣਾ ਸਿਟੀ ਵਿਚ ਦਰਜ ਕੀਤੇ ਇਕ ਕਥਿਤ ਕਤਲ਼ ਦੇ ਮੁੱਕਦਮੇ ਦੀ ‘ਖੁਫੀਆ ਜਾਂਚ’ ਰਿਪੋਰਟ ਦੀਆਂ ਨਕਲਾਂ ਮੰਗੀਆਂ ਸਨ। ਜੋ ਕਿ ਸਾਲ 2006 ;ਚ ਖੁਫੀਆ ਵਿੰਗ ਦੇ ਡੀ.ਐਸ.ਪੀ. ਨੇ ਪੱਤਰ ਨੰਬਰ 15725 ਰਾਹੀ ਇੰਟੈਲੀਜ਼ੈਂਸ ਦੇ ਏ.ਡੀ.ਜੀ.ਪੀ. ਨੂੰ ਅਗਲੀ ਕਾਰਵਾਈ ਲਈ ਭੇਜੀ ਸੀ। ਰਸੂਲਪੁਰ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਹੈਡਕੁਆਰਟਰ ਦੇ ਅਧਿਕਾਰੀਆਂ ਦੀ ਆਨਾ-ਕਾਨੀ ਕਾਰਨ ਮਾਮਲਾ ਪੰਜਾਬ ਰਾਜ ਕਮਿਸ਼ਨ ਕੋਲ ਪੱੁਜਾ ਤਾਂ 28 ਮਾਰਚ 2017 ਨੂੰ ਪਹਿਲੀ ਪੇਸ਼ੀ ‘ਤੇ ਹਾਜ਼ਰ ਹੋਏ ਪੁਲਿਸ ਅਧਿਕਾਰੀ ਨੇ ‘ਖੁਫੀਆ ਜਾਂਚ’ ਰਿਪੋਰਟ ਦੀਆਂ ਨਕਲਾਂ ਦੇਣ ਦਾ ਵਾਅਦਾ ਕਰਦਿਆਂ ਕੇਸ ਬੰਦ ਕਰਵਾ ਦਿੱਤਾ ਸੀ ਪਰ 6 ਮਹੀਨੇ ਲੰਘ ਜਾਣ ਤੋਂ ਬਾਅਦ ਨਕਲਾਂ ਦਿੱਤੀਆਂ ਨਹੀਂ ਅਤੇ ਮਾਮਲਾ ਫਿਰ 28 ਜੁਲਾਈ 2017 ਨੂੰ ਕਮਿਸ਼ਨ ਦੀ ਅਦਾਲਤ ੁਿਵਚ ਦੁਵਾਰਾ ਸੁਣਿਆ ਗਿਆ ਅਤੇ ਕਰੀਬ ਡੇਢ ਸਾਲ ਬਾਅਦ 28 ਜਨਵਰੀ 2019 ਨੂੰ ਚੀਫ ਸੂਚਨਾ ਕਮਿਸ਼ਨਰ ਸ੍ਰੀ ਐਸ.ਐਸ.ਚੰਨੀ, ਆਈਏਐਸ ਨੇ ਦੂਜੀ ਵਾਰ ‘ਖੁਫੀਆ ਨਕਲਾਂ’ ਦੇਣ ਦਾ ਹੁਕਮ ਜਾਰੀ ਕਰਕੇ ਕੇਸ ਨੂੰ ਬੰਦ ਕਰ ਦਿੱਤਾ ਸੀ ਪਰ ਪੁਲਿਸ ਅਧਿਕਾਰੀਆ ਵਲੋਂ ਫਿਰ ਵੀ ਨਕਲਾਂ ਨਾਂ ਦੇਣ ਕਾਰਨ ਕਮਿਸ਼ਨ ਨੇ ਕੇਸ ਨੂੰ ਮੁੜ ਖੋਲਿਆ ਅਤੇ ਸੁਣਵਾਈ ਕਰਕੇ ਡੀ.ਜੀ.ਪੀ. ਦਫਤਰ ਦੇ ਕਾਨੂੰਨੀ ਸਲਾਹਕਾਰ ਦੀਆਂ ਦਲ਼ੀਲਾਂ ਨਾਲ ਅਸਿਹਮਤੀ ਪ੍ਰਗਟਾਉਂਦਿਆ ਸ੍ਰੀ ਐਸ.ਐਸ.ਚੰਨੀ ਨੇ 30 ਅਪ੍ਰੈਲ 2019 ਨੂੰ ‘ਖੁਫੀਆ ਨਕਲਾਂ’ ਦੇਣ ਦੇ ਤੀਜੀ ਵਾਰ ਹੁਕਮ ਦਿੱਤੇ ਪਰ ਪੁਲਿਸ ਅਧਿਕਾਰੀਆਂ ਨੇ ਕਮਿਸ਼ਨ ਦੇ ਹੁਕਮਾਂ ਨੂੰ ਟਿੱਚ ਜਾਣਦਿਆਂ ਫਿਰ ਵੀ ਨਕਲਾਂ ਨਹੀਂ ਦਿੱਤੀਆਂ। ਰਸੂਲਪੁਰ ਨੇ ਅੱਗੇ ਦੱਸਿਆ ਕਿ ਫਿਰ ਉਸ ਨੇ ਕਮਿਸ਼ਨ ਦੇ ਸਾਰੇ ਹੁਕਮਾਂ ਦੇ ਹਵਾਲੇ ‘ਚ ਉੱਚ ਅਧਿਕਾਰੀਆਂ ਖਿਲਾਫ ਧਾਰਾ ਐਕਟ ਦੀ ਧਾਰਾ 18 ਅਧੀਨ ਸ਼ਿਕਾਇਤ ਦਰਜ ਕਰਾਉਂਦਿਆਂ ਕੇਸ ਦੀ ਸੁਣਵਾਈ ਮੁੜ ਕਰਨ ਲਈ ਪਟੀਸ਼ਨ ਦਾਇਰ ਕੀਤੀ ਅਤੇ ਰਾਜ ਸੂਚਨਾ ਕਮਿਸ਼ਨਰ ਸ੍ਰੀ ਯਸ਼ਵੀਰ ਮਹਾਜ਼ਨ, ਆਈਏਐਸ ਨੇ ਲੰਬੀ ਸੁਣਵਾਈ ਤਂੋ ਬਾਅਦ 29 ਅਕਤੂਬਰ 2019 ਨੂੰ ਮੁੱੜ ‘ਖੁਫੀਆ ਰਿਕਾਰਡ’ ਦੇਣ ਦੇ ਹੁਕਮ ਚੌਥੀ ਵਾਰ ਜਾਰੀ ਕੀਤੇ। ਰਸੂਲਪੁਰ ਨੇ ਦੱਸਿਆ ਕਿ ਹੁਣ ਰਾਜ ਸੂਚਨਾ ਕਮਿਸ਼ਨਰ ਨੇ ਸ੍ਰੀ ਯਸ਼ਵੀਰ ਮਹਾਜ਼ਨ, ਆਈਏਐਸ ਨੇ ਪੰਜਾਬ ਪੁਲਿਸ ਹੈਡਕੁਆਰਟਰ ਦੇ ਅਧਿਕਾਰੀਆਂ ਨੂੰ ਜਾਰੀ ਕੀਤੇ ਆਪਣੇ ਹੁਕਮਾਂ ਵਿਚ ਕਿਹਾ ਕਿ ਮੰਗੀ ਗਈ ਸੂਚਨਾ

ਮਨੱੁਖੀ ਅਧਿਕਾਰਾਂ ਦੀ ਉਲੰਘਣਾ, ਗੈਰ ਕਾਨੂੰਨੀ ਹਿਰਾਸਤ ‘ਚ ਰੱਖਣ, ਅੱਤਿਆਚਾਰ ਕਰਨ ਅਤੇ ਝੂਠੇ ਕੇਸ ਵਿਚ ਫਸਾਉਣ ਨਾਲ ਸਬੰਧਤ ਹੋਣ ਕਰਕੇ 30 ਦਿਨਾਂ ਵਿਚ ਸਪਲਾਈ ਕੀਤੀ ਜਾਵੇ ਤਾਂ ਹੁਣ ਜਾ ਕੇ ਡੀ.ਜੀ.ਪੀ./ਇੰਟੈਲੀਜ਼ੈਂਸ ਦਫਤਰ ਨੇ ਆਪਣੇ ਡੀ.ਐਸ.ਪੀ. ਰਾਹੀਂ ‘ਖੁਫੀਆ ਜਾਂਚ ਰਿਪੋਰਟ’ ਦੀਆਂ ਤਸਦੀਕਸ਼ੁਦਾ ਨਕਲਾਂ ਦਸਤੀ ਭੇਜੀਆ ਹਨ। ਰਸੂਲਪੁਰ ਨੇ ਦੱਸਿਆ ਕਿ ਸੂਚਨਾ ਕਮਿਸ਼ਨ ਨੂੰ ਇਸ ਕੇਸ ਵਿਚ ਲੰਘੇ ਸਾਢੇ ਤਿੰਨ ਸਾਲਾਂ ਦੁਰਾਨ ਲਗਾਤਾਰ ਚਾਰ ਵਾਰ ਹੁਕਮ ਜਾਰੀ ਕਰਨੇ ਪਏ ਹਨ ਤਾਂ ਜਾ ਕੇ ਕਿਤੇ ਪੁਲਿਸ ਅਧਿਕਾਰੀ ਦੇ ਕੰਨ ਤੇ ਜੂੰ ਨਹੀਂ ਸਰਕੀ ਹੈ। ਰਸੂਲਪੁਰ ਨੇ ਇਹ ਵੀ ਕਿਹਾ ਕਿ ਇਸ ਕੇਸ ਵਿਚ ਹੁਣ 12 ਫਰਵਰੀ 2020 ਨੂੰ ਸੁਣਵਾਈ ਹੋਣ ਜਾ ਰਹੀ ਹੈ। ਜਿਸ ਵਿਚ ਉਹ ਸਾਢੇ ਤਿੰਨ ਸਾਲਾਂ ਦੀ ਲੰਬੀ ਬੇਵਜ਼ਾ੍ਹ ਦੇਰੀ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਖਿਲਾਫ ਐਕਟ ਮੁਤਾਬਕ ਕਾਰਵਾਈ ਦੀ ਮੰਗ ਕਰਨਗੇ।

ਖੁਫੀਆ ਜਾਂਚ ਰਿਪੋਰਟ ਨੇ ਕੀਤਾ ਜਗਰਾਓ ਪੁਲਿਸ ਝੂਠ ਨੰਗਾ?

ਸਾਢੇ ਤਿੰਨ ਸਾਲ਼ਾਂ ਦੀ ਜੱਦੋਜ਼ਹਿਦ ਤੋਂ ਬਾਦ ਪ੍ਰਾਪਤ ਹੋਈਆਂ ਖੁਫੀਆ ਜਾਂਚ ਰਿਪੋਰਟ ਦੀਆਂ ਨਕਲਾਂ ਨੇ ਜਗਰਾਓ ਪੁਲਿਸ ਦਾ ਝੂਠ ਨੰਗਾ ਕਰਦਿਆਂ ਮਨੁੱਖੀ ਅਧਿਕਾਰ ਕਾਰਕੁੰਨ ਨੂੰ ਝੂਠੇ ਕਤਲ਼ ਕੇਸ ਵਿਚ ਫਸਾਉਣ ਦਾ ਸੱਚ ਸਾਹਮਣੇ ਲਿਆਦਾਂ ਹੈ। ਰਸੂਲਪੁਰ ਜਾਂਚ ਦੀ ਨਕਲ਼ ਪੰਜਾਬੀ ਟ੍ਰਿਿਬਊਨ ਨੂੰ ਦਿਖਾਉਂਦਿਆਂ ਕਿਹਾ ਕਿ ਜਾਂਚ ਅਧਿਕਾਰੀ ਨੇ ਖੁਫੀਆ ਰਿਪੋਰਟ ‘ਚ ਕਿਹਾ ਸੀ ਕਿ ਪੀੜਤਾਂ ਨੂੰ ਇਕ ਪੰਚ, ਸਰਪੰਚ, ਐਸ.ਐਚ.ਓ. ਤੇ ਏ.ਐਸ.ਆਈ. ਨੇ ਸਾਜ਼ਿਸ ਅਧੀਨ ਝੂਠੇ ਕੇਸ ਵਿਚ ਨਜ਼ਾਇਜ਼ ਫਸਾਇਆ ਗਿਆ ਹੈ ਅਤੇ ਰਿਪੋਰਟ ਸਾਲ 2006 ਦੁਰਾਨ ਹੀ ਅਗਲੀ ਕਾਰਵਾਈ ਲਈ ਏ.ਡੀ.ਜੀ.ਪੀ./ਇੰਟੈਲੀਜ਼ੈਂਸ ਨੂੰ ਭੇਜ ਦਿੱਤੀ ਜਿਨਾਂ ਨੇ ਅੱਗੇ ਏ.ਡੀ.ਜੀ.ਪੀ./ਆਈ.ਵੀ.ਸੀ. ਨੂੰ ਭੇਜੀ ਸੀ ਪਰ ਅੱਜ ਤੱਕ ਡੀ.ਜੀ.ਪੀ. ਦਫਤਰ ਦੇ ਕਿਸੇ ਵੀ ਅਧਿਕਾਰੀ ਨੇ ਖੁਫੀਆ ਜਾਂਚ ਰਿਪੋਰਟ ਅਨੁਸਾਰ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਾਰਨ ਹੀ ਪੁਲਿਸ ਅਧਿਕਾਰੀ ਨਕਲਾਂ ਦੇਣ ਤੋਂ ਸਾਢੇ ਤਿੰਨ ਸਾਲ ਕੰਨੀ ਕਤਰਾਉਂਦੇ ਰਹੇ ਹਨ।