You are here

ਲੁਧਿਆਣਾ ਅਧਾਰਿਤ ਤਿੰਨ ਗੈਰ-ਬੈਂਕਿੰਗ ਵਿੱਤ ਕੰਪਨੀਆਂ ਦੀ ਭਾਰਤੀ ਰਿਜ਼ਰਵ ਬੈਂਕ ਵੱਲੋਂ ਰਜਿਸਟਰੇਸ਼ਨ ਰੱਦ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਲੁਧਿਆਣਾ ਦੀਆਂ ਤਿੰਨ ਗੈਰ-ਬੈਂਕਿੰਗ ਵਿੱਤ ਕੰਪਨੀਆਂ ਦੀ ਭਾਰਤੀ ਰਿਜ਼ਰਵ ਬੈਂਕ ਵੱਲੋਂ ਰਜਿਸਟਰੇਸ਼ਨ ਰੱਦ ਕਰ ਦਿੱਤੀ ਗਈ ਹੈ। ਭਾਰਤੀ ਰਿਜ਼ਰਵ ਬੈਂਕ ਵੱਲੋਂ ਇਨਾਂ ਕੰਪਨੀਆਂ ਨੂੰ ਭਵਿੱਖ ਵਿੱਚ ਕਿਸੇ ਵੀ ਤਰਾਂ ਦੀ ਲੈਣਦਾਰੀ ਤੋਂ ਵਰਜ਼ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪ੍ਰਸਾਸ਼ਨ ਅਤੇ ਪੁਲਿਸ ਨੂੰ ਹੋਰ ਕੰਪਨੀਆਂ 'ਤੇ ਵੀ ਤਿੱਖੀ ਨਜ਼ਰ ਰੱਖਣ ਦੀ ਹਦਾਇਤ ਕੀਤੀ ਕਿ ਉਹ ਭਾਰਤੀ ਰਿਜ਼ਰਵ ਬੈਂਕ ਦੇ ਨਾਮ ਅਤੇ ਲੁਭਾਊ ਇਸ਼ਤਿਹਾਰਾਂ ਦੇ ਸਿਰ 'ਤੇ ਗਾਹਕਾਂ ਨਾਲ ਕਿਸੇ ਵੀ ਤਰਾਂ ਦਾ ਧੋਖ਼ਾ ਨਾ ਕਰ ਸਕਣ। ਇਸ ਸੰਬੰਧੀ ਵਿੱਤ ਵਿਭਾਗ ਦੇ ਡਾਇਰੈਕਟੋਰੇਟ ਆਫ਼ ਇੰਸਟੀਚਿਊਸ਼ਨਲ ਫਾਈਨਾਂਸ ਐਂਡ ਬੈਂਕਿੰਗ ਰਾਹੀਂ ਭਾਰਤੀ ਰਿਜ਼ਰਵ ਬੈਂਕ ਵੱਲੋਂ ਪ੍ਰਾਪਤ ਦਾ ਪੱਤਰ ਦਾ ਹਵਾਲਾ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਲੁਧਿਆਣਾ ਅਧਾਰਿਤ ਏਕਜੋਤ ਅਡਵਾਂਸਿਜ਼ ਲਿਮਿਟਡ, ਆਦੀਨਾਥ ਇਨਵੈਸਟਮੈਂਟ ਐਂਡ ਟਰੇਡਿੰਗ ਅਤੇ ਸਟੈਨਚਾਰਟ ਸਕਿਊਰਟੀਜ਼ ਪ੍ਰਾਈਵੇਟ ਲਿਮਿਟਡ ਦੀ ਭਾਰਤੀ ਰਿਜ਼ਰਵ ਬੈਂਕ ਵੱਲੋਂ ਅਧਿਨਿਯਮ, 1934 ਦੀ ਧਾਰਾ 45-1ਏ (6) ਤਹਿਤ ਰਜਿਸਟਰੇਸ਼ਨ ਰੱਦ ਕਰ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਇਨਾਂ ਕੰਪਨੀਆਂ ਨੂੰ ਕਿਹਾ ਗਿਆ ਹੈ ਕਿ ਜੇਕਰ ਉਨਾਂ ਨੇ ਭਾਰਤੀ ਰਿਜ਼ਰਵ ਬੈਂਕ ਅਧਿਨਿਯਮ, 1934 ਦੀ ਧਾਰਾ –45-1ਏ ਦੇ ਭਾਗ (ਏ) ਅਨੁਸਾਰ ਗੈਰ-ਬੈਂਕਿੰਗ ਵਿੱਤ ਕੰਪਨੀਆਂ ਵਜੋਂ ਕੰਮ ਜਾਰੀ ਰੱਖਿਆ ਤਾਂ ਉਨਾਂ ਦੇ ਖ਼ਿਲਾਫ਼ ਅਧਿਆਏ 5 ਅਧੀਨ ਸਖ਼ਤ ਕਾਨੂੰਨੀ ਕਾਰਵਾਈ ਆਰੰਭੀ ਜਾਵੇਗੀ। ਇਸ ਤੋਂ ਇਲਾਵਾ ਪੱਤਰ ਵਿੱਚ ਪੁਲਿਸ ਪ੍ਰਸਾਸ਼ਨ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਹੋਰ ਮਾਨਤਾ ਪ੍ਰਾਪਤ ਗੈਰ-ਬੈਂਕਿੰਗ ਵਿੱਤ ਕੰਪਨੀਆਂ ਦੀਆਂ ਗਤੀਵਿਧੀਆਂ 'ਤੇ ਵੀ ਨਜ਼ਰ ਰੱਖੀ ਜਾਵੇ ਕਿ ਕਿਤੇ ਉਹ ਭਾਰਤੀ ਰਿਜ਼ਰਵ ਬੈਂਕ ਦੇ ਨਾਮ ਅਤੇ ਲੋਕ ਲੁਭਾਊ ਇਸ਼ਤਿਹਾਰਾਂ ਦੇ ਸਿਰ 'ਤੇ ਲੋਕਾਂ ਤੋਂ ਪੈਸਾ ਨਾ ਹਥਿਆ ਸਕਣ।