You are here

ਜਨਗਣਨਾ 2021 ਦੀਆਂ ਤਿਆਰੀਆਂ ਸ਼ੁਰੂ, ਦੋ ਗੇੜਾਂ ਵਿੱਚ ਹੋਵੇਗੀ ਗਿਣਤੀ

17 ਫਰਵਰੀ ਤੱਕ ਗਿਣਤੀਕਾਰ ਅਤੇ ਸੁਪਰਵਾਈਜ਼ਰ ਲਗਾਏ ਜਾਣ-ਡਿਪਟੀ ਕਮਿਸ਼ਨਰ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਹਰੇਕ 10 ਸਾਲ ਬਾਅਦ ਦੇਸ਼ ਵਿੱਚ ਹੋਣ ਵਾਲੀ ਆਮ ਜਨਗਣਨਾ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਹ ਜਨਗਣਨਾ ਦੋ ਗੇੜਾਂ ਵਿੱਚ ਮੁਕੰਮਲ ਕੀਤੀ ਜਾਵੇਗੀ। ਜਨਗਣਨਾ ਦੀਆਂ ਤਿਆਰੀਆਂ ਸੰਬੰਧੀ ਜ਼ਿਲਾ ਪੱਧਰੀ ਮੀਟਿੰਗ ਅੱਜ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਾਗਰ ਸੇਤੀਆ ਐੱਸ. ਡੀ. ਐੱਮ. ਪਾਇਲ, ਸ੍ਰੀਮਤੀ ਗੀਤਿਕਾ ਐੱਸ. ਡੀ. ਐੱਮ. ਸਮਰਾਲਾ, ਹਿਮਾਂਸ਼ੂ ਗੁਪਤਾ ਐੱਸ. ਡੀ. ਐੱਮ. ਰਾਏਕੋਟ, ਜ਼ਿਲਾ ਮਾਲ ਅਫ਼ਸਰ ਜੋਗਿੰਦਰ ਸਿੰਘ, ਸੰਬੰਧਤ ਖੇਤਰਾਂ ਦੇ ਤਹਿਸੀਲਦਾਰ ਅਤੇ ਕਾਰਜਕਾਰੀ ਅਫ਼ਸਰਾਂ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਹ ਜਨਗਣਨਾ ਕੇਂਦਰੀ ਗ੍ਰਹਿ ਮੰਤਰਾਲੇ ਅਧੀਨ ਕੰਮ ਕਰਦੇ ਰਜਿਸਟਰਾਰ ਜਨਰਲ ਐਂਡ ਸੈਂਸਜ਼ ਕਮਿਸ਼ਨਰ ਵੱਲੋਂ ਕਰਵਾਈ ਜਾਵੇਗੀ, ਜੋ ਕਿ ਦੋ ਗੇੜਾਂ ਵਿੱਚ ਮੁਕੰਮਲ ਕੀਤੀ ਜਾਣੀ ਹੈ। ਇਸ ਦਾ ਪਹਿਲਾ ਗੇੜ ਮਈ-ਜੂਨ 2020 (ਸੰਭਾਵੀ ਮਿਤੀ 15 ਮਈ ਤੋਂ 29 ਜੂਨ) ਮਹੀਨੇ ਕਰਵਾਇਆ ਜਾਵੇਗਾ, ਜਿਸ ਵਿੱਚ ਘਰਾਂ ਦੀ ਗਿਣਤੀ ਅਤੇ ਸੂਚੀਬੱਧ ਕਰਨ ਦੇ ਨਾਲ-ਨਾਲ ਨੈਸ਼ਨਲ ਪਾਪੂਲੇਸ਼ਨ ਰਜਿਸਟਰ ਨੂੰ ਅਪਡੇਟ ਕੀਤਾ ਜਾਵੇਗਾ। ਦੂਜਾ ਗੇੜ 9 ਫਰਵਰੀ 2021 ਤੋਂ 28 ਫਰਵਰੀ, 2021 ਦੌਰਾਨ ਹੋਵੇਗਾ, ਜਿਸ ਵਿੱਚ ਜਨਗਣਨਾ (ਲੋਕਾਂ ਦੀ ਗਿਣਤੀ) ਕੀਤੀ ਜਾਵੇਗੀ। ਇਸ ਉਪਰੰਤ 1 ਮਾਰਚ ਤੋਂ 5 ਮਾਰਚ, 2021 ਤੱਕ ਗਿਣਤੀ ਦੀ ਸਮੀਖਿਆ ਹੋਵੇਗੀ। ਅਗਰਵਾਲ ਨੇ ਦੱਸਿਆ ਕਿ ਜਨਗਣਨਾ ਸੰਬੰਧੀ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਹੱਦਬੰਦੀਆਂ ਨਾਲ ਛੇੜਛਾੜ 'ਤੇ ਰੋਕ ਲਗਾ ਦਿੱਤੀ ਗਈ ਹੈ ਤਾਂ ਜੋ ਕਿਸੇ ਵੀ ਅਧਿਕਾਰਤ ਖੇਤਰ ਬਾਰੇ ਭੰਬਲਭੂਸੇ ਵਾਲੀ ਸਥਿਤੀ ਨਾ ਪੈਦਾ ਹੋ ਸਕੇ। ਗਿਣਤੀ ਅਤੇ ਸੁਪਰਵੀਜ਼ਨ ਦਾ ਕੰਮ ਮੁੱਖ ਤੌਰ 'ਤੇ ਅਧਿਆਪਕਾਂ (ਪ੍ਰਾਇਮਰੀ ਅਤੇ ਸੈਕੰਡਰੀ), ਵੱਖ-ਵੱਖ ਵਿਭਾਗਾਂ ਦੇ ਕਲਰਕਾਂ ਅਤੇ ਹੋਰ ਦਰਜਾ ਪ੍ਰਾਪਤ ਕਰਮਚਾਰੀਆਂ ਵੱਲੋਂ ਕੀਤਾ ਜਾਵੇਗਾ। ਜੇਕਰ ਲੋੜ ਪਈ ਤਾਂ ਹੋਰ ਅਦਾਰਿਆਂ ਜਾਂ ਧਿਰਾਂ ਨੂੰ ਵੀ ਇਸ ਕੰਮ ਲਈ ਲਗਾਇਆ ਜਾ ਸਕਦਾ ਹੈ। ਅਗਰਵਾਲ ਨੇ ਹਦਾਇਤ ਕੀਤੀ ਕਿ 17 ਫਰਵਰੀ ਤੱਕ ਸਾਰੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਦੀਆਂ ਸੂਚੀਆਂ ਡਾਇਰੈਕਟਰ ਗਿਣਤੀ (ਆਪਰੇਸ਼ਨ) ਵਿਭਾਗ ਨੂੰ ਭੇਜ ਦਿੱਤੀਆਂ ਜਾਣ। ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਦੀ ਗਿਣਤੀ ਸਾਲ 2011 ਦੀ ਗਿਣਤੀ ਤੋਂ ਘੱਟੋ-ਘੱਟ 30 ਫੀਸਦੀ ਜਿਆਦਾ ਹੋਣੀ ਚਾਹੀਦੀ ਹੈ। ਅਗਰਵਾਲ ਨੇ ਸਪੱਸ਼ਟ ਕੀਤਾ ਕਿ ਜਨਗਣਨਾ ਦੇ ਕੰਮ ਵਿੱਚ ਜੇਕਰ ਕੋਈ ਵਿਭਾਗ ਸਹਿਯੋਗ ਨਹੀਂ ਦਿੰਦਾ ਤਾਂ ਉਸ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਡੈਟਾ ਲੈਣ, ਪੁਸ਼ਟੀ ਕਰਨ (ਵੈਲੀਡੇਸ਼ਨ), ਰਿਪੋਰਟ ਤਿਆਰ ਕਰਨ ਆਦਿ ਲਈ ਬਣਾਏ ਮੋਬਾਈਲ ਐਪਲੀਕੇਸ਼ਨ ਤੇ ਡੈਟਾ ਇਕੱਤਰ ਕਰਨ ਦੀ ਸਿਖ਼ਲਾਈ ਜਲਦ ਦੇ ਦਿੱਤੀ ਜਾਵੇਗੀ। ਅੰਕੜਿਆਂ ਸੰਬੰਧੀ ਦਸਤੀ ਰਿਕਾਰਡ ਵੀ ਤਿਆਰ ਕੀਤਾ ਜਾਵੇਗਾ। ਗਿਣਤੀਕਾਰਾਂ ਦੁਆਰਾ ਇਕੱਤਰ ਕੀਤੇ ਡਾਟੇ ਨੂੰ ਸੁਪਰਵਾਈਜ਼ਰਾਂ ਵੱਲੋਂ ਸੰਬੰਧਤ ਘਰਾਂ ਵਿੱਚ ਜਾ ਕੇ ਪੁਸ਼ਟੀ ਕਰਨ ਉਪਰੰਤ ਤਸਦੀਕ ਕੀਤਾ ਜਾਵੇਗਾ। ਡਾਟਾ ਇਕੱਤਰ ਕਰਨ ਅਤੇ ਬਾਕੀ ਕਾਰਵਾਈ ਕਰਨ ਉਪਰੰਤ ਜਨਗਣਨਾ ਦੇ ਅੰਕੜਾਤਮਕ ਨਤੀਜੇ ਜਾਰੀ ਕੀਤੇ ਜਾਣਗੇ। ਉਨਾਂ ਆਮ ਲੋਕਾਂ ਅਤੇ ਵੱਖ-ਵੱਖ ਅਦਾਰਿਆਂ ਨਾਲ ਜੁੜੇ ਲੋਕਾਂ ਨੂੰ ਇਸ ਗਣਨਾ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।