You are here

ਕਲਾਸੀਫਾਇਡ

ਮਿੰਨੀ ਕਹਾਣੀ ( ਕਾਨੂੰਨਾਂ ਦੀ ਸੂਲੀ ) ✍️. ਸ਼ਿਵਨਾਥ ਦਰਦੀ

ਬੇਅੰਤ ਸਿਹਾਂ , ਕੀ ਹਾਲ ਚਾਲ ਏ । ਭਰਾਵਾਂ , ਕਾਹਦਾ ਹਾਲ ਚਾਲ ! ਵੱਡੀ ਕੁੜੀ ਦਾ , ਵਿਆਹ ਕੀਤਾ ਸੀ । ਓਹ ਚਾਰ ਸਾਲ ਤੋ ਘਰੇ ਬੈਠੀ । ਜਿਹਦੇ ਨਾਲ ਵਿਆਹੀ ਸੀ , ਓਹ ਮੁੰਡਾ ਨਸ਼ੇ ਪੱਤੇ ਕਰਦਾ ਸੀ । ਵਿਚੋਲੇ ਨੇ , ਨੋਟਾਂ ਦੇ ਲਾਲਚ ਕਰਕੇ , ਦੱਸਿਆ ਨਹੀਂ । ਮੁੰਡੇ ਵਾਲਿਆਂ ਨੇ , ਨੋਟਾਂ ਨਾਲ ਮੂੰਹ ਬੰਦ ਕਰ ਦਿੱਤਾ । ਕੁੜੀ ਕਹਿੰਦੀ , ਮੈ ਉਹਦੇ ਰਹਿਣਾ ਨਹੀ। ਕੁੜੀ ਦੀ ਜ਼ਿੰਦਗੀ ਖ਼ਰਾਬ ਕਰ ਦਿੱਤੀ। ਹੁਣ ਹੋਰ ਕਿਤੇ ਵਿਆਹੀ , ਕਹਿਣਗੇ ਦੁਹਾਜੂ ਆ , ਅਗਾਂਹ ਮੁੰਡਾ ਵੀ ਜਵਾਕ ਜੱਲੇ ਵਾਲਾ ਵੇਖਣਾ ਪਊ । ਓਹ ਵੀ , ਸੱਤੀ ਨਖ਼ਰੇ ਕਰਣਗੇ । ਛੋਟੀ ਕੁੜੀ ਵਿਆਹ ਨਹੀ ਸਕਦੇ ।ਤਲਾਕ ਦਾ ਕੇਸ਼ ਲਾਇਆ ਨੂੰ , ਚਾਰ ਸਾਲ ਹੋ ਗਏ। ਸਰਕਾਰਾਂ ਨੇ ਪਤਾ ਨਹੀ , ਕੇਹੋ ਜਿਹੇ ਕਾਨੂੰਨ ਬਣਾਏ । ਵਿਆਹੀਆਂ ਵਰੀਆਂ ਕੁੜੀਆਂ ਨੂੰ , ਮਾਪਿਆਂ ਨੂੰ ਦਸ ਦਸ ਸਾਲ ਘਰੇ ਬਿਠਾਉਣਾ ਪੈਦਾ । ਨਵੇ ਨਵੇ ਕਾਨੂੰਨ ਬਣਾ ਸਰਕਾਰਾਂ ਨੇ , ਲੋਕਾਂ ਦਾ ਲਹੂ ਪੀਤਾ । ਲੋਕਾਂ ਦੇ , ਪੈਸੇ ਖਾ ਢਿੱਡ ਵਧਾਈ ਜਾਾਂਦੀਆਂ । ਕਾਨੂੰਨਾਂ ਦਾ ਸੰਤਾਪ , ਤੇਰੇ ਮੇਰੇ ਵਰਗੇ ਭੁਗਤ ਰਹੇ । ਚੱਲ ਛੱਡ ਕਾਨੂੰਨਾਂ ਨੂੰ । ਜਿਵੇ ਲੰਘਦੀ , ਲੰਘਾਈਂ ਜਾਣੇਂ ਆ । ਮੈ ਚੱਲਿਆ ਸਹਿਰ , ਮੋਟਰ ਸਾਈਕਲ ਦਾ ਚਲਾਨ ਭਰਨ । ਗਰੀਬਾਂ ਨੂੰ ,  ਕਾਨੂੰਨਾਂ ਦੀ ਸੂਲੀ ਚੜਣਾ ਪੈੈਂਦਾ ।                                                                  

ਸ਼ਿਵਨਾਥ ਦਰਦੀ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ਸੰਪਰਕ:- 9855155392     

ਲੀਰੋ- ਲੀਰ ✍️ ਵੀਰਪਾਲ ਕੌਰ ਕਮਲ

ਸੁਵੱਖਤੇ  ਗੁਰੂ ਘਰ ਦੇ ਸਪੀਕਰ ਚੋਂ ਜਦੋਂ ਪਾਠੀ ਸਿੰਘ ਦੀ ਆਵਾਜ਼ ਉਸ ਦੇ ਕੰਨੀਂ ਪੈਣੀ ਉਹ ਇੱਕ ਦਮ ਉੱਭੜਵਾਹੇ  ਵਾਂਗੂੰ ਉੱਠ ਪੈਂਦੀ ਹੈ  । ਸਿਰ ਤੋਂ ਲੈ ਕੇ ਪੈਰਾਂ ਦੀਆਂ ਤਲੀਆਂ ਦੇ ਹੇਠਾਂ ਤੱਕ ਤ੍ਰੇਲੀਓ -ਤ੍ਰੇਲੀ ਹੋਇਆ ਉਸ ਦਾ ਸਰੀਰ ਝੂਠਾ ਪੈ ਜਾਂਦਾ ਸੀ  ।  ਹੱਥ -ਪੈਰ ਤਾਂ ਜਾਣੋ ਸੁੰਨ ਹੋ ਕੇ ਕੰਮ ਹੀ ਛੱਡ ਜਾਂਦੇ ਸੀ, ਪੋਹ ਦੇ ਮਹੀਨੇ ਦੀਆਂ ਸਰਦ ਕਾਲੀਆਂ ਰਾਤਾਂ ਦਾ ਪਹਿਲਾ ਪਹਿਰ, ਕੁੱਕੜ ਦੀ ਬਾਂਗ ਰੋਂਦੇ ਹੋਏ ਕੁੱਤਿਆਂ ਦੀਆਂ ਹੂਕਾਂ, ਸ਼ੀ-ਸ਼ੀ ਦੀਆਂ ਆਵਾਜ਼ਾਂ ਸੁਣ ਕੇ ਉਸ ਦਾ ਦਿਲ ਨਿਕਲ ਕੇ ਬਾਹਰ ਨੂੰ ਆਉਂਦਾ ਸੀ  ।ਮੰਜੇ ਤੇ ਪਈ ਦੀ ਜਦੋਂ  ਉਸ ਦੀ ਅੱਖ ਖੁੱਲ੍ਹਦੀ ਹੈ ਤਾਂ ਉਹ ਟਸਰ ਦੇ ਗਦੈਲੇ ‘ਤੇ ਖੱਦਰ ਦੀ ਫੁੱਲਾਂ ਵਾਲੀ ਰਜਾਈ ਚੋਂ ਬਾਹਰ ਨਿਕਲਦੀ, ਸਾਹੋ ਸਾਹ ਹੋਈ  ਅੱਖਾਂ ਫੇਰਦੀ ਹੋਈ, ਉਹ ਆਪਣੇ ਖਿੱਲਰੇ ਲੰਮੇ ਕਾਲੇ ਵਾਲਾਂ ਦਾ ਜੂੜਾ ਬਣਾਉਂਦੇ ਹੋਏ, ਇਕ ਦਮ ਮੰਜੀ ਤੋਂ ਉੱਠਦੀ ਚੱਕਵੇਂ ਪੈਰੀਂ ਸਵਾਤ ਦਾ ਇੱਕ ਗੇੜਾ ਕੱਢ  ਕੇ ਸਹਿਮ ਅਤੇ ਈਰਖਾ ਨਾਲ ਭਰੀ ਪੀਤੀ ਆਪਣੀ ਮਾਂ ਦੇ ਮੰਜੇ ਕੋਲ ਆ ਕੇ  ਮਾਂ ਨੂੰ ਘੂਕ ਸੁੱਤੀ ਪਈ ਨੂੰ ਦੇਖਦੀ ਹੈ  । ਉਹ ਸੋਚਣ ਲੱਗਦੀ ਹੈ  “ਕਿੰਨੀ ਬੇਫ਼ਿਕਰੀ ਨਾਲ ਸੁੱਤੀ ਪਈ ਏ ਮਾਂ ਮੇਰੇ ਪਰਿਵਾਰ ਮੇਰੇ ਬਾਪ ਮੇਰੇ ਭੈਣ- ਭਰਾਵਾਂ ਨੂੰ ਧੋਖੇ ਵਿਚ ਰੱਖ ਕੇ  ,ਮੇਰੀ ਆਤਮਾ ਦਾ ਚੈਨ ਅਤੇ ਸਕੂਨ ਸਾਰਾ ਕੁਝ ਖੋਹ ਕੇ,  ਮੇਰੀ ਅੰਮੀਏ ਮਾਵਾਂ ਕਦੇ ਇੰਜ ਨਹੀਂ ਕਰਦੀਆਂ  …….।“”ਆਪਣੇ ਮੂੰਹ ਨੂੰ ਹੱਥਾਂ ਨਾਲ ਢੱਕ ਕੇ ਇਨ੍ਹਾਂ ਖ਼ਿਆਲਾਂ ਦੀ ਕਸ਼ਮਕਸ਼ ਵਿੱਚ ਉਹ ਭੱਜ ਜਾਂਦੀ ਹੈ  ।ਘਰ ਦੇ ਪਿਛਲੇ ਪਾਸੇ ਡੰਗਰਾਂ ਵਾਲੇ ਵਿਹੜੇ ਵਿੱਚ ਬਣੀ ਤੂੜੀ ਵਾਲੀ ਸਵਾਤ ਵਿੱਚ ਚਲੀ ਜਾਂਦੀ ਹੈ।

                 ਪਰਮ ਚੌਦਾਂ ਕੁ ਸਾਲਾਂ ਦੀ ਮਲੂਕ  ਜਿਹੀ ਕੁੜੀ ਹੈ  ।ਅੱਠਵੀਂ ਜਮਾਤ ਵਿੱਚ ਪੜ੍ਹਦਿਆਂ ਉਸ ਨੂੰ ਦਸੰਬਰ ਮਹੀਨੇ ਦੀਆਂ ਵੱਡੇ ਦਿਨਾਂ ਦੀਆਂ ਛੁੱਟੀਆਂ ਹੋ ਜਾਂਦੀਆਂ ਹਨ। ਘਰ ਵਿੱਚ ਰਹਿਣ ਕਰਕੇ ਉਹ ਆਪਣੀ ਮਾਂ ਨਾਲ  ਘਰ ਦੇ ਕੰਮ- ਧੰਦੇ ਵਿੱਚ ਹੱਥ ਵਟਾਉਂਦੀ ਹੈ। ਮਾਂ ,ਪਰਮ ਨੂੰ ਘਰ ਦੇ ਛੋਟੇ- ਛੋਟੇ ਕੰਮ ਕਰਨ ਨੂੰ ਕਹਿ ਦਿੰਦੀ ਹੈ ,ਕਿਉਂਕਿ ਉਸ ਦੇ ਵੱਡੇ ਭੈਣ- ਭਰਾ ਆਪਣੇ ਆਪਣੇ ਰੋਜ਼ਾਨਾ ਦੇ ਕੰਮਾਂ ਵਿੱਚ ਰੁੱਝੇ ਰਹਿੰਦੇ ਸਨ ।ਸਿਆਲ ਦੇ ਦਿਨ ਬੇਹੱਦ ਠੰਡੇ ਅਤੇ ਛੋਟੇ  ਹੋਣ ਕਰਕੇ  ਉਨ੍ਹਾਂ ਦਾ ਸਮਾਂ ਖੇਤ ਦੇ ਕੰਮਾਂ ਵਿੱਚ ਹੀ ਲੰਘ ਜਾਂਦਾ । ਉਨ੍ਹਾਂ ਕੋਲ ਸਮੇਂ ਦੀ ਘਾਟ ਪੈ ਜਾਂਦੀ। ਉਸ ਸਮੇਂ ਪਰਮ ਆਪਣੀ ਮਾਂ ਦੇ ਨਾਲ  ਮਾਂ ਛੋਟੇ -ਛੋਟੇ ਕੰਮਾਂ ਵਿੱਚ ਉਨ੍ਹਾਂ ਦਾ ਹੱਥ ਵਟਾਉਂਦੀ ਸੀ  ।ਉਹ ਸਵੇਰੇ -ਸ਼ਾਮ ਧੂਫ਼ ਬੱਤੀ ਕਰਦੀ , ਕੱਚੀ ਲੱਸੀ ਦਾ ਛਿੱਟਾ ਦਿੰਦੀ ਤੇ ਪਾਣੀ ਕੋਲੇ ‘ ਤੇ ਡੋਲਦੀ  ਇਹੋ ਜਿਹੇ ਨਿੱਕੇ- ਨਿੱਕੇ ਕੰਮਾਂ ਚੋਂ ਹੀ ਇਕ ਕੰਮ ਸੀ  ,ਨਿੱਤ ਦਿਨ ਗੁਰੂ ਘਰ ਚੋਂ ਪਿੰਡ ਦੇ ਘਰਾਂ ਵਿਚ ਆਉਣ ਵਾਲੇ  ਗੁਰੂ ਘਰ ਦੇ ਸੇਵਾਦਾਰ ਨੂੰ ਦੁੱਧ ਅਤੇ ਪ੍ਰਾਸ਼ਾਦੇ ਦੀ ਸੇਵਾ ਕਰਨਾ। ਜਦੋਂ ਹੀ ਸੀ  ਸੇਵਾਦਾਰ ਪਰਮ ਦੇ ਘਰ ਦੇ ਅੰਦਰ ਆ ਕੇ (ਪਿੰਡਾਂ ਵਿਚ ਬਗੈਰ ਇਜਾਜ਼ਤ ਦੀ ਘਰ ਦੇ ਅੰਦਰ ਆਉਣ ਦਾ ਰਿਵਾਜ ਹੈ। ਪਿੰਡਾਂ ਦੇ ਘਰਾਂ ਨੂੰ  ਦੇ ਬਾਹਰਲੇ ਦਰਵਾਜ਼ੇ ਸਾਰਾ ਦਿਨ ਖੁੱਲ੍ਹੇ ਹੀ ਰਹਿੰਦੇ ਹਨ । )ਸਤਨਾਮ ਵਾਹਿਗੁਰੂ ਕਹਿੰਦਾ ਤਾਂ ਉਹ ਤੇਜ਼ੀ ਨਾਲ ਝਲਾਨੀ ਦੇ ਅੰਦਰ ਜਾਲੀ ਵਿੱਚ ਪਈ ਦੁੱਧ ਦੀ ਗੜਵੀ( ਜੋ ਮੱਝਾਂ ਦੀਆਂ ਧਾਰਾਂ ਕੱਢਣ ਦੇ ਤੁਰੰਤ  ਬਾਅਦ ਭਰ ਕੇ ਰੱਖ ਦਿੱਤੀ ਜਾਂਦੀ ਸੀ )ਚੁੱਕਦੀ, ਪੋਣੇ ਚੋਂ ਇੱਕ ਰੋਟੀ ਕੱਢ ਕੇ ਵਾਹੋ -ਦਾਹੀ ਭੱਜਦੀ  , ਭੱਜ ਕੇ ਸੇਵਾਦਾਰ ਨੂੰ ਫੜਾ ਦਿੰਦੀ ।ਉਹ ਸੇਵਾਦਾਰ ਦੇ ਛੇਤੀ ਨਾਲ ਘਰ ਚੋਂ ਬਾਹਰ ਨਿਕਲਣ ਦਾ ਇੰਤਜ਼ਾਰ ਕਰਦੀ ।ਅੰਦਰੋਂ - ਅੰਦਰੀ ਕਾਹਲੀ ਜਿਹੀ ਪੈਣ ਲੱਗਦੀ ।ਜਦੋਂ ਸੇਵਾਦਾਰ ਉੱਥੋਂ ਚਲਿਆ ਜਾਂਦਾ ਤਾਂ ਉਹ ਸੋਚਾਂ ਵਿੱਚ ਡੁੱਬ ਜਾਂਦੀ। ਕਦੇ ਉਹ ਸੋਚਦੀ,  “ਕੱਲ੍ਹ   ਨੂੰ ਮੈਂ ਬਾਬਾ ਜੀ ਨੂੰ ਕਹਿ ਹੀ ਦੇਣਾ ਹੈ ਕਿ  ਸਾਡੀ ਮੱਝ ਹੁਣ ਤੋਕੜ ਹੋ ਗਈ ਹੈ। ਦੁੱਧ ਘੱਟ ਦੇਣ ਲੱਗ ਗਈ ਹੈ  ।ਸਿਆਲਾਂ ਦੇ ਦਿਨ ਹੋਣ ਕਰਕੇ ਅਸੀਂ ਰੋਟੀ ਵੀ ਹੁਣ ਦੇਰੀ ਨਾਲ ਪਕਾਉਂਦੇ ਹਾਂ  ।ਤੁਸੀਂ ਹੁਣ ਸਾਡੇ ਘਰ ਨਾ ਆਇਆ ਕਰੋ  ।“ਅਜਿਹੀਆਂ ਪ੍ਰਸਥਿਤੀਆਂ ਦੇ ਵਸ ਪੈ ਕੇ ਪਰਮ ਦਾ ਬਾਲ ਮਨ ਇਕ ਮਨ ਦੀ ਵੇਦਨਾ ਦੀ ਪੀੜ ਹੰਢਾ ਰਿਹਾ ਸੀ। ਉਸ ਦੇ ਦਿਲ ਦਿਮਾਗ ਵਿੱਚ  ਅਚਨਚੇਤੇ ਹੀ ਇੱਕ ਵਹਿਮ ਘਰ ਕਰ ਗਿਆ ਸੀ ,ਜੋ ਇਸ ਉਮਰੇ ਅਕਸਰ ਹੀ ਕਮਜ਼ੋਰ ਭਾਵਨਾਵਾਂ ਵਾਲੇ ਇਨਸਾਨ ,ਬੇਸ਼ੱਕ ਉਹ  ਹੋਵੇ ਨਰ ਹੋਵੇ ਜਾਂ ਮਾਦਾ  ਦੋਵਾਂ ਦਾ ਹੀ ਮਾਨਸਿਕ ਸੰਤੁਲਨ ਵਿਗਾੜ ਦਿੰਦਾ ਹੈ। ਛੋਟੀ ਜਿਹੀ ਘਟਨਾ ਵੀ ਉਸ ਦੇ ਮਨ ਨੂੰ ਡਰ ਅਤੇ ਸਹਿਮ ਅੰਦਰ ਜਕੜ  ਲੈਂਦੀ ਹੈ  ।ਅਜਿਹਾ ਹੀ ਇੱਕ ਡਰ ਪਰਮ ਦੇ ਸੀਨੇ ਅੰਦਰ ਘਰ ਕਰ ਕੇ ਬੈਠ ਗਿਆ ਸੀ ।ਉਹ ਗੁਰੂ ਘਰ ਦੇ ਸੇਵਾਦਾਰ, ਜੋ ਉਨ੍ਹਾਂ ਦੇ ਘਰ ਰੋਜਾਨਾ ਹੀ ਆਉਂਦਾ ਸੀ  ।ਇਕ ਦਿਨ ਉਹ ਆਪਣੀ ਮਾਂ ਨੂੰ ਉਸ ਸੇਵਾਦਾਰ ਨੂੰ ਦੁੱਧ ਪ੍ਰਸ਼ਾਦਾ ਫੜਾਉਣ ਤੋਂ ਬਾਅਦ ਉਸ ਦੇ ਨਾਲ ਹੱਸ -ਹੱਸ ਕੇ ਗੱਲਾਂ ਕਰਦਿਆਂ ਦੇਖਦੀ ਹੈ  ।ਉਸ ਹਾਲਤ ਦੇ ਵਿੱਚ ਪਰਮ ਕਿਸੇ ਸ਼ੱਕ ਦੇ ਨਾਲ ਭਰ ਜਾਂਦੀ ਹੈ  ।ਉਹ ਲੁਕ- ਲੁਕ ਕੇ ਆਪਣੀ ਮਾਂ ਅਤੇ ਸੇਵਾਦਾਰ ‘ਤੇ ਨਿਗ੍ਹਾ ਰੱਖਣ ਲੱਗਦੀ ਹੈ  ।ਹੁਣ ਜਦੋਂ ਵੀ ਸੇਵਾਦਾਰ ਸਤਨਾਮ- ਵਾਹਿਗੁਰੂ ਦੀ ਆਵਾਜ਼ ਦਿੰਦਾ ਹੈ ਤਾਂ, ਮਾਂ ਪਰਮ ਨੂੰ ਆਵਾਜ਼ ਦਿੰਦੀ ਹੈ , “ਕੁੜੇ ਪਰਮ ਕਿੱਥੇ ਚਲੀ ਜਾਂਦੀ ਹੈ  ,ਆਹ ਭਾਈ ਜੀ ਨੂੰ ਪ੍ਰਸ਼ਾਦਾ ਫੜਾ ਕੇ ਆ  ,ਪਤਾ ਹੀ ਨਹੀਂ ਅੱਜਕੱਲ੍ਹ ਇਸ ਕੁੜੀ ਨੂੰ ਕੀ ਹੋ ਗਿਆ ਹੈ  ।ਇਸ ਨਿੱਕੇ ਜਿਹੇ ਕੰਮ ਤੋਂ ਵੀ ਟਾਲ ਮਟੋਲ ਕਰਨ ਲੱਗੀ ਹੈ  ।“ਪਰਮ ਗੱਲ ਨੂੰ ਅਣਸੁਣੀ ਕਰ ਦਿੰਦੀ ਹੈ  ।ਸੇਵਾਦਾਰ ਐਨੀ ਗੱਲ ਸੁਣ ਕੇ ਸਤਨਾਮ ਵਾਹਿਗੁਰੂ ਬੋਲਦਾ ਹੈ  ।ਆਖ਼ਰ ਪਰਮ ਦੀ ਮਾਂ ਆਪ ਹੀ ਉੱਠ ਕੇ ਸੇਵਾਦਾਰ ਨੂੰ ਰੋਟੀ ਅਤੇ ਦੁੱਧ ਫੜਾ ਦਿੰਦੀ ਹੈ  ।ਸੇਵਾਦਾਰ  ਖੱਦਰ ਦੇ ਕੱਪੜੇ ਨਾਲ ਬਣੀ ਇੱਕ ਬਗਲੀ ਜਿਹੀ ਜੋ ਉਸ ਨੇ ਮੋਢਿਆਂ ਤੇ ਟੰਗੀ ਹੁੰਦੀ ,ਉਸ ਵਿਚ ਰੋਟੀ ਰੱਖ ਕੇ ਢੱਕ ਦਿੰਦਾ ਹੈ  । ਪੌਣਾਂ ਬੰਨ੍ਹ ਕੇ ਢਕੀ ਹੋਈ ਬਾਲਟੀ ਵਿੱਚ ਗੜਵੀ ਦੁੱਧ ਦੀ ਉਲਟਾ ਦਿੰਦਾ ਹੈ। ਦੁੱਧ ਪੋਣੇ ਰਾਹੀਂ ਪੁਣ ਕੇ ਬਾਲਟੀ ਅੰਦਰ   ਚਲਿਆ ਜਾਂਦਾ ਹੈ ਤੇ ਸੇਵਾਦਾਰ ਸਤਨਾਮ ਵਾਹਿਗੁਰੂ  ਵਾਹਿਗੁਰੂ ਬੋਲਦਾ ਹੈ ।ਇਹ ਉਸ ਦਾ ਨਿੱਤ ਨੇਮ ਕਾਰਜ ਸੀ  ।

                     ਹੁਣ ਜਦੋਂ ਵੀ ਸੇਵਾਦਾਰਉਨ੍ਹਾਂ ਦੇ ਘਰ ਆਉਂਦਾ  ਤਾਂ ਪਰਮ ਉਸ ਨੂੰ ਲੁਕ -ਲੁਕ ਕੇ ਦੇਖਦੀ ਰਹਿੰਦੀ ਸੀ ।ਪਰਮ ਦੀ ਮਾਂ ਸੇਵਾਦਾਰ ਦੇ ਆਉਂਦਿਆਂ ਹੀ ਇੱਕ ਖ਼ੁਸ਼ੀ ਜਿਹੀ ਨਾਲ ਭਰ ਜਾਂਦੀ ।ਸੇਵਾਦਾਰ ਅਤੇ ਪਰਮ  ਦੀ ਮਾਂ  ਇੱਕ ਦੂਜੇ ਨੂੰ ਚੁੱਪ -ਚਾਪ ਮੋਹ ਭਰੀ ਨਜ਼ਰ ਨਾਲ ਦੇਖਦੇ ਤੇ ਇਕ ਸਰੂਰ ਜਿਹੇ ਨਾਲ ਭਰ ਜਾਂਦੇ  ।ਪਰਮ ਦੀ ਮਾਂ ਇਕ ਸਰਦੇ ਪੁੱਜਦੇ ਜ਼ਿਮੀਂਦਾਰ ਦੀ ਨੂੰਹ ਸੀ । ਉਹ ਵਿਆਹ ਕੇ ਆਉਂਦਿਆਂ ਹੀ ਜ਼ਿੰਮੇਵਾਰੀਆਂ ਦੀਆਂ ਚੱਕੀਆਂ ਵਿੱਚ ਪਿਸਣ ਲੱਗ ਗਈ ਸੀ  ।ਆਮ ਸਰਦੇ -ਪੁਜਦੇ ਘਰਾਂ ਦੀ ਤਰ੍ਹਾਂ ਪਰਮ ਦੇ ਘਰ ਦਾ ਵੀ ਇਹੀ ਹਾਲ ਸੀ ਕਿ ਔਰਤਾਂ ਨੂੰ ਘਰ ਦੇ ਅੰਦਰ ਹੀ ਡੱਕ ਕੇ ਰੱਖਿਆ ਜਾਂਦਾ ਸੀ। ਉਹ ਸਿਰਫ਼ ਘਰ ਦੇ ਕੰਮ -ਕਾਜ  ਹੀ ਕਰਦੀਆਂ ਸਨ  ।ਅਜਿਹੇ ਹਾਲਾਤਾਂ ਵਿੱਚ ਕਿਸੇ  ਇਨਸਾਨ  ਦਾ ਵੀ  ਆਪਣੇ ਮਨ ਦੇ ਚੈਨ ਸਕੂਨ ਲਈ ਪਟੜੀ ਤੋਂ ਉਤਰ ਜਾਣਾ ਕੋਈ ਵੱਡੀ ਗੱਲ ਵੀ ਨਹੀਂ ਸੀ  ਹੋ ਸਕਦੀ  ।ਸ਼ਾਇਦ ਪਰਮ ਦੀ ਮਾਂ ਨੂੰ ਵੀ ਉਸ ਸੇਵਾਦਾਰ ਦੀ ਮੋਹ ਭਰੀ ਤੱਕਣੀ ਚੋਂ ਮਨ ਦੇ ਵਲਵਲੇ ਸ਼ਾਂਤ ਕਰਨ ਦੀ ਦਵਾ ਮਿਲ ਗਈ ਹੋਵੇ  ।

        ਪਰਮ ਸੋਚਦੀ ਰਹਿੰਦੀ , “ਇਹ ਬਾਬਾ ਦੁਨੀਆਂ ਜਹਾਨ ਛੱਡ ਕਿਉਂ ਨਹੀਂ ਦਿੰਦਾ। ਇਹ ਮੇਰੀ ਮਾਂ ਨੂੰ ਲੈ ਕੇ ਕਿਧਰੇ ਭੱਜ ਹੀ ਜਾਵੇਗਾ ।ਮੇਰੀ ਮਾਂ ਬਾਬੇ ਦੇ ਇਸ਼ਕ ਵਿੱਚ  ਕੀ ਪਤਾ ਕੀ ਕਰ ਜਾਵੇ  ।“ਅਜਿਹੀ ਉਧੇੜ ਬੁਣ ਦੇ ਚੱਕਰਾਂ ਵਿਚ ਪਈ ਪਰਮ ਮਾਨਸਿਕ ਤੌਰ ਤੇ ਬਿਮਾਰ ਹੋ ਚੁੱਕੀ ਸੀ ।ਉਸ ਦੇ ਦਿਨ ਦਾ ਆਰਾਮ ਰਾਤਾਂ ਦੀ ਨੀਂਦ  ਉੱਡ ਚੁੱਕੀ ਸੀ  ।ਹੁਣ ਉਸ ਨੂੰ ਗੁਰੂ ਘਰ ਦੇ ਸਪੀਕਰ ਦੀ ਆਵਾਜ਼ ਬਿਲਕੁਲ ਵੀ ਚੰਗੀ ਨਹੀਂ ਲੱਗਦੀ ਸੀ ।ਇਹ ਆਵਾਜ਼ ਉਸ ਨੂੰ ਮੌਤ ਦਾ ਕੋਈ ਮਾਤਮ ਗਾਉਂਦੀ ਲੱਗਦੀ ਸੀ  ।ਘਰ ਦੇ ਪਿਛਵਾੜੇ ਬਣੀ ਹੋਈ ,ਤੂੜੀ ਵਾਲੀ ਸਵਾਤ ਵਿਚ ਜਾ ਕੇ ਉਸ ਨੂੰ ਗੁਰੂ ਘਰ ਦੇ ਸਪੀਕਰ ਚੋਂ ਆਉਂਦੀ ਗੁਰੂ ਬਾਣੀ ਦੀ ਅਵਾਜ਼ ਸੁਣਨੋਂ ਬੰਦ ਹੋ ਗਈ ਸੀ  ।ਉਹ ਇੱਕ ਮਾਨਸਿਕ ਬੋਝ ਦੇ ਥੱਲੇ ਏਨੀ ਦੱਬ ਗਈ ਸੀ ਕਿ ਉਸ ਦੇ ਕੰਨ ਹੀ ਬੋਲੇ ਹੋ ਗਏ ਸਨ  ।ਸਰੀਰ ਸੁੰਨ ਹੋ ਰਿਹਾ ਸੀ। ਉਹ ਨਿੰਮੋਝਾਣੀ ਹੋਈ, ਖਿੱਲਰੇ ਵਾਲ, ਸਾਹ ਸੱਤ ਨਿਕਲਿਆ ਹੋਇਆ ਸਰੀਰ ਲੈ ਕੇ ਕੰਧ ਨਾਲ ਢੋਅ ਲਾ ਕੇ ਖੜ੍ਹ ਜਾਂਦੀ ਹੈ  । ਕੁਝ ਪਲਾਂ ਬਾਅਦ ਉਹ ਲੀਰੋ -ਲੀਰ ਹੋਈ  ਹੌਲੀ- ਹੌਲੀ  ਅੱਖਾਂ ਖੋਲ੍ਹਦੀ ਹੈ ਅਤੇ ਸਵਾਤ ਦੇ ਨਾਲ ਵਾਲੇ ਸਿਰਕੀਆਂ ਵਾਲੇ ਛੱਤੜੇ ਵਿੱਚ ਚਲੀ ਜਾਂਦੀ ਹੈ  ।ਉਹ ਉੱਥੇ ਪਈ ਇੱਕ ਸਪਰੇਅ ਵਾਲੀ ਸ਼ੀਸ਼ੀ ਚੁੱਕਦੀ ਹੈ ਅਤੇ ਇੱਕੋ ਹੀ ਸਾਹੇ ਗੱਟ- ਗੱਟ ਕਰਕੇ ਪੀ ਜਾਂਦੀ ਹੈ  ।ਦਿਨ ਚੜ੍ਹਦਿਆਂ ਹੀ ਪਰਿਵਾਰ ਵਿੱਚ ਚੀਕ- ਚੰਘਿਆੜਾ ਪੈ ਜਾਂਦਾ ਹੈ  ।ਇਸ ਮਲੂਕ ਜਿਹੀ ਜਿੰਦ ਦੇ   ਮੌਤ ਦੇ ਕਾਰਨਾਂ ਦਾ  ਕਿਸੇ ਨੂੰ ਵੀ ਕੁਝ ਪਤਾ ਨਹੀਂ ਲੱਗਦਾ ।ਇੱਕ ਮਾਨਸਿਕ ਪੀੜ ਹੰਢਾਅ ਰਹੀ ਜਵਾਨ ਕੁੜੀ ਦੀ ਮੌਤ ਜਿੰਨੇ ਮੂੰਹ ਓਨੀਆਂ ਗੱਲਾਂ ਹੋਣ ਲੱਗਦੀਆਂ ਹਨ  ………

ਵੀਰਪਾਲ ਕੌਰ ਕਮਲ 

8569001590

ਜੋ ਸੂਰਜ ਦੇ ਚੜ੍ਹਨ ਤੋਂ ਪਹਿਲਾਂ ਆਪਣੇ ਕੰਮ ਵੱਲ ਤੁਰ ਪੈਂਦੇ ਹਨ ਉੁਨ੍ਹਾਂ ਨੂੰ ਗੁੱਟ ਉੱਤੇ ਕਦੇ ਘੜੀ ਦਾ ਭਾਰ ਨਹੀਂ ਚੁੱਕਣਾ ਪੈਂਦਾ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਦੋਸਤੋਂ ਅਕਸਰ ਹੀ ਕਿਹਾ ਜਾਂਦਾ ਹੈ ਕਿ ਉਹੀ ਇਨਸਾਨ ਜ਼ਿੰਦਗੀ ਵਿੱਚ ਕਾਮਯਾਬ ਹੁੰਦੇ ਹਨ ਜੋ ਸਮੇਂ ਦੇ ਪਾਬੰਦ ਹੁੰਦੇ ਹਨ। ਸਮਾਂ ਬਹੁਤ ਜ਼ਰੂਰੀ ਹੈ।ਜੇਕਰ ਇੱਕ ਵਾਰ ਸਮਾਂ ਲੰਘ ਜਾਵੇ ਤਾਂ ਮੁੜ ਵਾਪਿਸ ਨਹੀਂ ਆਉਂਦਾ।ਜਿੰਮੇਵਾਰੀ ਮਨੁੱਖ ਨੂੰ ਸਮਝਦਾਰ ਬਣਾ ਦਿੰਦੀ ਹੈ ।ਜੋ ਵਿਅਕਤੀ ਸਾਜਰੇ ਸੂਰਜ ਚੜ੍ਹਨ ਤੋਂ ਪਹਿਲਾ ਹੀ ਆਪਣੇ ਕੰਮਾਂ ਵੱਲ ਤੁਰ ਪੈਂਦੇ ਹਨ ਸ਼ਾਮ ਨੂੰ ਤ੍ਰਿਕਾਲਾਂ ਪੈਣ ਤੇ ਵਾਪਿਸ ਪਰਤਦੇ ਹਨ ਉਹ ਜ਼ਿੰਦਗੀ ਵਿੱਚ ਕਦੇ ਵੀ ਅਸਫ਼ਲ ਨਹੀਂ ਹੁੰਦੇ ।ਹਮੇਸ਼ਾ ਮੰਜ਼ਿਲ ਨੂੰ ਹਾਸਿਲ ਕਰਕੇ ਵਾਪਿਸ ਮੁੜਦੇ ਹਨ।ਜਿੰਨਾਂ ਅੰਦਰ ਕੁੱਝ ਕਰਨ ਦਾ ਜਜ਼ਬਾ ਕੁੱਟ -ਕੁੱਟ ਕੇ ਭਰਿਆ ਹੁੰਦਾ ਹੈ ਉਹ ਕਦੇ ਵੀ ਕੰਮ ਕਰਨ ਲਈ ਸਮਾਂ ਨਹੀਂ ਦੇਖਦੇ ਸਗੋਂ ਕੰਮ ਮੁਕਾ ਕੇ ਸਮਾਂ ਦੇਖਦੇ ਹਨ ।ਮਨੁੱਖ ਦੇ ਚੰਗੇ ਮਾੜੇ ਹਾਲਾਤ ਹੀ ਉਸਨੂੰ ਮਜ਼ਬੂਤ ਬਣਾਉਂਦੇ ਹਨ ਆਪਣਿਆਂ ਦੀ ਪਹਿਚਾਣ ਕਰਵਾਉਂਦੇ ਹਨ ।ਜੋ ਲੋਕ ਮਿਹਨਤ ਵਿੱਚ ਜੁਟ ਜਾਂਦੇ ਹਨ ਉਹਨਾਂ ਨੂੰ ਪਤਾ ਹੀ ਨਹੀਂ ਚੱਲਦਾ ਇੱਧਰ-ਉੱਧਰ ਕੀ ਚਲ ਰਿਹਾ ਹੈ ਕਿਉਂਕਿ ਉਹਨਾਂ ਦਾ ਸਾਰਾ ਧਿਆਨ ਆਪਣੀ ਮੰਜਿਲ ਪ੍ਰਾਪਤੀ ਦੇ ਉਦੇਸ਼ ਵੱਲ ਹੁੰਦਾ ਹੈ ।ਅਕਸਰ ਹੀ ਸੁਣਨ ਵਿੱਚ ਆਇਆ ਹੈ ਕਿ ਜੇਕਰ ਸੁਪਨੇ ਪੂਰੇ ਕਰਨੇ ਹੋਣ ਤਾਂ ਸੁਪਨੇ ਖੁੱਲ੍ਹੀਆਂ ਅੱਖਾਂ ਨਾਲ ਦੇਖਣੇ ਚਾਹੀਦੇ ਹਨ ।ਨਾ ਕਿ ਬੰਦ ਅੱਖਾਂ ਨਾਲ ।ਜੋ ਲੋਕ ਸਵੇਰੇ ਅੱਠ-ਨੌ ਵਜੇ ਤੱਕ ਬਿਸਤਰਾ ਮੱਲ ਕੇ ਪਏ ਰਹਿੰਦੇ ਹਨ ਉਹ ਲੋਕ ਆਲਸੀ ਹੋ ਜੋ ਜਾਦੇ ਹਨ ।ਜਿੰਮੇਵਾਰੀ ਤੋਂ ਭੱਜਦੇ ਹਨ ।ਪਹਿਲਾ ਸਮਾਂ ਹੋਰ ਸੀ ।ਦਾਦੀ ਮਾਂ ਦੱਸਿਆ ਕਰਦੀ ਸੀ ਕਿ ਪਾਠੀ ਸਿੰਘ ਦੇ ਬੋਲਣ ਤੇ ਪਹਿਲਾਂ ਸਵੇਰੇ ਸਾਜਰੇ ਉੱਠਣਾ, ਦੁੱਧ ਰਿੜਕਣਾ ,ਡੰਗਰਾਂ ਨੂੰ ਪੱਠੇ ਪਾਉਣੇ , ਧਾਰਾ ਕੱਢਣੀਆਂ ,ਗੋਹਾ ਕੂੜਾ ਸੁੱਟਣਾ ਆਦਿ ਕੰਮ ਸੂਰਜ ਚੜ੍ਹਨ ਤੋਂ ਪਹਿਲਾ ਹੋਇਆਂ ਕਰਦੇ ਸਨ।ਕਿਸਾਨ ਖੇਤਾਂ ਵੱਲ ਚਲੇ ਜਾਂਦੇ ਸਨ।ਘਰ ਦੀਆਂ ਸੁਆਣੀਆਂ ਘਰ-ਦੇ ਕੰਮਾਂ ਵਿੱਚ ਰੁੱਝ ਜਾਂਦੀਆਂ ਸਨ।ਸਮੇਂ ਦਾ ਅੰਦਾਜ਼ਾ ਵੀ ਪਰਛਾਵਾਂ ਦੇਖ ਕੇ ਹੀ ਲਾਇਆ ਜਾਂਦਾ ਸੀ।ਮੇਰੀ ਦਾਦੀ ਵੀ ਸਵੇਰੇ ਚਾਰ ਕੁ ਵਜੇ ਉੱਠ ਕੇ ਚਾਹ ਪੀਕੇ ਦੁੱਧ ਰਿੜਕਨ ਲਈ ਚਾਟੀ ਵਿੱਚ ਮਧਾਣੀ ਪਾ ਦਿੰਦੇ ਸਨ ਉਹ ਸਮੇਂ ਦਾ ਅੰਦਾਜ਼ਾ ਪਰਛਾਵਾਂ ਦੇਖ ਕੇ ਲਗਾਉਂਦੇ ਸਨ।ਪਹਿਲਾ ਲੋਕ ਆਪਣੇ ਕੰਮਾਂ ਵਿੱਚ ਏਨੇ ਵਿਆਸਤ ਰਹਿੰਦੇ ਸਨ ਕਿ ਸਮੇਂ ਦਾ ਪਤਾ ਹੀ ਨਹੀਂ ਚੱਲਦਾ ਸੀ।ਪਰ ਅੱਜ ਸਮਾਂ ਬਦਲ ਗਿਆ ਹੈ ਕਿ ਅੱਜ ਦਾ ਵਿਅਕਤੀ ਘੜੀ ਪਹਿਲਾ ਦੇਖਦਾ ਹੈ ਕੰਮ ਬਾਅਦ ਵਿੱਚ ਸ਼ੁਰੂ ਕਰਦਾ ਹੈ ।ਪੁਰਾਣੇ ਸਮੇਂ ਵਿੱਚ ਕੰਮ ਹੀ ਪੂਜਾ ਹੁੰਦਾ ਸੀ।ਤਾਹੀਓ ਸਾਰੇ ਪਰਿਵਾਰ ਖੁਸ਼ਹਾਲ ਰਹਿੰਦੇ ਸਨ।ਅੱਜ ਪਰਿਵਾਰਾਂ ਨੂੰ ਪਾਲਣਾ ਬਹੁਤ ਔਖਾ ਹੋ ਗਿਆ ਹੈ ਕਿਉਂਕਿ ਅੱਜ ਕੱਲ ਲੋਕ ਐਸੋ ਅਰਾਮ ਜ਼ਿਆਦਾ ਭਾਲਦੇ ਹਨ ਕੰਮ ਘੱਟ ਕਰਦੇ ਹਨ ।ਜੋ ਮਿਹਨਤ ਵਿੱਚ ਵਿਸ਼ਵਾਸ ਨਹੀਂ ਕਰਦੇ ਉਹ ਜਲਦੀ ਹੀ ਉਦਾਸ ਹੋ ਜਾਂਦੇ ਹਨ ।ਜੋ ਲੋਕ ਮੰਜਿਲ ਨੂੰ ਪ੍ਰਾਪਤ ਕਰਨ ਦਾ ਬੀੜਾ ਸਿਰ ਉੱਪਰ ਚੁੱਕ ਕੇ ਚੱਲਦੇ ਹਨ ਉਹ ਕਦੇ ਵੀ ਘੜੀ ਦੀਆਂ ਸੂਈ ਵੱਲ ਨਜ਼ਰ ਨਹੀਂ ਮਾਰਦੇ ।ਨਾ ਹੀ ਧੁੱਪ ਦੇਖਦੇ ਹਨ ਨਾ ਹੀ ਛਾਂ ਨਾ ਹੀ ਠੰਡ ਨਾ ਹੀ ਉਹਨਾਂ ਉੱਪਰ ਗਰਮੀ ਤੇ ਮੀਂਹ ਹਨ੍ਹੇਰੀ ਦਾ ਕੋਈ ਅਸਰ ਹੁੰਦਾ ਹੈ ।ਦੋਸਤੋਂ ਆਪਣੀ ਮੰਜਿਲ ਲਈ ਉਦੇਸ਼ ਦੀ ਪ੍ਰਾਪਤੀ ਲਈ ਕੋਸ਼ਿਸ਼ ਕਰੋ ਜ਼ਿੰਦਗੀ ਦਾ ਮਿਲਿਆ ਹਰ ਪਲ ਤੁਹਾਡੇ ਲਈ ਕੀਮਤੀ ਹੈ ।
ਗਗਨਦੀਪ ਕੌਰ ਧਾਲੀਵਾਲ ।

ਪਦਮਸ਼੍ਰੀ ਵਿਕਰਮਜੀਤ ਸਾਹਨੀ ਨੇ ਆਸਾ ਸਿੰਘ ਮਸਤਾਨਾ ਨੂੰ ਆਪਣੇ ਨਵੇਂ ਗੀਤ 'ਸੰਜਣਾ ਵੀ ਤੁੱਰ ਜਾਣਾ' ਨਾਲ ਸ਼ਰਧਾਂਜਲੀ ਭੇਟ ਕੀਤੀ  

ਮਹਾਨ ਗਾਇਕਾਂ ਅਤੇ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਇਸ ਰਿਵਾਜ਼ ਨੂੰ ਅੱਗੇ ਵਧਾਉਂਦੇ ਹੋਏ ਪਦਮ ਸ਼੍ਰੀ ਤੋਂ ਸਮਮਾਨਿਤ ਵਿਕਰਮਜੀਤ ਸਾਹਨੀ ਨੇ ਪੰਜਾਬ ਦੇ ਪ੍ਰਸਿੱਧ ਗਾਇਕ ਆਸਾ ਸਿੰਘ ਮਸਤਾਨਾ ਨੂੰ ਉਨ੍ਹਾਂ ਦੇ ਨਵੇਂ ਗੀਤ 'ਸੰਜਣਾ ਵੀ ਤੁੱਰ ਜਾਣਾ' ਨਾਲ ਸ਼ਰਧਾਂਜਲੀ ਭੇਟ ਕੀਤੀ ਹੈ ਜੋ ਮਸਤਾਨਾ ਦੇ ਗੀਤ 'ਜਦੋਂ ਮੇਰੀ ਅਰਥੀ' 'ਤੇ ਆਧਾਰਿਤ ਹੈ। ਵਰਲਡ ਪੰਜਾਬੀ ਸੰਗਠਨ ਦੇ ਅੰਤਰਾਸ਼੍ਟ੍ਰੀਯ ਪ੍ਰਧਾਨ ਵਿਕਰਮਜੀਤ ਸਾਹਨੀ ਅਤੇ ਮਸ਼ਹੂਰ ਗਾਇਕਾ ਜੋਤੀ ਨੂਰਾਨ ਵੱਲੋਂ ਗਾਯਾ ਗਿਆ 'ਤੂ ਹੀ ਇਕ ਤੂ' ਦੀ ਪ੍ਰਸ਼ੰਸਕਾਂ ਦੀ ਸਫਲਤਾ ਤੋਂ ਬਾਅਦ, ਜਿਸ ਨੇ 10 ਮਿਲੀਅਨ ਵਿਊਜ਼ ਨੂੰ ਪਾਰ ਕਰ ਲਿਆ ਹੈ। ਵਿਕਰਮਜੀਤ ਸਾਹਨੀ ਨੇ 28 ਨਵੰਬਰ 2021 ਨੂੰ ਵੀ ਪੰਜਾਬੀ ਰਿਕਾਰਡਜ਼ ਦੇ ਲੇਬਲ 'ਤੇ ਇਕ ਹੋਰ ਗੀਤ 'ਸੰਜਣਾ ਵੀ ਤੁੱਰ ਜਾਣਾ' ਰਿਲੀਜ਼ ਕੀਤਾ। ਗੀਤ ਦਾ ਵੀਡੀਓ ਸ੍ਰੀਮਤੀ ਪੂਜਾ ਗੁਜਰਾਲ ਦੁਆਰਾ ਨਿਰਦੇਸ਼ਤ ਹੈ ਅਤੇ ਪੰਡਿਤ ਸ਼ਿਵਰਾਮ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਵਿਕਰਮ ਸਾਹਨੀ ਨੇ ਆਪਣੀ ਆਵਾਜ਼ ਵਿੱਚ ਪ੍ਰਕਾਸ਼ ਸਾਥੀ ਦੇ ਲਿਖੇ ਬੋਲਾਂ ਨੂੰ ਵਿਚ ਹੋਰ ਜਾਨ ਪਾ ਦਿੱਤੀ ਹੈ। ਪੂਜਾ ਗੁਜਰਾਲ ਦੇ ਨਿਰਦੇਸ਼ਨ 'ਚ 'ਤੂੰ ਹੀ ਇਕ ਤੂ' ਅਤੇ 'ਸਜਨਾ ਵੇ ਤੁਰ ਜਾਨਾ' ਗੀਤਾਂ ਨਾਲ ਦਰਸ਼ਕਾਂ ਨੂੰ ਪੂਰੀ ਤਰ੍ਹਾਂ ਮੋਹਿਤ ਕਰ ਦਿੱਤਾ ਹੈ, ਕਿਉਂਕਿ ਇਸ ਗੀਤ ਦੇ ਸੈੱਟ ਦੇ ਡਿਜ਼ਾਈਨ ਦੀ ਖੂਬਸੂਰਤੀ ਨੇ ਮਾਹੌਲ ਨੂੰ ਸਿਰਜਿਆ ਹੈ ਜੋ ਗੀਤ ਦੀ ਅਸਲ ਭਾਵਨਾ ਨੂੰ ਵਧਾਉਂਦਾ ਹੈ। ਇਸ ਮੌਕੇ ਤੇ ਵਿਕਰਮਜੀਤ ਸਾਹਨੀ ਨੇ ਕਿਹਾ,"ਆਸ਼ਾ ਸਿੰਘ ਮਸਤਾਨਾ ਨੂੰ ਸ਼ਰਧਾਂਜਲੀ ਭੇਟ ਕਰਨਾ ਅਤੇ ਪੰਜਾਬ ਦੇ ਸੱਭਿਆਚਾਰਕ ਲੋਕ-ਵਿਰਸੇ ਨੂੰ ਅਮੀਰ ਸੰਗੀਤ ਅਤੇ ਪਰੰਪਰਾ ਰਾਹੀਂ ਪ੍ਰਫੁੱਲਤ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ।"ਇਹ ਗੀਤ 28 ਨਵੰਬਰ 2021 ਨੂੰ ਵੀ ਪੰਜਾਬੀ ਰਿਕਾਰਡਜ਼ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਸੀ।

ਹਰਜਿੰਦਰ ਸਿੰਘ  9463828000

ਪੰਜਾਬੀ ਮਾਂ-ਬੋਲੀ ਦਾ ਪਿਆਰਾ ਹਸਤਾਖਰ - ਪ੍ਰੋ.ਬੀਰ ਇੰਦਰ ਸਰਾਂ ✍️ ਸ਼ਿਵਨਾਥ ਦਰਦੀ

ਫ਼ਰੀਦਕੋਟ ਦੀ ਧਰਤੀ ਸ਼ਾਇਰਾਂ, ਕਵੀਆਂ ਤੇ  ਫ਼ਨਕਾਰਾਂ ਦੀ ਧਰਤੀ ਹੈ । ਜਿੱਥੇ ਅਨੇਕਾਂ ਹੀ ਪ੍ਰਸਿੱਧ ਗਾਇਕਾਂ, ਗੀਤਕਾਰਾਂ ਅਤੇ ਸਾਹਿਤਕਾਰਾਂ ਨੇ ਜਨਮ ਲਿਆ । ਜਿਨ੍ਹਾਂ ਨੇ ਦੇਸ਼ਾਂ-ਵਿਦੇਸ਼ਾਂ ਵਿਚ ਖੂਬ ਨਾਮਣਾ ਖੱਟਿਆ । ਬਾਬਾ ਫ਼ਰੀਦ ਜੀ ਦੀ ਚਰਨ ਛੋਹ ਧਰਤੀ, ਫ਼ਰੀਦਕੋਟ ਵਾਸੀਆਂ ਲਈ ਵਰਦਾਨ ਹੈ । ਜੋ ਵੀ ਇਸ ਧਰਤੀ ਦੀ ਗੋਦ ‘ਚ ਆਉਂਦਾ, ਓਹ ਕਿਸੇ ਨਾ ਕਿਸੇ ਖੇਤਰ ‘ਚ ਪ੍ਰਸਿੱਧੀ ਹਾਸਲ ਕਰਦਾ ਹੈ ।
  ਪ੍ਰੋ.ਬੀਰ ਇੰਦਰ ਸਰਾਂ ਜੀ ਅੱਜਕਲ੍ਹ ਦੇ ਉੱਘੇ ਸਾਹਿਤਕਾਰਾਂ ਵਿਚੋਂ ਇੱਕ ਹਨ । ਜੋ ਦਿਨ-ਰਾਤ ਪੰਜਾਬੀ ਮਾਂ-ਬੋਲੀ ਦੀ ਸੇਵਾ ਅਤੇ ਪ੍ਰਫੁੱਲਤਾ ਲਈ ਯਤਨਸ਼ੀਲ ਹਨ । ਜਿੱਥੇ ਉਹ ਇੱਕ ਸਾਹਿਤਕਾਰ ਵਜੋਂ ਆਪਣੀ ਪਹਿਚਾਣ ਬਣਾ ਚੁੱਕੇ ਹਨ, ਉੱਥੇ ਉਹਨਾਂ ਦਾ ਨਾਮ ਕਾਲਜ ਅਧਿਆਪਨ ਦੇ ਖੇਤਰ ਵਿੱਚ ਵੀ ਆਪਣੀ ਵਿਲੱਖਣ ਪਹਿਚਾਣ ਰੱਖਦਾ ਹੈ । ਉਹ ਪਿਛਲੇ ਇੱਕ ਦਹਾਕੇ ਤੋਂ ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਫ਼ਰੀਦਕੋਟ ਵਿਖੇ ਬਤੌਰ ਅਸਿਸਟੈਂਟ ਪ੍ਰੋਫ਼ੈਸਰ ਸੇਵਾ ਨਿਭਾਅ ਰਹੇ ਹਨ । ਉਹਨਾਂ ਦੇ ਪੜ੍ਹਾਏ ਹੋਏ ਵਿਦਿਆਰਥੀ, ਅਧਿਆਪਨ ਖੇਤਰ ਦੇ ਨਾਲ ਨਾਲ ਉੱਚ ਅਹੁਦਿਆਂ ਉੱਤੇ ਬਿਰਾਜਮਾਨ ਹਨ । ਉਹ ਸਮਾਜ ਸੇਵਾ ਦੇ ਕਾਰਜਾਂ ਵਿੱਚ ਵੀ ਸਮੇਂ ਸਮੇਂ ‘ਤੇ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਹਨ ।
  ਪ੍ਰੋ.ਬੀਰ ਇੰਦਰ ਸਰਾਂ ਜੀ ਦਾ ਜਨਮ 10 ਅਕਤੂਬਰ 1979 ਨੂੰ ਪੰਜਾਬ ਦੇ ਮਲੋਟ ਸ਼ਹਿਰ ਵਿਖੇ ਮਾਤਾ ਗੁਰਵਿੰਦਰ ਕੌਰ ਜੀ ਦੀ ਕੁੱਖੋਂ ਹੋਇਆ ਅਤੇ ਇਹਨਾਂ ਦੇ ਪਿਤਾ ਸ੍ਰ. ਸੁਰਜੀਤ ਸਿੰਘ ਜੀ ਜੋ ਕਿ ਪੰਜਾਬ ਸਿੱਖਿਆ ਵਿਭਾਗ ਵਿੱਚੋਂ ਬਤੌਰ ਸੁਪਰਡੈਂਟ ਸੇਵਾ-ਮੁਕਤ ਹੋਏ ਹਨ । ਜੇਕਰ ਪ੍ਰੋ. ਸਰਾਂ ਜੀ ਦੀ ਪੜ੍ਹਾਈ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਨੇ ਮੁੱਢਲੀ ਪੜ੍ਹਾਈ ਫ਼ਰੀਦਕੋਟ ਦੇ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਅਤੇ ਨਿਊ ਮਾਡਲ ਸੀਨੀਅਰ ਸੈਕੰਡਰੀ ਸਕੂਲ ਤੋਂ ਪ੍ਰਾਪਤ ਕੀਤੀ । ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਤੋਂ ਬੀ.ਏ. ਦੀ ਡਿਗਰੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ.ਏ (ਰਾਜਨੀਤੀ ਸ਼ਾਸਤਰ ਤੇ ਪੰਜਾਬੀ), ਸ਼ਹੀਦ ਊਧਮ ਸਿੰਘ ਕਾਲਜ ਆਫ਼ ਐਜੂਕੇਸ਼ਨ,ਸੁਨਾਮ ਤੋਂ ਬੀ.ਐਡ., ਰਿਆਤ ਬਾਹਰਾ ਕਾਲਜ ਆਫ਼ ਐਜੂਕੇਸ਼ਨ, ਖਰੜ (ਮੋਹਾਲੀ) ਤੋਂ ਐਮ.ਐਡ. ਅਤੇ ਯੂ.ਜੀ.ਸੀ. ਨੈੱਟ (ਐਜੂਕੇਸ਼ਨ) ਵਿੱਚ ਪਾਸ ਕੀਤਾ ਹੋਇਆ ਹੈ । ਇਸ ਤੋਂ ਇਲਾਵਾ ਪੀ.ਜੀ.ਡੀ.ਸੀ.ਏ., ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਅਤੇ ਹੋਰ ਕਈ ਕੰਪਿਊਟਰ ਕੋਰਸ ਵੀ ਪਾਸ ਕੀਤੇ ਹੋਏ ਹਨ ।
        ਪ੍ਰੋਫ਼ੈਸਰ ਸਾਹਿਬ ਅਕਸਰ ਹੀ ਰਾਸ਼ਟਰੀ, ਅੰਤਰਰਾਸ਼ਟਰੀ ਕਾਨਫ਼ਰੰਸਾਂ ਅਤੇ ਸੈਮੀਨਾਰਾਂ ਵਿੱਚ ਪੇਪਰ ਪੜ੍ਹਦੇ ਅਤੇ ਭਾਗ ਲੈਂਦੇ ਰਹਿੰਦੇ ਹਨ । ਉਹ ਅਧਿਆਪਨ ਖੇਤਰਾਂ, ਸਾਹਿਤ ਤੇ ਸੱਭਿਆਚਾਰਕ ਖੇਤਰਾਂ ਵਿੱਚ ਜੱਜਮੈਂਟ ਕਰਦੇ ਰਹਿੰਦੇ ਹਨ । ਆਪਣੀ ਅਣਥੱਕ ਮਿਹਨਤ ਨਾਲ ਆਪਣੇ ਕਾਲਜ, ਸਮਾਜ ਅਤੇ ਆਪਣੇ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ ‘ਚ ਅਨੇਕਾਂ ਹੀ ਸਨਮਾਨ ਦਿਵਾਉਂਦੇ ਰਹਿਣ ਦੇ ਨਾਲ ਨਾਲ ਹੌਂਸਲਾ ਅਫ਼ਜ਼ਾਈ ਕਰ ਅੱਗੇ ਵਧਾਉਂਦੇ ਰਹਿੰਦੇ ਹਨ।
        ਪ੍ਰੋ. ਬੀਰ ਇੰਦਰ ਸਰਾਂ ਜੀ  ਨੇ ਆਪਣੀ ਲੇਖਣੀ ਰਾਹੀਂ  ਦੇਸ਼ਾਂ ਵਿਦੇਸ਼ਾਂ ‘ਚ ਖ਼ੂਬ ਨਾਮਣਾ ਖੱਟਿਆ ਹੈ । ਰਾਜ-ਪੱਧਰੀ, ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਅਨੇਕਾਂ ਹੀ ਕਵੀ-ਦਰਬਾਰਾਂ, ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿਚ ਹਾਜ਼ਰੀ ਲਵਾ, ਪੰਜਾਬੀ ਮਾਂ-ਬੋਲੀ ਦਾ ਮਾਣ ਨਾਲ ਸਿਰ ਉੱਚਾ ਕੀਤਾ । ਕਈ ਸਾਰੇ ਕਾਵਿ-ਮੁਕਾਬਲਿਆਂ ਵਿੱਚ ਮੋਹਰੀ ਪੁਜੀਸ਼ਨਾਂ ਅਤੇ ਸਨਮਾਨ ਵੀ ਹਾਸਲ ਕੀਤੇ ਹਨ । ਸਾਂਝੇ ਕਾਵਿ-ਸੰਗ੍ਰਹਿ ‘ਬੋਲਦੇ ਅਲਫ਼ਾਜ਼’ ਦੇ ਪੰਨਿਆਂ ਚ ਏਨਾਂ ਦੇ ਬਾ-ਕਮਾਲ ਸ਼ਬਦ ,ਰਹਿਬਰ ਬਣ ਪਾਠਕਾਂ ਦੀ ਰਹਿਨੁਮਾਈ ਕਰਦੇ ਹਨ ।  ਇਸਦੇ ਨਾਲ ਹੀ ‘ਇਸ਼ਕ ਮਿਜ਼ਾਜੀ ਤੋਂ ਇਸ਼ਕ ਹਕੀਕੀ ਵੱਲ’ ਕਾਵਿ-ਸੰਗ੍ਰਹਿ ਦੁਆਰਾ ਸੰਪਾਦਕੀ ਦੇ ਖੇਤਰ ਵਿੱਚ ਵੀ ਪ੍ਰਵੇਸ਼ ਕਰ ਚੁੱਕੇ ਹਨ । ਜਲਦ ਹੀ ਆਉਣ ਵਾਲੇ ਚਾਰ-ਪੰਜ ਕਾਵਿ-ਸੰਗ੍ਰਹਿ, ਜੋ ਪਾਠਕਾਂ ਦੀ ਕਚਹਿਰੀ ਹਾਜ਼ਰ ਹੋਣ ਵਾਲੇ ਹਨ, ਉਹਨਾਂ ‘ਚ ਪ੍ਰੋਫ਼ੈਸਰ ਸਾਹਿਬ ਦੇ ਜਾਦੂਮਈ ਸ਼ਬਦ, ਰੂਹਾਂ ਦੀ ਪਿਆਸ ਬੁਝਾਉਣਗੇ ।
ਪ੍ਰੋਫ਼ੈਸਰ ਸਾਹਿਬ ਜ਼ਿੰਦਗੀ ਨੂੰ ਇਹਨਾਂ ਖੂਬਸੂਰਤ ਸ਼ਬਦਾਂ ਵਿੱਚ ਬਿਆਨ ਕਰਦੇ ਹਨ :-
ਸਾਰੀ ਜਿੰਦਗੀ
ਜਿੰਦਗੀ ਨੂੰ
ਜ਼ਿੰਦਗੀ ਵਿੱਚ
ਲੱਭਦਾ ਰਿਹਾ ਮੈਂ
ਬਸ ਇਹੀ ਤਾਂ......
ਮੇਰੀ ਜਿੰਦਗੀ ਹੈ
 
'ਗੁਰਮੁਖੀ ਦੇ ਵਾਰਿਸ' ਪੰਜਾਬੀ ਸਾਹਿਤ ਸਭਾ ਤੇ ਵੈਲਫ਼ੇਅਰ ਸੁਸਾਇਟੀ (ਰਜਿ) ਪੰਜਾਬ ਦੇ ਪ੍ਰੈਸ ਸਕੱਤਰ ਅਤੇ ਮੀਡੀਆ ਇੰਚਾਰਜ ਹਨ ਅਤੇ ਫ਼ਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਲ ਨਾਲ ਉਹ ਹਫ਼ਤਾਵਾਰੀ ਪੰਜਾਬੀ ਮੈਗਜ਼ੀਨ ‘ਗੁਰਮੁਖੀ ਦੇ ਵਾਰਿਸ’ ਦੇ ਸੰਪਾਦਕ ਵੀ ਹਨ । ਇਸ ਤੋਂ ਇਲਾਵਾ ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ ਫ਼ਰੀਦਕੋਟ ਦੇ ਪ੍ਰੈੱਸ ਸਕੱਤਰ ਵਜੋਂ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰ ਰਹੇ ਹਨ । ਇਸ ਦੇ ਨਾਲ ਨਾਲ ਵੱਖ-ਵੱਖ ਰਾਸ਼ਟਰੀ ਤੇ ਅੰਤਰਰਾਸ਼ਟਰੀ, ਸਾਹਿਤ ਸਭਾਵਾਂ ਦੇ ਮੈਂਬਰ ਬਣ ਪੰਜਾਬੀ ਸਾਹਿਤ ਵਿਚ ਯੋਗਦਾਨ ਪਾ ਰਹੇ ਹਨ । ਉਹ ਆਪਣੇ ਡਿਜ਼ਾਇਨ ਕੀਤੇ ਪੋਸਟਰਾਂ ਅਤੇ ਸਰਟੀਫ਼ਿਕੇਟਾਂ ਦੁਆਰਾ ਪੰਜਾਬੀ ਸਾਹਿਤਕਾਰਾਂ ਨੂੰ ਸਨਮਾਨਿਤ ਕਰਨ ਦੀ ਸੇਵਾ ਵੀ ਨਿਭਾਉਂਦੇ ਹਨ ।
          ਜੇ ਸਮਾਜ ਸੇਵਾ ਦੀ ਗੱਲ ਕਰੀਏ ਤਾਂ ਪ੍ਰੋ. ਬੀਰ ਇੰਦਰ ਸਰਾਂ ਜੀ ਵੱਖ-ਵੱਖ ਸੰਸਥਾਵਾਂ ਦੇ ਮੈਂਬਰ ਬਣ ਸਮਾਜਿਕ ਜਾਗਰੂਕਤਾ ਅਤੇ ਸਮਾਜ ਸੇਵਾ ਦੇ ਕਾਰਜਾਂ ਵਿੱਚ ਵੀ ਤਨ,ਮਨ,ਧਨ ਨਾਲ ਸੇਵਾ ਨਿਭਾਉਂਦੇ ਹਨ । ਹੁਣ ਤੱਕ 11 ਵਾਰ ਖੂਨਦਾਨ ਕਰਕੇ ਆਪਣੇ ਚਾਹੁਣ ਵਾਲਿਆਂ ਲਈ ਪ੍ਰੇਰਨਾ ਸਰੋਤ ਬਣੇ ਹਨ । ਹਰ ਸਾਲ ਵੱਖ ਵੱਖ ਸੰਸਥਾਵਾਂ ਨਾਲ ਮਿਲ ਕੇ ਅਨੇਕਾਂ ਰੁੱਖ ਲਗਾਉਂਦੇ ਅਤੇ ਆਪਣੇ ਵਿਦਿਆਰਥੀਆਂ ਤੇ ਸਮਾਜ ਨੂੰ ਵੀ ਜਾਗਰੂਕ ਕਰਦੇ ਹਨ ।
        ਮਿਲਾਪੜੇ ਜਿਹੇ ਸੁਭਾਅ ਦੇ ਮਾਲਕ ਹੋਣ ਦੇ ਨਾਲ ਉਹ ਸਾਦਗੀ ਪਸੰਦ ਕਰਦੇ ਹਨ । ਆਪਣੀ ਜ਼ਿੰਦਗੀ ਵਿੱਚ ਪ੍ਰੇਰਣਾ-ਸ੍ਰੋਤ ਆਪਣੇ ਮਾਤਾ-ਪਿਤਾ ਤੇ ਪਰਿਵਾਰ ਨੂੰ ਮੰਨਦੇ ਹਨ । ਇਸ ਤੋਂ ਇਲਾਵਾ ਸਾਹਿਤ ਖੇਤਰ ਵੱਲ ਆਉਣ ਦੇ ਰੁਝਾਨ ਲਈ ਸ਼ਿਵ ਕੁਮਾਰ ਬਟਾਲਵੀ, ਨਰਿੰਦਰ ਸਿੰਘ ਕਪੂਰ, ਸੁਰਜੀਤ ਪਾਤਰ, ਸਤਿੰਦਰ ਸਰਤਾਜ ਅਤੇ ਚੰਗੀ ਲੇਖਣੀ ਵਾਲਿਆਂ ਨੂੰ ਮੰਨਦੇ ਹਨ । ਜਿਨ੍ਹਾਂ ਦੀਆਂ ਅਮਿੱਟ ਲਿਖਤਾਂ ਉਹਨਾਂ ਦੇ ਦਿਲ ‘ਤੇ ਆਪਣੀ ਗਹਿਰੀ ਛਾਪ ਛੱਡ ਗਈਆਂ ।
        ਅੱਜਕਲ੍ਹ ਪ੍ਰੋ. ਸਰਾਂ ਸਾਹਿਬ ਜੀ ਆਪਣੀ ਪਰਿਵਾਰਕ ਫੁਲਵਾੜੀ ‘ਚ ਆਪਣੇ ਮਾਤਾ-ਪਿਤਾ ਤੋਂ ਇਲਾਵਾ ਆਪਣੀ ਧਰਮ ਪਤਨੀ ਸ਼੍ਰੀਮਤੀ ਰਣਦੀਪ ਕੌਰ ਜੋ ਕਿ ਸਰਕਾਰੀ ਸਕੂਲ ਅਧਿਆਪਕਾ ਹਨ ਅਤੇ ਦੋ ਬੇਟਿਆਂ ਰਣਬੀਰ ਸਰਾਂ ਤੇ ਹਰਸ਼ਬੀਰ ਸਰਾਂ ਨਾਲ ਮਾਈ ਗੋਦੜੀ ਸਾਹਿਬ ਕਾਲੋਨੀ ਫ਼ਰੀਦਕੋਟ ਵਿਖੇ  ਨਿਵਾਸ ਕਰ ਰਹੇ ਹਨ ।
  ਜੇਕਰ ਪ੍ਰੋ.ਬੀਰ ਇੰਦਰ ਸਰਾਂ ਜੀ ਦੀਆਂ ਰਚਨਾਵਾਂ ਦੀ ਗੱਲ ਨਾ ਕਰੀਏ, ਤਾਂ ਇਹ ਲੇਖ ਅਧੂਰਾ ਜਾਪੇਗਾ । ਉਹਨਾਂ ਦੀ ਲਿਖਣ ਸ਼ੈਲੀ ਬਹੁਤ ਸਾਰਥਕ, ਮਨਮੋਹਕ ਅਤੇ ਆਪਣੇ ਪਾਠਕਾਂ ਉੱਪਰ ਡੂੰਘਾ ਪ੍ਰਭਾਵ ਛੱਡਦੀ ਹੈ । ਉਹ ਆਪਣੇ ਡੂੰਘੇ ਜਜ਼ਬਾਤਾਂ ਨੂੰ ਇਸ ਤਰ੍ਹਾਂ ਲਿਖਦੇ ਹਨ :-
ਡੂੰਘੇ ਜਜ਼ਬਾਤ...

ਦਿਲ ਦੇ ਡੂੰਘੇ ਜਜ਼ਬਾਤ ਜੋ ਮੈਂ
ਇਨ੍ਹਾਂ ਕਾਗਜ਼ਾਂ ਉੱਤੇ ਉਕੇਰੇ ਨੇ
ਜੋ ਸ਼ਬਦ ਬਣ ਬਣ ਉੱਭਰੇ ਨੇ
ਕੁਝ ਤੇਰੇ ਨੇ ਤੇ ਕੁਝ ਮੇਰੇ ਨੇ              

  ਆਮੀਨ !
 ਪੰਜਾਬੀ ਮਾਂ-ਬੋਲੀ ਦੇ ਇਸ ਸਾਹਿਤਕਾਰ ਪ੍ਰੋ. ਬੀਰ ਇੰਦਰ ਸਰਾਂ ਨੂੰ, ਉਹਨਾਂ ਦੀ ਅਣਥੱਕ ਮਿਹਨਤ, ਨਵੇਕਲੀ ਸੋਚ ਲਈ ਢੇਰ ਸਾਰੀਆਂ ਮੋਹ ਭਿੱਜੀਆਂ ਸ਼ੁਭਕਾਮਨਾਵਾਂ।     

                    ਸ਼ਿਵਨਾਥ ਦਰਦੀ
               ਸੰਪਰਕ:- 98551-55392

ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ

ਗੀਤ 'ਮੁਬਾਰਕ' ਨੇ ਸੋਹਣ ਫ਼ਰੀਦਕੋਟੀਏ ਦੀ ਆਵਾਜ਼ ਅਤੇ ਸਰਮੁਖ ਸਿੰਘ ਭੁੱਲਰ ਦੀ ਬੜੀ ਪਿਆਰੀ ਰਚਨਾ ਰਾਹੀਂ ਲੋਕਾਂ ਵਿਚ ਦਿੱਤੀ ਦਸਤਕ  

ਨੈਣਾਂ ਨਾਲ਼ ਨੈਣ ਮਿਲਾਕੇ ਤੇ

ਮੇਰਾ ਰੋਗ ਭਿਆਨਕ ਵੇਂਹਦਾ ਜਾਹ

ਮੇਰੇ ਗ਼ਮ ਦੀ ਅੱਜ ਹੈ ਸਾਲ ਗਿਰ੍ਹਾ

ਮੈਨੂੰ ਯਾਰ ਮੁਬਾਰਕ ਦੇਂਦਾ ਜਾਹ

ਤੁਸੀਂ ਵੀ ਸੁਣ ਲਵੋ ਯੂ ਟਿਊਬ ਰਾਹੀਂ ਬੜਾ ਪਿਆਰਾ ਜਿਹਾ ਇਹ ਗੀਤ 

ਪੰਜਾਬੀ ਦੇ ਸਿਰਕੱਢ ਸ਼ਾਇਰ ਸੁਰਮੁਖ ਸਿੰਘ ਭੁੱਲਰ ਜਿੰਨਾਂ ਦੇ ਗੀਤ ਨਰਿੰਦਰ ਬੀਬਾ ਤੋਂ ਲੈ ਕੇ ਸਰਦੂਲ ਸਿਕੰਦਰ ਵਰਗੇ ਕਲਾਕਾਰਾਂ ਨੇ ਗਾਏ ਉਨਾਂ ਦੀ ਬੇਹਤਰੀਨ ਸ਼ਾਇਰੀ ਸੋਹਣ ਫਰਿਆਦਕੋਟੀ ਦੀ ਸੋਜ਼ਮਈ ਆਵਾਜ ਵਿੱਚ ਪੇਸ਼ ਹੈ

ਟੁੱਟ ਚੁੱਕੇ ਤੇ ਕਮਜ਼ੋਰ ਹੋਏ ਪਰਿਵਾਰਕ ਰਿਸ਼ਤਿਆਂ ਨੂੰ ਮਜ਼ਬੂਤ ਕਰੇਗਾ ਆਗਾਮੀ ਸ਼ੋਅ 'ਤੇਰੇ ਦਿਲ ਵਿੱਚ ਰਹਿਣ ਦੇ'

 ਬਹੁਤੇ ਲੋਕ ਇਹ ਸੋਚਦੇ ਹਨ ਕਿ ਜਿਹੜੇ ਬੱਚੇ ਵਿਦੇਸ਼ੀ ਧਰਤੀ 'ਤੇ ਪੈਦਾ ਹੁੰਦੇ ਹਨ ਅਤੇ ਉਥੋਂ ਦੇ ਰੀਤੀ-ਰਿਵਾਜਾਂ ਵਿੱਚ ਪਲਦੇ ਹਨ, ਉਹ ਕਦੇ ਵੀ ਭਾਰਤੀ ਬੱਚਿਆਂ ਵਾਂਗ ਪਰਿਵਾਰਕ ਕਦਰਾਂ-ਕੀਮਤਾਂ ਨਹੀਂ ਰੱਖ ਸਕਦੇ ਅਤੇ ਉਹ ਜ਼ਿੰਮੇਵਾਰੀ ਲੈਣ ਦੇ ਯੋਗ ਨਹੀਂ ਹੁੰਦੇ। ਇਹ ਧਾਰਾਵਾਹਿਕ ਇੱਕ ਲੜੀ ਨੂੰ ਅੱਗੇ ਲਿਜਾਣ ਦਾ ਇਰਾਦਾ ਰੱਖਦਾ ਹੈ ਤੇ ਦਰਸਾਉਂਦਾ ਹੈ ਕਿ ਕਿਵੇਂ ਇੱਕ ਐਨ.ਆਰ.ਆਈ ਕੁੜੀ ਆਪਣੀ ਬੀਮਾਰ ਮਾਂ ਅਤੇ ਨਾਨੀ ਦੇ ਵਿੱਚਕਾਰ ਪਿਆਰ ਦੇ ਕਮਜ਼ੋਰ ਰਿਸ਼ਤੇ ਨੂੰ ਮਜ਼ਬੂਤ ਕਰਨ ਅਤੇ ਉਹਨਾਂ ਨੂੰ ਇੱਕ ਦੂਜੇ ਦੇ ਨੇੜੇ ਲਿਆਉਣ ਦੇ ਵਿਚਾਰ ਨਾਲ ਪੰਜਾਬ ਆ ਜਾਂਦੀ ਹੈ।ਇਸ ਧਾਰਾਵਾਹਿਕ ਵਿੱਚ ਇੱਕ ਅਜਿਹੀ ਕਹਾਣੀ ਨੂੰ ਦਿਖਾਇਆ ਜਾਵੇਗਾ ਜਿਸ ਵਿੱਚ ਇੱਕ ਮਾਂ ਆਪਣੀ ਧੀ ਨੂੰ ਪਰਿਵਾਰ ਦਾ ਹਿੱਸਾ ਮੰਨਣ ਤੋਂ ਇਨਕਾਰ ਕਰ ਦਿੰਦੀ ਹੈ, ਕਿਓਂਕਿ ਉਹ ਪਰਿਵਾਰ ਦੀ ਮਨਜ਼ੂਰੀ ਤੋਂ ਬਿਨਾਂ ਇੱਕ ਅੰਗਰੇਜ਼ ਨਾਲ ਪਿਆਰ ਵਿੱਚ ਪੈ ਜਾਂਦੀ ਹੈ ਅਤੇ ਉਸ ਨਾਲ ਵਿਆਹ ਕਰਨ ਲਈ ਘਰੋਂ ਭੱਜ ਜਾਂਦੀ ਹੈ ਅਤੇ ਇਸ ਸਦਮੇ ਵਿੱਚ ਉਸ ਦੇ ਪਿਤਾ ਦੀ ਮੌਤ ਹੋ ਜਾਂਦੀ ਹੈ। ਇਸ ਘਟਨਾ ਨੇ ਪਰਿਵਾਰ ਦੀ ਸੋਚ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਅਤੇ ਹਰ ਕੋਈ ਉਸ ਨੂੰ ਮ੍ਰਿਤਕ ਮੰਨ ਲੈਂਦਾ ਹੈ।ਬਦਲਦੇ ਸਮੇਂ ਦੇ ਨਾਲ, ਲੋਕ ਵੀ ਵਿਆਪਕ ਸੋਚ ਵਾਲੇ ਹੋ ਗਏ ਹਨ ਜੋ ਆਪਣੇ ਬੱਚਿਆਂ ਨੂੰ ਓਹਨਾ ਦੇ ਜੀਵਨ ਸਾਥੀ ਚੁਣਨ ਦੀ ਪੂਰੀ ਆਜ਼ਾਦੀ ਦਿੰਦੇ ਹਨ। ਪਰ ਦੂੱਜੇ ਪਾਸੇ ਅੱਜ ਵੀ ਕੁਝ ਪਰਿਵਾਰ ਅਜਿਹੇ ਹਨ ਜੋ ਆਪਣੇ ਬੱਚਿਆਂ ਦੀ ਪਸੰਦ ਨੂੰ ਨਜ਼ਰਅੰਦਾਜ਼ ਕਰਦੇ ਹੋਏ ਉਨ੍ਹਾਂ ਦੇ ਵਿਆਹ ਦਾ ਫ਼ੈਸਲਾ ਖੁਦ ਕਰ ਲੈਂਦੇ ਹਨ।ਇਹ ਧਾਰਾਵਾਹਿਕ 22 ਨਵੰਬਰ 2021 ਨੂੰ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6:00 ਵਜੇ ਸਿਰਫ ਜ਼ੀ ਪੰਜਾਬੀ 'ਤੇ ਪ੍ਰਸਾਰਿਤ ਕੀਤਾ ਜਾਵੇਗਾ।

ਹਰਜਿੰਦਰ ਸਿੰਘ 94638 28000

‘ਕਿਸਮਤ 2’ ਨੂੰ ਮਿਲੀ ਸਫ਼ਲਤਾ ਅਤੇ ਸਰਾਹਣਾ ਬਾਅਦ , ਪੰਜਾਬੀ ਸਿਨੇਮਾਂ ਲਈ , ਅੱਗੇ ਹੋਰ ਚੰਗੇਰ੍ਹਾ ਕਰਨ ਲਈ ਯਤਨਸ਼ੀਲ ਰਹਾਗਾਂ :- ਐਮੀ ਵਿਰਕ 

ਪੰਜਾਬੀ ਸਿਨੇਮਾਂ ਖਿੱਤਾ ਹੋਵੇ ਜਾਂ ਫ਼ਿਰ ਪੰਜਾਬੀ ਸੰਗੀਤ ਜਗਤ ਦੋਨੋ ਖੇਤਰਾਂ ਵਿਚ ਪੰਜਾਬੀਅਤ ਦਾ ਰੁਤਬਾ ਬੁਲੰਦ ਕਰਨ ਦਾ ਮਾਣ ਹਾਸਿਲ ਕੀਤਾ ਹੈ , ਹੋਣਹਾਰ ਗਾਇਕ, ਅਦਾਕਾਰ ਐਮੀ ਵਿਰਕ ਨੇ ।  ਪੰਜਾਬ  ਅਤੇ ਪੰਜਾਬੀਅਤ ਕਦਰਾਂ, ਕੀਮਤਾਂ ਨੂੰ ਆਪਣੇ ਹਰ ਪ੍ਰੋਜੈਕਟ ਅਤੇ ਨਿੱਜੀ ਜੀਵਨ ਦਾ ਹਿੱਸਾ ਬਣਾਉਣ ਵਿਚ ਮੋਹਰੀ ਭੂਮਿਕਾ ਨਿਭਾ ਰਹੇ ਹਨ । ਇਸ ਬਾਕਮਾਲ ਅਦਾਕਾਰ ਦੀ ਹਾਲੀਆਂ ਰਿਲੀਜ਼ ਫ਼ਿਲਮ ‘ਕਿਸਮਤ 2’ ਅੱਜਕਲ ਦੇਸ਼- ਵਿਦੇਸ਼ ਵਿਚ ਦਰਸ਼ਕਾਂ ਦਾ ਅਥਾਹ ਪਿਆਰ, ਸਨੇਹ ਅਤੇ ਸਫ਼ਲਤਾ ਹਾਸਿਲ ਕਰ ਰਹੀ ਹੈ। ਜਿਸ ਨਾਲ ਅੱਗੇ ਹੋਰ ਬੇਹਤਰੀਣ ਕੋਸ਼ਿਸ਼ਾਂ ਨੂੰ ਅੰਜ਼ਾਮ ਦੇਣ ਵਿਚ ਜੁਟ ਚੁੱਕੇ ਹਨ । ਇਸ ਉਮਦਾ ਗਾਇਕ, ਅਦਾਕਾਰ ਨਾਲ , ਉਨਾਂ ਦੀ ਨਵੀਂ ਰਿਲੀਜ਼ ਫ਼ਿਲਮ ਅਤੇ ਆਉਣ ਵਾਲੇ ਹੋਰਨਾਂ ਪ੍ਰੋਜੈਕਟਾਂ ਨੂੰ ਲੈ ਕੇ ਵਿਸ਼ੇਸ਼ ਗੱਲਬਾਤ ਕੀਤੀ ਗਈ, ਜਿਸ ਦੇ ਪੇਸ਼ ਹਨ ਸੰਖੇਪ੍ਹ ਅੰਸ਼ :-  

ਸਵਾਲ :-‘ਕਿਸਮਤ 2’ ਨੂੰ ਦਰਸ਼ਕਾਂ ਦਾ ਚੁਫ਼ੇਰਿਓ ਪਿਆਰ, ਸਨੇਹ ਮਿਲ ਰਿਹਾ ਹੈ, ਕਿੱਦਾ ਦਾ ਮਹਿਸੂਸ ਕਰ ਰਹੇ ਹੋ , ਇਸ ਇਕ ਹੋਰ ਵੱਡੀ ਸਫ਼ਲਤਾ ਤੋਂ ਬਾਅਦ ?

ਐਮੀ ਵਿਰਕ:- ਇਸ ਖ਼ੁਸ਼ੀ ਨੂੰ ਸਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ , ਹਾਲਾਕਿ ਸ਼ੂਟਿੰਗ ਤੋਂ ਲੈ ਕੇ ਰਿਲੀਜ਼ ਤੱਕ ਮੇਰੇ ਸਮੇਤ ਪੂਰੀ ਟੀਮ ਦੇ ਮਨ੍ਹਾਂ ਵਿਚ, ਦਰਸ਼ਕਾਂ ਦੀ ਕਸੌਟੀ ਤੇ ਖਰਾ ਉਤਰਣ ਦਾ ਪੂਰਾ ਪ੍ਰੈਸ਼ਰ ਸੀ ,  ਜਿਸ ਨੂੰ ਭਾਂਪਦਿਆਂ ਹਰ ਪ੍ਰੋਜੈਕਟ ਦੀ ਤਰ੍ਹਾਂ, ਅਸਾਂ ਸਾਰਿਆਂ ਨੇ ਜੀਅ ਜਾਨ ਨਾਲ ਮਿਹਨਤ ਕੀਤੀ , ਉਸ ਜਨੂੰਨੀਅਤ ਅਤੇ ਕੀਤੇ ਦਿਨ ਰਾਤ ਇਕ ਦੀ ਹੌਸਲਾ ਅਫ਼ਜਾਈ ਕਰਕੇ ਚਾਹੁਣ ਵਾਲਿਆਂ ਨੇ ਅੱਗੇ ਸਾਡੀਆਂ ਉਨ੍ਹਾਂ ਪ੍ਰਤੀ ਜਿੰਮੇਵਾਰੀਆਂ ਹੋਰ ਵਧਾ ਦਿੱਤੀਆਂ ਹਨ।  
 
ਸਵਾਲ :- ਪਹਿਲੀ ਫ਼ਿਲਮ ਦੀ ਕਾਮਯਾਬੀ ਤੋਂ ਬਾਅਦ , ਇਸ ਦੂਸਰੇ ਫ਼ਿਲਮ ਸੀਕਵੇਲ ਨੂੰ ਹੋਰ ਵਿਲੱਖਣ ਸਿਨੇਮਾਂ ਢਾਂਚੇ ਵਿਚ ਢਾਲਣ ਲਈ ਕੀਤੇ ਖਾਸ ਉਪਰਾਲੇ , ਅਮਲ ਵਿਚ ਲਿਆਂਦੇ ਗਏੇ ?

ਐਮੀ ਵਿਰਕ :- ਫ਼ਿਲਮ ਦੇ ਮਿਊਜ਼ਿਕ ਨੂੰ , ਮਨ ਨੂੰ ਮੋਹ ਲੈਣ ਵਾਲਾ ਬਣਾਉਣ ਲਈ , ਜਿੱਥੇ ਮਿਊਜ਼ਿਕ ਡਾਇਰੈਕਟਰ ਵੱਲੋਂ ਪੂਰਾ ਟਿੱਲ ਲਾਇਆ ਗਿਆ। ਉਥੇ  ਕਹਾਣੀ, ਸਕਰੀਨ ਪਲੇ ਨੂੰ ਵੀ ਭਾਵਪੂਰਨ ਅਤੇ ਨਿਵੇਕਲਾ ਜਾਮਾ ਪਹਿਨਾਉਣ ਲਈ ਖਾਸੇ ਤਰੱਦਦ ਨਿਰਦੇਸ਼ਕ ਜਗਦੀਪ ਸਿੱਧੂ ਦੁਆਰਾ ਕੀਤੇ ਗਏ , ਜਿਸ ਤੋਂ ਇਲਾਵਾ ਲੋਕੇਸ਼ਨ ਵਾਈਜ਼ ਵੀ ਫ਼ਿਲਮ ਨੂੰ ਸ਼ਾਨਦਾਰ ਬਣਾਉਣਾ, ਸਾਡੀ ਪੂਰੀ ਟੀਮ ਦੀ ਵਿਸ਼ੇਸ਼ ਪਹਿਲਕਦਮੀ ਰਹੀ, ਜਿਸ ਨਾਲ ਫ਼ਿਲਮ ਦੇ ਹਰ ਪੱਖ ਨੂੰ ਜੋ ਤਰੋਤਾਜ਼ਗੀ ਮਿਲੀ, ਉਹ ਦਰਸ਼ਕਾਂ ਨੂੰ ਭਾ ਰਹੀ ਹੈ । 
  
ਸਵਾਲ:- ਕਿਸੇ ਵੀ ਫ਼ਿਲਮ ਨੂੰ ਸਵੀਕਾਰ ਕਰਨ ਤੋਂ ਪਹਿਲਾ , ਕਿੰਨਾਂ ਗੱਲ ਵੱਲ ਵਿਸ਼ੇਸ਼ ਧਿਆਨ ਕੇਂਦਰਿਤ ਕਰਦੇ ਹੋ,  ਕਿਰਦਾਰ ਜਾਂ ਫ਼ਿਰ ਪ੍ਰੋਡੋਕਸ਼ਨ ਹਾਊਸਜ਼ ਸੈੱਟਅੱਪ ?

ਐਮੀ ਵਿਰਕ:- ਕਿਰਦਾਰ, ਸੈੱਟਅੱਪ ਤੋਂ ਪਹਿਲਾ , ਜਿਸ ਪਹਿਲੇ ਪੁਆਇੰਟ ਤੇ ਫ਼ੋਕਸ ਕਰਦਾ ਹਾਂ, ਉਹ ਹੈ ਸਕ੍ਰਿਪਟ , ਇੱਥੇ ਇਹ ਵੀ ਇੰਮਪੋਰਟ ਨਹੀਂ ਹੁੰਦਾ ਮੇਰੇ ਲਈ ਕਿ ਲਿਖਣ ਵਾਲਾ ਨਾਮਵਰ ਹੀ ਹੋਵੇ, ਪਰ ਉਸ ਨੇ ਕੀ ਲਿਖਿਆ ਹੈ, ਇਹ ਜਾਂਚਣਾ ਬਹੁਤ ਜਰੂਰੀ ਹੁੰਦਾ ਹੈ , ਮੇਰੇ ਲਈ , ਕਿਉਂਕਿ ਕਹਾਣੀ, ਸਕਰੀਨ ਪਲੇ ਕਿਸੇ ਵੀ ਫ਼ਿਲਮ ਲਈ ਰੀੜ ਦੀ ਹੱਡੀ ਵਾਂਗ ਹੈ , ਜੋ ਦਰੁਸਤ ਨਹੀਂ ਹੋਵੇਗੀ ਤਾਂ ਫ਼ਿਰ ਸਰੀਰ ਵਾਂਗ ਫ਼ਿਲਮ ਨੂੰ ਵੀ ਸਹੀ ਅਕਾਰ ਵਿਚ ਨਹੀਂ ਢਾਲਿਆ ਜਾ ਸਕਦਾ। 

ਸਵਾਲ:-ਪਹਿਲੀ ਫ਼ਿਲਮ ਤੋਂ ਲੈ ਕੇ , ਹੁਣ ਤੱਕ ਦੇ ਸਫ਼ਰ ਨੂੰ ਆਪਣੀ ਸੋਚ ਅਨੁਸਾਰ ਕਿੱਦਾ ਆਂਕਦੇ ਹੋ ?

ਐਮੀ ਵਿਰਕ:- ਬਹੁਤ ਹੀ ਸ਼ਾਨਦਾਰ ਅਹਿਸਾਸ ਦੀ ਤਰ੍ਹਾਂ ਰਿਹਾ ਹੈ ‘ਅੰਗਰੇਜ਼’ ਤੋਂ ਲੈ ਕੇ ‘ਕਿਸਮਤ 2’ ਦਾ ਇਹ ਪੈਂਡਾ , ਪਹਿਲੀ ਫ਼ਿਲਮ ਵਿਚ ਗ੍ਰੇ ਸ਼ੇਡ ਕਿਰਦਾਰ ਨਿਭਾਉਣ ਦਾ ਅਵਸਰ ਮਿਲਿਆ, ਜਿਸ ਨੂੰ ਦਰਸ਼ਕਾਂ ਪਸੰਦ ਕੀਤਾ ਅਤੇ ਹੁਣ ਤੱਕ ਜੋ ਏਜ਼ ਹੀਰੋ ਏਨੀਆਂ ਫ਼ਿਲਮਾਂ ਕੀਤੀਆਂ, ਉਨ੍ਹਾਂ ਨੂੰ ਵੀ ਮਣਾਂਮੂੰਹੀ ਸਰਾਹਣਾ ਮਿਲੀ , ਇਸ ਤੋਂ ਵੱਧ 'ਖੁਸ਼ੀ ਅਤੇ ਸਫ਼ਲਤਾ' , ਮੇਰੇ ਜਿਹੇ ਨਿਮਾਣੇ ਕਲਾਕਾਰ ਲਈ ਕੀ ਹੋ ਸਕਦੀ ਹੈ। ਸੋ ਸ਼ੁਕਰਗੁਜ਼ਾਰ ਕਰਦਾ ਹਾਂ ,ਆਪਣੇ ਚਾਹੁਣ ਵਾਲਿਆਂ ਦਾ, ਜੋ ਚਾਹੇ ਗੀਤ ਹੋਵੇ ਜਾਂ ਫਿਰ ਫ਼ਿਲਮ , ਦੋਨਾਂ ਨੂੰ ਰੱਜਵਾਂ ਪਿਆਰ ਬਖਸ਼ ਰਹੇ। 

ਸਵਾਲ:- ਸਾਲ 2016 ਵਿਚ , ਤੁਹਾਡੇ ਵੱਲੋਂ ਮੋਜੂਦਾ ਕਿਸਾਨੀ ਹਾਲਾਤਾਂ ਦੀਆਂ ਤਰਸਯੋਗ ਸਥਿੱਤੀਆਂ ਬਿਆਨ ਕਰਦਾ ਗੀਤ ‘ਖਤ’ ਰਿਲੀਜ਼ ਕੀਤਾ ਗਿਆ। ਜਿਸ ਨੂੰ ਕਾਫ਼ੀ ਸਲਾਹੁਤਾ ਵੀ ਮਿਲੀ, ਪਰ ਉਸ ਉਪਰੰਤ ਇਸ ਤਰ੍ਹਾਂ ਦੇ ਭਾਵਪੂਰਨ ਅਤੇ ਕਰੰਟ ਮੁੱਦਿਆਂ ਦੀ ਤਰਜ਼ਮਾਨੀ ਕਰਦੇ , ਗੀਤਾਂ ਦੀ ਕਮੀ ਸੂਝਵਾਨ ਸਰੋਤੇ ਅਤੇ ਦਰਸ਼ਕ ਵਰਗ ਮਹਿਸੂਸ ਕਰ ਰਿਹਾ  ਤੁਹਾਡੇ ਪਾਸਿਓ ?

ਐਮੀ ਵਿਰਕ:- ਮੰਨਦਾ ਹਾਂ , ਕਿ ਫ਼ਿਲਮ ਕਰਿਅਰ ਦੇ ਰੁਝੇਵਿਆਂ ਭਰੇ ਸ਼ਡਿਊਲ ਦੇ ਚਲਦਿਆਂ , ਐਸਾ ਕਰਨਾ ਮੇਰੇ ਲਈ ਸੰਭਵ ਨਹੀਂ ਹੋ ਸਕਿਆ , ਪਰ ਖੁਦ ਜਿੰਮੀਦਾਰ ਪਰਿਵਾਰ ਨਾਲ ਸਬੰਧਤ ਹਾਂ, ਇਸ ਲਈ 'ਕਿਸਾਨ ਅਤੇ ਕਿਸਾਨੀ' ਲਈ ਹਮੇਸ਼ਾ ਖੜ੍ਹਾ ਰਿਹਾ ਹਾਂ ਅਤੇ ਖੜ੍ਹਾ ਰਹਾਗਾਂ। ਫ਼ਿਲਮੀ ਰੁਝੇਵਿਆਂ ਤੋਂ ਫੁਰਸਤ ਮਿਲਦਿਆਂ , ਹੁਣ ਜਲਦੀ ਹੀ ਇਸ ਦਿਸ਼ਾ ਵਿਚ ਕੁਝ ਖਾਸ ਕਰਨਾ ਮੇਰੀ ਵਿਸ਼ੇਸ਼ ਪਹਿਲਕਦਮੀ ਰਹੇਗੀ । 

ਸਵਾਲ:- ਤੁਹਾਡੀਆਂ ਹੁਣ ਤੱਕ ਦੀਆਂ ਪੰਜਾਬੀ ਫ਼ਿਲਮਜ਼ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ, ਨਜ਼ਰੀ ਪੈਂਦਾ ਹੈ ਕਿ ਤੁਸੀ ਕੁਝ ਕੁ ਹੀ ਚੋਣਵੇ ਨਿਰਮਾਤਾਵਾਂ, ਨਿਰਦੇਸ਼ਕਾਂ, ਪ੍ਰੋਡੋਕਸ਼ਨ ਹਾਊਸਜ਼ ਨਾਲ ਜਿਆਦਾ ਕੰਮ ਕਰਦੇ ਹੋ, ਇਸ ਤਰ੍ਹਾਂ ਦੇ ਸੀਮਿਤ ਦਾਇਰੇ ਵਿਚ ਆਪਣੇ ਆਪ ਨੂੰ ਰੱਖਣ ਦਾ ਕੋਈ ਖਾਸ ਕਾਰਣ ? 

ਐਮੀ ਵਿਰਕ:- ਅਜਿਹਾ ਬਿਲਕੁਲ ਨਹੀਂ ਹੈ ਕਿ , ਮੈਂ ਕੇਵਲ ਵੱਡੇ ਨਿਰਮਾਤਾਵਾਂ, ਨਿਰਦੇਸ਼ਕਾਂ ਜਾਂ ਫ਼ਿਰ ਪ੍ਰੋਡੋਕਸ਼ਨ ਹਾਊਸਜ਼ ਨੂੰ ਹੀ ਤਰਜ਼ੀਹ ਦਿੰਦਾ ਹਾਂ, ਮੇਰੇ ਲਈ ਹਰ ਟੈਲੇਂਟਡ ਪਰਸ਼ਨ ਚਾਹੇ , ਉਹ ਨਵਾਂ ਹੀ ਕਿਉਂ ਨਾ ਹੋਵੇ , ਮਹੱਤਵ ਰੱਖਦਾ ਰਿਹਾ ਹੈ ਅਤੇ ਰੱਖਦਾ ਰਹੇਗਾ ।  ਇਸ ਨੂੰ ਕੇਵਲ ਇਤਫ਼ਾਕ ਹੀ ਕਹਾਗਾਂ ਕਿ ਜੇਕਰ ਕੁਝ ਫ਼ਿਲਮਜ਼ ਦੀ ਲੜ੍ਹੀ ਹਿੱਟ ਰਹੀ ਤਾਂ ਇੰਨ੍ਹਾਂ ਲੇਖਕਾਂ, ਨਿਰਦੇਸ਼ਕਾਂ ਨਾਲ ਜੁੜਾਵ ਕੁਝ ਵੱਧ ਨਜ਼ਰ ਆ ਰਿਹਾ ਹੈ , ਪਰ ਕਿਸੇ ਨੂੰ ਪ੍ਰਤਿਭਾਵਾਨ ਲੇਖਕ, ਨਿਰਦੇਸ਼ਕ ਜਾਂ ਨਿਰਮਾਤਾ ਨੂੰ ਨਜ਼ਰਅੰਦਾਜ਼ ਕਰਨਾ ,ਮੇਰੇ ਸੁਭਾਅ ਜਾਂ ਵਿਅਕਤੀਤਵ ਦਾ ਹਿੱਸਾ ਕਦੇ ਵੀ ਨਹੀਂ ਰਿਹਾ , ਨਾ ਕਦੇ ਅਜਿਹਾ ਹੋਵੇਗਾ।  
 
ਸਵਾਲ:- ‘ਭੁੱਜ ਦਾ ਪ੍ਰਾਈਡ ਆਫ਼ ਇੰਡੀਆਂ’ ਵਿਚਲੇ ਤੁਹਾਡੇ ਅਭਿਨੈ ਨੂੰ ਦਰਸ਼ਕਾਂ ਦੇ ਨਾਲ ਨਾਲ ਬਾਲੀਵੁੱਡ ਹਸਤੀਆਂ ਵੱਲੋਂ ਕਾਫ਼ੀ ਸਰਾਹਿਆਂ ਗਿਆ , ਬਾਲੀਵੁੱਡ ਸਿਨੇਮਾਂ ਪਰਦੇ ਤੇ ਅੱਗੇ ਕਦ ਦਰਸ਼ਕ ਤੁਹਾਨੂੰ ਵੇਖ ਸਕਣਗੇ ?

ਐਮੀ ਵਿਰਕ:- ਮਾਇਆਨਗਰੀ ਦੇ ਬੇਹਤਰੀਣ ਨਿਰਦੇਸ਼ਕ ਵਜੋਂ ਜਾਂਣੇ ਜਾਂਦੇ , ਨਿਰਦੇਸ਼ਕ ਕਬੀਰ ਖ਼ਾਨ ਦੀ ਅਪਕਮਿੰਗ ਰਿਲੀਜ਼ ‘83’ ਵਿਚ , ਜਿਸ ਵਿਚ ਕ੍ਰਿਕਟ ਜਗਤ ਦੇ ਉਮਦਾ ਖ਼ਿਡਾਰੀ ਰਹੇ ਅਤੇ  ਮਹਾਨ ਖ਼ੇਡ ਸਖ਼ਸੀਅਤ ਮੰਨੇ ਜਾਂਦੇ ,  'ਬਲਵਿੰਦਰ ਸਿੰਘ ਸੰਧੂ' ਦੇ ਕਿਰਦਾਰ ਵਿਚ ਨਜ਼ਰ ਆਵਾਂਗਾ।  ਮੇਰੇ ਅਭਿਨੈ ਸਫ਼ਰ ਦਾ ਬਹੁਤ ਹੀ ਨਾਯਾਬ ਤਜ਼ੁਰਬਾ ਰਹੀ ਹੈ। ਇਹ ਫ਼ਿਲਮ, ਜਿਸ ਵਿਚ ਰਣਬੀਰ ਸਿੰਘ, ਦੀਪਿਕਾ ਪਾਦੁਕੋਣ ਆਦਿ ਜਿਹੀਆਂ ਮੰਨੀਆਂ, ਪ੍ਰਮੰਨੀਆਂ ਅਤੇ ਜ਼ਹੀਨ ਸਿਨੇਮਾਂ ਹਸਤੀਆਂ ਨਾਲ ਕੰਮ ਕਰਨਾ  ਬੇਹੱਦ ਯਾਦਗਾਰੀ ਰਿਹਾ। 

ਸਵਾਲ:- ਆਗਾਮੀ ਸਿਨੇਮਾਂ ਯੋਜਨਾਵਾਂ ਅਤੇ ਰਿਲੀਜ਼ ਹੋਣ ਵਾਲੀਆਂ ਫ਼ਿਲਮਜ਼ ?

ਐਮੀ ਵਿਰਕ :- ਆਪਣੇ ਘਰੇਲੂ ਬੈਨਰਜ਼ ‘ਐਮੀ ਵਿਰਕ ਪ੍ਰੋਡੋਕਸ਼ਨ’ ਅਧੀਨ ਪੰਜਾਬੀ ਸਿਨੇਮਾਂ ਲਈ ਹੋਰ ਨਿਵੇਕਲੀਆਂ ਅਤੇ ਮਾਣ ਭਰੀਆਂ ਸਿਨੇਮਾਂ ਸਿਰਜਨਾਵਾਂ ਨੂੰ ਅੰਜ਼ਾਮ ਦੇਣ ਵੱਲ ਵਿਸ਼ੇਸ਼ ਤਵੱਜੋ ਦੇ ਰਿਹਾ ਹਾਂ, ਜਿਸ ਅਧੀਨ ਅਜੋਕੀ ਨੌਜਵਾਨੀ ਪੀੜ੍ਹੀ ਦੀ ਗਲਤ ਤਰੀਕਿਆਂ ਦੁਆਰਾ ਵਿਦੇਸ਼ ਜਾਣ ਦੀ ਤਾਂਘ ਬਿਆਨ ਕਰਦੀ ‘ਆਜ਼ਾ ਮੈਕਸੀਕੋ ਚੱਲੀਏ’ ਦਾ ਨਿਰਮਾਣ ਕਰ ਰਿਹਾ ਹਾਂ, ਜਿਸ ਤੋਂ ਇਲਾਵਾ ‘ਸ਼ੇਰ ਬੱਗਾ‘ , ‘ਸ਼ੋਕਣ-ਸ਼ੋਕਣੇ' ਵੀ ਜਲਦ ਦਰਸ਼ਕਾਂ ਸਨਮੁੱਖ ਹੋਣ ਜਾ ਰਹੀਆਂ ਹਨ।
                                       ਸ਼ਿਵਨਾਥ ਦਰਦੀ
                              ਸੰਪਰਕ :- 9855155392

ਡਬਲਡੋਜ਼ ਕਾਮੇਡੀ, ਰੁਮਾਂਸ ਤੇ ਜਜ਼ਬਾਤਾਂ ਦੀ ਸੁਮੇਲ ਫ਼ਿਲਮ ‘ਪਾਣੀ 'ਚ ਮਧਾਣੀ’ ਨੇ ਸਿਨੇਮਾਂਘਰਾਂ ‘ਚ ਲਾਈ ਰੌਣਕ

ਇਨੀਂ ਦਿਨੀਂ ਵਰਲਡ ਵਾਈਡ ਰਿਲੀਜ਼ ਹੋਈ ਪੰਜਾਬੀ ਫ਼ਿਲਮ 'ਪਾਣੀ 'ਚ ਮਧਾਣੀ' ਨੂੰ ਬਾਕਸ ਆਫਿਸ 'ਤੇ ਭਾਰਤ ਅਤੇ ਵਿਦੇਸ਼ਾਂ ‘ਚ ਚੰਗੀ ਪ੍ਰਤੀਕਿਿਰਆ ਮਿਲ ਰਹੀ ਹੈ ਅਤੇ ਹਰ ਪਾਸੇ ਸਿਨੇਮਾ ਘਰਾਂ ਵਿੱਚ ਦਰਸ਼ਕਾਂ ਦੀਆਂ ਖੂਬ ਰੌਣਕਾਂ ਵੇਖਣ ਨੂੰ ਮਿਲੀਆਂ ਹਨ।ਦਰਸ਼ਕ ਵਰਗ ਫ਼ਿਲਮ ਦੇ ਕਾਮੇਡੀ ਅਤੇ ਰੁਮਾਂਸ ਭਰੇ ਕੰਸੇਪਟ ਨਾਲ ਕਾਫੀ ਮਨੋਰੰਜਨ ਕਰਦੇ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਇਸ ਫ਼ਿਲਮ ਦਾ ਟੀਜ਼ਰ, ਪ੍ਰੋਮੋ, ਗਾਣੇ ਅਤੇ ਕਾਮੇਡੀ ਡਾਇਲਾਗਜ਼ ਦਰਸ਼ਕਾਂ ਨੂੰ ਪਹਿਲਾਂ ਹੀ ਬੇਹੱਦ ਪ੍ਰਭਾਵਿਤ ਕਰ ਚੁੱਕੇ ਹਨ ਅਤੇ ਪਿਛਲੇ ਕਈ ਦਿਨਾਂ ਤੋਂ ਪੂਰੀ ਟੀਮ ਨੇ ਫ਼ਿਲਮ ਦੇ ਪ੍ਰਚਾਰ ਲਈ ਦਿਨ-ਰਾਤ ਇੱਕ ਕੀਤਾ ਹੋਇਆ ਸੀ।ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਦੀ ਇਸ ਫ਼ਿਲਮ ਨੂੰ ਦੇਖਣ ਤੋਂ ਬਾਅਦ ਦਰਸ਼ਕਾਂ ਨੇ ਸੋਸ਼ਲ ਮੀਡੀਆ ਰਾਹੀਂ ਅਨੇਕਾਂ ਹੀ ਕੂਮੈਂਟਸ ਕਰਕੇ ਫ਼ਿਲਮ 'ਪਾਣੀ 'ਚ ਮਧਾਣੀ' ਦੀ ਪ੍ਰਸ਼ੰਸਾਂ ਕੀਤੀ ਹੈ।ਫ਼ਿਲਮ ਵਿੱਚ ਜਿੱਥੇ ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਨੇ ਫ਼ਿਲਮ ਵਿੱਚ ਆਪਣੇ ਸੰਗੀਤਕ ਜੋੜੀ ਦੇ ਕਿਰਦਾਰ ਗੁੱਲੀ ਤੇ ਸੋਹਣੀ ਨੂੰ ਕਾਫੀ ਸੁਚੱਜੇ ਢੰਗ ਨਾਲ ਨਿਭਾਇਆ ਹੈ ਉਥੇ ਹੀ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਮੈਡਮ ਗੁਰਪ੍ਰੀਤ ਕੌਰ ਭੰਗੂ, ਰੂਪਿੰਦਰ ਰੂਪੀ, ਇਫਤਿਖਾਰ ਠਾਕੁਰ, ਹਾਰਬੀ ਸੰਘਾ,ਗੁਰਮੀਤ ਸਾਜਨ ਅਤੇ ਹਨੀ ਮੱਟੂ ਆਦਿ ਨੇ ਵੀ ਆਪਣੀ ਅਦਾਕਾਰੀ ਨਾਲ ਫ਼ਿਲਮ ਨੂੰ ਚਾਰ ਚੰਨ ਲਾਏ ਹਨ।ਫ਼ਿਲਮ ਦੀ ਕਹਾਣੀ ਨਰੇਸ਼ ਕਥੂਰੀਆ ਵਲੋਂ ਬੇਹੱਦ ਹੀ ਸ਼ਾਨਦਾਰ ਤੇ ਵਧੀਆ ਢੰਗ ਨਾਲ ਲਿਖੀ ਗਈ ਹੈ।ਫ਼ਿਲਮ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ (ਦਾਦੂ ਨੇ ਕੀਤਾ ਹੈ ਤੇ ਉਨਾਂ ਨੇ ਆਪਣੀ ਪੂਰੀ ਟੀਮ ਤੋਂ ਚੰਗਾ ਕੰਮ ਲਿਆ ਹੈ ਅਤੇ ਪੰਜਾਬੀ ਸਿਨੇਮਾ ਦੇ ਪ੍ਰੇਮੀਆਂ ਨੂੰ ਇੱਕ ਚੰਗੀ ਡਬਲਡੋਜ਼ ਕਾਮੇਡੀ ਫ਼ਿਲਮ ਬਣਾ ਕੇ ਦਿੱਤੀ ਹੈ।ਫ਼ਿਲਮ ਵਿਚਲੇ ਹਾਸਿਆਂ ਨਾਲ ਭਰੇ ਪੰਚ ਹੀ ਫ਼ਿਲਮ ਦੀ ਗਤੀ ਨੂੰ ਲਗਾਤਾਰ ਵਧਾਉਂਦੇ ਹਨ। ਫ਼ਿਲਮ ਦੇ ਦੋਵੇਂ ਹਿੱਸੇ ਬੇਹੱਦ ਕਮਾਲ ਦੇ ਹਨ।ਦਾਰਾ ਮੋਸ਼ਨ ਪਿਕਚਰ ਪ੍ਰਾਈਵੇਟ ਲਿਮਟਿਡ ਬੈਨਰ ਹੇਠ ਬਣੀ  ਨਿਰਮਾਤਾ ਸੰਨੀ ਰਾਜ ਅਤੇ ਡਾ: ਪ੍ਰਭਜੋਤ ਸਿੱਧੂ (ਸਿਆਟਲ, ਯੂ ਐਸ ਏ) ਵਲੋਂ ਪ੍ਰੋਡਿਊਜ ਇਹ ਫ਼ਿਲਮ ਜਿੱਥੇ ਦਰਸ਼ਕਾਂ ਨੂੰ  ਪੁਰਾਣੇ ਸੰਗੀਤਕ ਕਲਚਰ, ਬੋਲੀ ਪਹਿਰਾਵੇ ਬਾਰੇ ਜਾਣੂੰ ਕਰਵਾ ਰਹੀ ਹੈ ਉੱਥੇ ਨਾਲ ਹੀ ਦਰਸ਼ਕਾਂ ਨੂੰ ਸਿਹਤਮੰਦ ਕਾਮੇਡੀ ਰਾਹੀਂ ਹਸਾਉਂਦੀ ਵੀ ਨਜ਼ਰ ਆ ਰਹੀ ਹੈ।

ਹਰਜਿੰਦਰ ਸਿੰਘ 9463828000

 

ਈ.3 ਏ.ਈ. ਦੇ ਦੁਬਈ ਲਾਇਵ ਸ਼ੋਅ ‘ਚ ਧਮਾਲ ਪਾਉਣਗੇ ਅੱਧਾ ਦਰਜਨ ਦੇ ਕਰੀਬ ਪੰਜਾਬੀ ਸਿਤਾਰੇ

ਦੁਬਈ ਦਰਸ਼ਕਾਂ ‘ ਐਮੀ ਵਿਰਕ, ਸੋਨਮ ਬਾਜਵਾ, ਕਰਨ ਔਜਲਾ, ਗੈਰੀ ਸੰਧੂਮਨਿੰਦਰ ਬੂਟਰ, ਜੀ ਖਾਨ, ਵਿੱਕੀ ਅਤੇ ਮੰਨਤ ਨੂਰ ਦੇ ਸ਼ੋਆਂ ਨੂੰ ਲੈ ਕੇ ਭਾਰੀ ਉਤਸ਼ਾਹ

ਪੰਜਾਬੀ ਸੰਗੀਤ ਪ੍ਰੇਮੀਆਂ ਦੇ ਪਸੰਦੀਦਾ ਪੰਜਾਬੀ ਸਿਤਾਰੇ ਐਮੀ ਵਿਰਕ, ਸੋਨਮ ਬਾਜਵਾ, ਕਰਨ ਔਜਲਾ, ਗੈਰੀ ਸੰਧੂ,  ਮਨਿੰਦਰ ਬੂਟਰ, ਜੀ ਖਾਨ, ਵਿੱਕੀ ਅਤੇ ਮੰਨਤ ਨੂਰ  ਅਗਾਮੀ 12 ਨਵੰਬਰ 2021 ਨੂੰ ਈ.3 ਯੂ.ਕੇ. ਵਲੋਂ ਕਰਵਾਏ ਜਾ ਰਹੇ ਦੁਬਈ ਸਯੁੰਕਤ ਅਰਬ ਅਮੀਰਾਤ ਦੇ ਕੋਕਾ-ਕੋਲਾ ਅਰੇਨਾ ਵਿੱਚ ਦੇਸੀ ਪਰਿਵਾਰਕ ਸਮਾਰੋਹ ‘ਚ ਲਾਇਵ ਸ਼ੋਅ ਕਰਨ ਲਈ ਪਹੁੰਚ ਰਹੇ ਹਨ। ਬ੍ਰਿਟੇਨ ਵਿੱਚ ਮੋਹਰੀ ਦੱਖਣੀ ਏਸ਼ੀਆਈ ਲਾਈਵ ਸੰਗੀਤ ਅਤੇ ਮਨੋਰੰਜਨ ਏਜੰਸੀ ਦੇ ਰੂਪ ਵਿੱਚ, ਸ਼ੋਅ ਦੀ ਮੇਜ਼ਬਾਨੀ ਈ.3 ਯੂ.ਕੇ ਰਿਕਾਰਡ ਲੇਬਲ ਅਤੇ ਪ੍ਰਬੰਧਨ ਦੁਆਰਾ ਕੀਤੀ ਜਾ ਰਹੀ ਹੈ ।ਈ.3 ਯੂ.ਕੇ ਦੇ ਡਾਇਰੈਕਟਰ ਨੇ ਦੱਸਿਆ ਕਿ “ਕੋਕਾ-ਕੋਲਾ ਅਖਾੜੇ ਵਿੱਚ ਸੰਗੀਤ ਪ੍ਰੇਮੀਆਂ ਨੂੰ ਆਪਣੇ ਮਨਪਸੰਦ ਗੀਤਾਂ ਦੇ ਨਾਲ-ਨਾਲ, ਸ਼ਾਨਦਾਰ ਰੋਸ਼ਨੀ ਪ੍ਰਦਰਸ਼ਨ, ਡਾਂਸ ਅਤੇ ਆਤਿਸ਼ਬਾਜੀ ਪ੍ਰਦਰਸ਼ਨਾਂ ਦੀ ਖੂਬਸੂਰਤ ਝਲਕ ਵੀ ਦੇਖਣ ਨੂੰ ਮਿਲੇਗੀ।ਉਨਾਂ ਅੱਗੇ ਦੱਸਿਆ ਕਿ ਇਸ ਸ਼ੋਅ  ਨੂੰ ਲੈ ਕੇ ਦੁਬਈ ਦਰਸ਼ਕਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਉਨਾਂ ਵਲੋਂ ਇਸ ਸਬੰਧੀ ਸਾਰੇ ਪ੍ਰਬੰਧ ਸੁਚੱਜੇ ਢੰਗ ਨਾਲ ਕੀਤੇ ਜਾ ਰਹੇ ਹਨ ਅਤੇ ਪਰਿਵਾਰਾਂ ਦੇ ਬੈਠਣ ਲਈ ਖਾਸ ਪ੍ਰਬੰਧ ਹੋਵੇਗਾ।ਪ੍ਰਬੰਧਕਾਂ ਨੇ ਸਮੂਹ ਸੰਗੀਤ ਪ੍ਰੇਮੀਆਂ ਨੂੰ ਇਸ ਸੱਭਿਆਚਾਰਕ ਸ਼ੋਅ ਵਿੱਚ ਵਧ-ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ ਹੈ।

ਹਰਜਿੰਦਰ ਸਿੰਘ 9463828000 

 

ਕਾਵਿ ਸੰਗ੍ਰਹਿ : ਸਹਿਮੇ ਸਹਿਮੇ ਲੋਕ ; ਬਾ ਕਮਾਲ ਰਚਨਾ ਬਹੁਤ ਸੁੰਦਰ ਭਾਵਪੂਰਨ ਪੇਸ਼ਕਾਰੀ

ਕਾਵਿ ਸੰਗ੍ਰਹਿ :- ਸਹਿਮੇ ਸਹਿਮੇ ਲੋਕ
ਲੇਖਕ :- ਜਸਬੀਰ ਮੀਰਾਂਪੁਰ 
ਸੰਪਰਕ :- 81988/21530
ਪ੍ਰਕਾਸ਼ਨ :- ਕੈਲੀਬਰ ਪਬਲੀਕੇਸ਼ਨਜ਼ ਪਟਿਆਲਾ
  
       'ਸਹਿਮੇ ਸਹਿਮੇ ਲੋਕ' ਕਾਵਿ ਸੰਗ੍ਰਹਿ , ਲੇਖਕ 'ਜਸਬੀਰ ਮੀਰਾਂਪੁਰ' ਜੀ ਦੀ ਦੂਜੀ ਹੱਥ ਲਿਖਤ ਕਾਵਿ ਸੰਗ੍ਰਹਿ ਹੈ । ਕਾਵਿ ਸੰਗ੍ਰਹਿ ਦਾ ਟਾਈਟਲ ਪੜ੍ਹ , ਪਤਾ ਲੱਗ ਜਾਂਦਾ ਹੈ ਕਿ ਲੋਕਾਂ ਦੇ ਸਹਿਮੇ / ਡਰੇ ਹੋਣ ਦਾ । ਲੋਕਾਂ ਦੇ ਸਹਿਮੇ / ਡਰੇ ਹੋਣ ਨੂੰ , ਲੇਖਕ ਨੇ , ਆਪਣੇ ਸ਼ਬਦਾਂ ਰਾਹੀਂ ਪੇਸ਼ ਕੀਤਾ । ਲੇਖਕ ਲੋਕਾਂ ਸਹਿਮੇ / ਡਰੇ ਹੋਣ ਨੂੰ ਚੰਗੀ ਤਰ੍ਹਾਂ ਸਮਝਦਾ ਤੇ ਜਾਣਦਾ ਹੈ । ਲੇਖਕ ' ਜਸਬੀਰ ਮੀਰਾਂਪੁਰ' ਨੇ ਬੜੇ ਸੁਚੱਜੇ ਢੰਗ ਨਾਲ, ਆਪਣੀਆਂ ਕਵਿਤਾਵਾਂ, ਗ਼ਜ਼ਲਾਂ ਤੇ ਨਜ਼ਮਾਂ ਰਾਹੀਂ , ਲੋਕਾਂ ਦੇ ਸਹਿਮੇ / ਡਰੇ ਹੋਣ ਨੂੰ ਪਾਠਕਾਂ ਦੇ ਸਨਮੁੱਖ ਕੀਤਾ ਹੈ । ਲੇਖਕ ਚੰਗੀ ਤਰ੍ਹਾਂ ਲੋਕਤੰਤਰ ਦੇ ਤਾਣੇ-ਬਾਣੇ ਨੂੰ ਜਾਣਦਾ ਹੈ, ਤੇ ਸਵਾਲ ਕਰਦਾ ਹੈ  :-
                                ਜੰਤਰ ਹੈ ਜਾਂ ਮੰਤਰ ਹੈ ,
                               ਕੀ ਇਹ ਲੋਕਤੰਤਰ ਹੈ ?
                               ਭੁੱਖੇ ਮਰਨ ਕਿਰਤੀ ਏਥੇ ,
                              ਇਹ ਕਿਹੜੀ ਤੰਤਰ ਹੈ ?
ਲੇਖਕ ਕਾਲੇ ਕਾਨੂੰਨਾਂ ਦੇ ਵਿਰੁੱਧ ਕਿਸਾਨ , ਕਿਰਤੀ ਹੱਕੀ ਮੰਗਾਂ ਲਈ , ਹਾਕਮਾਂ ਨੂੰ ਵਾਸਤਾ ਪਾਉਦੀਆਂ , ਕਵਿਤਾਵਾਂ ਲਿਖ , ਕਿਸਾਨਾਂ , ਕਿਰਤੀਆਂ ਦਾ ਹੌਸਲਾ ਅਫ਼ਜ਼ਾਈ ਕਰਦਾ ਹੈ ਤੇ ਹਾਕਮਾਂ ਨੂੰ ਕਹਿੰਦਾ ਹੈ ਕਿ ,
        ਤੇਰੇ ਵੱਲੋਂ ਹਾਕਮਾਂ , ਜੋ ਦੁਰਕਾਰੇ ਬੰਦੇ ਉਠੇ ਨੇ,
       ਲੇਖਾਂ , ਮੌਸਮਾਂ ਤੇ ਸਰਕਾਰਾਂ ਦੇ ਮਾਰੇ ਬੰਦੇ ਉਠੇ ਨੇ ।
ਲੇਖਕ ਬਦਲ ਰਹੇ , ਭਾਰਤ ਤੇ ਕਾਬਜ਼ ਚੋਰ ਨੂੰ ਚੰਗੀ ਤਰ੍ਹਾਂ ਜਾਣਦਾ ਹੈ , ਤੇ ਲਿਖਦਾ ਹੈ :-
                ਪਹਿਲਾਂ ਹੋਰ , ਹੁਣ ਹੋ ਗਿਆ ਹੋਰ ਭਾਰਤ ,
                ਕਰੀਂ ਬੈਠਾ ਕਬਜ਼ਾ, ਤੇਰੇ ਤੇ ਚੋਰ ਭਾਰਤ ।
ਅੱਜ ਹਰ ਮਨੁੱਖ ਦੀ ਜ਼ਰੂਰਤ ਰੁਜ਼ਗਾਰ ਹੈ । ਜਦੋਂ ਤੱਕ ਮਨੁੱਖ ਕੋਈ ਰੁਜ਼ਗਾਰ ਨਾ ਮਿਲੇ , ਉਸਦਾ ਮਨ ਅਸ਼ਾਂਤ ਰਹਿੰਦਾ । ਰੁਜ਼ਗਾਰ ਖਾਤਿਰ ਮਨੁੱਖ ਦੇਸੋਂ ਪਰਦੇਸ ਹੋ ਰਿਹਾ। ਲੋਕ ਸੜਕਾਂ ਤੇ ਉਤਰ ਧਰਨੇ ਲਾ , ਰਹੇ ਹਨ । ਲੇਖਕ ਨੇ ਸਰਕਾਰਾਂ ਨੂੰ ਗੁਹਾਰ ਲਾ ਲਿਖਦਾ ਹੈ :- 
          ਨਾ ਮੁਫ਼ਤ ਬਿਜਲੀ , ਨਾ ਮੁਫ਼ਤ ਅਨਾਜ ਚਾਹੀਦੈ ,
          ਸਾਡੇ ਵਿਹਲੇ ਲੋਕ ਨੇ ਹਾਕਮਾਂ , ਕੰਮਕਾਜ ਚਾਹੀਦੈ ।
ਲੇਖਕ ਲੋਕਾਂ ਦੇ ਸਹਿਮ ਤੇ ਡਰ ਪੇਸ਼ ਕਰਦੀ , ਕਵਿਤਾ ਜੋ ਕਾਵਿ ਸੰਗ੍ਰਹਿ ਦਾ ਟਾਈਟਲ ਬਣੀ ਹੈ । ਉਸ ਵਿਚ ਲਿਖਦਾ :-
      ਲੋਕ ਨੇ ਸਹਿਮੇ ਸਹਿਮੇ ਤੇ ਹਵਾ ਚ' ਹੈ ਵਿਰਲਾਪ,
   ਰੁੱਸੀਆਂ ਹੋਈਆਂ ਬਹਾਰਾਂ ,ਏਥੇ ਚਾਵਾਂ ਚੜਿਆ ਤਾਪ । 
ਏਨਾਂ ਤੋਂ ਇਲਾਵਾ ਕਾਵਿ ਸੰਗ੍ਰਹਿ 'ਸਹਿਮੇ ਸਹਿਮੇ ਲੋਕ' , ਹੋਰ ਸੁੰਦਰ ਰਚਨਾਵਾਂ ਹਨ , ਜਿਵੇਂ 'ਮਾਂ ਰੁੱਲਦੀ ਵੇਖੀ', ਵੰਡ ਵੰਡਾਰਾਂ ,ਲਾਕਡਾਊਨ , ਮੇਕ ਇਨ ਇੰਡੀਆ, ਹਿੰਦ -ਪਾਕਿ ,ਸ਼ਹੀਦ ਤੇ ਵਾਕਫੀਅਤ ਆਦਿ , ਬਾ ਕਮਾਲ ਰਚਨਾਵਾਂ ਹਨ । ਜੋ ਪਾਠਕਾਂ ਦੇ ਮਨ ਤੇ ਰਾਜ ਕਰਨਗੀਆਂ । ਬਹੁਤ ਸੁੰਦਰ ਭਾਵਪੂਰਨ ਪੇਸ਼ਕਾਰੀ । ਸ਼ਬਦਾਂ ਦੀ ,ਹਰ ਥਾਂ ਠੀਕ ਵਰਤੋਂ । 
    ਲੇਖਕ 'ਜਸਬੀਰ ਮੀਰਾਂਪੁਰ' ਜੀ ਦੀ ਕ਼ਲਮ ਨੂੰ ਪਰਮਾਤਮਾ ਤਾਕਤ ਬਖਸ਼ੇ । ਮੇਰੀਆਂ ਦੁਆਵਾਂ , ਏਨਾਂ ਦੀ ਕ਼ਲਮ ਬੁਲੰਦੀਆਂ ਸਰ ਕਰੇ । ਆਮੀਨ
                                 ਸ਼ਿਵਨਾਥ ਦਰਦੀ 
                           ਸੰਪਰਕ :- 98551/55392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ।

ਬਹੁਗੁਣੀ ਕਲਾਵਾਂ ਦੇ ਧਨੀ ਅਦਾਕਾਰ "ਰਾਜੇਸ਼ ਕਾਰੀਰ" ਨਾਲ ਵਿਸ਼ੇਸ਼ ਗੱਲਬਾਤ ✍️ ਸ਼ਿਵਨਾਥ ਦਰਦੀ

ਛੋਟੇ ਪਰਦੇ, ਹਿੰਦੀ ਸਿਨੇਮਾਂ ਤੋਂ ਬਾਅਦ ਹੁਣ ਪੰਜਾਬੀ ਸਿਨੇਮਾਂ ਖਿੱਤੇ ‘ਚ ਵੀ , "ਨਵੇਂ ਦਿਸਹਿੱਦੇ ਸਿਰਜਣ ਲਈ ਯਤਨਸ਼ੀਲ ਰਹਾਗਾਂ" : ਰਾਜੇਸ਼  ਕਾਰੀਰ

ਬਾਲੀਵੁੱਡ ‘ਚ ਪੰਜਾਬੀਅਤ ਦਾ ਰੁਤਬਾ ਬੁਲੰਦ ਕਰਨ ਵਿਚ ਪੰਜਾਬ ਦੀ ਭੂਮੀ ਨਾਲ ਸਬੰਧ ਰੱਖਦੀਆਂ ਸਖ਼ਸ਼ੀਅਤਾਂ ਲਗਾਤਾਰ ਅਹਿਮ ਯੋਗਦਾਨ ਪਾ ਰਹੀਆਂ ਹਨ। ਜਿੰਨ੍ਹਾਂ ਵਿਚੋਂ ਹੀ ਆਪਣੇ ਨਾਂਅ ਦਾ ਸ਼ੁਮਾਰ ਕਰਵਾਉਣ ਦਾ ਮਾਣ ਹਾਸਿਲ ਕਰ ਰਹੇ ਹਨ , ਬਹੁਗੁਣੀ ਕਲਾਵਾਂ ਦੇ ਧਨੀ ਅਦਾਕਾਰ "ਰਾਜੇਸ਼ ਕਾਰੀਰ",  ਜੋ ਛੋਟੇ ਪਰਦੇ , ਹਿੰਦੀ ਸਿਨੇਮਾਂ ਤੋਂ ਬਾਅਦ , ਹੁਣ ਪੰਜਾਬੀ ਸਿਨੇਮਾਂ ਖਿੱਤੇ ‘ਚ ਵੀ ਨਵੇਂ ਦਿਸਹਿੱਦੇ ਲਈ ਤਿਆਰ ਹਨ।  ਪੰਜਾਬ ਦੇ ਦੁਆਬਾ ਹਿੱਸੇ ਨਾਲ ਤਾਲੁਕ ਰੱਖਦੇ , ਇਹ ਹੋਣਹਾਰ ਐਕਟਰ ਹਾਲੀਆ ਦਿਨੀ ਰਿਲੀਜ਼ ਹੋਈ , ਹਿੰਦੀ ਫ਼ਿਲਮ ਭੁੱਜ ਦਾ ਪ੍ਰਾਈਡ ਵਿਚ ਵੀ ਆਪਣੇ ਅਦਾ ਕੀਤੇ , ਅਹਿਮ ਕਿਰਦਾਰ ਨੂੰ ਲੈ ਕੇ , ਅੱਜਕਲ ਚਰਚਾ ‘ਚ ਹਨ। ਜਿੰਨ੍ਹਾਂ ਨਾਲ , ਉਨਾਂ ਦੇ ਅਗਲੇ ਪ੍ਰੋਜੈਕਟਾ ਅਤੇ ਅਭਿਨੈ ਯੋਜਨਾਵਾਂ ਨੂੰ ਲੈ ਕੇ ਵਿਸ਼ੇਸ਼ ਗੱਲਬਾਤ ਹੋਈ। ਜਿਸ ਦੇ ਪੇਸ਼ ਹਨ ਸੰਖੇਪ੍ਹ ਅੰਸ਼ :-

ਸਵਾਲ :- ਆਪਣੇ ਹੁਣ ਤੱਕ ਦੇ ਲੰਮੇਰ੍ਹੇ ਅਭਿਨੈ ਸਫ਼ਰ ਨੂੰ ,  ਆਪਣੇ ਅਹਿਸਾਸਾਂ ਵਿਚ ਕਿੰਝ ਮਹਿਸੂਸ ਕਰਦੇ ਅਤੇ ਆਖਦੇ ਹੋ ?

ਰਾਜੇਸ :- ਸੱਚ ਕਹਾਂ, ਤਾਂ ਸੁਤੰਸ਼ਟ ਨਹੀਂ ਹਾਂ ! ਇਸ ਗੱਲ ਦਾ ਕਦੀ ਕਦੀ ਝੋਰਾ ਵੀ ਕਰਦਾ ਹਾਂ, ਕਿ ਜਿੰਨ੍ਹਾਂ ਸਮਾਂ ਅਤੇ ਮਿਹਨਤ ਹਿੰਦੀ ਸਿਨੇਮਾਂ ਅਤੇ ਛੋਟੇ ਪਰਦੇ ਨੂੰ ਦਿੱਤੀ, ਉਸ ਅਨੁਸਾਰ ਮੁਕਾਮ ਤੈਅ ਨਹੀਂ ਕਰ ਸਕਿਆ। ਪਰ "ਫ਼ਿਰ ਵੀ ਉਮੀਦ ਦਾ ਦਾਮਨ" , ਇਹ ਸੋਚ ਕੇ ਨਹੀਂ ਛੱਡ ਰਿਹਾ , ਕਿ "ਸ਼ਾਇਦ ਮੇਰਾ ਚੰਗੇਰ੍ਹੇ ਸਮਾਂ ਆਉਣਾ" ਅਜੇ ਬਾਕੀ ਹੈ। 

ਸਵਾਲ :- ਕੀ ਬਚਪਣ ਤੋਂ ਹੀ ਐਕਟਰ ਬਣਨ ਦਾ ਇਰਾਦਾ ਰੱਖਦੇ ਸੀ ?

ਰਾਜੇਸ :-ਬਿਲਕੁਲ, ਅੱਲੜ੍ਹ ਉਮਰ ਵਿਚ ਵੀ ਗਲੈਮਰ ਚਕਾਚੋਂਧ ਮਨ ਅਤੇ ਦਿਮਾਗ ਤੇ ਹਾਵੀ ਰਹਿਣ ਲੱਗ ਪਈ ਸੀ। ਜਿਸ ਸਬੰਧੀ ਵਲਵਲਿਆਂ ਨੂੰ ਸਕੂਲ, ਕਾਲਜ਼ੀ ਪੜ੍ਹਾਈ ਦੌਰਾਨ  ਹੋਣ ਵਾਲੇ ਕਲਚਰਲ  ਅਤੇ ਨਾਟਕੀ ਸਮਾਰੋਹਾਂ  ਦੌਰਾਨ ਕਾਫ਼ੀ ਹੱਲਾਸ਼ੇਰੀ ਮਿਲੀ , ਤਾਂ ਫ਼ਿਰ ਕਦਮ ਆਪਣੇ ਆਪ ਹੀ , ਇਸ ਦਿਸ਼ਾ ਦੇ ਅਗਲੇ ਸਫ਼ਰ ਵੱਲ ਵਧਦੇ ਗਏ। 

ਸਵਾਲ:- ਅਭਿਨੈ ਦੀ ਰਸਮੀ ਸ਼ੁਰੂਆਤ ਕਿੱਥੋ ਹੋਈ ?

ਰਾਜੇਸ਼ :- ਆਪਣੇ ਆਪ ਨੂੰ ਖੁਸ਼ਕਿਸਮਤ ਕਹਾਗਾਂ , ਕਿ ਆਗਾਜ਼ ਪੰਜਾਬੀ ਨਾਟਕਾਰੀ ਦੇ ਬਾਬਾ ਬੋਹੜ ਰਹੇ , ਸਵ: ਹਰਪਾਲ ਸਿੰਘ ਟਿਵਾਣਾ ਦੀ ਨਿਰਦੇਸ਼ਨਾਂ ਹੇਠ ਖ਼ੇਡੇ ਗਏ , ਨਾਟਕਾਂ ਨਾਲ ਹੋਈ। ਜਿੰਨਾਂ ਦੀ  ਸੁਚੱਜੀ ਰਹਿਨੁਮਾਈ ਹੇਠ "ਸਰਹੰਦ ਦੀ ਦੀਵਾਰ" ਅਤੇ "ਹਿੰਦ ਦੀ ਚਾਦਰ" ਜਿਹੇ , ਕਈ ਮਾਣਮੱਤੇ ਨਾਟਕ ਸਫ਼ਲਤਾ ਪੂਰਵਕ ਖ਼ੇਡਣ ਦਾ ਮੌਕਾ ਮਿਲਿਆ। ਜਿਸ ਨਾਲ ਅਭਿਨੈ ਨੂੰ ਪਰਪੱਕਤਾਂ ਦੇਣ ਅਤੇ ਬਾਰੀਕੀਆਂ ਸਿੱਖਣ , ਸਮਝਣ ਵਿਚ ਵੀ ਕਾਫ਼ੀ ਮੱਦਦ ਮਿਲੀ। 

ਸਵਾਲ :- ਮਾਇਆਨਗਰੀ ਮੁੰਬਈ ਨਾਲ ਜੁੜਨ ਦੇ ਸਬੱਬ , ਕਿੰਝ ਬਣੇ ?

ਰਾਜੇਸ਼ :- ਪੰਜਾਬ ਵਿਚ , ਕੀਤੇ ਨਾਟਕਾਂ ਤੋਂ ਸਰਾਹਣਾ ਮਿਲੀ ,  ਤਾਂ 2001 ਵਿਚ ਅਪਣਿਆਂ ਸੁਪਨਿਆਂ ਦੀ ਨਗਰੀ ਮੁੰਬਈ ਵੱਲ ਚਾਲੇ ਪਾ ਦਿੱਤੇ, ਜਿੱਥੇ ਕਾਫ਼ੀ ਸੰਘਰਸ਼ਪੂਰਨ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ। ਪਰ ਆਖ਼ਰ , ਕੀਤੀ ਮਿਹਨਤ ਰੰਗ ਲਿਆਈ, ਅਤੇ ਇੰਡਸ਼ਟਰੀ ਦੇ ਦਿਗਜ਼ ਕਲਾਕਾਰਾਂ ਆਮੀਰ ਖ਼ਾ ਨਾਲ "ਮੰਗਲਪਾਂਡੇ" , "ਨਸ਼ੀਰੂਦੀਨ ਸ਼ਾਹ" ਅਤੇ "ਰਣਦੀਪ ਹੁੱਡਾ" ਨਾਲ ਨਾਲ "ਜੋਹਨ ਡੇ" , "ਰਿਤਿਕ ਰੋਸ਼ਨ" ਨਾਲ "ਅਗਨੀਪੱਥ" ਜਿਹੀਆਂ ਵੱਡੀਆਂ ਫ਼ਿਲਮਜ਼ ਕਰਨ  ਦਾ , ਅਵਸਰ ਮਿਲਿਆ । ਜਿੰਨ੍ਹਾਂ ਵਿਚ, ਨਿਭਾਏ ਕਿਰਦਾਰਾਂ ਨੂੰ, ਦਰਸ਼ਕਾਂ ਅਤੇ ਸਿਨੇਮਾਂ ਸਖ਼ਸੀਅਤਾਂ ਦੀ ਕਾਫ਼ੀ ਪ੍ਰਸ਼ੰਸ਼ਾਂ ਮਿਲੀ। 
 
ਸਵਾਲ:- ਹੁਣ ਦਾ ਕੋਈ ਯਾਦਗਾਰੀ ਕਿਰਦਾਰ ?

ਰਾਜੇਸ਼:- ਛੋਟੇ ਪਰਦੇ ਲਈ ਕੀਤਾ ਸੀਰੀਅਲ "ਬੇਗੂਸਰਾਏ", ਮੇਰੀ ਪਹਿਚਾਣ ਨੂੰ ਗੂੜ੍ਹਾ ਕਰਨ ਵਿਚ , ਕਾਫੀ ਸਹਾਈ ਰਿਹਾ ਹੈ। ਜਿਸ ਵਿਚ ਨਿਭਾਇਆ, "ਗ੍ਰੇ ਸ਼ੇਡ" ਕਿਰਦਾਰ ਛੋਟੇ,ਅਤੇ ਵੱਡੇ ਪਰਦੇ ਦੀ ਕਈ ਨਾਮਵਰ ਹਸਤੀਆਂ ਵੱਲੋਂ ਕਾਫ਼ੀ ਸਰਾਹਿਆ ਗਿਆ। 

ਸਵਾਲ :- ਨਾਮੀ ਸਟਾਰਜ਼ ਨਾਲ ਸਜੀਆਂ , ਕਈ ਚਰਚਿਤ ਫ਼ਿਲਮਜ਼ ਅਤੇ , ਵੱਡੇ ਪ੍ਰੋਡੋਕਸ਼ਨ ਵੱਲੋਂ ਬਣਾਏ ਕਈ  ਸੀਰੀਅਲ ਕਰਨ ਦੇ ਬਾਵਜੂਦ , ਅਭਿਨੈ ਖਿੱਤੇ ਵਿਚ,  ਹੁਣ ਤੱਕ ਮਜਬੂਤ ਪੈੜ੍ਹਾ ਸਥਾਪਿਤ ਨਾ ਹੋ ਸਕਣ , ਦਾ ਕੀ ਕਾਰਣ ਮੰਨਦੇ ਹੋ ?

ਰਾਜੇਸ਼ :- ਇਸ ਲਈ , ਆਪਣੇ ਹੀ ਅਪਣਾਏ ਕੁਝ , ਅਜਿਹੇ ਸਿਧਾਂਤਾਂ ਜਿੰਮੇਵਾਰ ਮੰਨਦਾ ਹਾਂ, ਕਿ ਕਲਾਕਾਰ ਚੰਗਾ  ਹੋਵੇ , ਤਾਂ ਉਸ ਨੂੰ ਕੰਮ ਆਪਣੇ ਆਪ ਮਿਲ ਜਾਂਦਾ ਹੈ।  ਪਰ ਮੌਜੂਦਾ ਸਮਾਂ ਆਪਣੇ ਫ਼ਿਲਮੀ ਦਾਇਰੇ ਨੂੰ , ਵਧਾ ਕੇ ਵੱਧ ਤੋਂ ਵੱੱਧ ਤਾਲਮੇਲ ਬਣਾ ਕੇ ਰੱਖਣ ਦਾ ਹੈ। ਜਮਾਨੇ ਦੀ ਰਫ਼ਤਾਰ ਨੂੰ ਸਮਝ ਕੇ , ਉਸੇ ਅਨੁਸਾਰ ਚਲਣਾ ਹੀ ਸਮਝਦਾਰੀ ਹੁੰਦੀ ਹੈ , ਅਤੇ ਇਹ ਗੱਲ ਹੁਣ , ਮੇਰੀ ਸਮਝ ਵਿਚ ਪੂਰੀ ਤਰ੍ਹਾਂ ਆ ਚੁੱਕੀ ਹੈ। 

ਸਵਾਲ :- ਆਗਾਮੀ ਯੋਜਨਾਵਾਂ ?

ਰਾਜੇਸ :- ਹਿੰਦੀ ਸਿਨੇਮਾਂ, ਛੋਟੇ ਪਰਦੇ ਤੋਂ ਬਾਅਦ , ਹੁਣ ਆਪਣੇ ਅਸਲ ਸਿਨੇਮਾਂ ਪੰਜਾਬੀ ’ਚ ਪਾਰੀ ਖ਼ੇਡਣ ਦਾ ਮਨ ਬਣਾ ਚੁੱਕਾ ਹਾਂ। ਜਿਸ ਲਈ ਅੱਜਕਲ, ਇੱਥੇ ਹੀ ਰੈਣ ਬਸੇਰਾ ਕਰ ਚੁੱਕਾ ਹਾਂ, ਕਿਉਂਕਿ, ਇੰਨ੍ਹੀ ਦਿਨ੍ਹੀ ਬਹੁਤ ਹੀ ਪ੍ਰਭਾਵੀ ਵਿਸ਼ੇ, ਅਤੇ  ਸੈੱਟਅੱਪ ਅਧਾਰਿਤ ਫ਼ਿਲਮਜ਼, ਇੱਥੇ ਬਣ ਰਹੀਆਂ ਹਨ। ਜਿੰਨ੍ਹਾਂ ਦਾ ਸ਼ਾਨਦਾਰ ਹਿੱਸਾ ਬਣਨਾ, ਵਿਸ਼ੇਸ਼ ਪਹਿਲਕਦਮੀ ਰਹੇਗੀ। 

ਸਵਾਲ :- ਕਿਸ ਤਰ੍ਹਾਂ ਦੀ ਭੂਮਿਕਾਵਾਂ ਨੂੰ ਤਰਜ਼ੀਹ ਦੇਵੋਗੇ ?

ਰਾਜੇਸ਼ :- "ਗੰਭੀਰ" ਅਤੇ "ਗ੍ਰੇ ਸ਼ੇਡ" ਦੋਨੋ ਤਰ੍ਹਾਂ ਦੀਆਂ,  ਅਜਿਹੀਆਂ ਭੂਮਿਕਾਵਾਂ ਕਰਨਾ ਚਾਹਾਗਾਂ। ਜਿੰਨ੍ਹਾਂ ਦੀ ਛਾਪ ਲੰਮੇਂ ਸਮੇਂ ਤੱਕ, ਲੋਕਮਨ੍ਹਾਂ ਤੇ ਆਪਣਾ ਅਸਰ ਕਾਇਮ ਰੱਖ ਸਕੇ।                                                                                                                                        ਸ਼ਿਵਨਾਥ ਦਰਦੀ ਸੰਪਰਕ :- 9855155392

ਵਿਆਹ ਦੀ ਵਰ੍ਹੇਗੰਢ ਤੇ ਸ਼ੁਭਕਾਮਨਾ  

ਅਮਨਪ੍ਰੀਤ ਕੌਰ ਸਪਾਲ ਅਤੇ ਸੁਖਵਿੰਦਰ ਸਿੰਘ ਸਪਾਲ ਵਾਸੀ ਅਤਮਾਨਗਰ ਜਗਰਾਉਂ ਨੂੰ ਤੀਸਰੀ ਸਾਲ ਗ੍ਰਹਿ ਦੀਆਂ ਲੱਖ ਲੱਖ ਮੁਬਾਰਕਾਂ    

ਗਾਇਕ ਐਮੀ ਵਿਰਕ ਦੇ ਨਵੇਂ ਰੋਮਾਂਟਿਕ ਗੀਤ 'ਪਿਆਰ ਦੀ ਕਹਾਣੀ' ਨੂੰ ਮਿਲ ਰਿਹੈ ਭਰਵਾਂ ਹੁੰਗਾਰਾ

ਚੰਡੀਗੜ੍ਹ 19 ਅਕਤੂਬਰ (ਹਰਜਿੰਦਰ ਸਿੰਘ ਜਵੰਦਾ) ਪੰਜਾਬੀ ਇੰਡਸਟਰੀ ਨੂੰ 'ਪੁਆੜਾ' ਅਤੇ 'ਕਿਸਮਤ 2' ਵਰਗੀਆਂ ਬਲਾਕਬਸਟਰ ਫਿਲਮਾਂ ਦੇਣ ਤੋਂ ਬਾਅਦ, ਮਸ਼ਹੂਰ ਪੰਜਾਬੀ ਅਦਾਕਾਰ ਅਤੇ ਗਾਇਕ ਐਮੀ ਵਿਰਕ ਆਪਣੇ ਨਵੇਂ ਸਿੰਗਲ ਟਰੈਕ 'ਪਿਆਰ ਦੀ ਕਹਾਣੀ' ਨਾਲ ਸੰਗੀਤ ਦੇ ਨਵੇਂ ਰਿਕਾਰਡ ਤੋੜਨ ਲਈ ਤਿਆਰ ਹੈ। ਅੱਜ ਰਿਲੀਜ਼ ਹੋਇਆ ਇਹ ਗੀਤ ਇੱਕ ਰੋਮਾਂਟਿਕ ਲਵ ਟ੍ਰੈਕ ਹੈ ਅਤੇ ਕੁਝ ਹੀ ਘੰਟਿਆਂ ਵਿੱਚ ਪ੍ਰਸ਼ੰਸਕਾਂ ਦਾ ਦਿਲ ਜਿੱਤ ਚੁੱਕਾ ਹੈ। ਬਹੁਤ ਹੀ ਸੋਹਣੀ ਸੋਹਣੀ ਪ੍ਰਤੀਕ੍ਰਿਯਾਵਾਂ ਇਸ ਗੀਤ ਨੂੰ ਮਿਲ ਰਹੀਆਂ ਹਨ।ਇਹ ਦਿਲ ਨੂੰ ਛੂਹ ਲੈਣ ਵਾਲੀ ਧੁਨ, 'ਪਿਆਰ ਦੀ ਕਹਾਣੀ' , ਨੂੰ ਚੰਡੀਗੜ੍ਹ ਦੇ ਕੁਝ ਬਹੁਤ ਹੀ ਸ਼ਾਨਦਾਰ ਸਥਾਨਾਂ 'ਤੇ ਸ਼ੂਟ ਕੀਤਾ ਗਿਆ ਹੈ।ਮੁੱਖ ਅਦਾਕਾਰਾ ਦੀ ਗੱਲ ਕਰੀਏ ਤਾਂ ਇਸ ਵਾਰ ਐਮੀ ਨੇ ਮਸ਼ਹੂਰ ਦੱਖਣੀ ਭਾਰਤੀ ਅਭਿਨੇਤਰੀ 'ਨਿੱਕੀ ਗਲਰਾਨੀ' ਨਾਲ ਮਿਲ ਕੇ ਕੰਮ ਕੀਤਾ ਹੈ। ਅਦਾਕਾਰਾ ਨੂੰ ਇਸ ਗੀਤ ਨਾਲ ਪੰਜਾਬੀ ਇੰਡਸਟਰੀ ਵਿੱਚ ਲਾਂਚ ਕੀਤਾ ਜਾ ਰਿਹਾ ਹੈ। ਨਿੱਕੀ ਨੇ 30 ਤੋਂ ਵੱਧ ਦੱਖਣੀ ਭਾਰਤੀ ਫਿਲਮਾਂ ਵਿੱਚ ਕੰਮ ਕੀਤਾ ਹੈ।ਦਿਲ ਨੂੰ ਛੂਹ ਲੈਣ ਵਾਲੇ ਬੋਲ ਰਾਜ ਫਤਿਹਪੁਰੀਆ ਦੁਆਰਾ ਦਿੱਤੇ ਗਏ ਹਨ ਅਤੇ ਸੰਨੀ ਵਿਰਕ ਦਾ ਪਿਆਰਾ ਸੰਗੀਤ ਐਮੀ ਵਿਰਕ ਦੀ ਜਾਦੂਈ ਆਵਾਜ਼ ਨਾਲ ਤਿਆਰ ਕੀਤਾ ਗਿਆ ਹੈ ਜੋ 'ਪਿਆਰ ਦੀ ਕਹਾਣੀ' ਨੂੰ ਅਸਾਨੀ ਨਾਲ ਪੰਜਾਬੀ ਸੰਗੀਤ ਇੰਡਸਟਰੀ ਦੇ ਸਭ ਤੋਂ ਪਿਆਰੇ ਗੀਤਾਂ ਵਿੱਚੋਂ ਇੱਕ ਬਣਾਉਂਦਾ ਹੈ ਜਿਸ ਨੂੰ ਤੁਸੀਂ ਵਾਰ ਵਾਰ ਸੁਣਨਾ ਚਾਹੋਗੇ। ਗਾਣੇ ਦੀ ਵੀਡੀਓ ਨੂੰ ਡਾਇਰੈਕਟ ਕੀਤਾ ਹੈ ਨਵਜੀਤ ਬੁੱਟਰ ਨੇ।ਇਹ ਗੀਤ ਸਾਰੇਗਾਮਾ ਮਿਯੂਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

ਰੋਮਾਂਸ, ਕਮੇਡੀ ਤੇ ਸ਼ਰਾਰਤਾਂ ਭਰਪੂਰ ਸਟੋਰੀ ਵਾਲੀ ਹੈ ਫ਼ਿਲਮ ‘ਪਾਣੀ 'ਚ ਮਧਾਣੀ’ - ਗਿੱਪੀ ਗਰੇਵਾਲ

ਪੰਜਾਬੀ ਫਿਲਮ ‘ਪਾਣੀ 'ਚ ਮਧਾਣੀ’ ਦਾ ਟ੍ਰੇਲਰ ਰਿਲੀਜ਼ ਹੁੰਦੇ ਹੀ ਪੰਜਾਬੀ ਦਰਸ਼ਕਾਂ ਵਿਚ ਕਾਫੀ ਖੁਸ਼ੀ ਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਦੱਸ ਦਈਏ ਕਿ ਇਸ ਫਿਲਮ ਵਿੱਚ ਗਿੱਪੀ ਗਰੇਵਾਲ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ ਅਤੇ ਉਹਨਾਂ ਦੇ ਨਾਲ ਪੰਜਾਬੀ ਫਿਲਮ ਇੰਡਸਟਰੀ ਦੀ ਬਹੁਤ ਹੀ ਖੂਬਸੂਰਤ ਤੇ ਬਾਕਮਾਲ ਅਦਾਕਾਰਾ ਨੀਰੂ ਬਾਜਵਾ ਨਜ਼ਰ ਆਉਣਗੇ । ਇਹ ਜੋੜੀ ਸਾਨੂੰ 12 ਸਾਲਾਂ ਬਾਅਦ ਵੱਡੇ ਪਰਦੇ ਤੇ ਨਜ਼ਰ ਆਏਗੀ ਅਤੇ ਟ੍ਰੇਲਰ ਵਿਚ ਹੀ ਇਹਨਾਂ ਦੋਵਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਕਿਉਂ ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਏਨੇ ਥੋੜ੍ਹੇ ਸਮੇਂ 'ਚ ਇਹ 7 ਮਿਲੀਅਨ ਵਿਊਜ਼ ਵੀ ਪਾਰ ਕਰ ਚੁੱਕਿਆ ਹੈ। ਦਾਰਾ ਮੋਸ਼ਨ ਪਿਕਚਰ ਪ੍ਰਾਈਵੇਟ ਲਿਮਟਿਡ ਵੱਲੋਂ  'ਪਾਣੀ ਚ ਮਧਾਣੀ' ਫਿਲਮ 5 ਨਵੰਬਰ 2021 ਨੂੰ ਸਿਨੇਮਾ ਘਰਾਂ ਵਿਚ ਪਰਦਾਪੇਸ਼ ਹੋਵੇਗੀ, ਜੋ ਕਿ ਹਾਸੇ, ਡਰਾਮੇ ਅਤੇ ਪਿਆਰ ਦੀ ਧਮਾਕੇਦਾਰ ਪੰਡ ਹੈ ਜਿਸ ਵਿਚ ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਇਫਤਿਖਾਰ ਠਾਕੁਰ ਅਤੇ ਹਾਰਬੀ ਸੰਘਾ ਮੁੱਖ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਇੱਕ ਵੱਖਰੀ ਸੋਚ ਵਾਲੇ ਨਿਰਦੇਸ਼ਕ, ਵਿਜੇ ਕੁਮਾਰ ਅਰੋੜਾ (ਦਾਦੂ ) ਨੇ ਫਿਲਮ ਦਾ ਨਿਰਦੇਸ਼ਨ ਕੀਤਾ ਹੈ ਅਤੇ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ। ਸੰਨੀ ਰਾਜ ਅਤੇ ਡਾ: ਪ੍ਰਭਜੋਤ ਸਿੱਧੂ (ਸਿਆਟਲ, ਯੂ ਐਸ ਏ) ਨੇ ਇਸ ਫਿਲਮ ਦਾ ਨਿਰਮਾਣ ਕੀਤਾ ਹੈ ।ਸੰਗੀਤ ਹੰਬਲ ਮਿਉਜ਼ਿਕ 'ਤੇ ਰਿਲੀਜ਼ ਕੀਤਾ ਜਾਵੇਗਾ।ਜਤਿੰਦਰ ਸ਼ਾਹ 'ਪਾਣੀ ਚ ਮਧਾਣੀ' ਦੇ ਸੰਗੀਤ ਨਿਰਦੇਸ਼ਕ ਹਨ। ਹੈਪੀ ਰਾਏਕੋਟੀ ਨੇ ਗੀਤਾਂ ਦੇ ਬੋਲ ਲਿਖੇ ਹਨ।ਫ਼ਿਲਮ ਸਬੰਧੀ ਅਦਾਕਾਰ ਗਿੱਪੀ ਗਰੇਵਾਲ ਦਾ ਕਹਿਣਾ ਹੈ ਕਿ ਫ਼ਿਲਮ‘ਪਾਣੀ 'ਚ ਮਧਾਣੀ’ ਦਰਸ਼ਕਾਂ ਨੂੰ ਨਿਸ਼ਚਿਤ ਰੂਪ ਤੋਂ ਪਸੰਦ ਆਵੇਗੀ ਕਿਉਂਕਿ ਇਹ ਫ਼ਿਲਮ ਆਪਣੇ ਆਪ ਵਿੱਚ ਹੀ ਪੂਰਾ ਇੱਕ ਰੋਮਾਂਟਿਕ ਪੈਕੇਜ ਹੈ , ਜਿਸ ਵਿਚ ਰੋਮਾਂਸ, ਕਾਮੇਡੀ, ਡਰਾਮਾ ਆਦਿ ਦੀ ਕੋਈ ਕਮੀ ਨਹੀਂ ਹੈ।ਨਿਰਮਾਤਾ ਸੰਨੀ ਰਾਜ ਅਤੇ ਡਾ: ਪ੍ਰਭਜੋਤ ਸਿੱਧੂ ਦਾ ਕਹਿਣਾ ਹੈ ਕਿ ਇਸ ਫਿਲਮ ਦੇ ਨਿਰਮਾਤਾ ਹੋਣ ਦੇ ਨਾਤੇ, ਸਾਨੂੰ ਆਪਣੀ ਫਿਲਮ ਨੂੰ ਲੈ ਕੇ ਕਾਫੀ ਉਮੀਦ ਹੈ ਅਤੇ ਇਹ ਫਿਲਮ ਪੋਲੀਵੁਡ ਵਿੱਚ ਇੱਕ ਵਖਰਾ ਇਤਿਹਾਸ ਬਣਾਏਗੀ।

ਹਰਜਿੰਦਰ ਸਿੰਘ ਜਵੰਦਾ

9463828000

ਗਾਇਕ ਐਮੀ ਵਿਰਕ, ਗੈਰੀ ਸੰਧੂ ਅਤੇ ਸੋਨਮ ਬਾਜਵਾ ਈ.3 ਏ.ਈ. ਲਾਈਵ ’ਚ ਦਿਖਾਉਣਗੇ ਸ਼ਾਨਦਾਰ ਪਰਫਾਰਮੈਂਸ 

ਈ.3 ਯੂ.ਕੇ. ਲਾਈਵ ਸਮਾਰੋਹ ਵਿੱਚ ਇੱਕ ਸਫਲ ਅਤੇ ਸ਼ਾਨਦਾਰ ਸਿਤਾਰਿਆਂ ਨਾਲ ਭਰੀ ਲੜੀ ਦੇ ਨਾਲ, ਈ.3 ਯੂ.ਕੇ. ਰਿਕਾਰਡਸ ਹੁਣ ਈ.3 ਏ.ਈ. ਲਾਈਵ ਪੇਸ਼ ਕਰ ਰਿਹਾ ਹੈ ਵਿਚ ਦੁਬਈ, ਸੰਯੁਕਤ ਅਰਬ ਅਮੀਰਾਤ ਦੇ ਕੋਕਾ-ਕੋਲਾ ਅਰੇਨਾ ਵਿੱਚ 12 ਨਵੰਬਰ 2021 ਦੀ ਸ਼ੁੱਕਰਵਾਰ ਨੂੰ ਸਾਲ ਦਾ ਸਭ ਤੋਂ ਵੱਡਾ ਦੇਸੀ ਪਰਿਵਾਰਕ ਸਮਾਰੋਹ।ਅਵਾਰਡ ਜੇਤੂ ਗਾਇਕੀ ਸੰਵੇਦਨਾਵਾਂ ਦੇ ਨਾਲ ਦੱਖਣੀ ਏਸ਼ੀਆਈ ਉਦਯੋਗ ਦੇ ਸਭ ਤੋਂ ਵੱਡੇ ਨਾਮ, ਐਮੀ ਵਿਰਕ, ਗੈਰੀ ਸੰਧੂ ਅਤੇ ਪ੍ਰਸਿੱਧ ਅਭਿਨੇਤਰੀ ਸੋਨਮ ਬਾਜਵਾ ਇੱਕ ਸ਼ਾਨਦਾਰ ਸਮਾਰੋਹ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨਗੇ ਅਤੇ ਈ.3 ਏ.ਈ. ਲਾਈਵ ਸ਼ੋਅ ਵਿੱਚ ਦੱਖਣੀ ਏਸ਼ੀਆਈ ਸੰਗੀਤ ਅਤੇ ਸਭਿਆਚਾਰ ਦੀ ਨੁਮਾਇੰਦਗੀ ਕਰਨਗੇ। ਹੋਰ ਕਾਰਜਾਂ ਦਾ ਅਜੇ ਐਲਾਨ ਹੋਣਾ ਬਾਕੀ ਹੈ!ਦੁਬਈ ਵਿੱਚ ਆਪਣੇ ਪਹਿਲੇ ਪ੍ਰਦਰਸ਼ਨ ਲਈ, ਐਮੀ ਵਿਰਕ- ਕਿਸਮਤ, ਜ਼ਿੰਦਾਬਾਦ ਯਾਰੀਆਂ, ਵੰਗ ਦੇ ਨਾਪ ਵਰਗੀਆਂ ਅਤੇ ਗੈਰੀ ਸੰਧੂ ਇੱਲੀਗਲ ਵੈਪਨ, ਯੇਹ ਬੇਬੀ ਅਤੇ ਬੰਦਾ ਬਣਜਾ ਵਰਗੀਆਂ ਹਿੱਟ ਐਲਬਮਾਂ ਦੇ ਗਾਣਿਆਂ ਨੂੰ ਪ੍ਰਦਰਸ਼ਿਤ ਕਰਨਗੇ। ਬ੍ਰਿਟੇਨ ਵਿੱਚ ਮੋਹਰੀ ਦੱਖਣੀ ਏਸ਼ੀਆਈ ਲਾਈਵ ਸੰਗੀਤ ਅਤੇ ਮਨੋਰੰਜਨ ਏਜੰਸੀ ਦੇ ਰੂਪ ਵਿੱਚ, ਸ਼ੋਅ ਦੀ ਮੇਜ਼ਬਾਨੀ ਈ.3 ਯੂ.ਕੇ ਰਿਕਾਰਡ ਲੇਬਲ ਅਤੇ ਪ੍ਰਬੰਧਨ ਦੁਆਰਾ ਕੀਤੀ ਜਾ ਰਹੀ ਹੈ ਅਤੇ ਇਸਨੇ ਅੰਤਰਰਾਸ਼ਟਰੀ ਦੱਖਣੀ ਏਸ਼ੀਆਈ ਉਦਯੋਗ ਦੇ ਸੱਚਮੁੱਚ ਵਿਸ਼ਵ ਪੱਧਰੀ ਕਲਾਕਾਰਾਂ ਨੂੰ ਸੱਦਾ ਦਿੱਤਾ ਹੈ। ਪਹਿਲਾਂ 2017 ਅਤੇ 2019 ਵਿੱਚ ਈ.3 ਯੂ.ਕੇ ਲਾਈਵ ਸ਼ੋਅ ਵਿੱਚ ਉਤਪਾਦਨ ਅਤੇ ਮਨੋਰੰਜਨ ਦਾ ਇੱਕ ਅਵਿਸ਼ਵਾਸ਼ਯੋਗ ਉੱਚ ਪੱਧਰ ਸਥਾਪਤ ਕਰਨ ਤੋਂ ਬਾਅਦ, ਉੱਚ ਪ੍ਰੋਫਾਈਲ ਸੰਗੀਤ ਸਮਾਰੋਹ ਹੁਣ ਦੁਬਈ, ਯੂਏਈ ਵਿੱਚ ਵਿਿਭੰਨ ਦਰਸ਼ਕਾਂ ਲਈ ਲਿਆਂਦਾ ਜਾ ਰਿਹਾ ਹੈ।ਈ.3 ਯੂ.ਕੇ ਦੇ ਡਾਇਰੈਕਟਰ ਨੇ ਦੱਸਿਆ ਕਿ “ਤੁਹਾਡੇ ਸਾਰੇ ਮਨਪਸੰਦ ਗੀਤਾਂ ਦੇ ਨਾਲ ਨਾਲ, ਹਰ ਇੱਕ ਪ੍ਰਦਰਸ਼ਨ ਰੋਸ਼ਨੀ, ਡਾਂਸ ਅਤੇ ਆਤਿਸ਼ਬਾਜੀ ਪ੍ਰਦਰਸ਼ਨਾਂ ਦਾ ਸ਼ਾਨਦਾਰ ਵਿਜ਼ੂਅਲ ਡਿਸਪਲੇ ਹੋਣ ਦਾ ਵਾਅਦਾ ਵੀ ਕਰਦਾ ਹੈ। ਕੋਵਿਡ 19 ਮਹਾਂਮਾਰੀ ਦੇ ਕਾਰਨ, ਲਾਈਵ ਮਨੋਰੰਜਨ ਅਤੇ ਇਵੈਂਟਸ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਪਰ ਜਿਵੇਂ ਕਿ ਵਿਸ਼ਵ ਹੌਲੀ ਹੌਲੀ ਠੀਕ ਹੋ ਰਿਹਾ ਹੈ, ਅਸੀਂ ਉਨ੍ਹਾਂ ਸਾਰਿਆਂ ਨੂੰ ਇੱਕ ਸੁਰੱਖਿਅਤ ਪਰ ਅਨੰਦਮਈ ਤਜਰਬਾ ਪ੍ਰਦਾਨ ਕਰਨ ਲਈ ਵਚਨਬੱਧ ਹਾਂ ਜੋ ਮਨੋਰੰਜਨ ਉਦਯੋਗ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਵਿੱਚ ਸ਼ਾਮਲ ਹੋਏ ਅਤੇ 'ਚਾਨਣ ਦਾ ਚਾਨਣ' ਜੋ ਹੋਰ ਪ੍ਰਮੋਟਰਾਂ ਨੂੰ ਸ਼ੋਅ ਕਰਨ ਲਈ ਉਤਸ਼ਾਹਿਤ ਕਰਦਾ ਹੈ। ਅਸੀਂ ਇੱਕ ਹੋਰ ਇਤਿਹਾਸਕ ਮੀਲ ਪੱਥਰ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਦੋਂ ਅਸੀਂ ਤੁਹਾਡੇ ਲਈ ਈ.3 ਏ.ਈ. ਲਾਈਵ 2021 ਲਿਆਉਂਦੇ ਹਾਂ।ਇਹ ਇਸ ਤੋਂ ਵਧੀਆ ਨਹੀਂ ਹੋ ਸਕਦਾ! ਦੁਬਈ, ਤਾਰੀਖ ਨੂੰ ਨਿਸ਼ਾਨਬੱਧ ਕਰੋ ਅਤੇ ਆਪਣੇ ਕਾਰਜਕ੍ਰਮ ਨੂੰ ਸਪਸ਼ਟ ਰੱਖੋ ਕਿਉਂਕਿ ਐਮੀ ਵਿਰਕ, ਗੈਰੀ ਸੰਧੂ ਅਤੇ ਸੋਨਮ ਬਾਜਵਾ ਕੋਕਾ-ਕੋਲਾ ਅਖਾੜੇ ਵਿੱਚ ਤੁਹਾਡਾ ਮਨੋਰੰਜਨ ਕਰਨ ਲਈ ਆ ਰਹੇ ਹਨ।

ਹਰਜਿੰਦਰ ਸਿੰਘ 9463828000 

 ਫਿਲਮ 'ਉੱਚਾ ਪਿੰਡ' ਨੇ ਲੋਕਾਂ ਦੇ ਦਿਲਾਂ 'ਚ ਬਣਾਈ ਖਾਸ ਜਗ੍ਹਾ, ਦੇਖਣ ਨੂੰ ਮਿਲਿਆ ਜ਼ਬਰਦਸਤ ਉਤਸ਼ਾਹ

ਉੱਚਾ ਪਿੰਡ' ਨੂੰ ਇੰਨਾ ਪਿਆਰ ਦੇਣ ਲਈ ਦਰਸ਼ਕਾਂ ਦਾ ਸਦਾ ਰਿਣੀ ਰਹਾਂਗਾ- ਸਰਦਾਰ ਸੋਹੀ, ਨਵਦੀਪ ਕਲੇਰ

ਬੀਤੇ ਦਿਨੀਂ ਰਿਲੀਜ਼ ਹੋਈ ਨਿਰਦੇਸ਼ਕ ਹਰਜੀਤ ਰਿੱਕੀ ਦੀ ਪੰਜਾਬੀ ਫ਼ਿਲਮ 'ਉੱਚਾ ਪਿੰਡ' ਨੂੰ ਦਰਸ਼ਕਾਂ ਦਾ ਚੰਗਾ ਪਿਆਰ ਮਿਲਦਾ ਵੇਖ ਕਹਿ ਸਕਦੇ ਹਾਂ ਕਿ ਪੰਜਾਬੀ ਸਿਨਮਾ ਨਾਲ ਦਰਸ਼ਕ ਅੱਜ ਵੀ ਜੁੜਿਆ ਹੋਇਆ ਹੈ। ‘ਤੁਣਕਾ ਤੁਣਕਾ’ ਅਤੇ ‘ਪੁਆੜਾ’ ਫ਼ਿਲਮਾਂ ਤੋਂ ਬਾਅਦ ਹੁਣ ਫ਼ਿਲਮ 'ਉੱਚਾ ਪਿੰਡ' ਨੇ ਵੀ ਟਿਕਟ ਖਿੜਕੀ ਤੱਕ ਦਰਸ਼ਕਾਂ ਨੂੰ ਲਿਆਂਦਾ ਹੈ। 

ਮਨੋਰੰਜਨ ਦੇ ਨਾਲ ਨਾਲ ਕੁਰੀਤੀਆਂ ਨੂੰ ਪਰਦੇ ‘ਤੇ ਲਿਆਉਣਾ ਵੀ ਜਰੂਰੀ ਹੈ। ਕਾਮੇਡੀ ਤੇ ਵਿਆਹ ਕਲਚਰ ਦੀਆਂ ਫ਼ਿਲਮਾਂ ਵੇਖ ਵੇਖ ਅੱਕ ਚੁੱਕੇ ਦਰਸ਼ਕਾਂ ਨੂੰ ਇਸ ਫ਼ਿਲਮ ਰਾਹੀਂ ਬਹੁਤ ਕੁਝ ਨਵਾਂ ਤੇ ਰੌਚਕਮਈ ਵੇਖਣ ਨੂੰ ਮਿਲਿਆ। ਖ਼ਾਸ ਗੱਲ ਕਿ ਇਸ ਫ਼ਿਲਮ ਰਾਹੀਂ ਸਮਾਜ ਦੀ ਗੱਲ ਬਹੁਤ ਹੀ ਨਿਵੇਕਲੇ ਢੰਗ ਨਾਲ ਕੀਤੀ ਗਈ ਹੈ । ਫ਼ਿਲਮ ਦੀ ਕਹਾਣੀ ਸਮਾਜ ਵਿਰੋਧੀ ਅਨਸ਼ਰਾਂ ਨੂੰ ਨੰਗਾ ਕਰਨ ਦੀ ਹਿੰਮਤ ਰੱਖਦੀ ਹੈ ਜੋ ਚੰਦ ਮੁਨਾਫ਼ੇ ਲਈ ਸਾਡੀ ਜਵਾਨੀ ਨੂੰ ਮੌਤ ਦੇ ਮੂੰਹ ‘ਚ ਧਕੇਲ ਰਹੇ ਹਨ। ਅਜਿਹੇ ਚਿੱਟੇ ਬਗਲਿਆਂ ਨੂੰ ਫੜ੍ਹਣ ਲਈ ‘ਆਜ਼ਾਦ’ ਦੇ ਪੰਜੇ ਦੀ ਝਪਟ ਪੈਂਦਿਆਂ ਦੇਰ ਨਹੀਂ ਲੱਗਦੀ। ਇਸ ਫ਼ਿਲਮ ਵਿੱਚ ਕਈ ਰੰਗ ਹਨ ਜੋ ਫ਼ਿਲਮ ਦੇ ਹਰੇਕ ਦ੍ਰਿਸ਼ ਨੂੰ ਦਿਲਚਸਪ ਬਣਾਉਂਦੇ ਹਨ। ਸਰਦਾਰ ਸੋਹੀ, ਹੌਬੀ ਧਾਲੀਵਾਲ, ਆਸ਼ੀਸ਼ ਦੁਗਲ, ਮੁਕਲ ਦੇਵ, ਸ਼ਮਿੰਦਰ ਵਿੱਕੀ ਵਰਗੇ ਦਿੱਗਜ਼ ਕਲਕਾਰਾਂ ਦੇ ਨਾਲ-ਨਾਲ ਨਵਾਂ ਮੁੰਡਾ ਨਵਦੀਪ ਕਲੇਰ ਵੀ ਐਕਸ਼ਨ ਹੀਰੋ ਜੋਂ ਪੂਰਾ ਜ਼ਚਿਆ ਹੈ। ਜਿੱਥੇ ਫ਼ਿਲਮ ਦਾ ਐਕਸ਼ਨ ਦਰਸ਼ਕਾਂ ਨੂੰ ਪ੍ਰਭਾਵਤ ਕਰਦਾ ਹੈ ਉਥੇ ਫ਼ਿਲਮ ਦੇ ਡਾਇਲਾਗਾਂ ‘ਤੇ ਵੱਜਦੀਆਂ ਤਾੜੀਆਂ-ਸੀਟੀਆਂ ਵੀ ਫ਼ਿਲਮ ਦੇ ਚੰਗਾ ਹੋਣ ਦੀ ਗਵਾਹੀ ਭਰਦੇ ਪੱਖ ਹਨ। ਫ਼ਿਲਮ ਆਮ ਫ਼ਿਲਮਾਂ ਤੋਂ ਬਹੁਤ ਹਟਕੇ ਹੈ ਕਿਉਂਕਿ ਇਹ ਪੰਜਾਬੀ ਦੀ ਪਹਿਲੀ ਫ਼ਿਲਮ ਹੈ ਜੋ ਸਸਪੈਂਸ਼ ਭਰਪੂਰ ਹੈ। ਦਰਸ਼ਕ ਸੋਚ ਵੀ ਨਹੀਂ ਸਕਦਾ ਕਿ ਹੁਣ ਕੀ ਹੋਵੇਗਾ।ਐਕਸ਼ਨ ਹੀਰੋ ਦੇ ਰੂਪ ‘ਉਭਰੇ ਨਵਦੀਪ ਕਲੇਰ ਦੀ ਮੇਹਨਤ ਉਸਦੇ ਕਿਰਦਾਰ ਨੂੰ ਚੰਗਾ ਨਿਖਾਂਰਦੀ ਹੈ। ਉਸਦੇ ਸਾਹਾਂ ਦੀ ਧੜਕਣ ਬਣੀ ਖੂਬਸੂਰਤ ਨਾਇਕਾ ‘ਪੂਨਮ ਸੂਦ’ ਵੀ ਪੂਰਾ ਜਚੀ ਹੈ। ਜ਼ਿਕਰਯੋਗ ਹੈ ਕਿ ਨਵਦੀਪ ਕਲੇਰ ਤੇ ਪੂਨਮ ਸੂਦ ਦੀ ਬਤੌਰ ਨਾਇਕ-ਨਾਇਕਾ ਇਹ ਪਹਿਲੀ ਫ਼ਿਲਮ ਹੈ, ਜਦਕਿ ਇਸ ਤੋਂ ਪਹਿਲਾਂ ਇੰਨ੍ਹਾਂ ਨੇ ਅਨੇਕਾਂ ਫ਼ਿਲਮਾਂ ਵਿਚ ਯਾਦਗਾਰੀ ਕਿਰਦਾਰ ਨਿਭਾਏ ਹਨ।ਨਵਦੀਪ ਕਲੇਰ ਤੇ ਪੂਨਮ ਸੂਦ ਤੋਂ ਇਲਾਵਾ ਫ਼ਿਲਮ ਵਿੱਚ ਸਰਦਾਰ ਸੋਹੀ, ਹੌਬੀ ਧਾਲੀਵਾਲ, ਆਸ਼ੀਸ਼ ਦੁੱਗਲ, ਮੁਕਲ ਦੇਵ, ਸ਼ਮਿੰਦਰ ਵਿੱਕੀ, ਸ਼ੀਮਾ ਕੌਸਲ, ਰਾਹੁਲ ਜੁਗਰਾਲ, ਲੱਖਾ ਲਹਿਰੀ, ਦਿਲਾਵਰ ਸਿੱਧੂ, ਮਨੀ ਕੁਲਾਰ, ਸੰਜੀਵ ਢਿਲੋਂ  ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਇਸ ਫ਼ਿਲਮ ਦੀ ਕਹਾਣੀ ਨਰਿੰਦਰ ਅੰਬਰਸਰੀਆ ਨੇ ਲਿਖੀ ਹੈ ਤੇ ਡਾਇਲਾਗ ਤੇ ਸਕਰੀਨ ਪਲੇਅ ਨਵਦੀਪ ਕਲੇਰ ਤੇ ਨਰਿੰਦਰ ਅੰਬਰਸਰੀਆ ਨੇ ਰਲ ਕੇ ਲਿਖੇ ਹਨ। ਫ਼ਿਲਮ ਦੇ ਗੀਤਾਂ ਨੂੰ ਨਾਮਵਰ ਗੀਤਕਾਰ ਜਾਨੀ ਨੇ ਲਿਖਿਆ ਹੈ। ਜਿੰਨ੍ਹਾਂ ਨੂੰ ਬੀ ਪਰਾਕ, ਕਮਲ ਖਾਂ, ਅਫ਼ਸਾਨਾਂ ਖਾਂ, ਹਿੰਮਤ ਸੰਧੂ ਨੇ ਗਾਇਆ। ਸੰਗੀਤ ਬੀ ਪਰਾਕ, ਬਿਰਗੀ ਵੀਰ ਜੀ ਨੇ ਤਿਆਰ ਕੀਤਾ ਹੈ। ਜਿਕਰਯੋਗ ਹੈ  ਕਿ ਨਿਊ ਦੀਪ ਐਂਟਰਟੈਂਨਮੈਂਟ ਅਤੇ 2 ਆਰ-ਆਰ ਪ੍ਰੋਡਕਸ਼ਨ ਦੇ ਬੈਨਰ ਹੇਠ ਇਸ ਫ਼ਿਲਮ ‘ਉੱਚਾ ਪਿੰਡ’ ਦੀ ਨਿਰਮਾਤਾ ਜੋੜੀ ਸੰਨੀ ਢਿਲੋਂ ਤੇ ਹਰਦੀਪ ਸਿੰਘ ਡਿੰਪੀ ਢਿਲੋਂ  ਨੇ ਬੀਤੇ ਦਿਨੀ ਇੱਕ ਪੱਤਰਕਾਰਤਾ ਮਿਲਨੀ ਦੌਰਾਨ ਕਿਹਾ ਸੀ ਕਿ ਸਾਡੀ ਇਸ ਫ਼ਿਲਮ ਤੋਂ ਹੋਣ ਵਾਲੀ ਸਾਰੀ ਕਮਾਈ ਦਾ 5% ਹਿੱਸਾ ਕਿਸਾਨੀ ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਵੇਗਾ, ਅਸੀਂ ਹਮੇਸ਼ਾ ਕਿਸਾਨ ਭਰਾਵਾਂ ਦੇ ਨਾਲ ਖੜ੍ਹੇ ਹਾਂ। ਇਸ ਲਈ ਹਰੇਕ ਦਰਸਕ ਨੂੰ ਇਹ ਫ਼ਿਲਮ ਜਰੂਰ ਵੇਖਣੀ ਚਾਹੀਦੀ। ਇਸ ਫ਼ਿਲਮ ਨੂੰ ਮਿਲ ਰਹੇ ਪਿਆਰ ਤੋਂ ਨਵਦੀਪ ਕਲੇਰ ਬਹੁਤ  ਖੁਸ਼ ਹੈ ਉਸਨੇ ਆਪਣੇ ਦਰਸ਼ਕਾਂ, ਪ੍ਰਸੰਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਉਹ ਪੰਜਾਬੀ ਸਿਨਮੇ ਲਈ ਮੇਹਨਤ ਅਤੇ ਲਗਨ ਨਾਲ ਕੰਮ ਕਰਦਾ ਰਹੇਗਾ। 

ਹਰਜਿੰਦਰ ਸਿੰਘ ਜਵੰਦਾ 94638 28000

 

ਖਟਿਆਸ ਤੇ ਮਠਿਆਸ ਨਾਲ ਭਰਿਆ ਹੁੰਦਾ ਹੈ -ਨਨਾਣ ਭਰਜਾਈ ਦਾ ਰਿਸ਼ਤਾ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਹਰੇ ਹਰੇ ਬਾਗ਼ਾਂ ਵਿੱਚ ਉੱਚੀਆਂ ਹਵੇਲੀਆਂ ….
ਨਨਾਣ ਤੇ ਭਰਜਾਈ ਆਪਾ ਗੂੜ੍ਹੀਆਂ ਸਹੇਲੀਆਂ ….

ਦੋਸਤੋਂ ਮਨੁੱਖ ਸਮਾਜਿਕ ਪ੍ਰਾਣੀ ਹੋਣ ਕਰਕੇ ਸਮਾਜ ਵਿੱਚ ਵਿਚਰਦਿਆਂ ਕਈ ਰਿਸ਼ਤੇ ਨਿਭਾਉਂਦਾ ਹੈ ।ਇੱਕ ਔਰਤ ਵੀ ਕਈ ਰੂਪਾਂ ਵਿੱਚ ਰਿਸ਼ਤੇ ਨਿਭਾਉਂਦੀ ਹੈ ਜਿਵੇਂ ਕਿ ਮਾਂ,ਧੀ,ਭੈਣ,ਪਤਨੀ ,ਨੂੰਹ-ਸੱਸ,ਨਨਾਣ-ਭਰਜਾਈ ਆਦਿ ।ਦੋਸਤੋਂ ਇੰਨਾਂ ਰਿਸ਼ਤਿਆਂ ਵਿੱਚੋਂ ਇੱਕ ਅਨੋਖਾ ਰਿਸ਼ਤਾ ਨਨਾਣ-ਭਰਜਾਈ ਦਾ ਹੁੰਦਾ ਹੈ ਜੋ ਕਿ ਅਪਣਾਪੱਤ ,ਪਿਆਰ ,ਖਟਿਆਸ -ਮਠਿਆਸ ਨਾਲ ਭਰਿਆ ਹੁੰਦਾ ਹੈ।ਦੋਸਤੋਂ ਪਤੀ ਦੀ ਭੈਣ ਨੂੰ ਨਣਦ ਆਖਿਆ ਜਾਂਦਾ ਹੈ। ਜਦੋਂ ਨਵੀਂ ਵਿਆਹੀ ਕੁੜੀ ਸਹੁਰੇ ਘਰ ਆਉਦੀ ਹੈ ਤਾਂ ਉਸਨੂੰ ਕਈ ਰਿਸ਼ਤੇ ਨਿਭਾਉਣੇ ਪੈਂਦੇ ਹਨ।ਉਹ ਇੱਕ ਰਿਸ਼ਤਾ ਨਨਾਣ-ਭਰਜਾਈ ਦਾ ਵੀ ਨਿਭਾਉਂਦੀ ਹੈ।ਪਰ ਇਹ ਰਿਸ਼ਤਾ ਹੁਣ ਕੁੱਝ ਬਦਲ ਗਿਆ ਹੈ ਹੁਣ ਭਾਬੀ ਸ਼ਬਦ ਬਹੁਤ ਘੱਟ ਵਰਤਿਆਂ ਜਾਂਦਾ ਹੈ ਹੁਣ ਭਾਬੀ ਨੂੰ ਦੀਦੀ ਕਹਿ ਦਿੱਤਾ ਜਾਂਦਾ ਹੈ।ਜ਼ਿਆਦਾਤਰ ਤਾਂ ਨਾਮ ਨਾਲ ਹੀ ਬੁਲਾਇਆ ਜਾਂਦਾ ਹੈ। ਨਨਾਣ ਨੂੰ ਮਲਵਈ ਬੋਲੀ ਵਿੱਚ ਨਣਦ’ ਵੀ ਕਿਹਾ ਜਾਂਦਾ ਹੈ। ਦੇਖਣ ਵਿੱਚ ਆਇਆ ਹੈ ਕਿ ਕਈ ਵਾਰ ਕੁੜੀ ਦੇ ਸਹੁਰੇ ਘਰ ਆਉਣ ਤੋਂ ਪਹਿਲਾ ਹੀ ਨਣਦ ਦਾ ਵਿਆਹ ਕਰ ਦਿੱਤਾ ਜਾਦਾ ਹੈ ਜਿਸ ਕਾਰਨ ਵਿਆਹੀਆਂ ਹੋਈਆਂ ਨਨਾਣਾਂ ਦਾ ਭਰਜਾਈ ਨਾਲ ਮੇਲ-ਮਿਲਾਪ ਬਹੁਤ ਘੱਟ ਹੁੰਦਾ ਹੈ ਸਗੋ ਖਾਸ਼ ਪ੍ਰੋਗਰਾਮ ਦੇ ਮੌਕੇ ‘ਤੇ ਹੀ ਹੁੰਦਾ ਹੈ।ਅੱਜ ਕੱਲ ਹਰ ਘਰ ਦੀ ਲੜਕੀ ਪੜੀ ਲਿਖੀ ਹੋਣ ਕਰਕੇ ਨੌਕਰੀ ਕਰਦੀ ਹੈ ਜਿਸ ਕਾਰਨ ਉਸ ਕੋਲ ਆਪਣੀ ਭਰਜਾਈ ਲਈ ਸਮਾਂ ਬਹਤ ਥੋੜ੍ਹਾ ਹੁੰਦਾ ਹੈ।ਜਾ ਕਈ ਵਾਰ ਭਰਜਾਈ ਨੌਕਰੀ ਕਰਦੀ ਹੈ ਜਿਸ ਕਾਰਨ ਉਸ ਕੋਲ ਸਿਰਫ ਐਤਵਾਰ ਦਾ ਦਿਨ ਹੀ ਹੁੰਦਾ ਹੈ ਰਿਸ਼ਤੇਦਾਰਾਂ ਨੂੰ ਮਿਲਣ ਦਾ।ਦੋਸਤ ਭਰਜਾਈ ਕਈ ਵਾਰ ਵੱਡੀ ਹੁੰਦੀ ਹੈ ਕੋ ਮਾਂ ਸਮਾਨ ਹੁੰਦੀ ਹੈ ਜੋ ਕਿ ਬਹੁਤ ਖਿਆਲ ਰੱਖਦੀ ਹੈ।ਕਿਸੇ ਨੇ ਠੀਕ ਹੀ ਕਿਹਾ ਹੈ—
ਜੱਗ ਜਿਊਣ ਵੱਡੀਆਂ ਭਰਜਾਈਆਂ
ਪਾਣੀ ਮੰਗੇ ਦੁੱਧ ਦਿੰਦੀਆਂ।
ਕਈ ਵਾਰ ਨਣਦ ਛੋਟੀ ਹੋਣ ਕਾਰਨ ਕੁਆਰੀ ਹੁੰਦੀ ਹੈ । ਅਕਸਰ ਹੀ ਕੁਆਰੀ ਨਣਦ ਤੇ ਭਾਬੀ ਇੱਕੋ ਉਮਰ ਹਾਣ ਦੀਆਂ ਹੀ ਹੁੰਦੀਆਂ ਹਨ ।ਭਾਬੀ ਦੇ ਆ ਜਾਣ ਤੇ ਰਿਸ਼ਤੇ ਵਿੱਚ ਖਟਿਆਸ ਵੀ ਆ ਜਾਂਦੀ ਹੈ ।ਕਈ ਵਾਰ ਨਣਦ ਭਰਜਾਈ ਦੇ ਹਰ ਕੰਮ ਵਿੱਚ ਟੋਕਾ-ਟਾਕੀ ਕਰਦੀ ਹੈ ਭਰਜਾਈ ਨੂੰ ਪਸੰਦ ਹੀ ਨਹੀਂ ਕਰਦੀ।ਨਣਾਣ ਤੇ ਭਰਜਾਈ ਦਾ ਰਿਸ਼ਤਾ ਕਦੇ ਪਿਆਰ ਭਰਿਆ ਕਦੇ ਕੁੜੱਤਨ ਵਿੱਚ ਦੇਖਿਆਂ ਜਾ ਸਕਦਾ ਹੈ।ਕਈ ਵਾਰੀ ਤਾਂ ਨਣਦ ਆਪਣੇ ਭਰਾ ਨੂੰ ਭਾਬੀ ਖ਼ਿਲਾਫ਼ ਚੁੱਕ ਦਿੰਦੀ ਹੈ।ਤੇ ਉਹ ਲੜਾਈ ਝਗੜਾ ਕਰਦਾ ਹੈ।
ਇਸਦੇ ਉਲਟ ਜੇਕਰ ਸੁਭਾਵਿਕ ਹੀ ਉਸ ਦਾ ਆਪਣੇ ਪਤੀ ਨਾਲ ਕਿਸੇ ਗੱਲ ਤੋਂ ਝਗੜਾ ਹੋ ਜਾਵੇ ਤਾਂ ਉਹ ਸਮਝਦੀ ਹੈ ਕਿ ਜ਼ਰੂਰ

ਨਣਦ ਨੇ ਲੂਤੀ ਲਾਈ ਹੈ।

ਨਨਾਣੇ ਪੁਆੜੇ ਹੱਥੀਏ ,ਰਾਤੀਂ ਤੂੰ ਮੈਨੂੰ ਮਾਰ ਪਵਾਈ……

ਜੇਕਰ ਨਨਾਣ ਭਰਜਾਈ ਵਿੱਚ ਆਪਸੀ ਪਿਆਰ ਹੋਵੇ ਤਾਂ ਇਸ ਰਿਸ਼ਤੇ ਦੀ ਕੋਈ ਥਾਂ ਨਹੀਂ ਲੈ ਸਕਦਾ ।

ਭਾਬੀ ਤੇਰੇ ਰੰਗ ਵਰਗਾ …
ਮੈਨੂੰ ਬੇਰੀ ਹੇਠੋਂ ਬੇਰ ਥਿਆਇਆ……..

ਪਰ ਕਈ ਵਾਰ ਇਹ ਰਿਸ਼ਤਾ ਨਫ਼ਰਤ ਦਾ ਰੂਪ ਧਾਰ ਲੈਂਦਾ ਜਿਸ ਨਾਲ ਘਰ ਵਿੱਚ ਕਲੇਸ਼ ਬਣਿਆਂ ਰਹਿੰਦਾ ਹੈ ।ਰਿਸ਼ਤੇ ਵਿੱਚ ਫਿੱਕ ਪੈ ਜਾਂਦੀ ਹੈ।ਜਿੱਥੇ ਨਨਾਣ ਭਰਜਾਈ ਆਪਸ ਵਿੱਚ ਸਹੇਲੀਆਂ ਭੈਣਾਂ ਵਾਂਗ ਰਹਿੰਦੀਆਂ ਹਨ ਉਸ ਘਰ ਵਿੱਚ ਪਿਆਰ ਦੇ ਫੁੱਲ ਮਹਿਕਦੇ ਹਨ ।ਜਿਸ ਘਰ ਵਿੱਚ ਰਿਸ਼ਤਾ ਤਣਾਅਪੂਰਨ ਰਹਿੰਦਾ ਹੈ ਉੱਥੇ ਘਰ ਨਰਕ ਵਾਂਗ ਜਾਪਦੇ ਹਨ ।ਨਨਾਣ ਭਰਜਾਈ ਦੇ ਰਿਸ਼ਤੇ ਨੂੰ ਲੈਕੇ ਬੋਲੀਆਂ ਵੀ ਘੜੀਆਂ ਜਾਦੀਆਂ ਹਨ-
ਊਚੇ ਟਿੱਬੇ ਮੈ ਤਾਣਾ ਤਣਦੀ,
ਉਤੋਂ ਦੀ ਲੰਘ ਗਈ ਵੱਛੀ,
ਨਣਾਨੇ ਮੋਰਨੀਏ ਘਰ ਜਾ ਕੇ ਨਾ ਦੱਸੀ,
ਨਣਾਨੇ .........,

ਨਣਦ ਤੇ ਭਰਜਾਈ ਦਾ ਰਿਸ਼ਤਾ ਸਹੇਲੀ ਤੇ ਭੈਣ ਵਰਗਾ ਹੁੰਦਾ ਹੈ ਭਰਜਾਈ ਆਪਣੇ ਦਿਲ ਦੀਆਂ ਗੱਲਾਂ ਦੱਸਦੀ ਹੈ—

ਇੱਕ ਤਾਂ ਨਣਦੇ ਤੂੰ ਨੀ ਪਿਆਰੀ,
ਦੂਜਾ ਪਿਆਰਾ ਤੇਰਾ ਵੀਰ,
ਨੀ ਜਦ ਰੋਦਾ ਨਣਦੇ,
ਅੱਖਾਂ ਚੋ ਵਗਦਾ ਨੀਰ,
ਨੀ ਜਦ ........,

ਦੋਸਤੋਂ ਕਈ ਵਾਰ ਦੇਖਣ ਵਿੱਚ ਆਇਆ ਹੈ ਕਿ ਨਨਾਣ ਦੀ ਮੁਖ਼ਤਿਆਰੀ ਹੁੰਦੀ ਹੈ ।ਉੱਥੇ ਅਕਸਰ ਹੀ ਘਰ ਬਰਬਾਦ ਹੋ ਜਾਂਦੇ ਹਨ।ਉਹ ਹਮੇਸ਼ਾ ਹੀ ਭਰਜਾਈ ਨੂੰ ਨੀਵਾਂ ਦਿਖਾਉਣ ਵਿੱਚ ਲੱਗੀ ਰਹਿੰਦੀ ਹੈ।ਠੀਕ ਹੀ ਕਿਹਾ ਹੈ ਕਿ-

ਉਹ ਘਰ ਨਹੀਂ ਵਸਦੇ,
ਜਿਥੇ ਨਣਦਾਂ ਦੀ ਸਰਦਾਰੀ ਹੋਵੇ।

ਸੱਸ ਦਾ ਵੀ ਫਰਜ ਬਣਦਾ ਹੈ ਕਿ ਆਪਣੇ ਬਾਬਲ ਦਾ ਘਰ ਛੱਡ ਕੇ ਆਈ ਨੂੰਹ ਨੂੰ ਆਪਣੀ ਧੀ ਬਣਾਵੇ ਤੇ ਘਰ ਦੀ ਜਿੰਮੇਵਾਰੀ ਸੌਂਪੇ।ਤਾਂ ਜੋ ਆਪਸੀ ਸਾਂਝ ਪਿਆਰ ਬਣਿਆ ਰਹੇ।ਨਣਦ ਭਰਜਾਈ ਦੇ ਰਿਸ਼ਤੇ ਦੀ ਖ਼ਾਸੀਅਤ ਇਹ ਵੀ ਹੈ ਕਿ ਨਣਦ ਕਈ ਵਾਰ ਭਰਜਾਈ ਦੀ ਹਿਮਾਇਤ ਵੀ ਕਰਦੀ ਹੈ।ਆਪਣੀ ਮਾਂ ਨੂੰ ਸਮਝਾਉਂਦੀ ਹੈ ਕਿ ਉਹ ਵੀ ਇਸ ਘਰ ਦੀ ਧੀ ਹੈ।ਕਈ ਵਾਰ ਭਰਜਾਈ ਵੀ ਨਣਦ ਨੂੰ ਗਾਲਾ ਤੋਂ ਬਣਾ ਦਿੰਦੀ ਹੈ।ਦੋਸਤ ਨਣਦ ਭਰਜਾਈ ਦਾ ਰਿਸ਼ਤਾ ਦੋਸਤੀ ਦਾ ਵੀ ਹੁੰਦਾ ਹੈ ਜੋ ਹਰ ਗੱਲ ਇੱਕ ਦੂਜੇ ਨੂੰ ਦੱਸਦੀਆਂ ਹਨ।ਦੋਸਤੋ ਮਾਂ-ਬਾਪ ਦੇ ਤੁਰ ਜਾਣ ਤੋਂ ਬਾਅਦ ਨਣਦ ਨੇ ਹਮੇਸ਼ਾ ਭਰਜਾਈ ਦੇ ਮੱਥੇ ਲੱਗਣਾ ਹੁੰਦਾ ਹੈ ਸੋ ਨਣਦ ਨੂੰ ਵੀ ਚਾਹੀਦਾ ਹੈ ਕਿ ਉਹ ਪਿਆਰ ਨਾਲ ਰਿਸ਼ਤਾ ਨਿਭਾਵੇ ।ਦੇਖਣ ਵਿੱਚ ਆਇਆ ਹੈ ਕਿ ਕਈ ਵਾਰ ਕੁੜੀ ਸਹੁਰੇ ਘਰ ਆਉਣ ਸਾਰ ਅੱਡ ਹੋ ਜਾਂਦੀ ਹੈ ਨਿੱਕੀ ਨਿੱਕੀ ਗੱਲ ਤੇ ਨਣਦ ਨਾਲ ਖਾਰ ਖਾਦੀ ਹੈ ।ਜੇਕਰ ਭਰਜਾਈ ਨਣਦ ਨੂੰ ਆਪਣੀ ਸਹੇਲੀ ਜਾ ਭੈਣ ਬਣਾ ਲਵੇ ਤਾ ਰਿਸ਼ਤਾ ਉਮਰਾਂ ਤੀਕ ਨਿਭ ਜਾਵੇਗਾ।ਸੋ ਦੋਵਾਂ ਦਾ ਫਰਜ਼ ਬਣਦਾ ਹੈ ਕਿ ਇਹ ਰਿਸ਼ਤਾ ਦਿਲੋਂ ਪਿਆਰ ਸਤਿਕਾਰ ਨਾਲ ਨਿਭਾਇਆ ਜਾਵੇ ।ਜੇਕਰ ਇੱਕ ਦੂਜੇ ਦੀ ਕਦਰ ਕੀਤੀ ਜਾਵੇ ਤਾਂ ਹੀ ਰਿਸ਼ਤਾ ਚਿਰ ਸਥਾਈ ਨਿਭ ਸਕਦਾ ਹੈ।

ਗਗਨਦੀਪ ਧਾਲੀਵਾਲ ਝਲੂਰ ਬਰਨਾਲਾ ।

17 ਸਤੰਬਰ ਨੂੰ ਹੋਵੇਗਾ ਬਲਾਕਬਸਟਰ ਪੰਜਾਬੀ  ਫਿਲਮ ਪੁਆੜਾ ਦਾ ਪ੍ਰੀਮੀਅਰ ਜ਼ੀ 5‘ਤੇ   

ਪੰਜਾਬ ਦੀ ਪਸੰਦੀਦਾ ਆਨ-ਸਕ੍ਰੀਨ ਜੋੜੀ ਐਮੀ ਵਿਰਕ ਤੇ ਸੋਨਮ ਬਾਜਵਾ ਦਾ ਜਲਵਾ ਤੇ ਜਾਦੂ ਇਸ ਰੋਮਾਂਟਿਕ ਕਾਮੇਡੀ ਵਿੱਚ ਓਸੇ ਤਰਾਂ ਕਾਇਮ ਹੈ।ਇਸ ਫਿਲਮ ਦੀ ਸਫਲ ਥੀਏਟਰਿਕਲ ਰਿਲੀਜ਼ ਤੋਂ ਬਾਅਦ, ਪੰਜਾਬੀ ਦੇਸੀ ਰੋਮਕੋਮ ਪੁਆੜਾ 17 ਸਤੰਬਰ ਨੂੰ ਜ਼ੀ 5 'ਤੇ ਪ੍ਰੀਮੀਅਰ ਕਰਨ ਲਈ ਪੂਰੀ ਤਰਾਂ ਤਿਆਰ ਹੈ, ਜਿਸਦੇ ਨਾਲ ਪੰਜਾਬੀ ਫਿਲਮਾਂ ਦੇ ਸ਼ੌਕੀਨਾਂ ਨੂੰ ਇਸ ਫਿਲਮ ਦਾ ਆਨੰਦ ਮਾਨਣ ਦਾ ਮੁੜ ਮੌਕਾ ਮਿਲੇਗਾਮਸ਼ਹੂਰ ਜੋੜੀ ਐਮੀ ਵਿਰਕ (ਜੱਗੀ) ਅਤੇ ਸੋਨਮ ਬਾਜਵਾ (ਰੌਣਕ) ਆਪਣੀਆਂ ਸਫਲ ਫਿਲਮਾਂ ਤੋਂ ਬਾਅਦ, ਚੌਥੀ ਵਾਰ ਪੁਆੜਾ‘ਚ ਮੁੱਖ ਜੋੜੀ ਦੇ ਰੂਪ ਵਿੱਚ ਇਕੱਠੇ ਨਜ਼ਰ ਆ ਰਹੇ ਹਨਰੁਪਿੰਦਰ ਸਿੰਘ ਚਾਹਲ ਦੁਆਰਾ ਨਿਰਦੇਸ਼ਿਤ, ਪੁਆੜਾ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਪਹਿਲੀ ਪੰਜਾਬੀ ਫਿਲਮ ਸੀ (12 ਅਗਸਤ) ਜਦੋਂ ਸਮਾਜਕ ਦੂਰੀਆਂ ਦੇ ਨਿਯਮਾਂ ਦੇ ਨਾਲ ਸਿਨੇਮਾਘਰਾਂ ਨੂੰ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ। ਪ੍ਰਦਰਸ਼ਨਾਂ ਅਤੇ ਹਾਸੇ ਨੇ ਪਹਿਲੇ ਹੀ ਦਿਨ ਬਾਕਸ-ਆਫਿਸ ਰਿਕਾਰਡ ਤੋੜ ਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ

ਇਸ ਜੋੜੀ ਤੋਂ ਇਲਾਵਾ ਇਸ ਫਿਲਮ ਵਿੱਚ ਹੋਰ ਵੀ ਕਈ ਪ੍ਰਤਿਭਾਸ਼ਾਲੀ ਸਹਾਇਕ ਕਲਾਕਾਰ ਹਨ ਜਿਵੇਂ ਕਿ ਹਰਦੀਪ ਗਿੱਲ, ਅਨੀਤਾ ਦੇਵਗਨ, ਸੁਖਵਿੰਦਰ ਚਾਹਲ, ਸੀਮਾ ਕੌਸ਼ਲ, ਨਿਸ਼ਾ ਬਾਨੋ, ਗੁਰਪ੍ਰੀਤ ਭੰਗੂ, ਪ੍ਰਕਾਸ਼ ਗੱਡੂ, ਹਨੀ ਮੱਟੂ ਅਤੇ ਮਿੰਟੂ ਕੱਪਾ।ਡਿਜੀਟਲ ਪ੍ਰੀਮੀਅਰ ਬਾਰੇ ਬੋਲਦੇ ਹੋਏ, ਮਨੀਸ਼ ਕਾਲੜਾ, ਚੀਫ ਬੁਜ਼ਿਨੈੱਸ ਅਫਸਰ, ਜ਼ੀ 5 ਇੰਡੀਆ ਨੇ ਕਿਹਾ, "ਅਸੀਂ ਥੀਏਟਰਿਕਲ ਬਲਾਕਬਸਟਰ ਫਿਲਮ ਪੁਆੜਾ ਦੇ ਪ੍ਰੀਮੀਅਰ ਦੀ ਜ਼ੀ 5 ‘ਤੇ ਉਡੀਕ ਕਰ ਰਹੇ ਹਾਂ

ਦਰਸ਼ਕਾਂ ਨੂੰ ਮਨੋਰੰਜਕ ਸਮਗਰੀ ਪ੍ਰਦਾਨ ਕਰਨ ਦੇ ਸਾਡੇ ਨਿਰੰਤਰ ਯਤਨਾਂ ਵਿੱਚ, ਇਹ ਫਿਲਮ ਸਾਨੂੰ ਮੌਕਾ ਦਿੰਦੀ ਹੈ । ਅਸੀਂ ਆਪਣੀ ਮੁਹਿੰਮ 'ਜ਼ੀ 5 ਰੱਜ ਕੇ ਵੇਖੋ' ਦੀ ਸ਼ੁਰੂਆਤ ਵੀ ਇਸ ਫਿਲਮ ਨਾਲ ਕਰਦੇ ਹਾਂ ਪ੍ਰਸ਼ੰਸਕਾਂ ਨੇ ਇਸ ਨੂੰ ਸਿਨੇਮਾਘਰਾਂ ਵਿੱਚ ਵੇਖਣਾ ਪਸੰਦ ਕੀਤਾ ਅਤੇ ਜਿਨ੍ਹਾਂ ਨੇ ਇਹ ਫਿਲਮ ਅਜੇ ਤੱਕ ਨਹੀਂ ਦੇਖੀ, ਉਹ 17 ਸਤੰਬਰ ਨੂੰ ਇਸਨੂੰ ਦੇਖ ਸਕਦੇ ਹਨ ਜ਼ੀ 5 'ਤੇ।ਸੋਨਮ ਬਾਜਵਾ ਨੇ ਕਿਹਾ, "ਅਜਿਹੀ ਫਿਲਮ ਨਾਲ ਜੁੜਨਾ ਬਹੁਤ ਹੀ ਸੰਤੁਸ਼ਟੀਜਨਕ ਅਹਿਸਾਸ ਹੈ ਜੋ ਪੰਜਾਬੀ ਸਿਨੇਮਾ ਪ੍ਰੇਮੀਆਂ ਦੇ ਚਿਹਰਿਆਂ‘ਤੇ ਮੁਸਕਰਾਹਟ ਲਿਆਉਂਦੀ ਹੈ, ਜੋ ਮਹਾਂਮਾਰੀ ਦੇ ਕਾਰਨ ਇੰਨੇ ਲੰਮੇ ਸਮੇਂ ਤੋਂ ਉਨ੍ਹਾਂ ਦੇ ਚਿਹਰੇ  ਤੋਂ ਅਲੱਗ ਸੀ  ਫਿਲਮ ਦੀ ਸਫਲਤਾ ਤੋਂ ਸੱਚਮੁੱਚ ਖੁਸ਼ ਹਾਂ ਅਤੇ 17 ਸਤੰਬਰ ਨੂੰ ਡਿਜੀਟਲ ਪ੍ਰੀਮੀਅਰ ਯਕੀਨੀ ਬਣਾਏਗਾ ਕਿ ਪੁਆੜਾ ਦੀ ਪਹੁੰਚ ਹੋਰ ਕਈ ਗੁਣਾ ਵੱਧ ਗਈ ਹੈ । ਨਿਰਦੇਸ਼ਕ ਰੁਪਿੰਦਰ ਸਿੰਘ ਚਾਹਲ ਨੇ ਕਿਹਾ, " ਪੁਆੜਾ ਦੀ ਥੀਏਟਰਿਕ ਸਫਲਤਾ ਅਤੇ ਬਾਅਦ ਵਿੱਚ 17 ਸਤੰਬਰ ਨੂੰ ਜ਼ੀ  ਤੇ ਪ੍ਰੀਮੀਅਰ ਦੇ ਨਾਲ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਲੋਕ ਸਿਨੇਮਾਘਰਾਂ ਵਿੱਚ ਜਾਣ ਤੋਂ ਖੁੰਝ ਗਏ ਹਨ, ਉਹ ਹੁਣ ਆਪਣੇ ਨਿੱਜੀ ਘਰੇਲੂ ਉਪਕਰਣਾਂ 'ਤੇ ਇਸ ਫਿਲਮ ਦਾ ਅਨੰਦ ਲੈ ਸਕਦੇ ਹਨ।

 

‘ਨਜ਼ਫਟਾ’ ਨੇ ਪੰਜਾਬੀ ਸਿਨੇਮਾ ਸਬੰਧੀ ਪੁਸਤਕ ਕੀਤੀ ਲੋਕ ਅਰਪਣ

ਬਾਬੂ ਸਿੰਘ ਮਾਨ ਅਤੇ ਗੁੱਗੂ ਗਿੱਲ ਵੱਲੋਂ ‘ਨਜਫਟਾ’ ਦੇ ਕੰਮਾਂ ਦੀ ਸ਼ਲਾਘਾ

ਮੋਹਾਲੀ, 22 ਜੁਲਾਈ (ਹਰਜਿੰਦਰ ਸਿੰਘ ਜਵੰਦਾ) ਕਲਾਕਾਰਾਂ ਦੀ ਸੰਸਥਾ ‘ਨਜਫਟਾ’ ਨੇ ਦਲਜੀਤ ਅਰੋਡ਼ਾ ਦੀ ਲਿਖੀ ਅਤੇ ਮਲਕੀਤ ਰੌਣੀ ਦੀ ਸੰਪਾਦਿਤ ਕੀਤੀ ਸਿਨੇਮਾ ਸਬੰਧੀ ਪੁਸਤਕ ‘ਪੰਜਾਬੀ ਸਕਰੀਨ ਦੇ ਸਿਨੇਮਾ ਸੰਪਾਦਕੀ ਲੇਖ’ ਅੱਜ ਇੱਥੇ ਸੈਕਟਰ 70 ਮੋਹਾਲੀ ਵਿਖੇ ਡਾ. ਸਤੀਸ਼ ਕੁਮਾਰ ਵਰਮਾ ਅਤੇ ਬਾਬੂ ਸਿੰਘ ਮਾਨ ਵੱਲੋਂ ਲੋਕ ਅਰਪਣ ਕੀਤੀ ਗਈ।

ਇਸ ਮੌਕੇ ਗੱਲਬਾਤ ਕਰਦਿਆਂ ਅਦਾਕਾਰ ਗੁੱਗੂ ਗਿੱਲ ਨੇ ਕਿਹਾ ਕਿ ‘ਸਿਨੇਮਾ ਸਾਡੀ ਜਾਨ ਹੈ, ਆਖਰੀ ਸਾਹਾਂ ਤੱਕ ਅਸੀਂ ਆਪਣੀ ਮਾਂ ਬੋਲੀ ਦੇ ਸਿਨੇਮਾ ਲਈ ਕੰਮ ਕਰਦੇ ਰਹਾਂਗੇ।’ ਡਾ. ਸਤੀਸ਼ ਵਰਮਾ ਨੇ ਕਿਹਾ ਕਿ ਸਿਨੇਮਾ ਸਬੰਧੀ ਸਾਡੀ ਪੰਜਾਬੀ ਜ਼ੁਬਾਨ ਵਿੱਚ ਬਹੁਤ ਘੱਟ ਸਾਹਿਤ ਸਾਹਿਤ ਲਿਖਿਆ ਗਿਆ ਹੈ। ਇਸ ਲਈ ਦਲਜੀਤ ਅਰੋਡ਼ਾ ਅਤੇ ਮਲਕੀਤ ਰੌਣੀ ਦੇ ਇਸ ਪੁਸਤਕ ਲਈ ਕੀਤੇ ਯਤਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ। ਦੋ ਸਦੀਆਂ ਦੇ ਗੀਤਕਾਰ ਬਾਬੂ ਸਿੰਘ ਮਾਨ ਨੇ ਕਿਹਾ ਕਿ ਸਿਨੇਮਾ ਬਾਰੇ ਖੋਜ ਕਰਨ ਵਾਲੀਆਂ ਪੀਡ਼੍ਹੀਆ ਲਈ ਅਜਿਹੀਆਂ ਪੁਸਤਕਾਂ ਕਾਰਗਰ ਸਿੱਧ ਹੋਣਗੀਆਂ। ‘ਨਜਫਟਾ’ ਦੇ ਇਹ ਸਿਨੇਮਾ ਪ੍ਰਤੀ ਸ਼ਲਾਘਾਯੋਗ ਕੰਮ ਹਨ। 

ਹੋਰਨਾਂ ਤੋਂ ਇਲਾਵਾ ਇਸ ਸਮੇਂ ਕਰਮਜੀਤ ਅਨਮੋਲ, ਬਲਕਾਰ ਸਿੱਧੂ, ਸਵੈਰਾਜ ਸੰਧੂ, ਮੁਨੀਸ਼ ਸਾਹਨੀ, ਸ਼ਵਿੰਦਰ ਮਾਹਲ, ਨਾਟਕਕਾਰ ਜਗਦੀਸ਼ ਸਚਦੇਵਾ ਅਤੇ ਸਰਦਾਰ ਸੋਹੀ ਨੇ ਵੀ ਸੰਬੋਧਨ ਕਰਦਿਆਂ ਪੁਸਤਕ ਦੀ ਖੂਬ ਪ੍ਰਸ਼ੰਸਾ ਕਰਦਿਆਂ ਦਲਜੀਤ ਅਰੋਡ਼ਾ ਤੇ ਮਲਕੀਤ ਰੌਣੀ ਨੂੰ ਵਧਾਈ ਵੀ ਦਿੱਤੀ।

ਨਜਫਟਾ ਦੇ ਪ੍ਰਧਾਨ ਗੁਰਪ੍ਰੀਤ ਘੁੱਗੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਾਡੇ ਕੋਲ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪਸਾਰ ਦਾ ਸਭ ਤੋਂ ਵੱਡਾ ਸਾਧਨ ਸਿਨੇਮਾ ਅਤੇ ਟੈਲੀਵਿਜ਼ਨ ਹੈ। ਪੰਜਾਬੀ ਫ਼ਿਲਮਾਂ 100 ਤੋਂ ਵੱਧ ਮੁਲਕਾਂ ਵਿੱਚ ਰਿਲੀਜ਼ ਹੁੰਦੀਆਂ ਹਨ। ਇਸ ਲਈ ਇਹ ਸਿਨੇਮਾ ਹੀ ਹੈ ਜਿਸ ਨੇ ਮਾਂ ਬੋਲੀ ਨੂੰ ਫੈਲਾਉਣ ਵਿੱਚ ਯੋਗਦਾਨ ਪਾਇਆ ਹੈ ਅਤੇ ਭਵਿੱਖ ਵਿੱਚ ਵੀ ਇਹੋ ਸੰਭਾਵਨਾਵਾਂ ਰਹਿਣਗੀਆਂ। ਸੰਸਥਾ ‘ਨਜਫਟਾ’ ਇਨ੍ਹਾਂ ਸੰਭਾਵਨਾਵਾਂ ਨੂੰ ਪੂਰਾ ਕਰਨ ਵਿੱਚ ਯੋਗਦਾਨ ਪਾਉਂਦੀ ਰਹੇਗੀ। ਸ੍ਰੀ ਘੁੱਗੀ ਨੇ ਜਿੱਥੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਉਥੇ ਹੀ ਉਨ੍ਹਾਂ ਕਿਹਾ ਕਿ ਨਜਫਟਾ ਅਜਿਹੇ ਕਾਰਜਾਂ ਦੇ ਨਾਲ-ਨਾਲ ਸਮਾਜਿਕ ਕੰਮਾਂ ਲਈ ਵੀ ਅੱਗੇ ਆਵੇਗੀ ਅਤੇ ਸਿਨੇਮਾ ਦੀ ਬਿਹਤਰੀ ਲਈ ਯਤਨਸ਼ੀਲ ਰਹੇਗੀ। ਪ੍ਰੋਗਰਾਮ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਸੰਸਥਾ ਦੇ ਸਕੱਤਰ ਮਲਕੀਤ ਰੌਣੀ ਵੱਲੋਂ ਬਾਖੂਬੀ ਨਿਭਾਈ ਗਈ।

ਇਸ ਮੌਕੇ ਆਏ ਹੋਏ ਮਹਿਮਾਨਾਂ ਦਾ ਪੌਦਿਆਂ ਨਾਲ ਸਨਮਾਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਰਤਨ ਔਲਖ, ਅਸ਼ੀਸ਼ ਦੁੱਗਲ, ਗੁਰਪ੍ਰੀਤ ਕੌਰ ਭੰਗੂ, ਰੁਪਿੰਦਰ ਰੂਪੀ, ਪ੍ਰਕਾਸ਼ ਗਾਧੂ, ਸ਼ਿਤਜ ਚੌਧਰੀ, ਮਨਭਾਵਨ ਸਿੰਘ, ਮਨਦੀਪ ਸਿੰਘ, ਦੇਵੀ ਸ਼ਰਮਾ, ਸਾਹਿਲ ਕੋਹਲੀ, ਨਿਰਮਾਤਾ, ਦੀਪਕ ਗੁਪਤਾ, ਮਨਮੋਹਨ ਸਿੰਘ, ਮੁਨੀਸ਼ ਸਾਹਨੀ ਸਮੇਤ ਹੋਰਨਾਂ ਕਲਾਕਾਰਾਂ ਵਿੱਚ ਤਰਸੇਮ ਪੌਲ, ਪਰਮਜੀਤ ਭੰਗੂ, ਡਾ. ਰਣਜੀਤ ਸ਼ਰਮਾ, ਕੰਵਲਜੀਤ ਪ੍ਰਿੰਸ, ਸੁਰਿੰਦਰ ਫਰਿਸ਼ਤਾ (ਘੁੱਲੇ ਸ਼ਾਹ), ਰਾਜ ਧਾਲੀਵਾਲ, ਭੁਪਿੰਦਰ ਬਰਨਾਲਾ, ਮਨੋਜ ਚੌਹਾਨੀ, ਗੁਰਬਿੰਦਰ ਮਾਨ, ਇਕੱਤਰ ਸਿੰਘ, ਹਰਵਿੰਦਰ ਔਜਲਾ, ਪਰਮਵੀਰ, ਗੁਰਪ੍ਰੀਤ ਸਿੰਘ ਨੀਟੂ, ਲਾਲੀ ਗਿੱਲ, ਸੁੱਖੀ ਚਾਹਲ, ਅਮਨ ਜੌਹਲ, ਜੱਸ ਸੈਂਪਲਾ, ਮਨਜੋਤ ਅਰੋਡ਼ਾ, ਸੰਜੂ ਸੋਲੰਕੀ, ਬੂਵਨ ਅਜ਼ਾਦ, ਮਨਪ੍ਰੀਤ ਕੌਰ ਆਦਿ ਵੀ ਹਾਜ਼ਰ ਸਨ।