You are here

ਕਲਾਸੀਫਾਇਡ

ਪੰਜਾਬੀ ਫ਼ਿਲਮ ‘ਨੀਂ ਮੈਂ ਸੱਸ ਕੁੱਟਣੀ’ ਨਾਲ ਬਤੌਰ ਹੀਰੋ  ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਿਹਾ ਮਹਿਤਾਬ ਵਿਰਕ

ਪੰਜਾਬੀ ਗਾਇਕ ਮਹਿਤਾਬ ਵਿਰਕ ਹੁਣ 29 ਅਪ੍ਰੈਲ ਨੂੰ ਵਿਸ਼ਵਪੱਧਰੀ ਰਿਲੀਜ਼ ਹੋਣ ਜਾ ਰਹੀ ਫ਼ਿਲਮ ‘ਨੀਂ ਮੈਂ ਸੱਸ ਕੁੱਟਣੀ’‘ਚ ਹੀਰੋ ਬਣਕੇ ਆ ਰਿਹਾ ਹੈ। ਉਸਦੀ ਇਹ ਫ਼ਿਲਮ ਪੰਜਾਬੀ ਸਿਨਮੇ ਨੂੰ ਇੱਕ ਨਵਾਂ ਮੋੜ ਦੇਵੇਗੀ।ਬਨਵੈਤ ਫ਼ਿਲਮਜ਼ ਅਤੇ ਸਚਿਨ-ਅੰਕੁਸ਼ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੀ ਕਹਾਣੀ ਮੁਹੱਬਤ ਤੋਂ ਪਿਆਰ-ਵਿਆਹ ਚ ਬੱਝੀ ਰੁਮਾਂਟਿਕ ਲਾਇਫ਼ ਅਤੇ ਨੂੰਹ ਸੱਸ ਦੀ ਨੋਕ-ਝੋਕ ਅਧਾਰਤ ਦਿਲਚਸਪ ਕਮਿਸਟਰੀ ਹੈ। ਪੰਜਾਬੀ ਗਾਇਕ ਮਹਿਤਾਬ ਵਿਰਕ ਬਤੌਰ ਹੀਰੋ ਇਸ ਫ਼ਿਲਮ ਜ਼ਰੀਏ ਪਹਿਲੀ ਵਾਰ ਪਰਦੇ ‘ਤੇ ਨਜ਼ਰ ਆਵੇਗਾ ਅਤੇ ਨਾਲ ਹੀ ਨਾਮਵਰ ਮਾਡਲ ਤਨਵੀ ਨਾਗੀ ਵੀ ਪਹਿਲੀ ਵਾਰ ਵੱਡੇ ਪਰਦੇ ‘ਤੇ ਬਤੌਰ ਹੀਰੋਇਨ ਨਜ਼ਰ ਆਵੇਗੀ। ਇਨਾਂ ਤੋਂ ਇਲਾਵਾ ਇਸ ਫ਼ਿਲਮ ਵਿੱਚ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਅਨੀਤਾ ਦੇਵਗਣ, ਨਿਰਮਲ ਰਿਸ਼ੀ, ਸੀਮਾ ਕੌਸ਼ਲ, ਨਿਸ਼ਾ ਬਾਨੋ, ਅਕਿਸ਼ਤਾ ਸ਼ਰਮਾ,ਤਰਸੇਮ ਪੌਲ,ਦਿਲਾਵਰ ਸਿੱਧੂ, ਮਨਜੀਤ ਕੌਰ ਔਲਖ, ਸੰਨੀ ਗਿੱਲ, ਰਵਿੰਦਰ ਮੰਡ, ਡੌਲੀ ਸਿੰਘ ਅਤੇ ਸਤਿੰਦਰ ਕੌਰ ਸਮੇਤ ਕੁਝ ਨਵੇਂ ਚਿਹਰਿਆਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ ਤੇ ਪ੍ਰਵੀਨ ਕੁਮਾਰ ਨੇ ਇਸ ਨੂੰ ਡਾਇਰੈਕਟ ਕੀਤਾ ਹੈ। ਫ਼ਿਲਮ ਦੇ ਨਿਰਮਾਤਾ ਮੋਹਿਤ ਬਨਵੈਤ, ਆਕੁੰਸ਼ ਗੁਪਤਾ ਅਤੇ ਸਚਿਨ ਗੁਪਤਾ ਹਨ। ਇਸ ਫ਼ਿਲਮ ਬਾਰੇ ਗੱਲਬਾਤ ਕਰਦਿਆਂ ਮਹਿਤਾਬ ਵਿਰਕ ਨੇ ਦੱਸਿਆ ਕਿ ਇਹ ਫ਼ਿਲਮ ਸਾਡੇ ਪਰਿਵਾਰਕ ਰਿਸ਼ਤਿਆਂ ਦੀ ਤਰਜ਼ਮਾਨੀ ਕਰਦੀ ਕਾਮੇਡੀ ਭਰਪੂਰ ਡਰਾਮਾ ਫ਼ਿਲਮ ਹੈ ਜੋ ਮਨੋਰੰਜਨ ਦੇ ਨਾਲ ਨਾਲ ਵੱਡੀ ਨਸੀਹਤ ਵੀ ਦੇਵੇਗੀ ਕਿ ਧੀਆਂ  ਦੇ ਮਾਪਿਆਂ ਨੂੰ ਕਦੇ ਵੀ ਧੀ ਦੇ ਸਹੁਰੇ ਪਰਿਵਾਰ ਦੀ ਜ਼ਿੰਦਗੀ ਵਿੱਚ ਦਖ਼ਲ ਨਹੀਂ ਦੇਣਾ ਚਾਹੀਦਾ ਅਤੇ ਨੂੰਹ ਸੱਸ ਦੇ ਰਿਸ਼ਤੇ ਨੂੰ ਹੋਰ ਵੀ ਮਜ਼ਬੂਤ ਕਰਦੀ ਹੋਈ ਉਨਾਂ ਦੇ ਆਪਸੀ ਪਿਆਰ ਤੇ ਸਤਿਕਾਰ ‘ਚ ਵਾਧਾ ਕਰੇਗੀ। ਫ਼ਿਲਮ  ਵਿੱਚ ਹਾਲਾਤ ਮੁਤਾਬਕ ਬਦਲਦੇ ਜਾ ਰਹੇ ਰਿਸ਼ਤਿਆਂ ਦੀ ਵੀ ਗੱਲ ਕੀਤੀ ਗਈ ਹੈ।
ਪੰਜਾਬ ਦੇ ਨਾਲ ਲਗਦੇ ਹਰਿਆਣਾ ਸੂਬੇ  ਦੇ ਜਿਲਾ੍ਹ ਕਰਨਾਲ ‘ਚ ਪੇਂਦੇ ਪਿੰਡ ਰੁਗਸਾਣਾ ਦੇ ਜੰਮਪਲ ਮਹਿਤਾਬ ਵਿਰਕ ਦਾ ਜਨਮ 10 ਮਈ  1992 ਨੂੰ ਪਿਤਾ ਸਵ. ਹਰਦੀਪ ਸਿੰਘ ਵਿਰਕ ਅਤੇ ਮਾਤਾ  ਕੁਲਦੀਪ ਕੌਰ ਦੇ ਗ੍ਰਹਿ ਵਿਖੇ ਹੋਇਆ। ਮਹਿਤਾਬ ਨੇ ਆਪਣੇ ਇਸ ਗਾਇਕੀ ਦੇ ਸ਼ੌਕ ਦੇ ਚਲਦਿਆਂ ਬਚਪਨ ਤੋਂ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ ।ਮਹਿਤਾਬ ਦੇ ਪਿਤਾ ਜੀ  ਆਪ ਵੀ ਮਹਿਤਾਬ ਦੇ ਗੀਤਾਂ ਨੂੰ ਬਹੁਤ ਪਸੰਦ ਕਰਦੇ ਸਨ ਤੇ ਉਹ ਅਕਸਰ ਆਪਣੇ ਦੋਸਤਾਂ ਨਾਲ  ਮਹਿਫਲਾਂ ‘ਚ ਮਹਿਤਾਬ ਦੇ ਗੀਤ ਸੁਣਦੇ ਸਨ। ਉਨਾਂ੍ਹ ਦੀ ਇਹ ਦਿਲੀ ਤਮੰਨਾ ਸੀ ਮਹਿਤਾਬ ਭਵਿੱਖ ਵਿਚ ਗਾਇਕੀ ਦੇ ਖੇਤਰ ਵਿਚ ਕੁਝ ਬਣ ਕੇ ਦਿਖਾਵੇ। ਆਪਣੇ ਪਿਤਾ ਜੀ ਦੀ ਇਸ ਦਿਲੀ ਇੱਛਾ ਨੂੰ ਪੂਰਾ ਕਰਦੇ ਹੋਏ ਮਹਿਤਾਬ ਆਪਣੀ ਸਖਤ ਮਿਹਨਤ ਤੇ ਪੂਰੀ ਲਗਨ ਸਦਕਾ ਪੰਜਾਬੀ ਗਾਇਕੀ ਨੂੰ ਸਮਰਪਿਤ ਹੁੰਦੇ ਹੋਏ ਅੱਜ ਸਫਲਤਾ  ਦੀਆ ਲੀਹਾਂ ਤੇ ਚਲਦਾ ਨਜ਼ਰ ਆ ਰਿਹਾ ਹੈ।ਪਾਲੀਵੁੱਡ ਖੇਤਰ ਵਿਚ ਮਿਲ ਰਹੀ ਇਸ ਸਫਲਤਾ ਲਈ ਮਹਿਤਾਬ ਵਿਰਕ ਆਪਣੇ ਸਮੂਹ ਪਰਿਵਾਰ, ਪਿੰਡ ਵਾਸੀਆਂ ਅਤੇ ਦੋਸਤਾਂ ਮਿੱਤਰਾਂ ਦਾ ਵੱਡਾ ਸਹਿਯੋਗ ਮੰਨਦਾ ਹੈ ਜਿਨਾਂ੍ਹ ਵਲੋਂ ਉਸ ਨੂੰ ਹਮੇਸਾਂ ਅੱਗੇ ਵੱਧਣ ਲਈ ਹੌਸਲਾ ਤੇ  ਭਰਪੂਰ ਸਾਥ ਮਿਲਦਾ ਆ ਰਿਹਾ ਹੈ। ਮਹਿਤਾਬ ਨੂੰ ਆਪਣੀ ਇਸ ਫ਼ਿਲਮ ਤੋਂ ਬਹੁਤ ਉਮੀਦਾਂ ਹਨ। ਆਸ ਹੈ ਕਿ ਦਰਸ਼ਕ ਉਸਨੂੰ ਪੰਜਾਬੀ ਪਰਦੇ ਤੇ ਜਰੂਰ ਪਸੰਦ ਕਰਨਗੇ।
ਹਰਜਿੰਦਰ ਸਿੰਘ ਜਵੰਦਾ 9463828000

ਪਤੀ-ਪਤਨੀ ਦੀ ਤਕਰਾਰ ਭਰੀ ਦਿਲਚਸਪ ਫ਼ਿਲਮ ‘ਸੌਂਕਣ-ਸੌਂਕਣੇ’

ਲੇਖਕ ਅੰਬਰਦੀਪ ਸਿੰਘ ਨੇ ਆਪਣੀਆਂ ਫ਼ਿਲਮਾਂ ਰਾਹੀਂ ਦਰਸ਼ਕਾਂ ਨੂੰ ਪੁਰਾਤਨ ਵਿਰਸੇ ਨਾਲ ਜੋੜਿਆ ਹੈ। ਹੁਣ 13 ਮਈ ਨੂੰ ਆ ਰਹੀ ਨਵੀਂ ਫਿਲਮ ਸੌਂਕਣ-ਸੌਂਕਣੇ ਵੀ ਅੰਬਰਦੀਪ ਨੇ ਲਿਖੀ ਹੈ ਜਿਸ ਵਿੱਚ ਐਮੀ ਵਿਰਕ  ਦੋ ਪਤਨੀਆਂ ਸਰਗੁਣ ਮਹਿਤਾ ਤੇ ਨਿਰਮਤ ਖਹਿਰਾ ਦਾ ਪਤੀ ਬਣਿਆ ਹੈ। ਕੁਝ ਦਿਨ ਪਹਿਲਾਂ ਰਿਲੀਜ਼ ਹੋਏ ਇਸ ਫ਼ਿਲਮ ਦੇ ਟਰੇਲਰ  ਨੂੰ ਦਰਸ਼ਕਾਂ ਖੂਬ ਪਸੰਦ ਕੀਤਾ ਹੈ। ਜਿਸ ਤੋਂ ਆਸ ਹੈ ਕਿ ਇਹ ਫ਼ਿਲਮ ਪੰਜਾਬੀ ਪਰਦੇ ’ਤੇ ਚੰਗਾ ਪਿਆਰ ਹਾਸਲ ਕਰੇਗੀ।
ਨਾਦ ਐਸ.ਸਟੂਡੀਓਜ਼, ਡ੍ਰਿਮੀਆਤਾ ਪ੍ਰਾਈਵੇਟ ਲਿਮਿਟਡ, ਜੇ.ਆਰ ਪ੍ਰੋਡਕਸ਼ਨ ਹਾਊਸ  ਦੇ ਬੈਨਰ ਦੀ ਇਸ ਫ਼ਿਲਮ ਵਿੱਚ ਗਾਇਕ ਐਮੀ ਵਿਰਕ, ਸਰਗੁਨ ਮਹਿਤਾ, ਨਿਮਰਤ ਖਹਿਰਾ,ਨਿਰਮਲ ਰਿਸ਼ੀ,ਕਾਕਾ ਕੋਤਕੀ, ਸੁਖਵਿੰਦਰ ਚਹਿਲ, ਮੋਹਨੀ ਤੂਰ ਤੇ ਰਵਿੰਦਰ ਮੰਡ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ ਅਤੇ ਨਿਰਦੇਸ਼ਨ ਅਮਰਜੀਤ ਸਿੰਘ ਸਾਰੋਂ ਨੇ ਦਿੱਤਾ ਹੈ।  ਆਮ ਪੰਜਾਬੀ ਫ਼ਿਲਮਾਂ ਨਾਲੋਂ ਵੱਖਰੀ ਇਹ ਫ਼ਿਲਮ ਹਾਸੇ ਤੇ ਜਜ਼ਬਾਤਾਂ ਨਾਲ ਭਰਭੂਰ ਅਤੇ ਪਤੀ-ਪਤਨੀ ਦੇ ਖੂਬਸੂਰਤ ਰਿਸ਼ਤੇ ਨਾਲ ਜੁੜੀ ਹੋਈ ਹੈ। ਪਤੀ ਪਤਨੀ ਦਾ ਰਿਸਤਾ ਜਿੱਥੇ ਪਿਆਰ ਤੇ ਮੁਹੱਬਤ ਭਰਿਆ ਹੈ ਉੱਥੇ ਇੱਕ ਦੂਜੇ ਨਾਲੋਂ ਵਧ ਹੱਕ ਜਿਤਾੳਣ ਵਾਲਾ ਵੀ ਹੈ। ਜੇਕਰ ਇਹ ਹੱਕ ਦੋ ਪਤਨੀਆਂ ਵਲੋਂ ਹੋਵੇ ਤਾਂ ਕਹਾਣੀ ਹੋਰ ਵੀ ਗੁੰਝਲਦਾਰ ਤੇ ਜੱਗ ਹਸਾਉਣ ਵਾਲੀ ਸਥਿਤੀ ਪੈਦਾ ਕਰ ਦਿੰਦੀ ਹੈ। ਇਹ ਫਿਲਮ ਪਰਿਵਾਰਕ ਵੰਸ ਨੂੰ ਅੱਗੇ ਚਲਾਉਣ ਲਈ ਸੰਤਾਨ ਪ੍ਰਾਪਤੀ ਦੀ ਇੱਛਾ ਤਹਿਤ ਦੋ ਪਤਨੀਆਂ ਦੇ ਮੱਕੜਜਾਲ ਵਿੱਚ ਫ਼ਸੇ ਪਤੀ ਦੀ ਸਥਿਤੀ ਬਿਆਨਦੀ ਪਰਿਵਾਰਕ ਕਹਾਣੀ ਅਧਾਰਤ ਹੈ। ਜਿੱਥੇ ਇਹ ਦਰਸ਼ਕਾਂ ਦਾ ਮਨੋਰੰਜਨ ਕਰੇਗੀ ਉੱਥੇ ਅੱਜ ਦੀ ਨਵੀਂ ਪੀੜ੍ਹੀ ਨੂੰ ਪੁਰਾਣੇ ਕਲਚਰ ਨਾਲ ਵੀ ਜੋੜੇਗੀ। ਫ਼ਿਲਮ ਦਾ ਗੀਤ ਸੰਗੀਤ ਵੀ ਢੁੱਕਵਾਂ ਹੈ। ਸੰਗੀਤ ਦੇਸੀ ਕਰੀਓ ਵਲੋਂ ਦਿੱਤਾ ਗਿਆ ਹੈ। ਗੀਤ ਬੰਟੀ ਬੈਂਸ, ਰਾਜ ਰਣਜੋਧ, ਰੌਣੀ ਅੰਜਲੀ ਅਤੇ ਅਰਜਣ ਵਿਰਕ ਨੇ ਲਿਖੇ ਹਨ ਜਿੰਨ੍ਹਾਂ ਨੂੰ ਐਮੀ ਵਿਰਕ, ਨਿਮਰਤ ਖਹਿਰਾ, ਰਾਜ ਰਣਜੋਧ, ਮਿਸ ਪੂਜਾ ਤੇ ਗੁਰਲੇਜ਼ ਅਖ਼ਤਰ ਨੇ ਪਲੇਅ ਬੈਕ ਗਾਇਆ ਹੈ।  13 ਮਈ ਨੂੰ ਰਿਲੀਜ਼ ਹੋ  ਰਹੀ ਇਸ ਫ਼ਿਲਮ ਦੀ ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕ ਕੀਤੀ  ਜਾ ਰਹੀ ਹੈ।            
ਹਰਜਿੰਦਰ ਸਿੰਘ ਜਵੰਦਾ 9463828000

 

ਪੰਜਾਬੀ ਲੋਕਧਾਰਾ ਮੇਲਾ 2022 ਵਿੱਚ ਗਗਨਦੀਪ ਕੌਰ ਧਾਲੀਵਾਲ ਦੀ ਕਿਤਾਬ ‘ਵਿਰਸੇ ਦਾ ਚਾਨਣ’ ਕੀਤੀ ਗਈ ਲੋਕ ਅਰਪਨ 

ਬਰਨਾਲਾ  (ਗੁਰਸੇਵਕ ਸੋਹੀ )  ਨੇੜਲੇ ਪਿੰਡ ਝਲੂਰ ਬਰਨਾਲਾ ਦੀ ਉੱਘੀ ਕਵਿੱਤਰੀ ਗਗਨਦੀਪ ਕੌਰ ਧਾਲੀਵਾਲ ਨੇ ਜਿੱਥੇ ਅਨੇਕਾਂ ਪੁਸਤਕਾਂ ਸੰਪਾਦਿਤ ਕਰਕੇ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਈਆਂ ਉੱਥੇ ਆਏ ਦਿਨ ਵੱਖ-ਵੱਖ ਵਿਸ਼ਿਆ ਨੂੰ ਛੂਹਦੀਆਂ ਰਚਨਾਵਾਂ ਅਖਬਾਰਾਂ, ਰਸਾਲਿਆਂ 'ਚ ਪ੍ਰਕਾਸ਼ਿਤ ਹੋਣ ਕਾਰਨ ਧਾਲੀਵਾਲ ਕਿਸੇ ਜਾਣ ਪਹਿਚਾਣ ਦੀ ਮੁਹਤਾਜ ਨਹੀਂ ਰਹੀ | ਪਿਛਲੇ ਦਿਨੀਂ ਗਗਨਦੀਪ ਕੌਰ ਧਾਲੀਵਾਲ ਨੇ ਗੀਤਕਾਰ ਸ. ਸੁਖਚੈਨ ਸਿੰਘ ਕੁਰੜ ਨਾਲ ਵਿਆਹ ਬੰਧਨ 'ਚ ਬੱਜਣ ਮੌਕੇ ਆਪਣਾ ਨਵ ਪ੍ਰਕਾਸ਼ਿਤ ਕਵਿ&ਸੰਗ੍ਰਹਿ " ਵਿਰਸੇ ਦਾ ਚਾਨਣ " ਕਿਤਾਬ ਲੋਕ ਅਰਪਨ ਕਰਕੇ ਸਮਾਜ 'ਚ ਨਵੀਂ ਪਿਰਤ ਪਾਈ ਹੈ| ਕੱਲ੍ਹ ਹੀ ਪੰਜਾਬੀ ਲੋਕ ਧਾਰਾ ਸਮਾਗਮ 2022 ਵਿੱਚ ਲੋਕ ਧਾਰਾ ਪ੍ਰਬੰਧਕੀ ਕਮੇਟੀ ਵੱਲੋਂ ਗਗਨਦੀਪ ਕੌਰ ਧਾਲੀਵਾਲ ਦੀ ਕਿਤਾਬ ‘ਵਿਰਸੇ ਦਾ ਚਾਨਣ’ਲੋਕ ਅਰਪਨ ਕੀਤੀ ਗਈ ।ਲੋਕ-ਧਾਰਾ ਪ੍ਰਬੰਧਕੀ ਕਮੇਟੀ ਗੁਰਸੇਵਕ ਸਿੰਘ ਧੌਲਾ, ਸੁਖਪਾਲ ਸਿੰਘ ਜੱਸਲ ਬੰਧਨਤੋੜ ਸਿੰਘ ਲਖਵੀਰ ਸਿੰਘ ਚੀਮਾ, ਮਨਜੀਤ ਸਿੰਘ ਮਨੀ ਆਦਿ ਦੀ ਰਹਿਮਨੁਾਈ ਹੇਠ ਕਿਤਾਬ ਲੋਕ ਅਰਪਨ ਕੀਤੀ ਗਈ ।ਇਸ ਤੋਂ ਇਲਾਵਾ ਮੌਕੇ ‘ਤੇ ਸੁਖਵਿੰਦਰ ਸਿੰਘ ( ਜ਼ਿਲ੍ਹਾ ਭਾਸ਼ਾ ਅਫ਼ਸਰ ਬਰਨਾਲਾ), ਬਿੰਦਰ ਸਿੰਘ ਖੁੱਡੀ ਕਲਾਂ, ਗੁਰਪ੍ਰੀਤ ਸਿੰਘ ਚੀਮਾ,ਸਿਮਰਜੀਤ ਸਿੰਘ ਸੇਖਾ, ਅਵਤਾਰ ਸਿੰਘ, ਬਲਦੇਵ ਭੱਠਲ, ਜਸਵਿੰਦਰ ਸਿੰਘ ਰਾਏ ਭੱਠਲ,ਲਿਆਕਤ ਅਲੀ ਹੰਡਿਆਇਆ, ਸੰਦੀਪ ਬਾਵਾ,ਡਾ.ਵੀਰਪਾਲ ਕੌਰ ਕਮਲ ,ਮੀਨੂੰ ਸਿੰਘ ,ਗੁਰਲਗਨ,ਸੁਖਵਿੰਦਰ ਸਿੰਘ ਢਿੱਲਵਾ,ਦਵਿੰਦਰ ਦੀਪ,ਸੁਖਚੈਨ ਸਿੰਘ ਕੁਰੜ ,ਗੋਲਡੀ ਕੁਰੜ, ਜਸਮੀਤ ਸਿੰਘ ਠੁੱਲੇਵਾਲ,ਰਾਕੇਸ਼ਪ੍ਰੀਤ ਰਿਸ਼ੀ ,ਅਜਮੇਰ ਸਿੰਘ ਝਲੂਰ ਆਦਿ ਸ਼ਾਮਿਲ ਸਨ । ਗਗਨਦੀਪ ਕੌਰ ਧਾਲੀਵਾਲ ਨੂੰ ਜਨ ਸ਼ਕਤੀ ਨਿਊਜ਼ ਅਦਾਰੇ ਵੱਲੋਂ ਵਿਰਸੇ ਦਾ ਚਾਨਣ ਕਾਵਿ ਸੰਗ੍ਰਹਿ ਲੋਕ ਅਰਪਣ ਕਰਨ ਤੇ ਬਹੁਤ ਬਹੁਤ ਮੁਬਾਰਕਾਂ।


ਫੋਟੋ - ਗਗਨਦੀਪ ਕੌਰ ਧਾਲੀਵਾਲ ਦਾ ਕਵਿ ਸੰਗ੍ਰਹਿ " ਵਿਰਸੇ ਦਾ ਚਾਨਣ " ਕਿਤਾਬ ਲੋਕ ਅਰਪਨ ਕਰਦੇ ਹੋਏ ਲੇਖਕ

 

ਰਿਸ਼ਤੇ ✍️ ਗਗਨਦੀਪ ਕੌਰ ਧਾਲੀਵਾਲ

ਅਕਸਰ ਹੀ ਉਹ ਪਰਿਵਾਰ ਸਵਰਗ ਬਣ ਜਾਂਦਾ ਹੈ ਜਿੱਥੇ ਨੂੰਹ ਨੂੰ ਧੀ ਦਾ ਦਰਜਾ ਤੇ ਸਹੁਰੇ ਨੂੰ ਪਿਤਾ ਵਾਲਾ ਦਰਜਾ ਪ੍ਰਾਪਤ ਹੁੰਦਾ 

ਦੋਸਤੋਂ ਸਮਾਜ ਅੰਦਰ ਰਿਸ਼ਤਿਆਂ ਦੇ ਤਾਣੇ-ਬਾਣੇ ਦਾ ਜਾਲ ਵਿਛਿਆ ਹੋਇਆ ਹੈ । ਜਿਵੇਂ ਕਿ ਖ਼ੂਨ ਦੇ ਰਿਸ਼ਤੇ , ਜਨਮ ਸਬੰਧੀ ਰਿਸ਼ਤੇ, ਪਰਿਵਾਰਕ ਰਿਸ਼ਤੇ , ਵਿਆਹ ਰਾਂਹੀ ਬਣਦੇ ਰਿਸ਼ਤੇ, ਭਾਵਨਾਤਮਕ ਰਿਸ਼ਤੇ ਆਦਿ ।ਵਿਆਹ ਰਾਹੀਂ ਅਨੇਕਾਂ ਰਿਸ਼ਤੇ ਬਣਦੇ ਹਨ। ਜਿਵੇਂ ਸੱਸ-ਨੂੰਹ, ਸੁਹਰਾ-ਨੂੰਹ, ਸੁਹਰਾ-ਜਵਾਈ, ਸੱਸ-ਜਵਾਈ, ਨਣਦ-ਭਰਜਾਈ, ਸਾਲੀ-ਸਾਢੂ, ਦਿਉਰ-ਭਰਜਾਈ, ਜੇਠ-ਜਠਾਣੀ ਇਹਨਾਂ ਦੇ ਨਾਲ ਸੰਬੰਧਿਤ ਅਨੇਕਾਂ ਹੀ ਹੋਰ ਰਿਸ਼ਤੇ।ਅਕਸਰ ਹੀ ਦੇਖਿਆਂ ਜਾਂਦਾ ਹੈ ਕਿ ਅਖਬਾਰ ਰਸਾਲੇ ਹਮੇਸ਼ਾ ਨੂੰਹ ਸੱਸ ਦੇ ਰਿਸ਼ਤੇ ਨਾਲ ਭਰੇ ਮਿਲਦੇ ਹਨ।ਹਮੇਸ਼ਾ ਹੀ ਨੂੰਹ-ਸਹੁਰੇ ਦੇ ਰਿਸ਼ਤੇ ਨੂੰ ਅੱਖੋਂ ਓਹਲੇ ਕੀਤਾ ਗਿਆ ਹੁੰਦਾ ਹੈ ।ਸੋ ਅੱਜ ਆਪਾ ਗੱਲ ਕਰਾਂਗੇ ਅਜਿਹੇ ਰਿਸ਼ਤੇ ਦੀ ਜੋ ਵਿਆਹ ਰਾਂਹੀ ਬਣਦਾ ਹੈ ਉਹ ਰਿਸ਼ਤਾ ਹੈ ਨੂੰਹ ਤੇ ਸਹੁਰੇ ਦਾ ਰਿਸ਼ਤਾ ।ਅਜਿਹੇ ਰਿਸ਼ਤੇ ਵਿੱਚ ਅੱਜ ਦੇ ਸਮੇਂ ਮੈ ਵਿਚਰ ਰਹੀ ਹਾਂ।ਇਹ ਸਭ ਮਹਿਸੂਸ ਕਰ ਰਹੀ ਹਾਂ।ਮੈਨੂੰ ਮੇਰੇ ਸਹੁਰੇ ਪਰਿਵਾਰ ਵਿੱਚ ਇੱਕ ਧੀ ਵਾਲਾ ਪਿਆਰ ਮਿਲ ਰਿਹਾ ਹੈ।ਇਹ ਸਭ ਤਾਂ ਹੀ ਸੰਭਵ ਹੈ ਜੇਕਰ ਮੈਂ ਨੂੰਹ -ਸਹੁਰੇ ਦੇ ਰਿਸ਼ਤੇ ਨੂੰ ਪਿਆਰ ਤੇ ਸਤਿਕਾਰ ਦੇ ਰਹੀ ਹਾਂ ।ਉਹਨਾਂ ਨੂੰ ਪਿਤਾ ਵਾਲਾ ਰੁਤਬਾ ਦੇ ਰਹੀ ਹਾਂ ।ਮੈਨੂੰ ਬਿਲਕੁਲ ਵੀ ਓਪਰਾ ਮਹਿਸੂਸ ਨਹੀਂ ਹੋ ਰਿਹਾ ਕਿਉਂਕਿ ਮੈ ਆਪਣੇ ਪਿਤਾ ਵਾਲਾ ਰੁਤਬਾ ਦਿੱਤਾ ਹੈ ਤੇ ਉਹਨਾਂ ਨੇ ਧੀ ਵਾਲਾ ।ਸਹੁਰੇ ਪਰਿਵਾਰ ਵਿੱਚ ਜਦੋਂ ਕੁੜੀ ਪ੍ਰਵੇਸ਼ ਕਰਦੀ ਹੈ ਉਸ ਲਈ ਸਭ ਕੁੱਝ ਨਵਾਂ ਹੁੰਦਾ ਹੈ ।ਪਤੀ ਤੋਂ ਇਲਾਵਾ ਮਾਂ ਵਰਗੀ ਸੱਸ ਤੇ ਪਿਤਾ ਵਰਗਾ ਸਹੁਰਾ ਹੁੰਦਾ ਹੈ ਜਿਨ੍ਹਾਂ ਨਾਲ ਉਸ ਨੇ ਸਾਰੀ ਜ਼ਿੰਦਗੀ ਬਤੀਤ ਕਰਨੀ ਹੁੰਦੀ ਹੈ ।ਪੁਰਾਣੇ ਸਮੇਂ ਤੋ ਹੀ ਨੂੰਹ ਸੱਸ ਦੇ ਰਿਸ਼ਤੇ ਨੂੰ ਜ਼ਿਆਦਾ ਉਘਾੜਿਆ ਜਾਂਦਾ ਹੈ ਪਰ ਇਸਦੇ ਨਾਲ-ਨਾਲ ਨੂੰਹ ਤੇ ਸਹੁਰੇ ਦਾ ਰਿਸ਼ਤਾ ਵੀ ਵਿਲੱਖਣ ਥਾਂ ਰੱਖਦਾ ਹੈ।
ਸਿਆਣਿਆਂ ਦਾ ਕਥਨ ਹੈ ਕਿ ਘਰ ਓਹੀ ਤਰੱਕੀ ਕਰਦਾ ਹੈ ਜਿਸ ਵਿੱਚ ਵਿਚਾਰਾਂ ਦੀ ਏਕਤਾ ਹੋਵੇ, ਨੂੰਹ-ਸੱਸ, ਸੱਸ -ਸਹੁਰਾ ,ਪਤੀ-ਪਤਨੀ, ਮਾਂ-ਪੁੱਤ ਆਦਿ ਰਿਸ਼ਤਿਆਂ ਵਿੱਚ ਮਿਠਾਸ ਤੇ ਇਕਸਾਰਤਾ ਹੋਵੇ।ਜੇਕਰ ਇੱਕ ਕੁੜੀ ਆਪਣੇ ਸਹੁਰੇ ਨੂੰ ਆਪਣੇ ਪਿਤਾ ਵਾਂਗ ਪਿਆਰ ਕਰੇ ਸਤਿਕਾਰ ਦੇਵੇ ਤਾਂ ਉਹ ਇੱਕ ਧੀ ਦਾ ਦਰਜਾ ਹਾਸਿਲ ਕਰ ਲੈਂਦੀ ਹੈ ਸਹੁਰਾ ਘਰ ਉਸਨੂੰ ਬੇਗਾਨਾ ਨਹੀਂ ਲੱਗਦਾ ।ਇਸੇ ਤਰਾਂ ਹੀ ਸਹੁਰੇ ਦਾ ਵੀ ਫਰਜ ਬਣਦਾ ਹੈ ਕਿ ਉਹ ਨੂੰਹ ਨੂੰ ਧੀ ਦਾ ਦਰਜਾ ਦੇਵੇ ਉਸਨੂੰ ਪਰਾਇਆ ਧਨ ਨਾ ਸਮਝਿਆਂ ਜਾਵੇ ।ਅਜਿਹਾ ਕਰਨ ਤੇ ਇਹ ਰਿਸ਼ਤਾ ਲੰਮੇ ਸਮੇਂ ਤੱਕ ਚੰਗਾ ਹੋ ਨਿਬੜਦਾ ਹੈ।ਇੱਕ ਪਿਓ-ਧੀ ਦਾ ਰਿਸ਼ਤਾ ਤਾਹੀ ਬਣ ਸਕਦਾ ਹੈ ਜੇਕਰ ਦਿਲ ਵਿੱਚ ਸਤਿਕਾਰ ਹੋਵੇ ।ਕਦੇ ਵੀ ਸੱਸ -ਸਹੁਰੇ ਨੂੰ ਬੇਗਾਨਾ ਨਾ ਸਮਝਿਆਂ ਜਾਵੇ ।ਬਿਲਕੁਲ ਓਸੇ ਤਰ੍ਹਾਂ ਪਿਆਰ ਸਤਿਕਾਰ ਦਿੱਤਾ ਜਾਵੇ ਜਿਸ ਤਰ੍ਹਾਂ ਇੱਕ ਕੁੜੀ ਪੇਕੇ ਘਰ ਆਪਣੇ ਮਾਂ-ਬਾਪ ਨੂੰ ਦਿੰਦੀ ਹੈ।ਸਮੇਂ ਸਿਰ ਉਹਨਾਂ ਦਾ ਖਿਆਲ ਰੱਖਿਆ ਜਾਵੇ ।ਨਿੱਕੀਆਂ-ਨਿੱਕੀਆਂ ਜ਼ਰੂਰਤਾਂ ਦਾ ਧਿਆਨ ਰੱਖਿਆ ਜਾਵੇ ਸਿਆਣੇ ਕਹਿੰਦੇ ਹਨ ਕਿ ਸੇਵਾ ਵਿੱਚ ਹੀ ਮੇਵਾ ਮਿਲਦਾ ਹੈ।ਬਜ਼ੁਰਗਾਂ ਤਾਂ ਬੋਹੜ ਦੀ ਠੰਢੀ ਛਾਂ ਹੁੰਦੇ ਹਨ ।ਅਕਸਰ ਕਈ ਘਰਾਂ ਵਿੱਚ ਦੇਖਿਆਂ ਜਾਂਦਾ ਹੈ ਕਿ ਸੱਸ -ਸਹੁਰੇ ਨੂੰ ਬੁੜਾ -ਬੁੜੀ ਕਹਿ ਕੇ ਬੁਲਾਇਆ ਜਾਂਦਾ ਹੈ ਇਹ ਸ਼ਬਦ ਉਹਨਾਂ ਦੇ ਮਾਣ ਨੂੰ ਡੂੰਘੀ ਸੱਟ ਮਾਰਦਾ ਹੈ।ਕਈ ਵਾਰ ਤਾਂ ਸੱਸ -ਸਹੁਰੇ ਨੂੰ ਅੱਡ ਕਰ ਦਿੱਤਾ ਜਾਂਦਾ ਹੈ।ਕਦੇ ਸੋਚਿਆ ਹੈ ਕਿਸੇ ਨੇ ਕਿ ਉਹਨਾਂ ਦੇ ਵੀ ਸੁਪਨੇ ਹਨ ਕਿ ਉਹ ਆਪਣੇ ਨੂੰਹ -ਪੁੱਤ ਨਾਲ ਖੁਸ਼ ਰਹਿਣ।ਅਸਲ ਵਿੱਚ ਚੰਗੀ ਨੂੰਹ-ਧੀ ਦੀ ਪਹਿਚਾਣ ਉੱਥੇ ਹੀ ਹੁੰਦੀ ਹੈ ਜਿੱਥੇ ਉਹ ਸਹੁਰੇ ਪਰਿਵਾਰ ਨੂੰ ਆਪਣਾ ਬਣਾ ਕੇ ਸੱਸ-ਸਹੁਰੇ ਨੂੰ ਮਾਂ-ਬਾਪ ਦਾ ਦਰਜਾ ਦੇਵੇ ।
ਕਿਸੇ ਨੇ ਸਹੀ ਹੀ ਕਿਹਾ ਹੈ —ਆਪਣੀਆਂ ਧੀਆਂ ਨੂੰ ਚੰਗੇ ਸੰਸਕਾਰ ਦੇਵੋ ਤਾਂ ਜੋ ਉਹ ਸੱਸ ਸਹੁਰੇ ਨੂੰਹ ਮਾਂ ਬਾਪ ਬਣਾ ਸਕਣ , ਖ਼ੁਦ ਵਿੱਚ ਚੰਗੇ ਗੁਣ ਪੈਦਾ ਕਰੋ ਤਾਂ ਜੋ ਨੂੰਹ ਨੂੰ ਧੀ ਦੇ ਰੂਪ ਵਿੱਚ ਸਵੀਕਾਰ ਕਰ ਸਕੋ
ਅਕਸਰ ਕਿਹਾ ਜਾਂਦਾ ਹੈ ਕਿ ਬੜਾ ਚੰਗਾ ਹੁੰਦਾ ਹੈ ਉਹ ਪਰਿਵਾਰ ਜਿੱਥੇ ਨੂੰਹ ਨੂੰ ਧੀ ਦਾ ਦਰਜਾ ਦਿੱਤਾ ਜਾਂਦਾ ਹੈ ।ਕਿਹਾ ਜਾਂਦਾ ਹੈ ਕਿ ਜਿੰਨੀ ਇੱਜ਼ਤ ਸਹੁਰੇ ਘਰ ਜਵਾਈ ਨੂੰ ਦਿੱਤੀ ਜਾਂਦੀ ਹੈ ਜੇਕਰ ਓਨੀ ਹੀ ਇੱਜ਼ਤ ਸਹੁਰੇ ਘਰ ਨੂੰਹ ਨੂੰ ਦਿੱਤੀ ਜਾਵੇ ਤਾਂ ਘਰ-ਘਰ ਨਹੀਂ ਰਹਿੰਦਾ ਸਗੋਂ ਸਵਰਗ ਬਣ ਜਾਂਦਾ ਹੈ ।
ਪੁਰਾਣੇ ਸਮੇਂ ਤੋ ਹੀ ਨੂੰਹ - ਸੱਸ ਦੇ ਰਿਸ਼ਤੇ ਨੂੰ ਲੋਕ ਬੋਲੀਆਂ ਵਿੱਚ ਉਚਾਰਿਆ ਜਾਂਦਾ ਰਿਹਾ ਹੈ ਜੋ ਅੱਜ ਵੀ ਮੌਜੂਦ ਹਨ ।ਜਿਸ ਵਿੱਚ ਹਾਸ -ਰਾਸ ਦੇ ਵਿਅੰਗ ਸ਼ਾਮਿਲ ਹਨ-ਨੂੰਹ -ਸਹੁਰੇ ਨਾਲ ਸੰਬੰਧਿਤ ਕੁੱਝ ਬੋਲੀਆਂ ਇਸ ਤਰ੍ਹਾਂ ਹਨ-

ਸਹੁਰੇ ਮੇਰੇ ਦੇ ਨਿਕਲੀ ਮਾਤਾ,
ਨਿਕਲੀ ਮਾੜੀ ਮਾੜੀ,
ਜੋਤ ਜਗਾਉਦੇ ਨੇ,
ਦਾੜੀ ਫੂਕ ਲਈ ਸਾਰੀ,
ਜੋਤ ਜਗਾਉਦੇ ......।

ਸੱਸ ਵੀ ਨੀ ਘੂਰਦੀ,
ਸੌਹਰਾ ਵੀ ਨੀ ਘੂਰਦਾ,
ਛੜਾ ਜੇਠ ਭੈੜਾ ਕਿਓ ਬੋਲੇ ਨੀ,
ਸਾਡੇ ਬਿਨਾ ਪੁਛੇ ਕੁੰਡਾ ਕਿਓ ਖੋਲੇ ਨੀ,
ਸਾਡੇ ਬਿਨਾ .........।

ਸਹੁਰੇ ਮੇਰੇ ਨੇ ਕਰੇਲੇ ਲਿਆਂਦੇ,
ਸੱਸ ਮੇਰੀ ਨੇ ਤੜਕੇ,
ਨੀ ਮੇਰੇ ਬਾਰੀ ਇਉ ਪਤੀਲਾ ਖੜਕੇ,
ਨੀ ਮੇਰੇ ........।

ਇਸ ਤਰ੍ਹਾਂ ਲੋਕ ਬੋਲੀਆਂ ਵਿੱਚ ਨੂੰਹ -ਸਹੁਰੇ ਦੇ ਰਿਸ਼ਤੇ ਦਾ ਜ਼ਿਕਰ
ਕੀਤਾ ਗਿਆ ਹੈ । ਇਹ ਬੋਲੀਆਂ ਪੰਜਾਬੀ ਕੌਮ ਦਾ ਮੁਹਾਂਦਰਾ ਹਨ।ਇਹਨਾਂ ਵਿੱਚ ਪਿਆਰ ਦੇ ਬੋਲ , ਨਫ਼ਰਤ ਦੇ ਬੋਲ , ਮੇਲ - ਮਿਲਾਪ ਅਤੇ ਜੁਦਾਈ ਹੈ। ਬੋਲੀਆਂ ਵਿੱਚ ਲੜਾਈ ਹੈ ਸੁਲਹ ਵੀ ਹੈ। ਅੰਤ ਵਿੱਚ ਇਹੋ ਕਹਾਂਗੀ ਕਿ ਨੂੰਹ ਤੇ ਸਹੁਰੇ ਦਾ ਰਿਸ਼ਤਾ ਬਾਪ-ਧੀ ਵਾਲਾ ਹੁੰਦਾ ਹੈ ।ਇਹ ਹਮੇਸ਼ਾ ਹੀ ਬਣਿਆਂ ਰਹਿੰਦਾ ਹੈ ਜੇਕਰ ਦੋਨੋ ਪਾਸੇ ਪਿਆਰ ਤੇ ਸਤਿਕਾਰ ਜ਼ਿੰਦਾ ਹੈ ।ਇੱਕ ਧੀ ਨੂੰ ਹਮੇਸ਼ਾ ਸਹੁਰੇ ਪਰਿਵਾਰ ਵਿੱਚ ਸੱਸ-ਸਹੁਰੇ ਨੂੰ ਇੱਜ਼ਤ ਮਾਣ ਦੇਣਾ ਚਾਹੀਦਾ ਹੈ ਮਾਤਾ -ਪਿਤਾ ਵਾਂਗ ਸਮਝਣਾ ਚਾਹੀਦਾ ਹੈ ।ਕਿਉਂਕਿ ਮਾਤਾ -ਪਿਤਾ ਜ਼ਿੰਦਗੀ ਦਾ ਸ਼ਰਮਾਇਆ ਹੁੰਦੇ ਹਨ।

ਗਗਨਦੀਪ ਕੌਰ ਧਾਲੀਵਾਲ ।
9988933161

ਮਿੰਨੀ ਕਹਾਣੀ ( ਕਾਨੂੰਨਾਂ ਦੀ ਸੂਲੀ ) ✍️. ਸ਼ਿਵਨਾਥ ਦਰਦੀ

ਬੇਅੰਤ ਸਿਹਾਂ , ਕੀ ਹਾਲ ਚਾਲ ਏ । ਭਰਾਵਾਂ , ਕਾਹਦਾ ਹਾਲ ਚਾਲ ! ਵੱਡੀ ਕੁੜੀ ਦਾ , ਵਿਆਹ ਕੀਤਾ ਸੀ । ਓਹ ਚਾਰ ਸਾਲ ਤੋ ਘਰੇ ਬੈਠੀ । ਜਿਹਦੇ ਨਾਲ ਵਿਆਹੀ ਸੀ , ਓਹ ਮੁੰਡਾ ਨਸ਼ੇ ਪੱਤੇ ਕਰਦਾ ਸੀ । ਵਿਚੋਲੇ ਨੇ , ਨੋਟਾਂ ਦੇ ਲਾਲਚ ਕਰਕੇ , ਦੱਸਿਆ ਨਹੀਂ । ਮੁੰਡੇ ਵਾਲਿਆਂ ਨੇ , ਨੋਟਾਂ ਨਾਲ ਮੂੰਹ ਬੰਦ ਕਰ ਦਿੱਤਾ । ਕੁੜੀ ਕਹਿੰਦੀ , ਮੈ ਉਹਦੇ ਰਹਿਣਾ ਨਹੀ। ਕੁੜੀ ਦੀ ਜ਼ਿੰਦਗੀ ਖ਼ਰਾਬ ਕਰ ਦਿੱਤੀ। ਹੁਣ ਹੋਰ ਕਿਤੇ ਵਿਆਹੀ , ਕਹਿਣਗੇ ਦੁਹਾਜੂ ਆ , ਅਗਾਂਹ ਮੁੰਡਾ ਵੀ ਜਵਾਕ ਜੱਲੇ ਵਾਲਾ ਵੇਖਣਾ ਪਊ । ਓਹ ਵੀ , ਸੱਤੀ ਨਖ਼ਰੇ ਕਰਣਗੇ । ਛੋਟੀ ਕੁੜੀ ਵਿਆਹ ਨਹੀ ਸਕਦੇ ।ਤਲਾਕ ਦਾ ਕੇਸ਼ ਲਾਇਆ ਨੂੰ , ਚਾਰ ਸਾਲ ਹੋ ਗਏ। ਸਰਕਾਰਾਂ ਨੇ ਪਤਾ ਨਹੀ , ਕੇਹੋ ਜਿਹੇ ਕਾਨੂੰਨ ਬਣਾਏ । ਵਿਆਹੀਆਂ ਵਰੀਆਂ ਕੁੜੀਆਂ ਨੂੰ , ਮਾਪਿਆਂ ਨੂੰ ਦਸ ਦਸ ਸਾਲ ਘਰੇ ਬਿਠਾਉਣਾ ਪੈਦਾ । ਨਵੇ ਨਵੇ ਕਾਨੂੰਨ ਬਣਾ ਸਰਕਾਰਾਂ ਨੇ , ਲੋਕਾਂ ਦਾ ਲਹੂ ਪੀਤਾ । ਲੋਕਾਂ ਦੇ , ਪੈਸੇ ਖਾ ਢਿੱਡ ਵਧਾਈ ਜਾਾਂਦੀਆਂ । ਕਾਨੂੰਨਾਂ ਦਾ ਸੰਤਾਪ , ਤੇਰੇ ਮੇਰੇ ਵਰਗੇ ਭੁਗਤ ਰਹੇ । ਚੱਲ ਛੱਡ ਕਾਨੂੰਨਾਂ ਨੂੰ । ਜਿਵੇ ਲੰਘਦੀ , ਲੰਘਾਈਂ ਜਾਣੇਂ ਆ । ਮੈ ਚੱਲਿਆ ਸਹਿਰ , ਮੋਟਰ ਸਾਈਕਲ ਦਾ ਚਲਾਨ ਭਰਨ । ਗਰੀਬਾਂ ਨੂੰ ,  ਕਾਨੂੰਨਾਂ ਦੀ ਸੂਲੀ ਚੜਣਾ ਪੈੈਂਦਾ ।                                                                  

ਸ਼ਿਵਨਾਥ ਦਰਦੀ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ਸੰਪਰਕ:- 9855155392     

ਲੀਰੋ- ਲੀਰ ✍️ ਵੀਰਪਾਲ ਕੌਰ ਕਮਲ

ਸੁਵੱਖਤੇ  ਗੁਰੂ ਘਰ ਦੇ ਸਪੀਕਰ ਚੋਂ ਜਦੋਂ ਪਾਠੀ ਸਿੰਘ ਦੀ ਆਵਾਜ਼ ਉਸ ਦੇ ਕੰਨੀਂ ਪੈਣੀ ਉਹ ਇੱਕ ਦਮ ਉੱਭੜਵਾਹੇ  ਵਾਂਗੂੰ ਉੱਠ ਪੈਂਦੀ ਹੈ  । ਸਿਰ ਤੋਂ ਲੈ ਕੇ ਪੈਰਾਂ ਦੀਆਂ ਤਲੀਆਂ ਦੇ ਹੇਠਾਂ ਤੱਕ ਤ੍ਰੇਲੀਓ -ਤ੍ਰੇਲੀ ਹੋਇਆ ਉਸ ਦਾ ਸਰੀਰ ਝੂਠਾ ਪੈ ਜਾਂਦਾ ਸੀ  ।  ਹੱਥ -ਪੈਰ ਤਾਂ ਜਾਣੋ ਸੁੰਨ ਹੋ ਕੇ ਕੰਮ ਹੀ ਛੱਡ ਜਾਂਦੇ ਸੀ, ਪੋਹ ਦੇ ਮਹੀਨੇ ਦੀਆਂ ਸਰਦ ਕਾਲੀਆਂ ਰਾਤਾਂ ਦਾ ਪਹਿਲਾ ਪਹਿਰ, ਕੁੱਕੜ ਦੀ ਬਾਂਗ ਰੋਂਦੇ ਹੋਏ ਕੁੱਤਿਆਂ ਦੀਆਂ ਹੂਕਾਂ, ਸ਼ੀ-ਸ਼ੀ ਦੀਆਂ ਆਵਾਜ਼ਾਂ ਸੁਣ ਕੇ ਉਸ ਦਾ ਦਿਲ ਨਿਕਲ ਕੇ ਬਾਹਰ ਨੂੰ ਆਉਂਦਾ ਸੀ  ।ਮੰਜੇ ਤੇ ਪਈ ਦੀ ਜਦੋਂ  ਉਸ ਦੀ ਅੱਖ ਖੁੱਲ੍ਹਦੀ ਹੈ ਤਾਂ ਉਹ ਟਸਰ ਦੇ ਗਦੈਲੇ ‘ਤੇ ਖੱਦਰ ਦੀ ਫੁੱਲਾਂ ਵਾਲੀ ਰਜਾਈ ਚੋਂ ਬਾਹਰ ਨਿਕਲਦੀ, ਸਾਹੋ ਸਾਹ ਹੋਈ  ਅੱਖਾਂ ਫੇਰਦੀ ਹੋਈ, ਉਹ ਆਪਣੇ ਖਿੱਲਰੇ ਲੰਮੇ ਕਾਲੇ ਵਾਲਾਂ ਦਾ ਜੂੜਾ ਬਣਾਉਂਦੇ ਹੋਏ, ਇਕ ਦਮ ਮੰਜੀ ਤੋਂ ਉੱਠਦੀ ਚੱਕਵੇਂ ਪੈਰੀਂ ਸਵਾਤ ਦਾ ਇੱਕ ਗੇੜਾ ਕੱਢ  ਕੇ ਸਹਿਮ ਅਤੇ ਈਰਖਾ ਨਾਲ ਭਰੀ ਪੀਤੀ ਆਪਣੀ ਮਾਂ ਦੇ ਮੰਜੇ ਕੋਲ ਆ ਕੇ  ਮਾਂ ਨੂੰ ਘੂਕ ਸੁੱਤੀ ਪਈ ਨੂੰ ਦੇਖਦੀ ਹੈ  । ਉਹ ਸੋਚਣ ਲੱਗਦੀ ਹੈ  “ਕਿੰਨੀ ਬੇਫ਼ਿਕਰੀ ਨਾਲ ਸੁੱਤੀ ਪਈ ਏ ਮਾਂ ਮੇਰੇ ਪਰਿਵਾਰ ਮੇਰੇ ਬਾਪ ਮੇਰੇ ਭੈਣ- ਭਰਾਵਾਂ ਨੂੰ ਧੋਖੇ ਵਿਚ ਰੱਖ ਕੇ  ,ਮੇਰੀ ਆਤਮਾ ਦਾ ਚੈਨ ਅਤੇ ਸਕੂਨ ਸਾਰਾ ਕੁਝ ਖੋਹ ਕੇ,  ਮੇਰੀ ਅੰਮੀਏ ਮਾਵਾਂ ਕਦੇ ਇੰਜ ਨਹੀਂ ਕਰਦੀਆਂ  …….।“”ਆਪਣੇ ਮੂੰਹ ਨੂੰ ਹੱਥਾਂ ਨਾਲ ਢੱਕ ਕੇ ਇਨ੍ਹਾਂ ਖ਼ਿਆਲਾਂ ਦੀ ਕਸ਼ਮਕਸ਼ ਵਿੱਚ ਉਹ ਭੱਜ ਜਾਂਦੀ ਹੈ  ।ਘਰ ਦੇ ਪਿਛਲੇ ਪਾਸੇ ਡੰਗਰਾਂ ਵਾਲੇ ਵਿਹੜੇ ਵਿੱਚ ਬਣੀ ਤੂੜੀ ਵਾਲੀ ਸਵਾਤ ਵਿੱਚ ਚਲੀ ਜਾਂਦੀ ਹੈ।

                 ਪਰਮ ਚੌਦਾਂ ਕੁ ਸਾਲਾਂ ਦੀ ਮਲੂਕ  ਜਿਹੀ ਕੁੜੀ ਹੈ  ।ਅੱਠਵੀਂ ਜਮਾਤ ਵਿੱਚ ਪੜ੍ਹਦਿਆਂ ਉਸ ਨੂੰ ਦਸੰਬਰ ਮਹੀਨੇ ਦੀਆਂ ਵੱਡੇ ਦਿਨਾਂ ਦੀਆਂ ਛੁੱਟੀਆਂ ਹੋ ਜਾਂਦੀਆਂ ਹਨ। ਘਰ ਵਿੱਚ ਰਹਿਣ ਕਰਕੇ ਉਹ ਆਪਣੀ ਮਾਂ ਨਾਲ  ਘਰ ਦੇ ਕੰਮ- ਧੰਦੇ ਵਿੱਚ ਹੱਥ ਵਟਾਉਂਦੀ ਹੈ। ਮਾਂ ,ਪਰਮ ਨੂੰ ਘਰ ਦੇ ਛੋਟੇ- ਛੋਟੇ ਕੰਮ ਕਰਨ ਨੂੰ ਕਹਿ ਦਿੰਦੀ ਹੈ ,ਕਿਉਂਕਿ ਉਸ ਦੇ ਵੱਡੇ ਭੈਣ- ਭਰਾ ਆਪਣੇ ਆਪਣੇ ਰੋਜ਼ਾਨਾ ਦੇ ਕੰਮਾਂ ਵਿੱਚ ਰੁੱਝੇ ਰਹਿੰਦੇ ਸਨ ।ਸਿਆਲ ਦੇ ਦਿਨ ਬੇਹੱਦ ਠੰਡੇ ਅਤੇ ਛੋਟੇ  ਹੋਣ ਕਰਕੇ  ਉਨ੍ਹਾਂ ਦਾ ਸਮਾਂ ਖੇਤ ਦੇ ਕੰਮਾਂ ਵਿੱਚ ਹੀ ਲੰਘ ਜਾਂਦਾ । ਉਨ੍ਹਾਂ ਕੋਲ ਸਮੇਂ ਦੀ ਘਾਟ ਪੈ ਜਾਂਦੀ। ਉਸ ਸਮੇਂ ਪਰਮ ਆਪਣੀ ਮਾਂ ਦੇ ਨਾਲ  ਮਾਂ ਛੋਟੇ -ਛੋਟੇ ਕੰਮਾਂ ਵਿੱਚ ਉਨ੍ਹਾਂ ਦਾ ਹੱਥ ਵਟਾਉਂਦੀ ਸੀ  ।ਉਹ ਸਵੇਰੇ -ਸ਼ਾਮ ਧੂਫ਼ ਬੱਤੀ ਕਰਦੀ , ਕੱਚੀ ਲੱਸੀ ਦਾ ਛਿੱਟਾ ਦਿੰਦੀ ਤੇ ਪਾਣੀ ਕੋਲੇ ‘ ਤੇ ਡੋਲਦੀ  ਇਹੋ ਜਿਹੇ ਨਿੱਕੇ- ਨਿੱਕੇ ਕੰਮਾਂ ਚੋਂ ਹੀ ਇਕ ਕੰਮ ਸੀ  ,ਨਿੱਤ ਦਿਨ ਗੁਰੂ ਘਰ ਚੋਂ ਪਿੰਡ ਦੇ ਘਰਾਂ ਵਿਚ ਆਉਣ ਵਾਲੇ  ਗੁਰੂ ਘਰ ਦੇ ਸੇਵਾਦਾਰ ਨੂੰ ਦੁੱਧ ਅਤੇ ਪ੍ਰਾਸ਼ਾਦੇ ਦੀ ਸੇਵਾ ਕਰਨਾ। ਜਦੋਂ ਹੀ ਸੀ  ਸੇਵਾਦਾਰ ਪਰਮ ਦੇ ਘਰ ਦੇ ਅੰਦਰ ਆ ਕੇ (ਪਿੰਡਾਂ ਵਿਚ ਬਗੈਰ ਇਜਾਜ਼ਤ ਦੀ ਘਰ ਦੇ ਅੰਦਰ ਆਉਣ ਦਾ ਰਿਵਾਜ ਹੈ। ਪਿੰਡਾਂ ਦੇ ਘਰਾਂ ਨੂੰ  ਦੇ ਬਾਹਰਲੇ ਦਰਵਾਜ਼ੇ ਸਾਰਾ ਦਿਨ ਖੁੱਲ੍ਹੇ ਹੀ ਰਹਿੰਦੇ ਹਨ । )ਸਤਨਾਮ ਵਾਹਿਗੁਰੂ ਕਹਿੰਦਾ ਤਾਂ ਉਹ ਤੇਜ਼ੀ ਨਾਲ ਝਲਾਨੀ ਦੇ ਅੰਦਰ ਜਾਲੀ ਵਿੱਚ ਪਈ ਦੁੱਧ ਦੀ ਗੜਵੀ( ਜੋ ਮੱਝਾਂ ਦੀਆਂ ਧਾਰਾਂ ਕੱਢਣ ਦੇ ਤੁਰੰਤ  ਬਾਅਦ ਭਰ ਕੇ ਰੱਖ ਦਿੱਤੀ ਜਾਂਦੀ ਸੀ )ਚੁੱਕਦੀ, ਪੋਣੇ ਚੋਂ ਇੱਕ ਰੋਟੀ ਕੱਢ ਕੇ ਵਾਹੋ -ਦਾਹੀ ਭੱਜਦੀ  , ਭੱਜ ਕੇ ਸੇਵਾਦਾਰ ਨੂੰ ਫੜਾ ਦਿੰਦੀ ।ਉਹ ਸੇਵਾਦਾਰ ਦੇ ਛੇਤੀ ਨਾਲ ਘਰ ਚੋਂ ਬਾਹਰ ਨਿਕਲਣ ਦਾ ਇੰਤਜ਼ਾਰ ਕਰਦੀ ।ਅੰਦਰੋਂ - ਅੰਦਰੀ ਕਾਹਲੀ ਜਿਹੀ ਪੈਣ ਲੱਗਦੀ ।ਜਦੋਂ ਸੇਵਾਦਾਰ ਉੱਥੋਂ ਚਲਿਆ ਜਾਂਦਾ ਤਾਂ ਉਹ ਸੋਚਾਂ ਵਿੱਚ ਡੁੱਬ ਜਾਂਦੀ। ਕਦੇ ਉਹ ਸੋਚਦੀ,  “ਕੱਲ੍ਹ   ਨੂੰ ਮੈਂ ਬਾਬਾ ਜੀ ਨੂੰ ਕਹਿ ਹੀ ਦੇਣਾ ਹੈ ਕਿ  ਸਾਡੀ ਮੱਝ ਹੁਣ ਤੋਕੜ ਹੋ ਗਈ ਹੈ। ਦੁੱਧ ਘੱਟ ਦੇਣ ਲੱਗ ਗਈ ਹੈ  ।ਸਿਆਲਾਂ ਦੇ ਦਿਨ ਹੋਣ ਕਰਕੇ ਅਸੀਂ ਰੋਟੀ ਵੀ ਹੁਣ ਦੇਰੀ ਨਾਲ ਪਕਾਉਂਦੇ ਹਾਂ  ।ਤੁਸੀਂ ਹੁਣ ਸਾਡੇ ਘਰ ਨਾ ਆਇਆ ਕਰੋ  ।“ਅਜਿਹੀਆਂ ਪ੍ਰਸਥਿਤੀਆਂ ਦੇ ਵਸ ਪੈ ਕੇ ਪਰਮ ਦਾ ਬਾਲ ਮਨ ਇਕ ਮਨ ਦੀ ਵੇਦਨਾ ਦੀ ਪੀੜ ਹੰਢਾ ਰਿਹਾ ਸੀ। ਉਸ ਦੇ ਦਿਲ ਦਿਮਾਗ ਵਿੱਚ  ਅਚਨਚੇਤੇ ਹੀ ਇੱਕ ਵਹਿਮ ਘਰ ਕਰ ਗਿਆ ਸੀ ,ਜੋ ਇਸ ਉਮਰੇ ਅਕਸਰ ਹੀ ਕਮਜ਼ੋਰ ਭਾਵਨਾਵਾਂ ਵਾਲੇ ਇਨਸਾਨ ,ਬੇਸ਼ੱਕ ਉਹ  ਹੋਵੇ ਨਰ ਹੋਵੇ ਜਾਂ ਮਾਦਾ  ਦੋਵਾਂ ਦਾ ਹੀ ਮਾਨਸਿਕ ਸੰਤੁਲਨ ਵਿਗਾੜ ਦਿੰਦਾ ਹੈ। ਛੋਟੀ ਜਿਹੀ ਘਟਨਾ ਵੀ ਉਸ ਦੇ ਮਨ ਨੂੰ ਡਰ ਅਤੇ ਸਹਿਮ ਅੰਦਰ ਜਕੜ  ਲੈਂਦੀ ਹੈ  ।ਅਜਿਹਾ ਹੀ ਇੱਕ ਡਰ ਪਰਮ ਦੇ ਸੀਨੇ ਅੰਦਰ ਘਰ ਕਰ ਕੇ ਬੈਠ ਗਿਆ ਸੀ ।ਉਹ ਗੁਰੂ ਘਰ ਦੇ ਸੇਵਾਦਾਰ, ਜੋ ਉਨ੍ਹਾਂ ਦੇ ਘਰ ਰੋਜਾਨਾ ਹੀ ਆਉਂਦਾ ਸੀ  ।ਇਕ ਦਿਨ ਉਹ ਆਪਣੀ ਮਾਂ ਨੂੰ ਉਸ ਸੇਵਾਦਾਰ ਨੂੰ ਦੁੱਧ ਪ੍ਰਸ਼ਾਦਾ ਫੜਾਉਣ ਤੋਂ ਬਾਅਦ ਉਸ ਦੇ ਨਾਲ ਹੱਸ -ਹੱਸ ਕੇ ਗੱਲਾਂ ਕਰਦਿਆਂ ਦੇਖਦੀ ਹੈ  ।ਉਸ ਹਾਲਤ ਦੇ ਵਿੱਚ ਪਰਮ ਕਿਸੇ ਸ਼ੱਕ ਦੇ ਨਾਲ ਭਰ ਜਾਂਦੀ ਹੈ  ।ਉਹ ਲੁਕ- ਲੁਕ ਕੇ ਆਪਣੀ ਮਾਂ ਅਤੇ ਸੇਵਾਦਾਰ ‘ਤੇ ਨਿਗ੍ਹਾ ਰੱਖਣ ਲੱਗਦੀ ਹੈ  ।ਹੁਣ ਜਦੋਂ ਵੀ ਸੇਵਾਦਾਰ ਸਤਨਾਮ- ਵਾਹਿਗੁਰੂ ਦੀ ਆਵਾਜ਼ ਦਿੰਦਾ ਹੈ ਤਾਂ, ਮਾਂ ਪਰਮ ਨੂੰ ਆਵਾਜ਼ ਦਿੰਦੀ ਹੈ , “ਕੁੜੇ ਪਰਮ ਕਿੱਥੇ ਚਲੀ ਜਾਂਦੀ ਹੈ  ,ਆਹ ਭਾਈ ਜੀ ਨੂੰ ਪ੍ਰਸ਼ਾਦਾ ਫੜਾ ਕੇ ਆ  ,ਪਤਾ ਹੀ ਨਹੀਂ ਅੱਜਕੱਲ੍ਹ ਇਸ ਕੁੜੀ ਨੂੰ ਕੀ ਹੋ ਗਿਆ ਹੈ  ।ਇਸ ਨਿੱਕੇ ਜਿਹੇ ਕੰਮ ਤੋਂ ਵੀ ਟਾਲ ਮਟੋਲ ਕਰਨ ਲੱਗੀ ਹੈ  ।“ਪਰਮ ਗੱਲ ਨੂੰ ਅਣਸੁਣੀ ਕਰ ਦਿੰਦੀ ਹੈ  ।ਸੇਵਾਦਾਰ ਐਨੀ ਗੱਲ ਸੁਣ ਕੇ ਸਤਨਾਮ ਵਾਹਿਗੁਰੂ ਬੋਲਦਾ ਹੈ  ।ਆਖ਼ਰ ਪਰਮ ਦੀ ਮਾਂ ਆਪ ਹੀ ਉੱਠ ਕੇ ਸੇਵਾਦਾਰ ਨੂੰ ਰੋਟੀ ਅਤੇ ਦੁੱਧ ਫੜਾ ਦਿੰਦੀ ਹੈ  ।ਸੇਵਾਦਾਰ  ਖੱਦਰ ਦੇ ਕੱਪੜੇ ਨਾਲ ਬਣੀ ਇੱਕ ਬਗਲੀ ਜਿਹੀ ਜੋ ਉਸ ਨੇ ਮੋਢਿਆਂ ਤੇ ਟੰਗੀ ਹੁੰਦੀ ,ਉਸ ਵਿਚ ਰੋਟੀ ਰੱਖ ਕੇ ਢੱਕ ਦਿੰਦਾ ਹੈ  । ਪੌਣਾਂ ਬੰਨ੍ਹ ਕੇ ਢਕੀ ਹੋਈ ਬਾਲਟੀ ਵਿੱਚ ਗੜਵੀ ਦੁੱਧ ਦੀ ਉਲਟਾ ਦਿੰਦਾ ਹੈ। ਦੁੱਧ ਪੋਣੇ ਰਾਹੀਂ ਪੁਣ ਕੇ ਬਾਲਟੀ ਅੰਦਰ   ਚਲਿਆ ਜਾਂਦਾ ਹੈ ਤੇ ਸੇਵਾਦਾਰ ਸਤਨਾਮ ਵਾਹਿਗੁਰੂ  ਵਾਹਿਗੁਰੂ ਬੋਲਦਾ ਹੈ ।ਇਹ ਉਸ ਦਾ ਨਿੱਤ ਨੇਮ ਕਾਰਜ ਸੀ  ।

                     ਹੁਣ ਜਦੋਂ ਵੀ ਸੇਵਾਦਾਰਉਨ੍ਹਾਂ ਦੇ ਘਰ ਆਉਂਦਾ  ਤਾਂ ਪਰਮ ਉਸ ਨੂੰ ਲੁਕ -ਲੁਕ ਕੇ ਦੇਖਦੀ ਰਹਿੰਦੀ ਸੀ ।ਪਰਮ ਦੀ ਮਾਂ ਸੇਵਾਦਾਰ ਦੇ ਆਉਂਦਿਆਂ ਹੀ ਇੱਕ ਖ਼ੁਸ਼ੀ ਜਿਹੀ ਨਾਲ ਭਰ ਜਾਂਦੀ ।ਸੇਵਾਦਾਰ ਅਤੇ ਪਰਮ  ਦੀ ਮਾਂ  ਇੱਕ ਦੂਜੇ ਨੂੰ ਚੁੱਪ -ਚਾਪ ਮੋਹ ਭਰੀ ਨਜ਼ਰ ਨਾਲ ਦੇਖਦੇ ਤੇ ਇਕ ਸਰੂਰ ਜਿਹੇ ਨਾਲ ਭਰ ਜਾਂਦੇ  ।ਪਰਮ ਦੀ ਮਾਂ ਇਕ ਸਰਦੇ ਪੁੱਜਦੇ ਜ਼ਿਮੀਂਦਾਰ ਦੀ ਨੂੰਹ ਸੀ । ਉਹ ਵਿਆਹ ਕੇ ਆਉਂਦਿਆਂ ਹੀ ਜ਼ਿੰਮੇਵਾਰੀਆਂ ਦੀਆਂ ਚੱਕੀਆਂ ਵਿੱਚ ਪਿਸਣ ਲੱਗ ਗਈ ਸੀ  ।ਆਮ ਸਰਦੇ -ਪੁਜਦੇ ਘਰਾਂ ਦੀ ਤਰ੍ਹਾਂ ਪਰਮ ਦੇ ਘਰ ਦਾ ਵੀ ਇਹੀ ਹਾਲ ਸੀ ਕਿ ਔਰਤਾਂ ਨੂੰ ਘਰ ਦੇ ਅੰਦਰ ਹੀ ਡੱਕ ਕੇ ਰੱਖਿਆ ਜਾਂਦਾ ਸੀ। ਉਹ ਸਿਰਫ਼ ਘਰ ਦੇ ਕੰਮ -ਕਾਜ  ਹੀ ਕਰਦੀਆਂ ਸਨ  ।ਅਜਿਹੇ ਹਾਲਾਤਾਂ ਵਿੱਚ ਕਿਸੇ  ਇਨਸਾਨ  ਦਾ ਵੀ  ਆਪਣੇ ਮਨ ਦੇ ਚੈਨ ਸਕੂਨ ਲਈ ਪਟੜੀ ਤੋਂ ਉਤਰ ਜਾਣਾ ਕੋਈ ਵੱਡੀ ਗੱਲ ਵੀ ਨਹੀਂ ਸੀ  ਹੋ ਸਕਦੀ  ।ਸ਼ਾਇਦ ਪਰਮ ਦੀ ਮਾਂ ਨੂੰ ਵੀ ਉਸ ਸੇਵਾਦਾਰ ਦੀ ਮੋਹ ਭਰੀ ਤੱਕਣੀ ਚੋਂ ਮਨ ਦੇ ਵਲਵਲੇ ਸ਼ਾਂਤ ਕਰਨ ਦੀ ਦਵਾ ਮਿਲ ਗਈ ਹੋਵੇ  ।

        ਪਰਮ ਸੋਚਦੀ ਰਹਿੰਦੀ , “ਇਹ ਬਾਬਾ ਦੁਨੀਆਂ ਜਹਾਨ ਛੱਡ ਕਿਉਂ ਨਹੀਂ ਦਿੰਦਾ। ਇਹ ਮੇਰੀ ਮਾਂ ਨੂੰ ਲੈ ਕੇ ਕਿਧਰੇ ਭੱਜ ਹੀ ਜਾਵੇਗਾ ।ਮੇਰੀ ਮਾਂ ਬਾਬੇ ਦੇ ਇਸ਼ਕ ਵਿੱਚ  ਕੀ ਪਤਾ ਕੀ ਕਰ ਜਾਵੇ  ।“ਅਜਿਹੀ ਉਧੇੜ ਬੁਣ ਦੇ ਚੱਕਰਾਂ ਵਿਚ ਪਈ ਪਰਮ ਮਾਨਸਿਕ ਤੌਰ ਤੇ ਬਿਮਾਰ ਹੋ ਚੁੱਕੀ ਸੀ ।ਉਸ ਦੇ ਦਿਨ ਦਾ ਆਰਾਮ ਰਾਤਾਂ ਦੀ ਨੀਂਦ  ਉੱਡ ਚੁੱਕੀ ਸੀ  ।ਹੁਣ ਉਸ ਨੂੰ ਗੁਰੂ ਘਰ ਦੇ ਸਪੀਕਰ ਦੀ ਆਵਾਜ਼ ਬਿਲਕੁਲ ਵੀ ਚੰਗੀ ਨਹੀਂ ਲੱਗਦੀ ਸੀ ।ਇਹ ਆਵਾਜ਼ ਉਸ ਨੂੰ ਮੌਤ ਦਾ ਕੋਈ ਮਾਤਮ ਗਾਉਂਦੀ ਲੱਗਦੀ ਸੀ  ।ਘਰ ਦੇ ਪਿਛਵਾੜੇ ਬਣੀ ਹੋਈ ,ਤੂੜੀ ਵਾਲੀ ਸਵਾਤ ਵਿਚ ਜਾ ਕੇ ਉਸ ਨੂੰ ਗੁਰੂ ਘਰ ਦੇ ਸਪੀਕਰ ਚੋਂ ਆਉਂਦੀ ਗੁਰੂ ਬਾਣੀ ਦੀ ਅਵਾਜ਼ ਸੁਣਨੋਂ ਬੰਦ ਹੋ ਗਈ ਸੀ  ।ਉਹ ਇੱਕ ਮਾਨਸਿਕ ਬੋਝ ਦੇ ਥੱਲੇ ਏਨੀ ਦੱਬ ਗਈ ਸੀ ਕਿ ਉਸ ਦੇ ਕੰਨ ਹੀ ਬੋਲੇ ਹੋ ਗਏ ਸਨ  ।ਸਰੀਰ ਸੁੰਨ ਹੋ ਰਿਹਾ ਸੀ। ਉਹ ਨਿੰਮੋਝਾਣੀ ਹੋਈ, ਖਿੱਲਰੇ ਵਾਲ, ਸਾਹ ਸੱਤ ਨਿਕਲਿਆ ਹੋਇਆ ਸਰੀਰ ਲੈ ਕੇ ਕੰਧ ਨਾਲ ਢੋਅ ਲਾ ਕੇ ਖੜ੍ਹ ਜਾਂਦੀ ਹੈ  । ਕੁਝ ਪਲਾਂ ਬਾਅਦ ਉਹ ਲੀਰੋ -ਲੀਰ ਹੋਈ  ਹੌਲੀ- ਹੌਲੀ  ਅੱਖਾਂ ਖੋਲ੍ਹਦੀ ਹੈ ਅਤੇ ਸਵਾਤ ਦੇ ਨਾਲ ਵਾਲੇ ਸਿਰਕੀਆਂ ਵਾਲੇ ਛੱਤੜੇ ਵਿੱਚ ਚਲੀ ਜਾਂਦੀ ਹੈ  ।ਉਹ ਉੱਥੇ ਪਈ ਇੱਕ ਸਪਰੇਅ ਵਾਲੀ ਸ਼ੀਸ਼ੀ ਚੁੱਕਦੀ ਹੈ ਅਤੇ ਇੱਕੋ ਹੀ ਸਾਹੇ ਗੱਟ- ਗੱਟ ਕਰਕੇ ਪੀ ਜਾਂਦੀ ਹੈ  ।ਦਿਨ ਚੜ੍ਹਦਿਆਂ ਹੀ ਪਰਿਵਾਰ ਵਿੱਚ ਚੀਕ- ਚੰਘਿਆੜਾ ਪੈ ਜਾਂਦਾ ਹੈ  ।ਇਸ ਮਲੂਕ ਜਿਹੀ ਜਿੰਦ ਦੇ   ਮੌਤ ਦੇ ਕਾਰਨਾਂ ਦਾ  ਕਿਸੇ ਨੂੰ ਵੀ ਕੁਝ ਪਤਾ ਨਹੀਂ ਲੱਗਦਾ ।ਇੱਕ ਮਾਨਸਿਕ ਪੀੜ ਹੰਢਾਅ ਰਹੀ ਜਵਾਨ ਕੁੜੀ ਦੀ ਮੌਤ ਜਿੰਨੇ ਮੂੰਹ ਓਨੀਆਂ ਗੱਲਾਂ ਹੋਣ ਲੱਗਦੀਆਂ ਹਨ  ………

ਵੀਰਪਾਲ ਕੌਰ ਕਮਲ 

8569001590