You are here

ਸਰਕਾਰ ਦੀ ਵਾਅਦਾਖ਼ਿਲਾਫ਼ੀ ਖ਼ਿਲਾਫ਼ ਫੁੱਟਿਆ ਅਧਿਆਪਕਾਂ ਵਿੱਚ ਗੁੱਸਾ।

ਮਹਿਲ ਕਲਾਂ /ਬਰਨਾਲਾ- 4 ਜੁਲਾਈ (ਗੁਰਸੇਵਕ ਸੋਹੀ)-  ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੱਦੇ ਤੇ ਬਲਾਕ ਮਹਿਲ ਕਲਾਂ ਦੇ ਅਧਿਆਪਕਾਂ ਦਾ ਆਪ ਸਰਕਾਰ ਵੱਲੋਂ ਮੁਲਾਜਮ ਮੰਗਾਂ ਨੂੰ ਅਣਦੇਖਿਆ ਕਰਨ ਤੇ ਫੂਕੀਆਂ ਬਜ਼ਟ ਦੀਆਂ ਕਾਪੀਆਂ। ਬਲਾਕ ਦੇ ਵੱਖ ਵੱਖ ਸਕੂਲਾਂ ਵਿਚ ਅਧਿਆਪਕਾਂ ਨੇ ਆਪ ਸਰਕਾਰ ਦੇ ਪਹਿਲੇ ਬਜਟ ਦੀਆਂ ਕਾਪੀਆਂ ਫੂਕ ਕੇ ਕੀਤਾ ਰੋਸ ਮੁਜ਼ਾਹਰਾ। ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਆਗੂ ਬਲਜਿੰਦਰ ਪ੍ਰਭੂ, ਮਾਲਵਿੰਦਰ ਸਿੰਘ ਬਰਨਾਲਾ, ਰਘਵੀਰ ਕਰਮਗੜ ਅਤੇ ਨਿਰਮਲ ਸਿੰਘ ਚੁਹਾਣਕੇ  ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਭਗਵੰਤ ਮਾਨ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਅਧਿਆਪਕਾਂ ਨਾਲ ਅਨੇਕ ਪ੍ਰਕਾਰ ਦੇ ਵਾਅਦੇ ਕੀਤੇ ਸਨ । ਜਿਨ੍ਹਾਂ ਵਿਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ,  ਪੁਰਾਣੀ ਪੈਨਸ਼ਨ ਬਹਾਲ ਕਰਨਾ, ਮੁਲਾਜ਼ਮਾਂ ਦੇ ਕੱਟੇ ਹੋਏ ਭੱਤਿਆਂ ਨੂੰ ਬਹਾਲ ਕਰਨਾ, ਕੰਪਿਊਟਰ ਅਧਿਆਪਕਾਂ ਨੂੰ ਵਿਭਾਗ ਵਿਚ ਸ਼ਾਮਲ ਕਰਨਾ, ਸਕੂਲਾਂ ਵਿੱਚ ਪਈਆਂ ਖਾਲੀ ਅਸਾਮੀਆਂ ਨੂੰ ਪਹਿਲ ਦੇ ਅਧਾਰ ਤੇ ਭਰਨਾ ਅਤੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਨੂੰ ਦੂਰ ਕਰਕੇ ਲਾਗੂ ਕਰਨਾ। ਪ੍ਰੰਤੂ ਸਰਕਾਰ ਨੇ ਬਜਟ ਸੈਸ਼ਨ ਵਿੱਚ ਇਹਨਾਂ ਮੁੱਦਿਆਂ ਉੱਪਰ ਗੱਲ ਤੱਕ ਵੀ ਨਹੀਂ ਕੀਤੀ। ਪੁਰਾਣੀ ਪੈਨਸ਼ਨ ਬਹਾਲ ਉਪਰ ਗੱਲ ਅਰੰਭ ਕੀਤੀ ਉਸ ਨੂੰ ਮੁੱਢੋਂ ਹੀ ਸਾਰੇ ਵਿਧਾਇਕਾਂ ਨੇ ਇੱਕ ਸੁਰ ਵਿੱਚ ਰੱਦ ਕਰ ਦਿੱਤਾ। ਸਰਕਾਰ ਦੇ ਇਸ ਰਵਈਏ ਪ੍ਰਤੀ ਅਧਿਆਪਕਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਇਸ ਰੋਹ ਦੀ ਬਦੌਲਤ ਅੱਜ ਬਲਾਕ ਮਹਿਲ ਕਲਾਂ ਦੇ ਵੱਖ ਸਕੂਲਾਂ ਵਿਚ ਅਧਿਆਪਕਾਂ ਨੇ ਸਰਕਾਰ ਦੇ ਪਲੇਠੇ ਬਜਟ ਦੀਆਂ ਕਾਪੀਆਂ ਸਾੜ ਕੇ ਰੋਸ ਦਾ ਵਿਖਾਵਾ ਕੀਤਾ।ਵੱਖ ਵੱਖ ਸਕੂਲਾਂ ਵਿੱਚ ਅਧਿਆਪਕ ਆਗੂਆਂ ਹਰਪਾਲ ਸਿੰਘ, ਲਖਵੰਤ ਸਿੰਘ ਕੁਤਬਾ,ਬਲਦੀਪ ਸਿੰਘ, ਗੁਰਪ੍ਰੀਤ ਸਿੰਘ ,ਦੇਵਿੰਦਰ ਸਿੰਘ, ਪ੍ਰਦੀਪ ਬਖਤਗੜ੍ਹ, ਪਲਵਿੰਦਰ ਸਿੰਘ, ਬਿਕਰਮਜੀਤ ਸਿੰਘ, ਸੁਰਿੰਦਰ ਸਿੰਘ ਕੁਤਬਾ ਅਤੇ ਭੁਪਿੰਦਰ ਸਿੰਘ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲਾਲ ਮਾਜਰਾ, ਮੂੰਮ, ਛਾਪਾ ਸਰਕਾਰੀ ਹਾਈ ਸਕੂਲ ਗੁਰਮ, ਠੁੱਲੇਵਾਲ, ਛੀਨੀਵਾਲ ਖੁਰਦ ਅਤੇ ਕੁਰੜ ਸਰਕਾਰੀ ਮਿਡਲ ਸਕੂਲ ਗੁੰਮਟੀ, ਧਨੇਰ, ਸਰਕਾਰੀ ਪ੍ਰਾਇਮਰੀ ਸਕੂਲ ਸੇਖਾ ਦੱਖਣੀ, ਬਾਹਮਣੀਆਂ, ਮਾਂਗੇਵਾਲ, ਧਨੇਰ ਚੰਨਣਵਾਲ ਆਦਿ ਸਕੂਲਾਂ ਵਿੱਚ ਅਧਿਆਪਕਾਂ ਨੇ ਪੰਜਾਬ ਸਰਕਾਰ ਦੇ ਪਹਿਲੇ ਬਜਟ ਦੀਆਂ ਕਾਪੀਆਂ ਸਾੜੀਆਂ ਅਤੇ ਨਾਅਰੇਬਾਜ਼ੀ ਕਰਦੇ ਹੋਏ ਮੰਗ ਕੀਤੀ ਕਿ ਮਾਨ ਸਰਕਾਰ ਨੇ ਜੇਕਰ ਲੋਕਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਤਾਂ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ।