You are here

40ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ

ਇੰਡੀਅਨ ਆਇਲ ਮੁੰਬਈ ਨੇ ਭਾਰਤੀ ਏਅਰ ਫੋਰਸ ਨੂੰ 3-0 ਨਾਲ ਹਰਾਇਆ
ਭਾਰਤੀ ਰੇਲਵੇ ਅਤੇ ਆਰਮੀ ਦੀਆਂ ਟੀਮਾਂ 3-3 ਨਾਲ ਬਰਾਬਰ ਰਹੀਆਂ

ਜਲੰਧਰ/ਲੁਧਿਆਣਾ 30 ਅਕਤੂਬਰ (  ਟੀ. ਕੇ.) ਇੰਡੀਅਨ ਆਇਲ ਮੁੰਬਈ ਨੇ ਭਾਰਤੀ ਏਅਰ ਫੋਰਸ ਦਿੱਲੀ ਨੂੰ 3-0 ਦੇ ਫਰਕ ਨਾਲ ਹਰਾ ਕੇ ਲੀਗ ਦੌਰ ਵਿੱਚ ਲਗਾਤਾਰ ਦੂਜੀ ਜਿੱਤ ਦਰਜ ਕਰਦੇ ਹੋਏ ਸੈਮੀਫਾਇਨਲ ਵੱਲ ਨੂੰ ਆਪਣੇ ਕਦਮ ਵਧਾ ਲਏ ਹਨ। ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਜਾਰੀ 40ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ 6ਵੇਂ ਦਿਨ ਦੇ ਦੂਜੇ ਮੈਚ ਵਿੱਚ ਪਿਛਲੇ ਸਾਲ ਦੀ ਜੇਤੂ ਭਾਰਤੀ ਰੇਲਵੇ ਅਤੇ ਆਰਮੀ ਦੀਆਂ ਟੀਮਾਂ 3-3 ਦੀ ਬਰਾਬਰੀ ਤੇ ਰਹੀਆਂ ਅਤੇ ਦੋਵੇਂ ਟੀਮਾਂ ਨੂੰ ਇਕ ਇਕ ਅੰਕ ਹਾਸਲ ਹੋਇਆ। ਪਰਮਪ੍ਰੀਤ ਸਿੰਘ ਨੇ ਰੇਲਵੇ ਲਈ ਤਿੰਨ ਗੋਲ ਕਰਕੇ ਹੈਟ੍ਰਿਕ ਕੀਤੀ।  

ਅੱਜ ਦਾ ਪਹਿਲਾ ਮੈਚ ਪੂਲ ਏ ਵਿੱਚ ਇੰਡੀਅਨ ਆਇਲ ਮੁੰਬਈ ਅਤੇ ਭਾਰਤੀ ਏਅਰ ਫੋਰਸ ਦਰਮਿਆਨ ਖੇਡਿਆ ਗਿਆ। ਖੇਡ ਦੇ ਪਹਿਲੇ ਅੱਧ ਵਿੱਚ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। ਖੇਡ ਦੇ ਦੂਜੇ ਅੱਧ ਦੇ 38ਵੇਂ ਮਿੰਟ ਵਿੱਚ ਇੰਡੀਅਨ ਆਇਲ ਵਲੋਂ ਅੰਤਰਰਾਸ਼ਟਰੀ ਖਿਡਾਰੀ ਤਲਵਿੰਦਰ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 1-0 ਕੀਤਾ। ਖੇਡ ਦੇ 44ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਅੰਤਰਰਾਸ਼ਟਰੀ ਖਿਡਾਰੀ ਗੁਰਜਿੰਦਰ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 2-0 ਕੀਤਾ। ਖੇਡ ਦੇ 50ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਸੁਮਿਤ ਕੁਮਾਰ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 3-0 ਕੀਤਾ। ਇਸ ਤੋਂ ਪਹਿਲਾਂ ਇੰਡੀਅਨ ਆਇਲ ਨੇ ਆਪਣੇ ਪਹਿਲੇ ਲੀਗ ਮੈਚ ਵਿੱਚ ਕੈਗ ਦਿੱਲੀ ਨੂੰ 7-1 ਦੇ ਫਰਕ ਨਾਲ ਹਰਾਇਆ ਸੀ। ਦੋ ਮੈਚ ਜਿੱਤ ਕੇ ਇੰਡੀਅਨ ਆਇਲ ਨੇ ਲੀਗ ਦੌਰ ਵਿੱਚ 6 ਅੰਕ ਜੋੜ ਲਏ ਹਨ। 

ਦੂਜਾ ਮੈਚ ਪੂਲ ਬੀ ਵਿੱਚ ਭਾਰਤੀ ਰੇਲਵੇ ਦਿੱਲੀ ਅਤੇ ਆਰਮੀ ਇਲੈਵਨ ਦਰਮਿਆਨ ਖੇਡਿਆ ਗਿਆ। ਅੱਧੇ ਸਮੇਂ ਤੱਕ ਦੋਵੇਂ ਟੀਮਾਂ ਬਿਨ੍ਹਾਂ ਕਿਸੇ ਗੋਲ ਦੇ ਬਰਾਬਰੀ ਤੇ ਸਨ। ਖੇਡ ਦੇ ਤੀਜੇ ਕਵਾਰਟਰ ਦੇ 35ਵੇਂ ਮਿੰਟ ਵਿੱਚ ਰੇਲਵੇ ਦੇ ਪਰਮਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 1-0 ਕੀਤਾ। ਖੇਡ ਦੇ 39ਵੇਂ ਮਿੰਟ ਵਿੱਚ ਆਰਮੀ ਦੇ ਰਾਹੁਲ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 1-1 ਕੀਤਾ। ਖੇਡ ਦੇ45ਵੇਂ ਮਿੰਟ ਵਿੱਚ ਆਰਮੀ ਦੇ ਹਰਮਨ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 2-1 ਕੀਤਾ। 55ਵੇਂ ਮਿੰਟ ਵਿੱਚ ਰੇਲਵੇ ਦੇ ਪਰਮਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਬਰਾਬਰੀ ਕੀਤੀ। 56ਵੇਂ ਮਿੰਟ ਵਿੱਚ ਆਰਮੀ ਦੇ ਹਰਮਨ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 3-2 ਕੀਤਾ। 57ਵੇਂ ਮਿੰਟ ਵਿੱਚ ਰੇਲਵੇ ਦੇ ਪਰਮਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 3-3 ਕੀਤਾ ਅਤੇ ਆਪਣੀ ਹੈਟ੍ਰਿਕ ਪੂਰੀ ਕੀਤੀ। 

ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਸੁਖਦੇਵ ਸਿੰਘ ਏਜੀਆਈ ਅਤੇ ਉਲੰਪੀਅਨ ਬਲਵਿੰਦਰ ਸ਼ੰਮੀ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਤੇ ਨਰਿੰਦਰ ਪਾਲ ਸਿੰਘ ਜੱਜ, ਗੌਰਵ ਅਗਰਵਾਲ, ਰਣਦੀਪ ਗੁਪਤਾ, ਰਣਬੀਰ ਸਿੰਘ ਰਾਣਾ ਟੁੱਟ, ਸੁਰਿੰਦਰ ਸਿੰਘ ਭਾਪਾ, ਰਾਮ ਪ੍ਰਤਾਪ,ਐਲ ਆਰ ਨਈਅਰ, ਟੂਰਨਾਮੈਂਟ ਡਾਇਰੈਕਟਰ ਹਰਿੰਦਰ ਸਿੰਘ ਸੰਘਾ, ਅੰਪਾਇਰ ਮੈਨੇਜਰ ਗੁਰਿੰਦਰ ਸਿੰਘ ਸੰਘਾ, ਪ੍ਰਫੈਸਰ ਬਲਵਿੰਦਰ ਸਿੰਘ, ਹਰਕਮਲ ਸਿੰਘ, ਸ਼ੁਸ਼ੀਲ ਕੁਮਾਰ ਕਸਟਮਜ਼, ਜਸਵਿੰਦਰ ਸਿੰਘ, ਸੁਨੀਲ਼ ਚੋਪੜਾ, ਵਰਿੰਦਰ ਮਲਿਕ, ਵਰਿੰਦਰਪ੍ਰੀਤ ਸਿੰਘ, ਝਿਲਮਨ ਸਿੰਘ ਮਾਨ, ਨੱਥਾ ਸਿੰਘ ਗਾਖਲ, ਮਨਜੀਤ ਸਿੰਘ ਢੱਲ, ਪ੍ਰਵੀਨ ਗੁਪਤਾ, ਗੁਰਚਰਨ ਸਿੰਘ ਏਅਰ ਇੰਡੀਆ,ਰਮਣੀਕ ਰੰਧਾਵਾ, ਲਖਵਿੰਦਰ ਪਾਲ ਸਿੰਘ ਖਹਿਰਾ, ਲਖਬੀਰ ਸਿੰਘ ਨਾਰਵੇ, ਰਵਿੰਦਰ ਸਿੰਘ ਪੁਆਰ ਯੂਕੇ, ਵਿਸ਼ੇਸ਼ ਤੌਰ ਤੇ ਹਾਜ਼ਰ ਸਨ।