ਕਪਟੀ ਅਤੇ ਮੱਕਾਰ ਦੁਸ਼ਮਣ ਦੀਆਂ ਇਹਨਾਂ ਬ੍ਰਾਹਮਣਵਾਦੀ ਚਾਲਾਂ ਤੋਂ ਪੰਥ ਨੂੰ ਸੁਚੇਤ ਰਹਿਣ ਦੀ ਲੋੜ
ਨਵੀਂ ਦਿੱਲੀ, 28 ਜੂਨ- (ਮਨਪ੍ਰੀਤ ਸਿੰਘ ਖਾਲਸਾ)-ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਅਖੰਡ ਕੀਰਤਨੀ ਜੱਥਾ ਵਿਸ਼ਵ ਵਿਆਪੀ ਵਲੋਂ ਅਜ ਜਾਰੀ ਕੀਤੇ ਗਏ ਪ੍ਰੈਸ ਨੋਟ ਵਿਚ ਕਿਹਾ ਗਿਆ ਕਿ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਪ੍ਰਧਾਨ, ਕੌਮੀ ਸੇਵਾ ਵਿੱਚ ਹਿੱਸਾ ਪਾਉਣ ਵਾਲੇ ਅਤੇ ਸਿੱਖ ਕੌਮ ਦੀ ਅਜ਼ਾਦੀ ਦੇ ਚਾਹਵਾਨ ਭਾਈ ਹਰਦੀਪ ਸਿੰਘ ਨਿੱਝਰ ਨੂੰ ਗੁਰਦੁਆਰਾ ਸਾਹਿਬ ਦੀ ਜੂਹ ਅੰਦਰ ਗੋਲੀਆ ਨਾਲ ਸ਼ਹੀਦ ਕਰਕੇ ਸਿੱਖ ਕੌਮ ਨੂੰ ਡਰਾਉਣ ਅਤੇ ਸਿੱਖ ਕੌਮ ਦੀ ਚੜਦੀ ਕਲਾ ਵਾਲੀ ਅਵਾਜ਼ ਨੂੰ ਬੰਦ ਕਰਨ ਦਾ ਇੱਕ ਕੋਝਾ ਯਤਨ ਹੈ। ਅਸੀਂ ਭਾਰਤ ਸਰਕਾਰ ਦੀ ਖੁਫੀਆਂ ਏਜੰਸੀਆਂ ਵੱਲੋਂ ਕੀਤੇ ਗਏ ਇਸ ਕਾਰੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ। ਭਾਈ ਹਰਦੀਪ ਸਿੰਘ ਨਿੱਝਰ ਕੈਨੇਡਾ ਵਿੱਚ ਵਸਦਿਆਂ ਆਪਣੀ ਕਿਰਤ ਕਰਨ ਦੇ ਨਾਲ ਜਿੱਥੇ ਗੁਰਦੁਆਰਾ ਸਾਹਿਬ ਦੀ ਸੇਵਾ ਵਿੱਚ ਵਧ ਚੜ੍ਹ ਕੇ ਹਿੱਸਾ ਲੈਂਦੇ ਸਨ ਉੱਥੇ ਉਹ ਪੰਥ ਦੀ ਚੜ੍ਹਦੀ ਕਲਾ ਦੀ ਅਵਾਜ਼ ਵੀ ਪੁਰਜ਼ੋਰ ਤਰੀਕੇ ਨਾਲ ਉਠਾਉਂਦੇ ਸਨ। ਭਾਰਤ ਸਰਕਾਰ,ਵੱਲੋਂ ਆਪਣੇ ਖਾਸੇ ਅਨੁਸਾਰ ਕਪਟ ਕਮਾਂਉਦਿਆਂ, ਲੁਕ ਛਿਪ ਕੇ ਅਣਪਛਾਤੇ ਵਿਅਕਤੀਆਂ ਰਾਹੀਂ ਭਾਈ ਨਿੱਝਰ ਉੱਤੇ ਵਾਰ ਕੀਤਾ ਹੈ।
ਇਹ ਵਾਰ ਨਾ ਸਿਰਫ ਭਾਈ ਨਿੱਝਰ ਉੱਤੇ ਹੈ ਬਲਕਿ ਪੂਰੀ ਕੌਮ ਨੂੰ ਦੋਖੀਆਂ ਵੱਲੋਂ ਵੰਗਾਰ ਪਾਈ ਗਈ ਹੈ । ਉਨ੍ਹਾਂ ਲਿਖਿਆ ਕਿ ਪਿਛਲੇ ਲੰਮੇਂ ਸਮੇਂ ਤੋਂ ਪੰਥ ਵਿਰੋਧੀ ਤਾਕਤਾਂ ਸਿੱਧੇ ਤੌਰ ਤੇ ਸਿੱਖਾਂ ਉੱਤੇ ਜਿਸਮਾਨੀ ਅਤੇ ਵਿਚਾਰਧਾਰਕ ਹਮਲੇ ਅਤੇ ਸਿੱਖ ਸ਼ਕਤੀ ਨੂੰ ਖੇਰੂੰ ਖੇਰੂੰ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਵਿਵਾਦ ਪੰਥ ਵਿੱਚ ਲਿਆ ਕੇ ਲੁਕਵੇਂ ਹਮਲੇ ਕੀਤੇ ਜਾ ਰਹੇ ਹਨ । ਇਹ ਨਵਾਂ ਹਮਲਾ ਕਰਕੇ ਦੁਸ਼ਮਣ ਨੇ ਖਾਲਸਾ ਪੰਥ ਉੱਤੇ ਅਜਿਹਾ ਕੀਤਾ ਵਾਰ ਹੈ ਜਿਸ ਵਿੱਚ ਹਮਲਾਵਾਰ ਆਪਣੀ ਪਛਾਣ ਗੁਪਤ ਰੱਖ ਕੇ ਸਿੱਖਾਂ ਨੂੰ ਆਪਸ ਵਿੱਚ ਲੜਾਉਣ ਦੀ ਵਿਉਂਤਬੰਦੀ ਕਰ ਰਿਹਾ ਹੈ। ਕਪਟੀ ਅਤੇ ਮੱਕਾਰ ਦੁਸ਼ਮਣ ਦੀਆਂ ਇਹਨਾਂ ਬ੍ਰਾਹਮਣਵਾਦੀ ਚਾਲਾਂ ਤੋਂ ਪੰਥ ਨੂੰ ਸੁਚੇਤ ਰਹਿਣ ਦੀ ਲੋੜ ਹੈ। ਖਾਲਸਾ ਪੰਥ ਦੇ ਦੁਸ਼ਮਣ ਨੂੰ ਸਦਾ ਭੁਲੇਖਾ ਰਿਹਾ ਹੈ ਕਿ ਉਹ ਖਾਲਸਾ ਪੰਥ ਦੀ ਸੁਤੰਤਰ ਹਸਤੀ ਨੂੰ ਜ਼ੁਲਮ ਕਰਕੇ ਦੁਬੇਲ ਬਣਾ ਸਕਦਾ ਹੈ ਪਰ ਇਤਿਹਾਸ ਗਵਾਹ ਹੈ ਕਿ ਖਾਲਸਾ ਪੰਥ ਸਦਾ ਹੀ ਜਰਵਾਣਿਆਂ ਨੂੰ ਮੂੰਹ ਤੋੜਵਾਂ ਜਵਾਬ ਦਿੰਦਾ ਹੈ। ਅੱਜ ਵੀ ਜ਼ਾਲਮ ਸਿੱਖ ਪੰਥ ਦਾ ਇਤਿਹਾਸ ਭੁੱਲ ਕੇ ਸਿੱਖਾਂ ਨਾਲ ਨਜਿੱਠਣ ਲਈ ਲੁਕਵੇਂ ਹਮਲੇ ਕਰਨ ਦਾ ਭਰਮ ਪਾਲ ਰਿਹਾ ਹੈ ਪਰ ਗੁਰੂ ਕਾ ਖਾਲਸਾ ਪੰਥ ਦ੍ਰਿੜ ਹੈ ਕੇ ਅੰਤ ਨੂੰ ਜਿੱਤ ਖਾਲਸਾ ਪੰਥ ਦੀ ਹੀ ਹੋਈ ਹੈ ਅਤੇ ਦੁਸ਼ਮਣ ਨੂੰ ਮੂੰਹ ਦੀ ਖਾਣੀ ਪਏਗੀ।
ਅੰਤ ਵਿਚ ਉਨ੍ਹਾਂ ਲਿਖਿਆ ਕਿ ਸਾਡੀ ਸਮੁੱਚੀ ਸਿੱਖ ਕੌਮ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਦੁਸ਼ਮਣ ਦੇ ਤਾਜ਼ੇ ਹਮਲੇ ਦੇ ਸਨਮੁੱਖ ਸਾਨੂੰ ਗੁਰਬਾਣੀ ਦੇ ਫੁਰਮਾਨ "ਹੋਇਇਕਤ੍ਰ ਮਿਲਹੁਮੇਰੇਭਾਈਦੁਬਿਧਾਦੂਰਿਕਰਹੁਲਿਵਲਾਇ ॥ਹਰਿਨਾਮੈਕੇਹੋਵਹੁਜੋੜੀਗੁਰਮੁਖਿਬੈਸਹੁਸਫਾਵਿਛਾਇ ॥"ਅਨੁਸਾਰ ਨਾਮ ਬਾਣੀ ਨੂੰ ਮਨ ਵਿੱਚ ਵਸਾ ਕੇ ਮਿਲ ਬੈਠ ਕੇ ਭਵਿੱਖ ਦੀ ਰਣਨੀਤੀ ਉਸਾਰਨ ਦੀ ਲੋੜ ਹੈ । ਜਦੋਂ ਅਸੀਂ ਗੁਰੂ ਦੀ ਭੈ-ਭਾਵਨੀ ਵਿੱਚ ਮਿਲ ਬੈਠਾਂਗੇ ਤਾਂ ਗੁਰੂ ਸਾਹਿਬਾਂ ਖਾਲਸੇ ਦਾ ਚਹੁੰ ਕੂੰਟਾਂ ਵਿੱਚ ਬੋਲ ਬਾਲਾ ਹੋਵੇਗਾ । ਅਖੰਡ ਕੀਰਤਨੀ ਜੱਥਾ ਖਾਲਸਾ ਵਲੋਂ ਪੰਥ ਨੂੰ ਕੀਤੇ ਵਾਅਦੇ ਮੁਤਾਬਕ ਅਸੀਂ ਸਮੁੱਚੇ ਖਾਲਸਾ ਪੰਥ ਨੂੰ ਬੇਨਤੀ ਕਰਦੇ ਹਾਂ ਕਿ ਉਹ ਭਾਈ ਹਰਦੀਪ ਸਿੰਘ ਨਿੱਝਰ ਨਮਿੱਤ ਗੁਰੂ ਚਰਨਾਂ ਵਿੱਚ ਅਰਦਾਸ ਕਰਨ ਅਤੇ ਸਤਿਗੁਰੂ ਜੀ ਪਾਸੋਂ ਦਾਤ ਮੰਗਣ ਕਿ ਖਾਲਸਾ ਪੰਥ ਨੂੰ ਏਕੇ ਵਿੱਚ ਪਰੋ ਕੇ ਖਾਲਸੇ ਦੇ ਬੋਲ ਬਾਲੇ ਦੇ ਪਵਿੱਤਰ ਆਸ਼ੇ ਲਈ ਗੁਲਾਮੀ ਦੀਆਂ ਕੜੀਆ ਤੋੜਣ ਲਈ ਆਜ਼ਾਦ ਸਿੱਖ ਰਾਜ ਦੀ ਹੋਂਦ ਵਾਸਤੇ ਚਲ ਰਹੇ ਸੰਘਰਸ਼ ਨੂੰ ਤੇਜ ਕਰਨ ਦਾ ਬਲ ਬਖਸ਼ਣ ।