ਕਿਸਾਨ ਜਥੇਬੰਦੀਆਂ ਨੇ ਪੰਜਾਬ ਤੇ ਕੇਂਦਰ ਖ਼ਿਲਾਫ਼ ਬੀਐਸਐਫ ਦਾ ਘੇਰਾ ਵਧਾਉਣ ਦੇ ਵਿਰੋਧ ਵਿੱਚ ਕੀਤਾ ਰੋਸ ਮਾਰਚ

ਜਗਰਾਉਂ (ਜਸਮੇਲ ਗ਼ਾਲਿਬ)ਫਾਸ਼ੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਦੇ ਸੱਦੇ ਤੇ ਕਿਸਾਨਾਂ ਮਜਦੂਰਾਂ ਨੇ ਅੱਜ ਰੇਲ ਪਾਰਕ ਚ ਇਕੱਤਰ ਹੋ ਕੇ ਭਾਜਪਾ ਦੀ ਕੇਂਦਰੀ ਹਕੂਮਤ ਵਲੋਂ ਸਮੁੱਚੇ ਦੇਸ਼ ਦੇ ਸਰਹੱਦੀ ਸੂਬਿਆਂ ਦੇ 50 ਕਿਲੋਮੀਟਰ ਦੇ ਘੇਰੇ ਦਾ ਏਰੀਆ ਬੀ ਐਸ ਐਫ ਦੇ ਕੰਟਰੋਲ ਹੇਠ ਦੇਣ ਖਿਲਾਫ ਰੋਸ ਪ੍ਰਦਰਸ਼ਨ ਚ ਭਾਗ ਲਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਅਤੇ ਔਰਤ ਆਗੂ ਸਰਬਜੀਤ ਕੌਰ ਅੱਚਰਵਾਲ ਦੀ ਅਗਵਾਈ ਚ ਹੋਈ ਕਾਨਫਰੰਸ  ਚ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਕੇੰਦਰ ਦੀ ਭਾਜਪਾ ਹਕੂਮਤ ਵਲੋਂ ਸੀਮਾ ਸੁਰੱਖਿਆ ਬਲ ਕਾਨੂੰਨ 1968 ਦੀ ਧਾਰਾ 139 ਵਿੱਚ ਤਬਦੀਲੀ ਕਰਦਿਆਂ ਰਾਜਾਂ ਦੇ ਅਧਿਕਾਰਾਂ ਤੇ ਦਿਨ ਦੀਵੀਂ ਡਾਕਾ ਮਾਰਿਆ ਗਿਆ ਹੈ।ਮੋਦੀ ਹਕੂਮਤ ਨੇ ਇਸ ਤੋਂ ਪਹਿਲਾਂ ਖੇਤੀ ਦੇ ਰਾਜਾਂ ਨਾਲ ਸਬੰਧਤ ਮੁੱਦਿਆਂ ਤੇ ਕਾਲੇ ਕਾਨੂੰਨ ਬਣਾ ਕੇ ਸੰਘੀ ਢਾਂਚੇ ਨੂ  ਤੋੜਿਆ ਗਿਆ ਸੀ। ਇਕ ਦੇਸ਼ ਇਕ ਕਾਨੂੰਨ ਦੀ ਫਾਸ਼ੀਵਾਦੀ ਨੀਤੀ ਨੂੰ ਅੰਜਾਮ ਦਿੰਦਿਆਂ ਮੋਦੀ ਹਕੂਮਤ ਸਾਰੀਆਂ ਸੰਵਿਧਾਨਕ ਸ਼ਕਤੀਆਂ ਅਪਣੇ ਕੰਟਰੋਲ ਚ ਕਰਕੇ ਇਕ ਕੇਂਦਰੀਕਰਿਤ ਢਾਂਚਾ ਖੜਾ ਕਰ ਕੇ ਜਮਹੂਰੀਅਤ ਨੂੰ ਪੈਰਾਂ ਹੇਠ ਮਸਲ ਰਹੀ ਹੈ। ਬੁਲਾਰਿਆਂ ਨੇ ਕਿਹਾ ਕਿ ਅੱਧੇ ਪੰਜਾਬ ਨੂੰ ਕੇਂਦਰਸਾਸ਼ਿਤ ਪ੍ਰਦੇਸ਼ ਚ ਬਦਲ ਕੇ ਲੋਕ ਲਹਿਰਾਂ ਨੂੰ ਦਬਾਉਣ ਦੀ ਇਸ ਨੀਤੀ ਪਿੱਛੇ ਕਾਰਪੋਰੇਟ ਲੁੱਟ ਨੂੰ ਕਿਸੇ ਵੀ ਤਰਾਂ ਦੀ ਆਂਚ ਨਾ ਆਉਣ ਦੇਣਾ ਇਕ ਮਕਸਦ ਹੈ। ਉਨਾਂ ਕਿਹਾ ਕਿ ਸ਼ਾਹਰੁਖ ਖਾਨ ਦੇ ਮੁੰਡੇ ਦਾ ਮੁੱਦਾ ਸੁਰਖੀਆਂ ਚ ਹੈ ਤੇ ਇਸ ਆੜ ਚ ਅਡਵਾਨੀ ਦੇ ਕੰਟੇਨਰਾਂ ਚ ਅਫਗਾਨਿਸਤਾਨ ਤੋਂ ਆਈ ਤਿੰਨ ਹਜਾਰ ਕਿਲੋ ਅਫੀਮ ਦਾ ਮੁੱਦਾ ਗਾਇਬ ਕਰ ਦਿੱਤਾ  ਗਿਆ ਹੈ। ਬੁਲਾਰਿਆਂ ਨੇ ਉਘੇ ਬੁੱਧੀ ਜੀਵੀ ਗੋਤਮ ਨੌਲੱਖਾ ਨੂੰ ਮੁੰਬਈ ਦੀ ਤਾਜੋ ਜੇਲ ਦੇ ਅੰਡਾ ਸੈਲ ਚ  ਸਿਫਟ ਕਰਕੇ ਸ਼ਰੀਰਕ ਤੋਰ ਤੇ ਖਤਮ ਕਰਨ ਦੀ ਸਾਜਿਸ਼ ਦੀ ਵੀ ਤਿੱਖੀ ਨਿੰਦਾ ਕਰਦਿਆਂ ਝੂਠੇ ਕੇਸ ਵਾਪਸ ਲੈਣ ਦੀ ਮੰਗ ਕੀਤੀ ਹੈ। ਇਸ ਸਮੇਂ ਲੋਕ ਆਗੂ ਕੰਵਲਜੀਤ ਖੰਨਾ  , ਇੰਦਰਜੀਤ ਸਿੰਘ ਧਾਲੀਵਾਲ ਜਿਲਾ ਸਕੱਤਰ,  ਗੁਰਪ੍ਰੀਤ ਸਿੰਘ ਸਿਧਵਾਂ, ਜਗਤਾਰ ਸਿੰਘ ਦੇਹੜਕਾ  ਅਵਤਾਰ ਸਿੰਘ ਗਿੱਲ,  ਧਰਮ ਸਿੰਘ ਸੂਜਾਪੁਰ ਨੇ ਵਿਚਾਰ ਪੇਸ਼ ਕੀਤੇ।ਕਾਨਫਰੰਸ ਉਪਰੰਤ ਔਰਤ ਮਰਦ ਕਿਸਾਨਾਂ ਮਜਦੂਰਾਂ ਨੇ ਸ਼ਹਿਰ ਦੇ ਬਾਜ਼ਾਰਾਂ ਚ ਬੀ ਐਸ ਐਫ ਨੂੰ ਦਿੱਤੇ ਅਧਿਕਾਰ ਰੱਦ ਕਰੋ, ਸੰਘੀ ਢਾਂਚੇ ਤੇ ਹਮਲੇ ਬੰਦ ਕਰੋ ਦੇ ਰੋਹ ਭਰਪੂਰ ਨਾਰੇ ਗੁੰਜਾਂਦਿਆਂ ਰੋਸ ਮਾਰਚ ਕੀਤਾ।ਇਹ ਮਾਰਚ ਰੇਲਵੇ ਰੋਡ,  ਪੁਰਾਣੀ ਦਾਣਾ ਮੰਡੀ, ਨਹਿਰੂ ਮਾਰਕੀਟ, ਲਾਜਪਤਰਾਏ ਰੋਡ ਤੋਂ ਹੁੰਦਾ ਹੋਇਆ ਵਾਪਸ ਰੇਲ ਪਾਰਕ ਪੁੱਜਾ। ਇਸ ਸਮੇਂ ਹਰਦੀਪ ਸਿੰਘ ਗਾਲਬ, ਜਗਦੀਸ਼ ਸਿੰਘ, ਜਗਜੀਤ ਸਿੰਘ ਕਲੇਰ, ਨਰਿੰਦਰ ਨਿੰਦੀ, ਨਿਰਮਲ ਸਿੰਘ ਭਮਾਲ, ਮਦਨ ਸਿੰਘ,  ਜਸਵਿੰਦਰ ਸਿੰਘ ਭਮਾਲ , ਦੇਸਰਾਜ ਸਿੰਘ,  ਹਰਬੰਸ ਆਲ ਹਾਜਰ ਸਨ।ਭਲਕੇ 26 ਅਕਤੂਬਰ ਦੁਪਿਹਰ 12 ਵਜੇ ਜੀ ਟੀ ਰੋਡ ਮੇਨ ਪੁਲ ਦੇ ਹੇਠਾਂ ਇਕਠੇ ਹੋ ਕੇ ਦਿਲੀ ਸੰਘਰਸ਼ ਦੇ 11 ਮਹੀਨੇ ਪੂਰੇ ਹੋਣ ਤੇ ਮੋਦੀ ਸਰਕਾਰ ਦੀਅਰਥੀ ਫੂਕੀ ਜਾਵੇਗੀ।ਇਸ ਸਮੇਂ ਐਸ ਡੀ ਐਮ ਜਗਰਾਓਂ ਨੂੰ ਕਾਲੇ ਕਾਨੂੰਨ ਰੱਦ ਕਰਨ, ਬੀ ਐਸ ਐਫ ਦੇ ਅਧੀਨ ਅੱਧਾ ਪੰਜਾਬ ਸੋਪਣ ਖਿਲਾਫ ਅਤੇ ਡੀ ਏ ਪੀ ਖਾਦ ਦੀ ਕਿੱਲਤ ਖਤਮ ਕਰਨ ਦੀ ਮੰਗ ਨੂੰ ਲੈਕੇ ਕਿਸਾਨ ਮਜਦੂਰ ਮੰਗ ਪਤਰ ਸੋਂਪਣਗੇ।