ਅੈਸ.ਸੀ. ਵਿੰਗ ਵਲੋਂ ਮਨਪ੍ਰੀਤ ਧਾਲੀਵਾਲ ਸਨਮਾਨਿਤ 

ਚੰਨੀ ਦੇ ਮੁੱਖ ਮੰਤਰੀ ਬਣਨ ਦੀ ਖੁਸ਼ੀ 'ਚ ਵੰਡੇ ਲੱਡੂ

ਜਗਰਾਉਂ 25 ਸਤੰਬਰ ( ਮਨਜਿੰਦਰ ਗਿੱਲ ) ਪੰਜਾਬ ਕਾਂਗਰਸ ਦੇ ਅੈਸ. ਸੀ. ਡਿਪਾਰਟਮੈਂਟ ਵਲੋਂ ਪਹਿਲਾਂ ਕਰਮਵਾਰ ਲੁਧਿਆਣਾ, ਸੰਗਰੂਰ, ਜਗਰਾਉਂ, ਖਰੜ, ਜਲੰਧਰ ਤੇ ਅੱਜ ਮੋਹਾਲੀ ਵਿਖੇ ਅੈਸ.ਸੀ.ਭਾਈਚਾਰੇ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਏ ਜਾਣ ਦੀ ਖੁਸ਼ੀ ਸਾਂਝੀ ਕਰਦਿਆਂ ਲੱਡੂ ਵੰਡੇ। ਇਸ ਸਮਾਗਮ ਵਿੱਚ ਮਹਿਲਾ ਕਾਂਗਰਸ ਦੇ ਸਾਬਕਾ ਜਿਲ੍ਹਾ ਪ੍ਰਧਾਨ ਬੀਬੀ ਮਨਪ੍ਰੀਤ ਕੌਰ ਧਾਲੀਵਾਲ ਤੇ ਓਵਰਸੀਜ਼ ਕਾਂਗਰਸ ਦੇ ਅਵਤਾਰ ਸਿੰਘ ਚੀਮਨਾ ਉਚੇਚੇ ਤੌਰ 'ਤੇ ਹਾਜ਼ਰ ਸਨ। ਜਿਥੇ ਬੀਬੀ ਧਾਲੀਵਾਲ ਅਤੇ ਚੀਮਨਾ ਨੂੰ ਪ੍ਰਬੰਧਕਾਂ ਵਲੋਂ ਵਿਸੇਸ਼ ਤੌਰ 'ਤੇ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਜਿਕਰਯੋਗ ਹੈ ਕਿ ਇੰਡੀਅਨ ਨੈਸ਼ਨਲ਼ ਕਾਂਗਰਸ ਕਮੇਟੀ ਵਲੋਂ ਭਾਰਤ ਅਜ਼ਾਦ ਹੋਣ ਤੋਂ ਬਾਦ ਪਹਿਲੀ ਵਾਰ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਤ ਪੰਜਾਬ ਦ‍ਾ ਮੁੱਖ ਮੰਤਰੀ ਬਣਾਏ ਜਾਣ ਦੀ ਖੁਸ਼ੀ 'ਚ ਰਾਜ ਦੇ ਸਮੂਹ ਇਲਾਕਿਆਂ ਵਿਚ ਭਾਰੀ ਖੁਸ਼ੀ ਮਨਾਈ ਜਾ ਰਹੀ ਹੈ। ਇਸ ਮੌਕੇ ਅੈਸ.ਸੀ.ਡਿਪਾਰਟਮੈਂਟ ਦੇ ਕੋ-ਚੇਅਰਮੈਨ ਜੰਗਬਹਾਦੁਰ ਸਿੰਘ ਕੁੰਭੜਾ ਨੇ ਕਿਹਾ ਕਿ ਅੱਜ ਜਦ ਬਾਕੀ ਸਿਆਸੀ ਪਾਰਟੀਆਂ ਅਨੁਸੂਚਿਤ ਜਾਤੀ ਦਾ ਡਿਪਟੀ ਚੀਫ ਮਨਿਸਟਰ ਲਗਾਉਣ ਦੀਆਂ ਅਜੇ ਸਲਾਹਾਂ ਹੀ ਕਰ ਰਹੀਆਂ ਨੇ, ਉਸ ਸਮੇਂ ਕਾਂਗਰਸ ਹਾਈਕਮਾਂਡ ਨੇ ਪੰਜਾਬ ਦਾ ਚੀਫ ਮਨਿਸਟਰ ਲਗਾ ਕੇ ਧੋਬੀ ਪਟਕਾ ਮਾਰਿਆ ਹੈ। ਜਿਸ ਨਾਲ਼ ਭਾਈਚਾਰੇ ਦਾ ਸਿਰ ਉੱਚਾ ਹੋਇਆ ਹੈ। ਬੀਬੀ ਧਾਲੀਵਾਲ ਨੇ ਵੀ ਆਪਣੇ ਸੰਬੋਧਨ 'ਚ ਨਵੇਂ ਮੁੱਖ ਮੰਤਰੀ ਤੋਂ ਸਭ ਵਰਗਾਂ ਦੇ ਭਲੇ ਦੀ ਆਸ ਕਰਦਿਆਂ ਨਵੇਂ ਮੁੱਖ ਮੰਤਰੀ ਨੂੰ ਵਧਾਈਆਂ ਦਿੱਤੀਆਂ। ਇਸ ਸਮੇਂ ਜਿਲ੍ਹਾ ਕਾਂਗਰਸ ਮੋਹਾਲੀ ਦੇ ਸਮੂਹ ਵਰਕਰ ਤੇ ਅਹੁਦੇਦਾਰ ਵੀ ਹਾਜ਼ਰ ਸਨ।