ਦੂਜੀ ਵਾਰ ਲਾਇਆ ਝੋਨਾ ਫਿਰ ਹੋਇਆ ਬਰਬਾਦ  

ਹਠੂਰ,22 ਜੁਲਾਈ-(ਕੌਸ਼ਲ ਮੱਲ੍ਹਾ)-ਇਲਾਕੇ ਦੇ ਪਿੰਡਾ ਵਿਚੋ ਦੀ ਲੰਘਦੀ ਹੋਈ ਚਚਰਾੜੀ-ਚੰਦਭਾਨ ਡਰੇਨ ਦੀ ਪਿਛਲੇ ਲੰਮੇ ਸਮੇਂ ਤੋ ਸਫਾਈ ਨਾ ਹੋਣ ਕਰਕੇ ਡਰੇਨ ਦਾ ਪਾਣੀ ਲੋਕਾ ਦੇ ਘਰਾ ਅਤੇ ਖੇਤਾ ਵਿਚ ਜਮ੍ਹਾ ਹੋ ਗਿਆ ਹੈ।ਇਸ ਸਬੰਧੀ ਗੱਲਬਾਤ ਕਰਦਿਆ ਆਮ-ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁਲਤਾਰਨ ਸਿੰਘ ਰਸੂਲਪੁਰ ਨੇ ਦੱਸਿਆ ਕਿ ਇਸ ਡਰੇਨ ਦੀ ਸਫਾਈ ਲਈ ਅਸੀ ਅਨੇਕਾ ਵਾਰ ਡਰੇਨ ਵਿਭਾਗ ਨੂੰ ਬੇਨਤੀ ਕਰ ਚੁੱਕੇ ਹਾਂ ਪਰ ਡਰੇਨ ਵਿਭਾਗ ਦੇ ਕਿਸੇ ਵੀ ਅਧਿਕਾਰੀ ਨੇ ਸਫਾਈ ਵੱਲ ਕੋਈ ਤਵੱਜੋ ਨਹੀ ਦਿੱਤੀ।ਉਨ੍ਹਾ ਦੱਸਿਆ ਕਿ ਜੇਕਰ ਸਮੇਂ ਸਿਰ ਡਰੇਨ ਦੀ ਸਫਾਈ ਹੋਈ ਹੁੰਦੀ ਤਾਂ ਅੱਜ ਹਲਕੇ ਦੇ ਪਿੰਡਾ ਵਿਚ ਹੜ੍ਹਾ ਵਰਗੀ ਸਥਿਤੀ ਨਾ ਬਣਦੀ।ਉਨ੍ਹਾ ਦੱਸਿਆ ਕਿ ਵੀਰਵਾਰ ਦੀ ਰਾਤ ਤੋ ਸੁਰੂ ਹੋਏ ਭਾਰੀ ਮੀਹ ਕਾਰਨ ਪਿੰਡ ਡੱਲਾ,ਦੇਹੜਕਾ,ਮੱਲ੍ਹਾ ਆਦਿ ਪਿੰਡਾ ਦਾ ਪਾਣੀ ਇਕੱਠਾ ਹੋ ਕੇ ਡਰੇਨ ਵਿਚ ਆ ਗਿਆ ਅਤੇ ਡਰੇਨ ਵਿਚ ਵੱਡੀ ਮਾਤਰਾ ਵਿਚ ਖੜ੍ਹੀ ਗਾਜਰ ਬੂਟੀ ਅਤੇ ਜੰਗਲੀ ਬੂਟੀ ਨੇ ਪਾਣੀ ਨੂੰ ਅੱਗੇ ਜਾਣ ਤੋ ਰੋਕ ਦਿੱਤਾ।ਉਨ੍ਹਾ ਕਿਹਾ ਕਿ ਕਿਸਾਨਾ ਦਾ ਦੂਜੀ ਵਾਰ ਲਾਇਆ ਝੋਨਾ ਮੀਹ ਦੇ ਪਾਣੀ ਨੇ ਫਿਰ ਬਰਬਾਦ ਕਰ ਦਿੱਤਾ ਹੈ ।ਇਸ ਮੌਕੇ ਪਿੰਡ ਰਸੂਲਪੁਰ,ਦੇਹੜਕਾ,ਡੱਲਾ ਅਤੇ ਮੱਲ੍ਹਾ ਵਾਸੀਆ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਡਰੇਨ ਵਿਭਾਗ ਦੇ ਅਧਿਕਾਰੀਆ ਖਿਲਾਫ ਉੱਚ ਪੱਧਰੀ ਜਾਚ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ,ਕਿਸਾਨਾ ਦੀ ਬਰਬਾਦ ਹੋਈ ਫਸਲ ਦਾ ਯੋਗ ਮੁਆਵਜਾ ਦਿੱਤਾ ਜਾਵੇ ਅਤੇ ਡਰੇਨ ਦੀ ਸਫਾਈ ਯਕੀਨੀ ਬਣਾਈ ਜਾਵੇ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਕੁਲਤਾਰਨ ਸਿੰਘ ਸਿੱਧੂ,ਯੂਥ ਆਗੂ ਜਗਰਾਜ ਸਿੰਘ ਪਟਵਾਰੀ, ਕੁਲਤਾਰ ਸਿੰਘ,ਨਰਿੰਦਰ ਸਿੰਘ ਸਿੱਧੂ,ਕਾਮਰੇਡ ਗੁਰਚਰਨ ਸਿੰਘ,ਗੁਰਮੀਤ ਸਿੰਘ,ਗੁਰਜੰਟ ਸਿੰਘ ਖਾਲਸਾ,ਸੁਖਵਿੰਦਰ ਸਿੰਘ,ਕਾਕਾ ਸਿੰਘ,ਸੰਤੋਖ ਸਿੰਘ,ਹਰਜਿੰਦਰ ਸਿੰਘ, ਹਰਮੀਤ ਸਿੰਘ,ਬਾਬਾ ਮੇਲਾ ਸਿੰਘ,ਮੇਵਾ ਸਿੰਘ,ਨਿਰਮਲ ਸਿੰਘ,ਤਾਰਾ ਸਿੰਘ,ਬੂਟਾ ਸਿੰਘ,ਗੁਰਦੀਪ ਸਿੰਘ,ਹਰਮਨ ਸਿੰਘ,ਗੁਲਜ਼ਾਰ ਸਿੰਘ,ਹੰਸ ਲਾਲ ਆਦਿ ਹਾਜ਼ਰ ਸਨ।