You are here

ਐਡਵੋਕੇਟ ਗੁਰਕੀਰਤ ਕੌਰ ਨੇ ਅੱਜ ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ਜਗਰਾਓਂ ਦਾ ਦੌਰਾ ਕੀਤਾ

ਜਗਰਾਓਂ 11 ਨਵੰਬਰ (ਅਮਿਤ ਖੰਨਾ) ਮਰਹੂਮ ਕੇਂਦਰੀ ਗ੍ਹਿ ਮੰਤਰੀ ਬੂਟਾ ਸਿੰਘ ਦੀ ਧੀ ਐਡਵੋਕੇਟ ਗੁਰਕੀਰਤ ਕੌਰ ਨੇ ਅੱਜ ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ਜਗਰਾਓਂ ਦਾ ਦੌਰਾ ਕਰਦਿਆਂ ਝੋਨੇ ਦੀ ਖਰੀਦ ਅਜੇ ਬੰਦ ਨਾ ਕਰਨ ਸਬੰਧੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਣ ਦੀ ਗੱਲ ਕਹੀ। ਉਨ੍ਹਾਂ ਇਸ ਮੌਕੇ ਡੀਏਪੀ ਦੀ ਕਿੱਲਤ ਅਤੇ ਪਿੰਡਾਂ ਦੇ ਸਰਪੰਚਾਂ, ਪੰਚਾਂ ਅਤੇ ਪਿੰਡ ਵਾਸੀਆਂ ਦੀਆਂ ਸ਼ਿਕਾਇਤਾਂ ਵੀ ਸੁਣੀਆਂ। ਸਥਾਨਕ ਮਾਰਕੀਟ ਕਮੇਟੀ ਦੇ ਦਫ਼ਤਰ ਵਿਖੇ ਸ਼ਿਕਾਇਤਾਂ ਦੱਸਣ ਪੁੱਜੇ ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਅਜੇ ਵੀ ਜ਼ਰੂਰਤ ਅਨੁਸਾਰ ਡੀਏਪੀ ਖਾਦ ਲੈਣ ਲਈ ਉਨ੍ਹਾਂ ਨੂੰ ਪਰੇਸ਼ਾਨ ਹੋਣਾ ਪੈ ਰਿਹਾ ਹੈ। ਅਜਿਹੇ ਵਿਚ ਡੀਏਪੀ ਖਾਦ ਦੀ ਕਾਲਾ ਬਾਜ਼ਾਰੀ ਦਾ ਡਰ ਸਤਾ ਰਿਹਾ ਹੈ। ਇਸ 'ਤੇ ਐਡਵੋਕੇਟ ਗੁਰਕੀਰਤ ਕੌਰ ਨੇ ਸਪੱਸ਼ਟ ਕੀਤਾ ਕਿ ਜਗਰਾਓਂ ਇਲਾਕੇ ਵਿਚ ਡੀਏਪੀ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਦੇ ਲਈ ਜਿਥੇ ਉਨ੍ਹਾਂ ਦੇ ਪਹਿਲਾਂ ਧਿਆਨ ਵਿਚ ਆਉਣ 'ਤੇ 4 ਪਿੰਡਾਂ ਦੀਆਂ ਸੁਸਾਇਟੀਆਂ ਨੂੰ ਡੀਏਪੀ ਦਿਵਾਇਆ ਗਿਆ ਹੈ, ਬਾਕੀ ਰਹਿੰਦੇ ਕਿਸਾਨਾਂ ਨੂੰ ਵੀ ਡੀਏਪੀ ਦਿਵਾਉਣ ਲਈ ਸਬੰਧਤ ਮਹਿਕਮੇ ਨਾਲ ਗੱਲ ਕਰਨਗੇ। ਉਨ੍ਹਾਂ ਮੰਡੀ ਦਾ ਦੌਰਾ ਕਰਦਿਆਂ ਮੰਨਿਆ ਕਿ ਅਜੇ ਮੰਡੀਆਂ ਵਿਚ ਝੋਨੇ ਦੀ ਖਰੀਦ ਬੰਦ ਨਹੀਂ, ਜਾਰੀ ਰੱਖਣੀ ਚਾਹੀਦੀ ਹੈ। ਕੁਝ ਪ੍ਰਤੀਸ਼ਤ ਝੋਨਾ ਅਜੇ ਕਿਸੇ ਕਾਰਨ ਮੰਡੀਆਂ ਵਿਚ ਆਉਣਾ ਬਾਕੀ ਹੈ। ਉਹ ਇਸ ਦੇ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮਿਲ ਕੇ ਖਰੀਦ ਜਾਰੀ ਰੱਖਣ ਦੀ ਅਪੀਲ ਕਰਨਗੇ। ਇਸ ਮੌਕੇ ਰਮਨ ਸਿੰਘ, ਉਪ ਚੇਅਰਮੈਨ ਸਿਕੰਦਰ ਸਿੰਘ, ਮਨਦੀਪ ਸਿੰਘ, ਅਵਤਾਰ ਸਿੰਘ, ਐਡਵੋਕੇਟ ਗੁਰਮੇਲ ਸਿੰਘ, ਸਰਪੰਚ ਜਗਦੀਸ਼ ਸ਼ਰਮਾ, ਬਲਵਿੰਦਰ ਸਿੰਘ ਗਾਲਿਬ ਰਣ ਸਿੰਘ, ਦਲਜੀਤ ਸਿੰਘ ਭੰਮੀਪੁਰਾ, ਹਰਜੀਤ ਸਿੰਘ, ਹਰਮਿੰਦਰ ਸਿੰਘ, ਨਿਰਮਲ ਸਿੰਘ, ਬਲਜਿੰਦਰ ਕੌਰ, ਰਣਜੀਤ ਸਿੰਘ ਰਾਣਾ, ਸੁਖਦੇਵ ਸਿੰਘ ਸੇਬੀ, ਕਮਲਜੀਤ ਸਿੰਘ ਆਦਿ ਹਾਜ਼ਰ ਸਨ।