You are here

ਸ਼ਹੀਦ ਸ੍ ਫਤਿਹ ਸਿੰਘ ਜੀ ਭਾਟ ਦੇ 150ਵੀ ਸਲਾਨਾਂ ਸ਼ਹੀਦੀ ਯਾਦਗਾਰ ਨੂੰ ਸਮਰਪਿਤ।

ਇਤਿਹਾਸ ਦੇ ਕੁੱਝ ਅਨਕਹੇ ਵਰਕੇ
ਸ਼ਹੀਦ ਸ੍ ਫਤਿਹ ਸਿੰਘ ਜੀ ਭਾਟ ਦੇ 150ਵੀ ਸਲਾਨਾਂ ਸ਼ਹੀਦੀ ਯਾਦਗਾਰ ਨੂੰ ਸਮਰਪਿਤ।
ਸਿੱਖ ਰਾਜ ਦੇ ਖਤਮ ਹੋਣ ਦੇ 10 ਸਾਲਾਂ ਅੰਦਰ ਹੀ ਅੰਗਰੇਜ਼ਾਂ ਨੇ ਪੰਜਾਬ ਤੇ ਮੁਕੰਮਲ ਤੌਰ ਤੇ ਹਕੂਮਤ ਕਰ ਲਈ ਸੀ ਅਤੇ ਪੰਜਾਬੀਆਂ ਦੇ ਜੀਵਨ ਨੂੰ ਆਪਣੇ ਰਾਜਨੀਤਿਕ ਢਾਂਚੇ  ਅਤੇ ਨੀਤੀਆਂ ਰਾਹੀਂ ਮੂਕਮਲ ਤੋਰ ਤੇ ਪ੍ਰਭਾਵਿਤ ਕਰਨ ਲੱਗ ਪਏ ਸਨ। ਮਹਾਰਾਜਾ ਰਣਜੀਤ ਸਿੰਘ ਦੇ ਸਰਦਾਰਾ ਨੂੰ ਅੰਗਰੇਜ਼ ਸਰਕਾਰ ਨੇ ਜਗੀਰਾ ਦੇ ਕੇ ਆਪਣੇ ਅਧੀਨ ਕਰ ਲਿਆ ਸੀ ਜਾਂ ਉਹ ਖੁਦ ਹੀ ਸ਼ਾਹੀ ਪਰਿਵਾਰ ਦੀ ਖਾਨਾਜੰਗੀ ਤੋਂ ਦੁਖੀ ਹੋ ਕੇ ਘਰਾ ਵਿਚ ਚੁਪਚਾਪ ਬੈਠ ਗਏ ਸਨ।
ਅੰਗਰੇਜ਼ ਸਰਕਾਰ ਨੇ ਆਪਣੀ “ਪਾੜੋ ਅਤੇ ਰਾਜ ਕਰੋ “ ਦੀ ਨਿਤੀ ਮੁਤਾਬਕ ਇਕ ਕਨੂੰਨ ਰਾਹੀਂ ਗਉ ਮਾਸ ਨੂੰ ਉਤਸ਼ਾਹਿਤ ਕਰਨ ਲਈ ਅੰਮ੍ਰਿਤਸਰ ਸ਼ਹਿਰ ਵਿੱਚ ਬੁੱਚੜਖਾਨੇ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ, ਜਿਸ ਦਾ ਸ਼ਹਿਰ ਦੀ ਹਿੰਦੂ ਅਤੇ ਸਿੱਖ ਵਸੋਂ ਨੇ ਬਹੁਤ ਬੁਰਾ ਮਨਾਇਆ ਜਦਕਿ ਮੁਸਲਿਮ ਭਾਈਚਾਰੇ ਦੀ ਬਹੁ ਗਿਣਤੀ ਨੇ ਇਸ ਸਸਤੇ ਭਾਅ ਦੇ ਮੀਟ ਦਾ ਪੂਰਾ ਫਾਇਦਾ ਉਠਾਇਆ। ਹਾਲਾਂਕਿ ਅਮ੍ਰਿਤਸਰ ਸ਼ਹਿਰ ਵਿੱਚ ਸਿੱਖਾਂ ਦੀ ਗਿਣਤੀ ਦਸ ਪ੍ਰਤੀਸ਼ਤ ਤੋਂ ਵੀ ਘੱਟ ਸੀ ਅਤੇ ਗਉ ਮਾਸ ਦੇ ਇਸਤੇਮਾਲ ਦਾ  ਉਨ੍ਹਾਂ ਦੇ ਧਰਮ ਨਾਲ ਕੋਈ ਸਿਧਾ ਸੰਬੰਧ ਨਹੀਂ ਸੀ ਪਰ ਫਿਰ ਵੀ ਕੁਝ ਸ਼ਰਾਰਤੀ ਅਨਸਰਾਂ ਵਲੋਂ ਹਿੰਦੂ ਮੁੱਹਲਿਆ ਵਿਚ ਜਾਣ-ਬੁੱਝ ਕੇ ਰੇਹੜੀਆਂ ਰਾਹੀਂ ਕੀਤੀ ਜਾ ਰਹੀ ਵਿਕਰੀ ਤੋਂ ਉਹ ਖੁਸ਼ ਨਹੀਂ ਸਨ ਅਤੇ ਬਹੁਤ ਸਾਰੇ ਮੁਸਲਮਾਨ ਵੀ ਇਸ ਮਾਮਲੇ ਤੇ ਹਿੰਦੂਆਂ ਸਿੱਖਾਂ ਨਾਲ ਖੜ੍ਹੇ ਸਨ। ਸਰਕਾਰੇ-ਦਰਬਾਰੇ ਦਿੱਤੀਆਂ ਗਈਆਂ ਦਰਖਾਸਤਾਂ, ਮੁਜਾਹਰਿਆਂ ਵੱਲ ਕੋਈ ਖਾਸ ਧਿਆਨ, ਜਾਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਹਿੰਦੂ, ਸਿੱਖ ਰਾਇਸ ਲੋਕ ਆਪਣੀਆਂ ਜਗੀਰਾ ਜਬਤ ਹੋਣ ਦੇ ਡਰੋਂ ਚੁਪ ਵਟੀ ਬੈਠੇ ਸਨ। ਸਰਕਾਰ ਨੇ ਅਗੇ ਚਲਕੇ ਇਕ ਹੋਰ ਐਲਾਨ ਕਰ ਦਿੱਤਾ ਕਿ ਮਾਸ ਵੇਚਣ ਦੀਆਂ ਕੁਝ ਹੋਰ ਦੁਕਾਨਾਂ ਵੀ ਸ਼ਹਿਰ ਵਿਚ ਖੋਲਣ ਦੀ ਇਜਾਜ਼ਤ ਦੇ ਦਿੱਤੀ, ਇਥੋਂ ਤਕ ਕਿ ਇਕ ਦੁਕਾਨ ਸ੍ਰੀ ਦਰਬਾਰ ਸਾਹਿਬ ਦੇ ਨੇੜੇ।
ਸਿੱਖ ਸ੍ਰੀ ਦਰਬਾਰ ਸਾਹਿਬ ਜੀ ਦੀ ਵਿਲੱਖਣ ਇਲਾਹੀ ਪਵਿੱਤਰਤਾ ਅਤੇ ਰਮਨੀਕਤਾ ਨੂੰ ਲੈ ਕੇ ਪਹਿਲਾਂ ਹੀ ਚਿੰਤਤ ਸਨ, ਕਿਉਂਕਿ ਇਲਾਕੇ ਵਿਚ ਵਡੇ ਪੱਧਰ ਤੇ ਹੋ ਰਹੇ ਮਾਸ ਦੀ ਵਰਤੋਂ ਕਾਰਨ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਲਗੇ ਦਰਖਤਾਂ ਤੋਂ ਕਾਵਾਂ ਗਿਰਝਾਂ ਵਲੋਂ ਜਾਨਵਰਾਂ ਦੀਆਂ ਹੱਡੀਆਂ ਖੁਰਚ ਕੇ ਪਰਿਕਰਮਾ ਵਿਚ ਸੁੱਟੀਆਂ ਜਾ ਰਹੀਆਂ ਸਨ। ਜਦੋਂ ਇਕ ਸਿੱਖ ਭਾਈ ਦੇਵਾ ਸਿੰਘ ਜੀ ਨੇ ਇਸ ਦਾ ਧਿਆਨ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵਲ ਲਿਆਂਦਾ ਤਾਂ ਉਸ ਨੂੰ ਹੀ ਉਹਨਾਂ ਨੇ ਫੜਕੇ ਪੁਲਸ ਹਵਾਲੇ ਕਰ ਦਿੱਤਾ ਅਤੇ ਸਰਕਾਰ ਨੇ ਉਸ ਨੂੰ ਤਿੰਨ ਸਾਲ ਦੀ ਕੈਦ ਤੇ ਜੇਲ੍ਹ ਵਿੱਚ ਬੰਦ ਕਰ ਦਿੱਤਾ। ਕਿਉਂਕਿ ਅੰਗਰੇਜ਼ ਸਰਕਾਰ ਨੇ ਆਪਣੇ 1859 ਦੇ ਫੁਰਮਾਨ “ਦਸਤੂਰ ਉੱਲ ਅਮਲ” ਰਾਹੀਂ ਸ੍ਰੀ ਦਰਬਾਰ ਸਾਹਿਬ ਜੀ ਦਾ ਪ੍ਰਬੰਧ ਅਸਿੱਧੇ ਤੌਰ ਤੇ ਆਪਣੇ ਹੱਥੀਂ ਲੈ ਲਿਆ ਸੀ। ਸ੍ਰੀ ਦਰਬਾਰ ਸਾਹਿਬ ਜੀ ਦੇ ਮੈਨੇਜਰ ਦਾ ਸਰਕਾਰ ਦਾ ਵਫਾਦਾਰ ਹੋਣਾ ਲਾਜ਼ਮੀ ਸੀ, ਇਥੋਂ ਤਕ ਕਿ ਸਾਰੇ ਅਮਲੇ, ਸਣੇ ਰਾਗੀਆਂ ਗ੍ਰੰਥੀਆਂ ਦੀਆਂ ਤਨਖਾਹਾਂ ਡੀ ਸੀ ਦਫਤਰ ਤੋਂ ਆਉਂਦੀਆਂ ਸਨ, ਕੋਈ ਰੋਸ ਕਰਦਾ ਤਾਂ ਉਸ ਨੂੰ ਨੋਕਰੀ ਤੋਂ ਕੱਢ ਦਿੱਤਾ ਜਾਂਦਾ।
ਉਪਰੋਕਤ ਸਾਰੇ ਹਲਾਤਾਂ ਵਿਚ ਪੰਜਾਬ ਅੰਦਰ ਕੋਈ ਧਾਰਮਿਕ ਜਾਂ ਰਾਜਨੀਤਕ ਪਾਰਟੀ ਨਹੀਂ ਸੀ, ਇਸ ਲਈ ਸੱਭ ਨੂੰ “ਕੂਕਿਆ” ਤੋਂ ਇਸ ਮਸਲੇ ਦਾ ਹੱਲ ਲੱਭਣ ਦੀ ਕੋਈ ਉਮੀਦ ਸੀ ਕਿਉਂਕਿ ਬਾਬਾ ਰਾਮ ਸਿੰਘ ਜੀ ਖੁਦ ਮਹਾਰਾਜਾ ਰਣਜੀਤ ਸਿੰਘ ਦੀ ਨੋਕਰੀ ਕਰ ਚੁੱਕੇ ਸਨ ਅਤੇ ਕੂਕਾ ਲਹਿਰ ਦੇ ਮੁਖੀ ਵੀ ਸਨ। ਕੂਕੇ ਸਿੱਖ (ਉੱਚੀ ਬੋਲ ਕੇ ਗੁਰਬਾਣੀ ਪੜਦੇ ਸਨ ਇਸ ਲਈ ਕੂਕੇ ਕਹਿਲਾਉਂਦੇ ਸਨ) ਪਹਿਲਾਂ ਹੀ ਸ਼ਾਕਾਹਾਰੀ ਸਨ ਅਤੇ ਆਪਣੀ ਨਿਤ ਦੀ ਅਰਦਾਸ ਵਿੱਚ ਗਉ ਗਰੀਬ ਦੀ ਰਖਿਆ ਲਈ ਅਰਦਾਸ ਕਰਦੇ ਸਨ। ਉਨ੍ਹਾਂ ਨੇ ਸਰਕਾਰ ਨੂੰ ਚੈਲੰਜ ਕਰਨ ਲਈ ਬੁੱਚੜਖਾਨਿਆ ਤੇ ਹਮਲਾ ਕਰਨ ਦੀ ਵਿਉਂਤ ਸੋਚੀ।
ਸ੍ ਫਤਿਹ ਸਿੰਘ ਜੀ ਭਾਟ, ਕਟੜਾ ਕਨਈਆ ਅਮ੍ਰਿਤਸਰ ਦੇ ਰਹਿਣ ਵਾਲੇ ਸਨ ਅਤੇ ਰਾਮ ਬਾਗ ਕਚਹਿਰੀਆਂ ਸਾਹਮਣੇ ਉਹਨਾਂ ਦੀ ਦੁਕਾਨ ਸੀ। ਕੁੱਝ ਕੂਕੇ ਉਸਦੀ ਦੁਕਾਨ ਤੇ ਅਕਸਰ ਆ ਬੈਠਦੇ ਸਨ ਅਤੇ ਉਹ ਉਨ੍ਹਾਂ ਦੇ ਪ੍ਰਭਾਵ ਹੇਠ ਆ ਗਿਆ ਕਿਉਂਕਿ ਫਤਿਹ ਸਿੰਘ ਜੀ ਭਾਟ ਅਮ੍ਰਿਤਸਰ ਸ਼ਹਿਰ ਵਿੱਚ ਵਾਪਰ ਰਹੀਆਂ ਘਟਨਾਵਾਂ ਅਤੇ ਖਾਸ ਕਰਕੇ ਅੰਗਰੇਜ਼ ਸਰਕਾਰ ਵਲੋਂ ਸ੍ਰੀ ਦਰਬਾਰ ਸਾਹਿਬ ਪ੍ਰਤੀ ਦਿਖਾਈ ਅਣਗਹਿਲੀ ਤੋਂ ਦੁੱਖੀ ਸਨ ਇਸ ਲਈ ਉਹ ਇਸ ਯੋਜਨਾ ਵਿੱਚ ਸ਼ਾਮਲ ਹੋ ਗਿਆ। ਇਸ ਯੋਜਨਾ ਨੂੰ ਅੰਜਾਮ ਦੇਣ ਲਈ ਉਸਨੇ ਆਪਣੇ ਸਾਲੇ ਸ੍ ਹੀਰਾ ਸਿੰਘ ਜੀ ਦੀ ਵੀ ਮੱਦਦ ਲਈ। ਉਸ ਵੇਲੇ ਦੇ ਸਰਕਾਰੀ ਦਸਤਾਵੇਜ਼ ਦਸਦੇ ਹਨ ਕਿ ਇਸ ਘਟਨਾ ਨੂੰ ਅੰਜਾਮ ਦੇਣ ਲਈ ਹੀਰਾ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਉਸਨੇ ਸਰਕਾਰੀ ਅਮਲੇ ਦੀ ਜਾਣਕਾਰੀ ਹਾਸਲ ਕਰਨ ਲਈ (ਸਰਕਾਰ ਨੇ ਬੁੱਚੜਖਾਨਿਆ ਨੂੰ ਸਰਕਾਰੀ ਸੁਰੱਖਿਆ ਦੇ ਰੱਖੀ ਸੀ) ਜਾਸੂਸੀ ਕੀਤੀ ਅਤੇ ਬਾਅਦ ਵਿੱਚ ਫੜੇ ਜਾਣ ਤੇ ਸਰਕਾਰ ਨੂੰ ਗੁਮਰਾਹ ਵੀ ਕੀਤਾ।
15 ਜੂਨ 1871 ਨੂੰ ਸ੍ ਫਤਿਹ ਸਿੰਘ ਨੇ ਬਾਕੀ ਕੂਕਿਆ ਸ੍ ਬੀਹਲਾ ਸਿੰਘ ਜੀ ਸ੍ ਲਹਿਣਾ ਸਿੰਘ ਜੀ ਸ੍ ਹਾਕਮ ਸਿੰਘ ਜੀ ਪਟਵਾਰੀ ਅਤੇ ਹੋਰਨਾਂ ਨਾਲ ਰਲ ਕੇ ਅੰਗਰੇਜ਼ੀ ਸਰਕਾਰ ਨੂੰ ਚੈਲੰਜ ਕਰਦੇ ਹੋਏ ਬੁੱਚੜਖਾਨਿਆ ਤੇ ਹਮਲਾ ਕਰ ਦਿੱਤਾ ਉਸਦੇ ਕਰਿੰਦਿਆਂ ਨੂੰ ਮਾਰ ਕੇ ਗਉਆ ਨੂੰ ਖੁਲਾ ਛੱਡ ਦਿੱਤਾ। ਇਸ ਘਟਨਾ ਨਾਲ ਸਰਕਾਰ ਵਿਚ ਕੁਝ ਮਹੀਨੇ ਹਫੜਾ-ਦਫੜੀ ਹੁੰਦੀ ਰਹੀ ਅਤੇ ਕਈ ਗ੍ਰਿਫਤਾਰੀਆਂ ਵੀ ਹੋਈਆਂ। ਜਦੋਂ ਬਾਬਾ ਰਾਮ ਸਿੰਘ ਜੀ ਨੂੰ ਭੈਣੀ ਸਾਹਿਬ ਵਿਖੇ ਇਸ ਘਟਨਾ ਦੀ ਸੂਚਨਾ ਮਿਲੀ ਉਨ੍ਹਾਂ ਨੇ ਇਹਨਾਂ ਸਿੱਖਾਂ ਨੂੰ ਪ੍ਰੇਰਨਾ ਦੇ ਕੇ ਕਿਹਾ ਕਿ ਸਰਕਾਰ ਵਲੋਂ ਬੇਕਸੂਰ ਲੋਕਾਂ ਨੂੰ ਫਾਹੇ ਲਗਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਹੀ ਇਸ ਕੁਰਬਾਨੀ ਲਈ ਯਾਦ ਕੀਤਾ ਜਾਵੇਗਾ, ਇਹ ਠੀਕ ਨਹੀਂ ਆਪਜੀ ਨੂੰ ਆਪਣੇ ਆਪ ਨੂੰ ਸਰਕਾਰ ਹਵਾਲੇ ਕਰਕੇ ਬੇ ਕਸੂਰਾ ਨੂੰ ਬਚਾਉਣਾ ਚਾਹੀਦਾ ਹੈ, ਉਨ੍ਹਾਂ ਨੇ ਇਸ ਤਰ੍ਹਾਂ ਹੀ ਕੀਤਾ ਆਪਣੇ-ਆਪ ਨੂੰ ਸਰਕਾਰ ਹਵਾਲੇ ਕਰ ਦਿੱਤਾ। 15 ਸਤੰਬਰ 1871 ਨੂੰ ਇਹਨਾਂ ਚਾਰਾ ਨੂੰ ਆਪਣੀ ਆਖਰੀ ਇੱਛਾ ਅਨੁਸਾਰ ਸ੍ਰੀ ਦਰਬਾਰ ਸਾਹਿਬ ਵਿਖੇ ਇਸ਼ਨਾਨ ਕਰਨ ਉਪਰੰਤ ਰਾਮਬਾਗ ਵਿਚ ਲਿਜਾ ਕੇ  ਇਕ ਬੋਹੜ ਦੇ ਦਰਖਤ ਨਾਲ ਫਾਹੇ ਲਗਾ ਦਿੱਤਾ ਗਿਆ ਅਤੇ ਬਾਕੀਆਂ ਨੂੰ ਕਾਲੇ ਪਾਣੀ ਦੀ ਸਜਾ ਸੁਣਾਈ ਗਈ। ਸ੍ ਹੀਰਾ ਸਿੰਘ ਜੀ ਬਾਰੇ ਪਕਾ ਪਤਾ ਨਹੀਂ ਲੱਗ ਸਕਿਆ।
ਹਰ ਸਾਲ ਨਾਮਧਾਰੀ ਸੰਗਤ ਇਹਨਾਂ ਸ਼ਹੀਦਾਂ ਨੂੰ ਯਾਦ ਕਰਦੀ ਹੈ ਪਰ ਅੱਜ 150 ਸਾਲ ਬਾਅਦ ਵੀ ਸਾਨੂੰ ਸ਼ਹੀਦ ਸ੍ ਫਤਿਹ ਸਿੰਘ ਜੀ ਅਤੇ ਅਤੇ ਸ੍ ਹੀਰਾ ਸਿੰਘ ਬਾਰੇ ਜਾਂ ਉਨ੍ਹਾਂ ਦੇ ਪਰਿਵਾਰਕ ਪਿਛੋਕੜ ਬਾਰੇ ਕੋਈ ਜਾਣਕਾਰੀ ਨਹੀਂ। ਸ੍ ਜਸਵਿੰਦਰ ਸਿੰਘ ਜੀ ਨਾਮਧਾਰੀ ਤੋਂ ਇਲਾਵਾ, ਕਿਸੇ ਵੀ ਨਾਮਧਾਰੀ ਸੰਗਤ ਨੇ ਜਿਥੇ ਬਾਕੀ ਸ਼ਹੀਦਾਂ ਦੇ ਕੁਰਸੀਨਾਮੇ ਲੱਬੇ ਹਨ ਇਹਨਾਂ ਦੇ ਪਰਿਵਾਰਾ ਨੂੰ ਲੱਭਣ ਦੇ ਕੋਈ ਠੋਸ ਕਦਮ ਨਹੀਂ ਚੁੱਕੇ ਗਏ।
ਭਾਟ ਸਿੱਖ ਭਾਈਚਾਰੇ ਨੇ ਵੀ ਇਹਨਾਂ ਸਿੱਖਾਂ ਦੀ ਕੁਰਬਾਨੀ ਨੂੰ ਹੁਣ ਤੱਕ ਵੀਸਾਰ ਹੀ ਦਿੱਤਾ ਹੈ ਜਿਸ ਦਾ ਮੁੱਖ ਕਾਰਨ ਇਤਿਹਾਸ ਵਿਚ ਅੱਗੇ ਚਲਕੇ ਸਿੱਖਾਂ ਅਤੇ ਨਾਮਧਾਰੀ ਸੰਗਤ ਵਿਚ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਗੱਦੀ ਨੂੰ ਲੈ ਕੇ ਪਿਆ ਵੀਵਾਦ ਹੈ।
ਸ਼ਹੀਦ ਸ੍ ਫਤਿਹ ਸਿੰਘ ਜੀ ਭਾਟ ਤੇ ਅਪਣੇ ਕੂਕੇ ਸਾਥੀਆਂ ਦਾ ਪ੍ਰਭਾਵ ਜਰੂਰ ਸੀ, ਪਰ ਉਹ ਆਪਣੇ ਬਾਕੀ ਦੇ ਭਾਟ ਸਿੱਖ ਭਾਈਚਾਰੇ ਵਾਂਗ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਪ੍ਰਸਤੀ ਸਰਵਉੱਚਤਾ ਨੂੰ ਪੂਰੀ ਤਰ੍ਹਾਂ ਸਮਰਿਪਤ ਸੀ, ਇਹੀ ਕਾਰਨ ਹੈ ਕਿ ਅੱਜ ਤੱਕ ਵੀ ਭਾਟ ਸਿੱਖ ਭਾਈਚਾਰੇ ਦਾ ਕੋਈ ਵੀ ਸ਼ਖਸ ਨਾਮਧਾਰੀ ਵੀਚਾਰਧਾਰਾ ਨਾਲ ਨਹੀਂ ਜੁੜਿਆ ਹੋਇਆ।
“ਗੁਰਦੁਆਰਾ ਭਾਟ ਸਿੱਖ ਕੌਂਸਲ ਯੂਕੇ “ ਸਾਰੀਆਂ ਗੁਰ ਨਾਨਕ ਨਾਮ ਲੇਵਾ ਸੰਗਤਾਂ ਨਾਲ ਮਿਲ ਕੇ ਸਮੂਹ ਸ਼ਹੀਦਾਂ ਨੂੰ ਕੋਟਨ-ਕੋਟਾਨ ਪ੍ਰਨਾਮ ਕਰਦੇ ਹਨ ਜਿਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਜੀ ਦੀ ਇਲਾਹੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਸਦਾ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ।
15 ਸਤੰਬਰ 2021 ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਦਰਬਾਰ ਸਾਹਿਬ ਵਿਖੇ ਜਿਥੇ “ਭੱਟ ਮਿਲਾਪ ਦਿਵਸ “ ਮਨਾਇਆ ਜਾ ਰਿਹਾ ਹੈ ਉਥੇ ਹੁਣ ਤੱਕ ਸਿੱਖ ਇਤਿਹਾਸ ਵਿਚ ਵੀਸਾਰ ਦਿੱਤੇ ਗਏ ਇਸ ਨਿਮਾਣੇ ਜਿਹੇ ਪਾਤਰ ਸ਼ਹੀਦ ਸ੍ ਫਤਿਹ ਸਿੰਘ ਜੀ ਭਾਟ ਦੇ 150ਵੀ ਸ਼ਹੀਦੀ ਯਾਦਗਾਰ ਦਿਵਸ ਲਈ ਅਰਦਾਸ ਅਤੇ ਸ਼ਰਧਾਜਲੀ ਭੇਟ ਕੀਤੀ ਜਾ ਰਹੀ ਹੈ।
ਧੰਨਵਾਦ, ਜਸਬੀਰ ਸਿੰਘ ਭਾਕੜ ਪੀਟਰਬਰੋ ਯੂ ਕੇ ਸੰਪਰਕ royaljb101@gmail.com