You are here

ਸੋਹਣਾ ਸਫ਼ਰ ਜ਼ਿੰਦਗੀ ਦਾ ✍️ ਵੀਰਪਾਲ ਕੌਰ ਕਮਲ

ਜ਼ਿੰਦਗੀ ਇੱਕ ਸਫ਼ਰ ਹੀ ਤਾਂ ਹੈ, ਪੈਂਡਾ ਦਰ ਪੈਂਡਾ ਤੈਅ ਕਰਦੇ ਜਾਣਾ ਹੀ  ਹੈ -ਜ਼ਿੰਦਗੀ ।ਜ਼ਿੰਦਗੀ ਨੂੰ ਜਿਊਣ ਦਾ ਸਫ਼ਰ ਐਨਾ ਕੁ ਲੰਮਾ ਤਾਂ ਹੈ ਕਿ ਜਦ ਤਕ ਸਰੀਰ ਵਿੱਚ ਸਾਹ ਚਲਦੇ ਹਨ ,ਇਹ ਸਫਰ ਨਹੀਂ ਰੁਕ ਦਾ ਜਦੋਂ ਸਾਹਾਂ ਦੀ ਡੋਰ ਟੁੱਟਦੀ ਹੈ ।ਪੰਜ  ਤੱਤ ਮਿੱਟੀ ਚ ਵਿਲੀਨ ਹੋ ਜਾਂਦੇ ਹਨ, ਤਾਂ ਉਹ ਹਾਲਤ ਜ਼ਿੰਦਗੀ ਦੇ ਸਫ਼ਰ ਦੀ ਮੰਜ਼ਲ ਹੋ ਨਿਬੜਦੀ ਹੈ  ।ਤੁਰਦੇ….  ਤੁਰਦੇ …..ਤੁਰਦੇ ਜਾਣਾ ਹੀ  ਹੈ ਜ਼ਿੰਦਗੀ। ਤੁਰਦੇ -ਤੁਰਦੇ ਵਾਟਾਂ ਨੂੰ ਮੁਕਾਉਣਾ ,ਚਲਦੇ ਰਹਿਣਾ ਹੀ ਜਿਊਂਦੇ ਰਹਿਣ ਦੀ ਨਿਸ਼ਾਨੀ ਹੈ ।ਇਸ ਸੰਸਾਰ ਸਫ਼ਰ  ਦੇ ਅੰਦਰ  ਜ਼ਿੰਦਗੀ ਦਾ ਪੈਂਡਾ ਮਾਰਨ ਆਏ ਇਨਸਾਨਾਂ ਚੋਂ ਕੁਝ ਕੁ ਜ਼ਿੰਦਗੀ ਦੇ ਸਫ਼ਰ ਨੂੰ ਹੱਸਦੇ ਹਸਾਉਂਦੇ  ਤੈਅ ਕਰਦੇ ਜਾਂਦੇ ਹਨ  ।ਉਹ ਵਗਦੇ ਪਾਣੀਆਂ ਦੇ ਤਾਰੂ, ਨਦੀਆਂ ‘ਚ ਗੋਤੇ ਲਾਉਂਦੇ  ਜਾਂਦੇ ਹਨ।  ਰੋਂਦੇ ਹੋਏ ਇਸ ਧਰਤੀ ਤੇ ਪ੍ਰਵੇਸ਼ ਕਰ ਕੇ, ਕਈਆਂ ਦੇ ਹਿੱਸੇ,ਰੋਣੇ ਧੋਣੇ ਤੇ ਉਦਾਸੀ ਭਰੀ ਚਾਲ,  ਹੀ ਆ ਜਾਂਦੀ ਹੈ  । ਸਫਰ ਕਿਸੇ ਵਾਹਨ ਦਾ ਹੋਵੇ ਭਾਵੇਂ ਜ਼ਿੰਦਗੀ ਦਾ ਹੋਵੇ ਟੇਢੇ- ਮੇਢੇ ਰਾਹਾਂ ਚੋਂ ਹੋ ਕੇ ਹੀ ਜਾਂਦਾ ਹੈ  ।ਰੁਕਾਵਟਾਂ ਚੋਂ ਤਾਂ ਗੁਜ਼ਰਨ ਹੀ ਪੈਂਦਾ ਹੈ  ।ਆਪਣੀ ਮੰਜ਼ਿਲ  ਨਾਲ ਇਸ਼ਕ ਕਰਨ ਵਾਲੇ ਸਫ਼ਰ ਵਿੱਚ ਆਉਣ ਵਾਲੀਆਂ ਔਕੜਾਂ ਦੀ ਪਰਵਾਹ ਨਹੀਂ ਕਰਦੇ । ਉਹ ਔਖੇ ਸਫ਼ਰ ‘ਤੇ ਚੱਲਣ ਵਿਚ ਵੀ ਆਨੰਦ ਪ੍ਰਾਪਤ ਕਰਦੇ ਹਨ ।ਕੁਝ ਲੋਕ ਸਫ਼ਰ ਦੇ ਬੜੇ ਹੀ ਸ਼ੌਕੀਨ ਹੁੰਦੇ ਹਨ।  ਉਹ ਘਰਾਂ ਦੇ ਕੰਮ ਤੇ ਆਪਣੇ ਜ਼ਰੂਰੀ ਕੰਮ ਧੰਦੇ ਨਿਬੇੜ ਕੇ ਸਫ਼ਰ ਲਈ ਚਾਲੇ ਪਾ ਦਿੰਦੇ ਹਨ।  ਜਪੀ ਤਪੀ ਸ਼ਖ਼ਸੀਅਤਾਂ ਘਰ -ਬਾਰ ਛੱਡ ਕੇ ਸਫ਼ਰ ਦਾ ਰਸਤਾ ਅਖਤਿਆਰ ਕਰ ਲੈਂਦੇ ਹਨ  ।ਭਾਰਤੀ ਇਤਿਹਾਸ ਵਿੱਚ ਰਿਸ਼ੀਆਂ ਮੁਨੀਆਂ ਨੇ ਅਜਿਹੇ ਪੰਧ( ਪੈਂਡੇ  )ਮਾਰ ਕੇ ਤਪੱਸਿਆ ਕੀਤੀਆਂ ਹਨ  ।ਕਹਿੰਦੇ ਹਨ ਕਿ ਅੰਗਰੇਜ਼ ਲੋਕ ਜ਼ਿੰਦਗੀ ਦੇ ਇੱਕ ਪੜਾਅ ਉੱਤੇ ਆ ਕੇ ਸਫ਼ਰ ਤੇ ਚੱਲ ਪੈਂਦੇ ਹਨ। ਉਹ ਇਸ ਸਫਰ ਨੂੰ ਫ਼ਿਕਰਾਂ, ਬੰਧਨਾ, ਰੁਝੇਵਿਆਂ ਤੋਂ ਦੂਰ ਹੋ ਕੇ  ਆਨੰਦਮਈ ਜੀਵਨ ਬਸਰ ਕਰਨ ਦੀ ਲਾਲਸਾ ਹਿੱਤ ਹੀ  ਬਤੀਤ ਕਰਦੇ ਹਨ। ਸਫ਼ਰ ਉਦੋਂ ਅਤਿਅੰਤ  ਹੀ ਆਨੰਦਮਈ ਅਤੇ ਸੁਖਾਵਾਂ ਹੋ ਨਿਬੜਦਾ ਹੈ , ਜਦੋਂ ਸਫ਼ਰ ਵਿੱਚ ਨਾਲ ਚੱਲਣ ਲਈ ਵਿਚਾਰਾਂ ਦੇ ਹਾਣ ਦਾ ਸਾਥੀ ਮਿਲ ਜਾਵੇ । ਤਨ ਅਤੇ ਮਨ ਤੇ ਬੋਝ ਲੈ ਕੇ ਕੀਤਾ ਗਿਆ  ਸਫ਼ਰ ਕਦੇ ਵੀ ਸੁਖਾਵਾਂ ਨਹੀਂ ਹੁੰਦਾ। ਮਜਬੂਰੀ ਵਸ ਕੀਤਾ ਗਿਆ ਸਫਰ ਵੀ ਮਨ ਨੂੰ ਭਟਕਣਾ ਹੀ ਦਿੰਦਾ ਹੈ,  ਅਸ਼ਾਂਤੀ ਦਿੰਦਾ ਹੈ ।   ਚੱਲਦੇ ਰਹਿਣ ਤੋਂ ਬਗ਼ੈਰ ਜ਼ਿੰਦਗੀ ਨਿਰਾਰਥਕ ਹੀ ਜਾਪਦੀ ਹੈ।  ਰੁਕਿਆ ਹੋਇਆ ਜ਼ਿੰਦਗੀ ਦਾ ਸਫ਼ਰ , ਉਸ ਛੱਪੜ ਦੇ ਪਾਣੀ ਦੀ ਤਰ੍ਹਾਂ ਹੀ ਹੈ ਜੋ ਇੱਕ ਥਾਂ ਖੜ੍ਹਾ -ਖੜ੍ਹਾ ਮੁਸ਼ਕ ਮਾਰਨ ਲੱਗ ਜਾਂਦਾ ਹੈ । ਚੱਲਦੇ ਰਹਿਣਾ ਨਦੀਆਂ ਦੇ ਸਵਸਥ ਤੇ ਨਿਰਛਲ ਪਾਣੀ ਦੀ ਤਰ੍ਹਾਂ ਹੁੰਦਾ ਹੈ, ਜੋ ਕਿਨਾਰਿਆਂ ਦੇ ਥਾਪੜੇ ਖਾ ਕੇ ਵੀ ਚੱਲਦਾ ਰਹਿੰਦਾ ਹੈ।ਕੰਡਿਆਂ ਨਾਲ ਟਕਰਾਉਂਦਾ , ਫਿਰ ਵੀ ਅਡੋਲ ਵਹਿੰਦਾ ਹੈ   ।ਨਦੀਆਂ ,ਸਮੁੰਦਰ, ਝਰਨੇ ਾਅਤੇ ਪੱਥਰ ਚੱਲਦੇ ਸਫਰ ਦੇ ਸਾਰਥੀ ਬਣ ਜਾਂਦੇ ਹਨ। 

ਮੰਜੇ ਤੇ ਜਕੜੇ ਲੋਕਾਂ ਲਈ ਸਫਰ ਇਕ ਸੁਪਨਾ ਬਣ ਕੇ ਹੀ ਰਹਿ ਜਾਂਦਾ ਹੈ ।ਆਲਸੀ ਲੋਕਾਂ ਲਈ ਸਫਰ ਇੱਕ ਸਿਰ ਖਪਾਈ ਤੋਂ ਵੱਧ ਹੋਰ  ਕੁਝ ਨਹੀਂ ਹੁੰਦਾ । ਬਹੁਤ ਸਾਰੇ ਲੋਕ ਸਫਰ ਤੇ ਇਸ ਕਰਕੇ ਹੀ ਨਹੀਂ ਤੁਰ ਸਕਦੇ ਕਿਉਂਕਿ ਉਹ ਲੋਕ ਜ਼ਿੰਮੇਵਾਰੀਆਂ ਦੀ ਪੰਡ ਚੁੱਕਣ ਤੋਂ ਕਤਰਾਉਂਦੇ ਹਨ। ਉਨ੍ਹਾਂ ਨੂੰ ਸਫਰ ਅਕਾਊ ਲੱਗਦਾ ਹੈ , ਉਹ ਆਪਣੀਆਂ ਜ਼ਿੰਮੇਵਾਰੀਆਂ ਸਮੇਂ ਸਿਰ ਨਹੀਂ ਨਿਭਾ ਸਕਦੇ  ਲਾਲਚੀ ਕਿਸਮ ਦੇ ਲੋਕ ਨੜਿੱਨਵੇਂ ਦੇ ਗੇੜਾਂ ਵਿੱਚ ਉਲਝ ਕੇ ਸਫ਼ਰ ਦੇ ਆਨੰਦ ਤੋਂ ਵਾਂਝੇ ਰਹਿ ਜਾਂਦੇ ਹਨ । ਨਾਕਾਰਾਤਮਕ  ਸੋਚ ਰੱਖਣ ਵਾਲੇ ਇਨਸਾਨ ਕਦੇ ਖ਼ੁਦ ਵੀ ਜ਼ਿੰਦਗੀ ਦੇ ਸਫ਼ਰ ਦਾ ਆਨੰਦ ਨਹੀਂ ਲੈ ਸਕਦੇ  ,ਉਹ ਦੂਸਰਿਆਂ ਲਈ ਵੀ ਰੁਕਾਵਟਾਂ ਪੈਦਾ ਕਰਦੇ ਹਨ । ਹਰੀਆਂ ਕਚੂਰ ਵਾਦੀਆਂ ਦਾ ਸਫ਼ਰ ਕਰਦਿਆਂ ਕੁਦਰਤ ਨਾਲ ਇੱਕਸੁਰਤਾ ਹੋਈ ਮਹਿਸੂਸ ਹੁੰਦੀ ਹੈ । ਸੁੱਕ ਕੇ ਧਰਤੀ ਤੇ ਡਿੱਗੇ ਹੋਏ ਗੁਲਾਬ ਅਤੇ ਰੁੱਖਾਂ ਦੇ  ਪੱਤੇ ਜ਼ਿੰਦਗੀ ਦੀ ਸੱਚਾਈ ਤੋਂ ਜਾਣੂ ਕਰਵਾਉਂਦੇ ਹਨ  । ਪੱਤਝੜ ਵਿੱਚ ਸੁੱਕੇ ਪੱਤਿਆਂ ਦੀ ਖੜ ਖੜ ਕੁਦਰਤ ਦੇ ਨਿਯਮਾਂ ਦੀ ਬਾਤ ਪਾਉਂਦੀ ਹੈ  । ਪਹਾੜੀ  ਰਸਤੇ ਦੇ ਪਾਂਧੀਆਂ ਨੇ ਉੱਚੀ ਚੋਟੀ ਤੇ ਝੰਡੇ ਲਹਿਰਾਏ ਸਨ  ।ਸੋਹਣੇ ਸਫ਼ਰਾਂ ਤੇ ਚੱਲਣ ਵਾਲੇ ਪਿਛਾਂਹ ਮੁੜ ਕੇ ਨਹੀਂ ਦੇਖਦੇ  ।

 

ਚੱਲ ਕੇ ਚੱਲਦੇ ਥੱਕਣਾ ਨਹੀਂ

ਰਸਤੇ ਔਖੇ ਭਾਵੇਂ

 ਭਰ ਤੋਂ ਠੱਲ੍ਹਣਾ ਨਹੀਂ 

 

ਵੀਰਪਾਲ ਕੌਰ ਕਮਲ 

8569001590