You are here

ਕੁੜੀਆਂ ਨੂੰ ਹੁਨਰਮੰਦ ਬਨਾਉਣ ਲਈ ਕਾਉਂਕੇ ਸਕੂਲ ਵਿੱਚ ਲਾਇਆ ਗਿਆ ਸਮਰ ਕੈਂਪ

ਕੈਂਪ ਦੇ ਆਖਰੀ ਦਿਨ ਬਾਲੜੀਆਂ ਨੇ ਪਾਈਆਂ ਧਮਾਲਾਂ

ਜਗਰਾਓਂ, ਜੂਨ 2019 ( ਸਤਪਾਲ ਕਉਕੇ )—ਅੱਤ ਦੀ ਗਰਮੀ ਦੇ ਬਾਵਜੂਦ ਸਰਕਾਰੀ ਕੰਨਿਆਂ ਹਾਈ ਸਕੂਲ ਪੱਤੀ ਸ਼ਾਮ ਸਿੰਘ ਵਿਖੇ ਮਹਿਕਮੇਂ ਦੀਆਂ ਹਦਾਇਤਾਂ ਮੁਤਾਬਿਕ 1 ਜੂਨ ਤੋਂ 8 ਜੂਨ ਤੱਕ ਸਮਰ ਕੈਂਪ ਲਗਾਇਆ ਗਿਆ। ਜਿਸ ਵਿੱਚ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਨੇ ਆਪੋ-ਆਪਣੀ ਮੁਹਾਰਤ ਦੇ ਹਿਸਾਬ ਨਾਲ ਵਿਦਿਆਰਥਣਾਂ ਨੂੰ ਸਿੱਖਿਆ ਸਮੱਗਰੀ ਰਾਹੀਂ ਵਿੱਦਿਆ ਬਾਰੇ ਜਾਣੂੰ ਕਰਵਾਇਆ ਅਤੇ ਪੜ੍ਹਾਈ ਤੋਂ ਇਲਾਵਾ ਸਮਾਜਿੱਕ ਖੇਤਰ ਵਿੱਚ ਵਿਚਰਨ ਲਈ ਗੁਰ ਦੱਸੇ। ਸਿਹਤ ਦੀ ਤੰਦਰੁਸਤੀ ਲਈ ਯੋਗਾ ਆਦਿ ਕਰਵਾਉਣ ਤੋਂ ਇਲਾਵਾ ਮਨੋਰੰਜਨ ਭਰਪੂਰ ਖੇਡਾਂ ਵੀ ਕਰਵਾਈਆਂ ਗਈਆਂ ਅਤੇ ਆਰਟ ਐਂਡ ਕਰਾਫ਼ਟ ਰਾਹੀਂ ਵੱਖ-ਵੱਖ ਕਲਾਕ੍ਰਿਤੀਆਂ ਵੀ ਸਿਖਾਈਆਂ ਗਈਆਂ। ਇਸ ਕੈਂਪ ਦੌਰਾਨ ਲੜਕੀਆਂ ਨੂੰ ਪੇਂਟਿੰਗ ਦੀਆਂ ਬਰੀਕੀਆਂ ਅਤੇ ਵੱਖ-ਵੱਖ ਰੰਗਾਂ ਨੂੰ ਵਰਤਣ ਦੇ ਤਰੀਕੇ ਵੀ ਦੱਸੇ ਗਏ। ਸਮਰ ਕੈਂਪ ਦੇ ਆਖਰੀ ਦਿਨ ਬੱਚਿਆਂ ਨੂੰ ਪੰਜਾਬੀ ਬੋਲੀ ਦੇ ਗੀਤਾਂ, ਲੋਕ ਗੀਤਾਂ, ਚੁਟਕਲਿਆਂ ਅਤੇ ਹੋਰ ਵੰਨਗੀਆਂ ਨਾਲ ਜੋੜਨ ਤੋਂ ਇਲਾਵਾ ਗਿੱਧਾ, ਭੰਗੜਾ ਤੇ ਡਾਂਸ ਆਦਿ ਰਾਹੀਂ ਮਨੋਰੰਜਨ ਵੀ ਕਰਵਾਇਆ ਅਤੇ ਹੱਥਾਂ ਉਪਰ ਮਹਿੰਦੀ ਲਗਾਉਣ ਦੇ ਵੱਖ-ਵੱਖ ਹੁਨਰ ਜਿਵੇਂ ਫੈਬਰਿਕ ਮਹਿੰਦੀ, ਸਪਰਾਕਲ ਮਹਿੰਦੀ, ਨੇਲ ਪਾਲਿਸ਼ ਮਹਿੰਦੀ ਆਦਿ ਸਿਖਾਏ ਗਏ। ਇਸ ਕੈਂਪ ਦੌਰਾਨ ਪੰਜਾਬ ਪੁਲਿਸ ਵੱਲੋਂ ਸਾਂਝ ਕੇਂਦਰ ਜਗਰਾਉਂ ਦੇ ਅਧਿਕਾਰੀਆਂ ਨੇ ਲੜਕੀਆਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦੇਣ ਦੇ ਨਾਲ-ਨਾਲ ਲੜਕੀਆਂ ਦੀ ਸੁਰੱਖਿਆ ਲਈ ਪੁਲਿਸ ਵਿਭਾਗ ਦੇ 'ਸ਼ਕਤੀ ਐਪ' ਬਾਰੇ ਵੀ ਜਾਣਕਾਰੀ ਦਿੱਤੀ ਗਈ। ਸਫ਼ਲਤਾ ਪੂਰਵਕ ਚੱਲੇ ਇਸ ਸਮਰ ਕੈਂਪ 'ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਸਕੂਲ ਦੇ ਮੁੱਖ ਅਧਿਆਪਕ ਰਾਜਿੰਦਰ ਸਿੰਘ ਸਿੱਧੂ ਕਾਉਂਕੇ ਨੇ ਆਖਿਆ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਉਹਨਾਂ ਦੇ ਸਕੂਲ ਦੇ ਅਧਿਆਪਕ ਦ੍ਰਿੜ ਲਗਨ ਅਤੇ ਮਿਹਨਤ ਨਾਲ ਪੜ੍ਹਾਈ ਕਰਵਾਉਣ ਤੋਂ ਇਲਾਵਾ ਬੱਚਿਆਂ ਨੂੰ ਹੁਨਰਮੰਦ ਬਨਾਉਣ ਦੀ ਵੀ ਮੁਹਾਰਤ ਰੱਖਦੇ ਹਨ। ਜਿੰਨ੍ਹਾਂ ਨੇ ਇਸ ਸਮਰ ਕੈਂਪ ਨੂੰ ਸਦੀਵੀ ਬਣਾ ਦਿੱਤਾ ਹੈ। ਇਸ ਕੈਂਪ ਦੌਰਾਨ ਮਾ:ਚਰਨਪ੍ਰੀਤ ਸਿੰਘ ਬਰਿਆਰ, ਮਹਿੰਦਰਪਾਲ ਸਿੰਘ ਕਾਉਂਕੇ, ਏਕਮ ਸਿੰਘ, ਕੁਲਦੀਪ ਸਿੰਘ, ਸਵਰਨ ਸਿੰਘ ਡੱਲਾ, ਵੀਨਾ ਰਾਣੀ, ਹਰਪ੍ਰੀਤ ਕੌਰ ਚੀਮਾਂ, ਜਸਪ੍ਰੀਤ ਕੌਰ ਜੱਸਲ, ਰਛਪਾਲ ਕੌਰ ਸਿੱਧੂ, ਤੇਜਿੰਦਰ ਕੌਰ, ਕਿਰਨ ਬਾਲਾ, ਸ਼ੁਭਲਕਸ਼ਨ ਕੌਰ, ਕੁਲਦੀਪ ਕੌਰ, ਰਣਬੀਰ ਕੌਰ, ਸ਼ਬਨਮ ਰਤਨ, ਅਮਨਦੀਪ ਕੌਰ, ਰਾਧਾ ਰਾਣੀ ਆਦਿ ਹਾਜ਼ਰ ਸਨ।