You are here

ਕਿਸਾਨਾਂ ਦੀਆਂ ਜ਼ਮੀਨਾਂ ਬਚਾਉਣੀਆਂ ਵੀ ਦੇਸ਼ ਪ੍ਰੇਮ- ਪ੍ਰਿਯੰਕਾ

ਰਾਏ ਬਰੇਲੀ, ਮਈ (ਜਨ ਸ਼ਕਤੀ ਨਿਊਜ) ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਦੀਆਂ ਜ਼ਮੀਨਾਂ ਬਚਾਉਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜ਼ਮੀਨਾਂ ਦੀ ਰੱਖਿਆ ਕਿਸੇ ਦੇਸ਼ ਪ੍ਰੇਮ ਤੋਂ ਘੱਟ ਨਹੀਂ ਹੈ। ਪ੍ਰਿਯੰਕਾ ਇਥੇ ਆਪਣੀ ਮਾਂ ਤੇ ਰਾਏ ਬਰੇਲੀ ਸੰਸਦੀ ਹਲਕੇ ਤੋਂ ਉਮੀਦਵਾਰ ਸੋਨੀਆ ਗਾਂਧੀ ਦੇ ਹੱਕ ਵਿੱਚ ਪ੍ਰਚਾਰ ਕਰਦਿਆਂ ਚੋਣ ਰੈਲੀ ਨੂੰ ਸੰਬੋਧਨ ਕਰ ਰਹੀ ਸੀ। ਪ੍ਰਿਯੰਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ, ‘ਤੁਸੀਂ ਲੋਕਾਂ ਨੂੰ ਪਾਕਿਸਤਾਨ ਦੇ ਹਮਲਿਆਂ ਤੋਂ ਬਚਾਅ ਰਹੇ ਹੋ। ਇਹ ਇਕ ਵੱਡੀ ਪ੍ਰਾਪਤੀ ਹੈ। ਹਰ ਕੋਈ ਖ਼ੁਸ਼ ਹੈ। ਪਰ ਤੁਹਾਨੂੰ ਕਿਸਾਨਾਂ ਦੀਆਂ ਜ਼ਮੀਨਾਂ ਵੀ ਬਚਾਉਣੀਆਂ ਚਾਹੀਦੀਆਂ ਹਨ। ਇਹ ਕੰਮ ਵੀ ਕਿਸੇ ਦੇਸ਼ ਪ੍ਰੇਮ ਤੋਂ ਘੱਟ ਨਹੀਂ ਹੈ।’ ਪੂਰਬੀ ਉੱਤਰ ਪ੍ਰਦੇਸ਼ ਦੀ ਇੰਚਾਰਜ ਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਨੇ ਕਿਹਾ, ‘ਲੋਕਾਂ ਨੂੰ ਪਿਆਰ ਕਰਨ ਤੋਂ ਭਾਵ ਉਨ੍ਹਾਂ ਦਾ ਮਾਣ ਸਤਿਕਾਰ ਕਰਨਾ ਵੀ ਹੈ। ਜੇਕਰ ਉਹ ਕੁਝ ਕਹਿੰਦੇ ਹਨ, ਤਾਂ ਤੁਹਾਨੂੰ (ਪ੍ਰਧਾਨ ਮੰਤਰੀ) ਉਨ੍ਹਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਕਿਉਂਕਿ ਇਹ ਜਮਹੂਰੀਅਤ ਦੀ ਆਵਾਜ਼ ਹੈ। ਕਿਸਾਨਾਂ, ਨੌਜਵਾਨਾਂ ਤੇ ਔਰਤਾਂ ਨੂੰ ਅਣਗੌਲਿਆਂ ਕਰਨਾ ਕਿਹੋ ਜਿਹਾ ਰਾਸ਼ਟਰਵਾਦ ਹੈ?।’

‘ਬੱਚਿਆਂ ਨੂੰ ਗ਼ਲਤ ਨਾਅਰੇ ਲਾਉਣ ਤੋਂ ਡੱਕਿਆ’

ਰਾਏ ਬਰੇਲੀ: ਬੱਚਿਆਂ ਦੇ ਹੱਕਾਂ ਬਾਰੇ ਕੌਮੀ ਕਮਿਸ਼ਨ ਵੱਲੋਂ ਜਾਰੀ ਨੋਟਿਸ ਦੇ ਇਕ ਦਿਨ ਮਗਰੋਂ ਪ੍ਰਿਯੰਕਾ ਨੇ ਅੱਜ ਕਿਹਾ ਕਿ ਉਸ ਨੇ ਬੱਚਿਆਂ ਨੂੰ ਗ਼ਲਤ ਨਾਅਰੇ ਲਾਉਣ ਤੋਂ ਡੱਕਿਆ ਸੀ। ਉਨ੍ਹਾਂ ਕਿਹਾ, ‘ਕੁਝ ਬੱਚੇ ਆਪਸ ਵਿੱਚ ਖੇਡ ਰਹੇ ਸਨ। ਮੈਂ ਜਦੋਂ ਉਨ੍ਹਾਂ ਨੂੰ ਮਿਲਣ ਲਈ ਗਈ ਤਾਂ ਉਨ੍ਹਾਂ ਕੁਝ ਨਾਅਰੇ ਲਾਏ। ਜਿਵੇਂ ਹੀ ਉਨ੍ਹਾਂ ਕੁਝ ਗ਼ਲਤ ਨਾਅਰੇ ਲਾਏ ਤਾਂ ਮੈਂ ਉਨ੍ਹਾਂ ਨੂੰ ਰੋਕਿਆ ਤੇ ਇਹਦੀ ਥਾਂ ਚੰਗੇ ਨਾਅਰੇ ਲਾਉਣ ਲਈ ਕਿਹਾ।’ ਕਮਿਸ਼ਨ ਨੇ ਚੋਣ ਮੁਹਿੰਮ ਦੌਰਾਨ ਬੱਚਿਆਂ ਦੀ ਕਥਿਤ ਵਰਤੋਂ ਬਾਰੇ ਸ਼ਿਕਾਇਤ ਮਿਲਣ ਮਗਰੋਂ ਪ੍ਰਿਯੰਕਾ ਨੂੰ ਨੋਟਿਸ ਜਾਰੀ ਕੀਤਾ ਸੀ।