ਦਲਿਤ ਵਰਗ ਦੇ ਲੋਕ ਹਿੰਦੂ ਲੋਕਾਂ ਨਾਲ ਰਲਕੇ ਅਕਸਰ ਰੌਲਾ ਪਾਉਂਦੇ ਹਨ ਕਿ ਅੰਗਰੇਜ਼ਾਂ ਨੇ ਆਪਣੇ ਕਾਰਜਕਾਲ ਦੌਰਾਨ ਦੇਸ਼ ਨੂੰ ਬਹੁਤ ਲੁੱਟਿਆ, ਜਦਕਿ ਹੁਣ ਦਲਿਤ ਵਰਗ ਦੇ ਲੋਕ ਇਸ ਗੱਲ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਹਨ, ਕਿ ਹਿੰਦੂ ਧਰਮ ਦੀ ਹੋਂਦ ਨੂੰ ਖਤਰਾ ਬਣਿਆ ਹੋਇਆ ਹੈ। ਭਲਾਂ ਉਨ੍ਹਾਂ ਨੂੰ ਪੁੱਛਿਆ ਜਾਵੇ ਕਿ ਜੇਕਰ ਕੇਂਦਰ ਸਮੇਤ ਸਮੁੱਚੇ ਦੇਸ਼ ਦੇ ਸਮੂਹ ਸੂਬਿਆਂ ਵਿਚ ਨਿਰੋਲ ਹਿੰਦੂ ਲੋਕਾਂ ਨਾਲ ਸਬੰਧਿਤ ਹਿੰਦੂ ਸਰਕਾਰਾਂ ਹਨ, ਫਿਰ ਹਿੰਦੂਆਂ ਦੀ ਹੋਂਦ ਕਿਵੇਂ ਖਤਰੇ ਵਿਚ ਹੈ? ਪਰ ਵਿਚਾਰੇ ਦਲਿਤਾਂ ਜਿਨ੍ਹਾਂ ਨੂੰ ਹਿੰਦੂਆਂ ਨੇ ਆਪਣੀ ਗਿਣਤੀ ਵਧਾਉਣ ਲਈ ਹਿੰਦੂ ਬਣਾਇਆ ਹੋਇਆ ਹੈ, ਨੂੰ ਹਿੰਦੂ ਧਰਮ ਦੀ ਬਹੁਤ ਚਿੰਤਾ ਲੱਗੀ ਹੋਈ ਹੈ। ਇਸੇ ਤਰ੍ਹਾਂ ਹੀ ਜਿਹੜੇ ਦਲਿਤ ਸਿੱਖ ਧਰਮ ਅਪਣਾ ਚੁੱਕੇ ਹਨ, ਉਨ੍ਹਾਂ ਨੂੰ ਸਿੱਖ ਧਰਮ ਦੀ ਚਿੰਤਾ ਲੱਗੀ ਰਹਿੰਦੀ ਹੈ। ਕਿੰਨੇ ਸਿਤਮ ਦੀ ਗੱਲ ਹੈ ਕਿ ਦਲਿਤਾਂ ਨੂੰ ਨਾ ਤਾਂ ਆਪਣੀ ਅਤੇ ਨਾ ਹੀ ਆਪਣੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਹੈ। ਦਲਿਤ ਸਿੱਖ ਅਖੌਤੀ ਉਚ ਜਾਤੀ ਦੇ ਸਿੱਖਾਂ ਨਾਲ ਰਲਕੇ ਅਕਸਰ ਕਹਿੰਦੇ ਹਨ ਕਿ ਕੇਂਦਰ ਸਰਕਾਰ ਹਮੇਸ਼ਾ ਸਿੱਖ ਧਰਮ ਨੂੰ ਕਮਜੋਰ ਕਰਨ ਲਈ ਚਾਲਾਂ ਚੱਲਦੀ ਰਹਿੰਦੀ ਹੈ, ਪਰ ਸੋਚਣ ਵਾਲੀ ਗੱਲ ਹੈ ਕਿ ਪੰਜਾਬ ਵਿਚ ਹਮੇਸ਼ਾ ਨਿਰੋਲ ਉੱਚ ਜਾਤੀ ਦੇ ਸਿੱਖਾਂ ਦੀ ਸਰਕਾਰ ਰਹੀ ਹੈ, ਫਿਰ ਸਿੱਖਾਂ ਦੀ ਹੋਂਦ ਨੂੰ ਖਤਰਾ ਕਿਵੇਂ ਹੋ ਸਕਦਾ ਹੈ? ਜਦ ਕਿ ਸੱਚ ਤਾਂ ਇਹ ਹੈ ਕਿ ਸਿੱਖ ਧਰਮ ਨੂੰ ਨਾ ਤਾਂ ਕਦੀ ਕੋਈ ਖਤਰਾ ਹੋਇਆ ਹੈ ਅਤੇ ਨਾ ਹੈ।
ਦੇਸ਼ ਦੇ ਇਸਾਈਆਂ, ਬੋਧੀਆਂ ਅਤੇ ਮੁਸਲਮਾਨਾਂ ਨੇ ਕਦੀ ਵੀ ਰੌਲਾ ਨਹੀਂ ਪਾਇਆ ਕਿ ਉਨ੍ਹਾਂ ਦੀ ਹੋਂਦ ਨੂੰ ਖਤਰਾ ਬਣਿਆ ਹੈ, ਹਾਲਾਂਕਿ ਹਰ ਰੋਜ ਉਨ੍ਹਾਂ ਉਪਰ ਮਾਨਸਿਕ, ਸਰੀਰਕ, ਸਮਾਜਿਕ, ਆਰਥਿਕ, ਰਾਜਨੀਤਕ ਅਤੇ ਸੱਭਿਆਚਾਰਕ ਤੌਰ 'ਤੇ ਨਿਰਵਿਘਨ ਤਸ਼ੱਦਦ ਚੱਲਦਾ ਰਹਿੰਦਾ ਹੈ। ਦਲਿਤ ਜਿਨ੍ਹਾਂ ਉਪਰ ਹਜਾਰਾਂ ਸਾਲਾਂ ਤੋਂ ਤਸ਼ੱਦਦ ਹੁੰਦਾ ਆ ਰਿਹਾ ਹੈ, ਨੇ ਕਦੀ ਵੀ ਆਪਣਾ ਮੂੰਹ ਨਹੀਂ ਖੋਲ੍ਹਿਆ। ਸਿਰ ਨੀਵਾਂ ਕਰਕੇ ਕੁੱਟ ਖਾਣ ਦੇ ਆਦੀ ਬਣ ਚੁੱਕੇ। ਅੰਗਰੇਜ਼ਾਂ ਨੇ ਆਪਣੇ ਕਾਰਜਕਾਲ ਦੌਰਾਨ ਦਲਿਤਾਂ ਨੂੰ ਨਾ ਕੁੱਟਿਆ ਅਤੇ ਨਾ ਹੀ ਲੁੱਟਿਆ, ਕਿਉਂਕਿ ਅੰਗਰੇਜ਼ਾਂ ਨੇ ਦੇਸ਼ ਵਿਚ ਆ ਕੇ ਵੇਖ ਲਿਆ ਸੀ ਕਿ ਦਲਿਤਾਂ ਕੋਲ ਤਾਂ ਕੁਝ ਵੀ ਨਹੀਂ ਹੈ, ਸਗੋਂ ਮਨੂੰਵਾਦੀ ਵਿਵਸਥਾ ਦਾ ਸ਼ਿਕਾਰ ਹੋ ਕੇ ਪਸ਼ੂਆਂ ਵਰਗਾ ਜੀਵਨ ਜਿਊਣ ਲਈ ਬੇਵੱਸ ਹਨ। ਅੰਗਰੇਜ਼ਾਂ ਨੇ ਮਨੂੰਵਾਦੀ ਵਿਵਸਥਾ ਦੇ ਉਲਟ ਦਲਿਤਾਂ ਅਤੇ ਔਰਤਾਂ ਦੀ ਜਿੰਦਗੀ ਵਿੱਚ ਸੁਧਾਰ ਲਿਆਉਣ ਲਈ ਨਵੀਆਂ ਨੀਤੀਆਂ ਹੋਂਦ ਵਿਚ ਲਿਆਕੇ ਅੱਗੇ ਵਧਣ ਦਾ ਰਾਹ ਖੋਲ੍ਹਿਆ , ਪਰ ਕਿੰਨੇ ਸਿਤਮ ਦੀ ਗੱਲ ਹੈ ਕਿ ਦਲਿਤ ਵੀ ਹਿੰਦੂਆਂ ਦੇ ਪਿਛੇ ਲੱਗ ਕੇ ਅੰਗਰੇਜ਼ਾਂ ਦੇ ਵਿਰੁੱਧ ਹੋ ਗਏ। ਬਾਬਾ ਸਾਹਿਬ ਡਾ ਅੰਬੇਦਕਰ ਨੇ ਅੰਗਰੇਜ਼ਾਂ ਨੂੰ ਇਸ ਗੱਲ ਤੋਂ ਜਾਣੂ ਕਰਵਾਇਆ ਸੀ ਕਿ ਭਾਰਤ ਵਿਚ ਦਲਿਤਾਂ ਦੀ ਜਿੰਦਗੀ ਕੁੱਤਿਆਂ ਨਾਲੋਂ ਵੀ ਮਾੜੀ ਹੈ, ਕਿਉਂਕਿ ਛੱਪੜ ਵਿਚੋਂ ਇਕ ਕੁੱਤਾ ਤਾਂ ਲੰਘ ਸਕਦਾ ਹੈ, ਪਰ ਦਲਿਤਾਂ ਨੂੰ ਛੱਪੜ ਵਿਚੋਂ ਪਾਣੀ ਪੀਣ ਦਾ ਅਧਿਕਾਰ ਨਹੀਂ । ਅੰਗਰੇਜ਼ਾਂ ਨੂੰ ਜਦੋਂ ਬਾਬਾ ਸਾਹਿਬ ਡਾ ਅੰਬੇਦਕਰ ਨੇ ਦਲਿਤਾਂ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਤੋਂ ਜਾਣੂ ਕਰਵਾਇਆ ਤਾਂ ਫਿਰ ਦਲਿਤਾਂ ਦਾ ਜੀਵਨ ਪੱਧਰ ਉਪਰ ਚੁੱਕਣ ਲਈ ਰਾਖਵਾਂਕਰਨ ਦਾ ਮੁੱਢ ਵੱਜਣਾ ਸ਼ੁਰੂ ਹੋਇਆ।
ਅੱਜ ਰਾਖਵਾਂਕਰਨ ਨੂੰ ਲੈ ਕੇ ਉੱਚ ਜਾਤੀ ਨਾਲ ਸਬੰਧਿਤ ਹਿੰਦੂਆਂ ਅਤੇ ਸਿੱਖਾਂ ਵਲੋਂ ਡੱਟਕੇ ਵਿਰੋਧ ਕੀਤਾ ਜਾ ਰਿਹਾ ਹੈ। ਦੇਸ਼ ਵਿਚ ਉੱਚ ਜਾਤੀ ਨਾਲ ਸਬੰਧਿਤ ਲੋਕਾਂ ਦੀ ਗਿਣਤੀ ਸਿਰਫ 15 ਫੀਸਦੀ ਹੈ, ਪਰ ਉਹ ਦੇਸ਼ ਦੀ 90 ਫੀਸਦੀ ਤੋਂ ਵੱਧ ਰਾਜਨੀਤਕ, ਆਰਥਿਕ, ਪ੍ਰਸ਼ਾਸਨਿਕ, ਵਪਾਰਕ ਅਤੇ ਜਮੀਨੀ ਵਿਵਸਥਾ ਉਪਰ ਕਾਬਜ ਹਨ, ਪਰ ਐਨ ਇਸ ਦੇ ਉਲਟ ਦੇਸ਼ ਵਿਚ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ ਲੋਕਾਂ ਦੀ ਅਬਾਦੀ 85 ਫੀਸਦੀ ਹੈ, ਪਰ ਉਨ੍ਹਾਂ ਕੋਲ 10 ਫੀਸਦੀ ਵੀ ਦੇਸ਼ ਦਾ ਰਾਜ ਭਾਗ ਨਹੀਂ ਹੈ। ਦਲਿਤ ਵਰਗ ਚੋਂ ਹਿੰਦੂ ਅਤੇ ਸਿੱਖ ਬਣੇ ਲੋਕਾਂ ਨੂੰ ਆਪਣੀ ਬੰਦ ਜੁਬਾਨ ਖੋਲ੍ਹ ਕੇ ਹਿੰਦੂਆਂ ਅਤੇ ਸਿੱਖਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਜਨਸੰਖਿਆ ਦੇ ਅਧਾਰ 'ਤੇ ਉਨ੍ਹਾਂ ਦਾ ਬਣਦਾ ਹੱਕ ਦਿੱਤਾ ਜਾਵੇ।
ਇਸ ਵੇਲੇ ਦਲਿਤਾਂ ਨੂੰ ਸੰਵਿਧਾਨਿਕ ਤੌਰ 'ਤੇ ਜਿਹੜੇ ਹੱਕ ਮਿਲੇ ਹੋਏ ਹਨ, ਉਨ੍ਹਾਂ ਨੂੰ ਖੋਹਣ ਲਈ ਉੱਚ ਜਾਤੀ ਦੇ ਹਿੰਦੂ ਅਤੇ ਸਿੱਖ ਸੱਭ ਤੋਂ ਅੱਗੇ ਹਨ। ਦੇਸ਼ ਵਿਚ ਜੇ ਅੱਜ ਕਿਸੇ ਦੇ ਹੱਕਾਂ ਅਤੇ ਹਿੱਤਾਂ ਦੀ ਹੋਂਦ ਨੂੰ ਖਤਰਾ ਹੈ ਤਾਂ ਉਨ੍ਹਾਂ ਵਿਚ ਦਲਿਤ, ਬੋਧੀ, ਇਸਾਈ ਅਤੇ ਮੁਸਲਮਾਨ ਸ਼ਾਮਲ ਹਨ। ਹਿੰਦੂਆਂ ਅਤੇ ਸਿੱਖਾਂ ਦੀ ਹੋਂਦ ਨੂੰ ਕੋਈ ਵੀ ਖਤਰਾ ਨਹੀਂ ਹੈ, ਕਿਉਂਕਿ ਹਿੰਦੂ ਹਮੇਸ਼ਾ ਦੇਸ਼ ਦੇ ਰਾਜ ਭਾਗ ਉਪਰ ਕਾਬਜ ਰਿਹਾ ਹੈ ਜਦਕਿ ਪੰਜਾਬ ਦਾ ਮੁੱਖ ਮੰਤਰੀ ਹਮੇਸ਼ਾ ਸੁਪਰ ਸਿੱਖ ਰਿਹਾ ਹੈ।
ਜੇਕਰ ਹਿੰਦੂਆਂ ਅਤੇ ਸਿੱਖਾਂ ਉਪਰ ਮੁਗਲਾਂ ਨੇ ਤਸ਼ੱਦਦ ਢਾਹਿਆ ਤਾਂ ਇਸ ਪਿੱਛੇ ਕਿਸੇ ਦਲਿਤ ਨਹੀਂ ਬਲਕਿ ਜਾਗੀਰੀਆਂ (ਜਾਗੀਰ) ਅਤੇ ਵਜੀਰੀਆਂ ਦੇ ਲਾਲਚਖੋਰ ਹਿੰਦੂਆਂ ਅਤੇ ਸਿੱਖਾਂ ਦਾ ਹੱਥ ਸੀ। ਇਸੇ ਤਰ੍ਹਾਂ ਅੰਗਰੇਜ਼ਾਂ ਦਾ ਲੰਬਾ ਸਮਾਂ ਭਾਰਤ ਉਪਰ ਰਾਜ ਕਰਨ ਦਾ ਕਾਰਨ ਵੀ ਜਾਗੀਰਾਂ ਲੈਣ ਵਾਲੇ ਲਾਲਚੀ ਹਿੰਦੂ ਅਤੇ ਸਿੱਖ ਹੀ ਸਨ।
ਦਲਿਤਾਂ ਨੂੰ ਹਿੰਦੂ ਅਤੇ ਸਿੱਖ ਬਣਾਉਣ ਪਿੱਛੇ ਵੀ ਵੋਟਾਂ ਦੀ ਸਿਆਸਤ ਭਾਰੂ ਹੈ, ਪਰ ਸੁਪਰ ਹਿੰਦੂਆਂ ਅਤੇ ਸਿੱਖਾਂ ਨੇ ਦਲਿਤਾਂ ਨੂੰ ਹਮੇਸ਼ਾ ਚੌਥੇ ਦਰਜੇ ਦੇ ਹਿੰਦੂ ਅਤੇ ਸਿੱਖ ਹੀ ਮੰਨਿਆ ਹੈ, ਜੇਕਰ ਦਲਿਤਾਂ ਵਿੱਚੋਂ ਬਣੇ ਹਿੰਦੂਆਂ ਅਤੇ ਸਿੱਖਾਂ ਨੂੰ ਆਪਣੇ ਬਰਾਬਰ ਦੇ ਹਿੰਦੂ ਅਤੇ ਸਿੱਖ ਮੰਨਿਆ ਹੁੰਦਾ ਤਾਂ ਅੱਜ ਦੇਸ਼ ਵਿੱਚ ਦਲਿਤਾਂ ਦਾ ਜੀਵਨ ਪੱਧਰ ਵੀ ਸੁਪਰ ਹਿੰਦੂਆਂ ਅਤੇ ਸਿੱਖਾਂ ਵਾਂਗੂੰ ਮਾਣ-ਸਨਮਾਨ ਵਾਲਾ ਹੋਣਾ ਸੀ। ਮੰਦਿਰਾਂ ਵਿਚ ਜਾਣ ਲਈ ਦਲਿਤਾਂ ਉਪਰ ਅਜੇ ਵੀ ਮਨਾਹੀ ਹੈ, ਦਲਿਤ ਭਾਵੇਂ ਦੇਸ਼ ਦਾ ਰਾਸ਼ਟਰਪਤੀ ਵੀ ਕਿਉਂ ਨਾ ਹੋਵੇ?
-ਸੁਖਦੇਵ ਸਲੇਮਪੁਰੀ
09780620233
11 ਸਤੰਬਰ, 2021.