ਪਰਮਜੀਤ ਸਿੰਘ ਸਰਨਾ ਨੇ ਨਾਮਜ਼ਦ ਮੈਂਬਰਾਂ ਦੀ ਚੋਣ ’ਚ ਦਰਜ ਕੀਤੀ ਵੱਡੀ ਜਿੱਤ
ਨਵੀਂ ਦਿੱਲੀ , 9 ਸਤੰਬਰ (ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ ) ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ’ਚ ਪਹੁੰਚਣ ਤੋਂ ਰੋਕਣ ਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੋਸ਼ਿਸ਼ ਨਾਕਾਮ ਰਹੀ ਹੈ। ਸਰਨਾ ਨੂੰ ਨਾਮਜ਼ਦ ਮੈਂਬਰਾਂ ਲਈ ਹੋਈ ਚੋਣ ’ਚ ਸਭ ਤੋਂ ਵੱਧ 18 ਵੋਟਾਂ ਮਿਲੀਆਂ। ਉੱਥੇ ਅਕਾਲੀ ਦਲ ਬਾਦਲ ਦੇ ਵਿਕਰਮ ਸਿੰਘ ਰੋਹਿਣੀ ਨੂੰ 15 ਤੇ ਜਸਵਿੰਦਰ ਸਿੰਘ ਜੌਲੀ ਨੂੰ 12 ਵੋਟਾਂ ਮਿਲੀਆਂ ਹਨ। ਦਿੱਲੀ ਦੇ ਪ੍ਰੀਤ ਵਿਹਾਰ ਤੋਂ ਚੁਣੇ ਮੈਂਬਰ ਦਾ ਮਾਮਲਾ ਹਾਈ ਕੋਰਟ ’ਚ ਪੈਂਡਿੰਗ ਹੈ, ਇਸ ਲਈ ਵੀਰਵਾਰ ਨੂੰ ਚੋਣ ਨਤੀਜਾ ਐਲਾਨ ਨਹੀਂ ਕੀਤਾ ਗਿਆ। ਅਕਾਲੀ ਦਲ ਦਿੱਲੀ (ਸਰਨਾ) ਦੇ ਇਕ ਨਵੇਂ ਚੁਣੇ ਉਮੀਦਵਾਰ ਨੂੰ ਆਪਣੇ ਖੇਮੇ ’ਚ ਸ਼ਾਮਲ ਕਰਨ ਤੋਂ ਬਾਅਦ ਅਕਾਲੀ ਦਲ ਬਾਦਲ ਦੀ ਕੋਸ਼ਿਸ਼ ਵਿਰੋਧੀ ਪਾਰਟੀਆਂ ਦੇ ਹੋਰਨਾਂ ਮੈਂਬਰਾਂ ਨੂੰ ਆਪਣੇ ਨਾਲ ਜੋੜਨ ਦੀ ਸੀ, ਜਿਸ ਨਾਲ ਕਿ ਸਰਨਾ ਨੂੰ ਡੀਐੱਸਜੀਐੱਮਸੀ ਤੋਂ ਬਾਹਰ ਰੱਖਿਆ ਜਾ ਸਕੇ। ਇਸੇ ਕੋਸ਼ਿਸ਼ ’ਚ ਅਕਾਲੀ ਦਲ ਬਾਦਲ ਨੇ ਸੰਖਿਆ ਬਲ ਨਾ ਰਹਿਣ ਦੇ ਬਾਵਜੂਦ ਆਪਣੇ ਦੋ ਉਮੀਦਵਾਰਾਂ ਨੂੰ ਚੋਣ ਮੈਦਾਨ ’ਚ ਉਤਾਰਿਆ ਸੀ। ਪਾਰਟੀ ਦੀ ਇਹ ਰਣਨੀਤੀ ਕੰਮ ਨਹੀਂ ਆਈ। ਸਰਨਾ ਦੀ ਪਾਰਟੀ ਦੇ 13 ਮੈਂਬਰਾਂ ਦੇ ਨਾਲ ਹੀ ਜੱਗ ਆਸਰਾ ਗੁਰੂ ਓਟ (ਜਾਗੋ) ਦੇ ਤਿੰਨ ਤੇ ਪੰਥਕ ਅਕਾਲੀ ਲਹਿਰ ਦੇ ਇਕ ਤੇ ਇਕ ਆਜ਼ਾਦ ਮੈਂਬਰ ਇਕਜੁੱਟ ਰਹੇ। ਦੂਜੇ ਪਾਸੇ ਅਕਾਲੀ ਦਲ ਬਾਦਲ ਦੇ ਦੋ ਉਮੀਦਵਾਰਾਂ ਦਰਮਿਆਨ ਵੋਟਾਂ ਦਾ ਬਟਵਾਰਾ ਹੋਇਆ।
ਇਕ ਵੋਟ ਜੋ ਬੰਦ ਲਿਫ਼ਾਫ਼ੇ ’ਚ ਭੁੱਲਰ ਦੀ
ਅਕਾਲੀ ਦਲ ਬਾਦਲ ਕੋਲ ਕੁਲ 27 ਤੇ ਅਕਾਲੀ ਦਲ ਦਿੱਲੀ ਤੋਂ ਆਏ ਇਕ ਮੈਂਬਰ ਨੂੰ ਮਿਲਾ ਕੇ 28 ਵੋਟਾਂ ਹਨ। ਇਸ ’ਚੋਂ ਪ੍ਰੀਤ ਵਿਹਾਰ ਤੋਂ ਚੁਣੇ ਗਏ ਭੁਪਿੰਦਰ ਸਿੰਘ ਦੀ ਜਿੱਤ ਨੂੰ ਅਦਾਲਤ ’ਚ ਚੁਣੌਤੀ ਦਿੱਤੀ ਗਈ ਹੈ। ਭੁੱਲਰ ਸਿਰਫ਼ ਛੇ ਵੋਟਾਂ ਤੋਂ ਜੇਤੂ ਰਹੇ ਸਨ ਤੇ ਮੁੜ ਤੋਂ ਵੋਟਾਂ ਦੀ ਗਿਣਤੀ ਦੀ ਮੰਗ ਨੂੰ ਲੈ ਕੇ ਜਾਗੋ ਦੇ ਉਮੀਦਵਾਰ ਮੰਗਲ ਸਿੰਘ ਨੇ ਕੜਕੜਡੂਮਾ ਅਦਾਲਤ ’ਚ ਪਟੀਸ਼ਨ ਦਾਖ਼ਲ ਕੀਤੀ ਸੀ। ਅਦਾਲਤ ਨੇ ਭੁੱਲਰ ’ਤੇ ਨਾਮਜ਼ਦ ਮੈਂਬਰਾਂ ਦੀ ਚੋਣ ’ਚ ਮਤਦਾਨ ਕਰਨ ’ਤੇ ਰੋਕ ਲਗਾ ਦਿੱਤੀ ਸੀ। ਉੱਥੇ, ਭੁੱਲਰ ਨੇ ਇਸ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ ਹੈ। ਹਾਈ ਕੋਰਟ ਨੇ ਵੀਰਵਾਰ ਨੂੰ ਇਸ ਮਾਮਲੇ ’ਚ ਫ਼ੈਸਲਾ ਨਹੀਂ ਦਿੱਤਾ ਹੈ। ਉਨ੍ਹਾਂ ਦੀ ਵੋਟ ਬੰਦ ਲਿਫ਼ਾਫ਼ੇ ’ਚ ਅਦਾਲਤ ’ਚ ਜਮ੍ਹਾਂ ਕਰਵਾਈ ਗਈ ਹੈ। ਉਨ੍ਹਾਂ ਦੀ ਉਮੀਦਵਾਰੀ ’ਤੇ ਫ਼ੈਸਲਾ ਹੋਣ ਮਗਰੋਂ ਡੀਐੱਸਜੀਐੱਮਸੀ ਦੇ ਨਾਮਜ਼ਦ ਮੈਂਬਰਾਂ ਦਾ ਨਤੀਜਾ ਐਲਾਨ ਕੀਤਾ ਜਾਵੇਗਾ।
ਸਿੰਘ ਸਭਾਵਾਂ ਦੀ ਚੋਣ ਸੂਚੀ ਵਿਚ ਮਰੀਆਂ ਹੋਈਆਂ ਵੋਟਾਂ ਦੇ ਨਾਂ ਸ਼ਾਮਲ ਹੋਣ ਕਾਰਨ ਚੋਣ ਨਹੀਂ ਹੋ ਸਕੀ
ਦਿੱਲੀ ਦੀਆਂ ਸਾਰੀਆਂ 273 ਰਜਿਸਟਰਡ ਗੁਰਦੁਆਰਾ ਸਿੰਘ ਸਭਾਵਾਂ ਦੇ ਪ੍ਰਧਾਨਾਂ ’ਚੋਂ ਡੀਐੱਸਜੀਐੱਮਸੀ ਦੇ ਦੋ ਮੈਂਬਰਾਂ ਦੀ ਚੋਣ ਲਾਟਰੀ ਰਾਹੀਂ ਕੀਤੀ ਜਾਣੀ ਸੀ। ਜਾਗੋ ਨੇ ਪ੍ਰਧਾਨਾਂ ਦੀ ਸੂਚੀ ’ਤੇ ਇਤਰਾਜ਼ ਪ੍ਰਗਟਾਇਆ ਹੈ। ਉਸ ਦਾ ਕਹਿਣਾ ਹੈ ਕਿ ਕਈ ਸਵਰਗਵਾਸ ਹੋ ਗਏ ਸਾਬਕਾ ਪ੍ਰਧਾਨਾਂ ਦੇ ਨਾਂ ਸੂਚੀ ’ਚ ਸ਼ਾਮਲ ਹਨ। ਸੂਚੀ ਠੀਕ ਕਰਨ ਤੋਂ ਬਾਅਦ ਨਾਮਜ਼ਦ ਮੈਂਬਰ ਚੁਣੇ ਜਾਣ ਦੀ ਮੰਗ ਕੀਤੀ ਗਈ। ਇਸ ਇਤਰਾਜ਼ ਦੀ ਵਜ੍ਹਾ ਨਾਲ ਵੀਰਵਾਰ ਨੂੰ ਲਾਟਰੀ ਨਾਲ ਚੋਣ ਪ੍ਰਕਿਰਿਆ ਨਹੀਂ ਹੋਈ।