You are here

7 ਸਤੰਬਰ ਪਹਿਲਾ ਪ੍ਰਕਾਸ਼ ਦਿਹਾੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਆਉ ਸੰਖੇਪ ਝਾਤ ਮਾਰੀਏ ਇਤਿਹਾਸ ਤੇ ✍️ ਮਨਜੀਤ ਸਿੰਘ ਹਡਰਸਫੀਲਡ ਇੰਗਲੈਂਡ

ਗੁਰੂ ਸਾਹਿਬ ਸਿਖ ਧਰਮ ਦਾ ਪਹਿਲਾ ,ਪਵਿਤਰ ,ਧਾਰਮਿਕ ਗਰੰਥ ਹੈ ਤੇ ਸਿਖਾਂ ਲਈ ਗੁਰੂ ਗੋਬਿੰਦ ਸਿੰਘ ਜੀ ਤੋ ਬਾਅਦ 11 ਜਗਦੀ ਜੋਤ ਗੁਰੂ ਸਹਿਬਾਨ ਹਨ ,ਜਿਸ ਵਿਚ 1469 -1708 ਤਕ  ਸਿਖ ਗੁਰੂਆਂ ਦੀ ਰਚੀ ਤੇ ਇੱਕਤਰ ਕੀਤੀ ਬਾਣੀ ਦਾ ਭਰਪੂਰ ਖਜਾਨਾ ਹੈ । ਇਹ ਸੰਸਾਰ  ਦੇ ਧਾਰਮਿਕ ਇਤਿਹਾਸ ਵਿਚ ਪਹਿਲਾ ਪ੍ਰਮਾਣਿਕ ਧਾਰਮਿਕ ਗਰੰਥ ਹੈ ਜਿਸਦੀ ਰਚਨਾ ਪੰਜਵੇਂ  ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਖੁਦ 1601 ਵਿਚ ਆਰੰਭ ਕਰਕੇ  1604 ਵਿਚ ਸੰਪੂਰਨ ਕੀਤੀ ।  ਇਸ ਵਿਚ ਛੇ ਗੁਰੂਆਂ ,ਪਹਿਲੇ ਪੰਜ ਤੇ ਨੌਵੇ ਗੁਰੂ ਸਾਹਿਬਾਨ ਦੀ ਬਾਣੀ, 15 ਭਗਤਾਂ, 11 ਭਟਾਂ ਤੇ ਉਸ ਵੇਲੇ ਦੇ ਗੁਰਸਿਖਾਂ ਦੀ ਬਾਣੀ ਦਾ ਭਰਪੂਰ ਖਜਾਨਾ ਮੌਜੂਦ ਹੈ ।  7 ਸਤੰਬਰ 1604 ਈ ਵਿਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਸ ਮਹਾਨ ਗ੍ਰੰਥ ਦਾ ਪਹਿਲਾ ਪ੍ਰਕਾਸ਼ ਕੀਤਾ । ਬਾਬਾ ਬੁੱਢਾ ਸਾਹਿਬ ਜੀ ਨੂੰ ਇਸਦਾ ਪਹਿਲਾ ਗ੍ਰੰਥੀ ਥਾਪਿਆ ਗਿਆ

 ਗੁਰੂ ਗਰੰਥ ਸਾਹਿਬ ਦੀ ਸੰਪਾਦਨਾ

ਗੁਰੂ ਗਰੰਥ ਸਾਹਿਬ ਦੀ ਸੰਪਾਦਨਾ ਦੇ ਪਿਛੇ ਗੁਰੂ ਅਰਜਨ ਦੇਵ  ਜੀ ਤੇ ਪਹਿਲੇ ਚਾਰ ਗੁਰੂ ਸਾਹਿਬਾਨਾ ਦੀ ਬਾਣੀ ਦੀ ਸਾਂਭ -ਸੰਭਾਲ ਕਰਣਾ, ਕਈ  ਵਰਿਆਂ  ਦੀ ਘਾਲਣਾ ਸੀ । ਜਨਮ ਸਾਖੀਆਂ ਤੇ ਭਾਈ ਗੁਰਦਾਸ ਜੀ ਦੀ ਬਾਣੀ ਤੋਂ ਇਹ ਸੰਕੇਤ  ਮਿਲਦਾ ਹੈ ਕਿ ਗੁਰੂ ਨਾਨਕ ਸਾਹਿਬ ਹਰ ਵਕਤ ਆਪਣੇ ਨਾਲ ਇਕ ਪੋਥੀ ਰਖਦੇ ਜੋ  ਉਹਨਾਂ  ਆਪਣੇ ਰੱਬੀ ਕਲਾਮ ਤੇ ਹੋਰ ਸੂਫ਼ੀ ਸੰਤਾ ਭਗਤਾਂ ਦੀ ਬਾਣੀ ਦਾ ਸੰਗ੍ਰਹਿ ਹੀ ਹੋ ਸਕਦਾ ਹੈ । ਗੁਰੂ ਪਰੰਪਰਾ ਅਨੁਸਾਰ ਹਰ ਗੁਰੂ ਨੇ ਗੁਰਗੱਦੀ ਦੇਣ ਸਮੇ ਇਹ ਪੋਥੀ ਆਪਣੇ ਉਤਰਾਧਿਕਾਰੀ ਨੂੰ ਗੁਰਗੱਦੀ ਦੇ ਨਾਲ ਹੀ ਦਿਤੀ । ਬਾਣੀ ਨੂੰ ਇੱਕਤਰ ਕਰਨ ਦਾ ਪ੍ਰਵਾਹ  ਪੰਚਮ ਪਾਤਸ਼ਾਹ ਤੱਕ ਨਿਰੰਤਰ ਚਲਦਾ ਰਿਹਾ ।
ਬਾਣੀ ਦੀ  ਸੰਪਾਦਨਾ  ਦਾ ਨਿਰਣਾ ਪੰਚਮ ਪਾਤਸ਼ਾਹ ਨੇ ਉਸ ਵੇਲੇ ਲਿਆ ਜਦੋਂ ਬਾਬਾ ਪ੍ਰਿਥੀ ਚੰਦ ਨੇ ਪਿੰਡ ਹੇਹਰੀ ਵਿਚ ਦਰਬਾਰ ਸਾਹਿਬ ਦੀ ਸ਼ਕਲ ਵਿਚ ਹਰਿਮੰਦਰ ਸਾਹਿਬ ਤਲਾਬ ਬਣਾ ਲਿਆ। ਪੋਥੀ ਸਾਹਿਬ ਦੇ ਟਾਕਰੇ ਵਿਚ ਪੋਥੀ ਰਚਕੇ, ਪੀਰ, ਪੈਗੰਬਰਾਂ ਦੀਆਂ ਵਾਰਾ, ਕਥਾ ਰਾਮਾਇਣ, ਮਹਾਭਾਰਤ, ਹਜਰਤ ਮੁੰਹਮਦ ਸਾਹਿਬ, ਅਮਾਮ ਹਸਨ, ਹੁਸੈਨ ਦੀਆਂ ਬਾਣੀਆਂ ਪ੍ਰਚਲਿਤ ਕਰ ਦਿੱਤੀਆ। ਨਾਨਕ ਨਾਉ ਦੀ ਛਾਪ ਲਗਾਣੀ ਸ਼ੁਰੂ ਕਰ ਦਿੱਤੀ।
             ਸੂਰਦਾਸ ਦਾਦੂ ਜਸ ਕੀਨਾ॥ ਕਾਨ ਦਾਮ ਤੇਰੇ ਨਾਮ ਸੰਗ ਲੀਨਾ॥
             ਨੇਤਿ ਨੇਤਿ ਕਰ ਵੇਦ ਸੁਨਾਵੇ॥ ਸੰਤ ਧੂਰ ਨਾਨਕ ਜਨ ਪਾਵੇ॥

 ਪ੍ਰਿਥੀਆ  ਜੋ ਸ਼ੁਰੂ ਤੋਂ ਹੀ ਗੁਰੂ ਘਰ ਦਾ ਵਿਰੋਧੀ ਰਿਹਾ ਤੇ ਉਸਦੇ ਪੁਤਰ  ਮੇਹਰਬਾਨ ਨੇ ਗੁਰੂ ਅਰਜੁਨ ਦੇਵ ਜੀ ਦੇ ਮੁਕਾਬਲੇ ਤੇ ਆਪੋ -ਆਪਣੀ ਰਚਨਾ ਨੂੰ ਗੁਰੂ ਸਹਿਬਾਨਾਂ ਦੀ ਗੁਰਬਾਣੀ ਨਾਲ ਰਲਾਕੇ ਸਿਖਾਂ ਵਿਚ ਪ੍ਰਚਲਤ ਕਰਨਾ ਸ਼ੁਰੂ ਕਰ ਦਿੱਤਾ। ਗੁਰੂ ਨਾਨਕ ਸਾਹਿਬ ਤੋਂ ਬਾਅਦ ਹਰ ਗੁਰੂ ਸਾਹਿਬਾਨ ਨੇ ਆਪਣਾ ਨਾਂ ਦੇਣ ਦੀ ਬਜਾਏ ਆਖਿਰ ਵਿਚ ਨਾਨਕ ਲਾਇਆ। ਜਿਸਦਾ ਫਾਇਦਾ ਉਠਾ ਕੇ ਪ੍ਰਿਥੀਏ ਨੇ ਬਾਣੀ ਨੂੰ ਖੰਡਨ ਕਰਨ ਦੀ ਕੋਸ਼ਿਸ਼ ਕੀਤੀ।  ਹੋਰ ਵੀ ਕਈ ਭੇਖੀ, ਜੋ ਸਿੱਖੀ ਦੇ ਵਿਰੋਧੀ ਸੀ, ਸਿੱਖੀ ਦੇ ਉਪਦੇਸ਼, ਅਸੂਲਾਂ , ਸਿਧਾਂਤਾ,ਨਿਸਚਿਆਂ ਦੇ ਆਦਰਸ਼ਾਂ  ਵਿਚ ਹੇਰ ਫੇਰ ਕਰ ਸਕਦੇ ਸੀ।
ਸੋ ਗੁਰੂ ਸਾਹਿਬ ਨੇ ਇਥੇ ਹੀ ਇਸਤੇ ਰੋਕ ਲਗਾਉਣ ਲਈ ਤੇ ਗੁਰਬਾਣੀ ਨੂੰ ਸ਼ੁਧ ਤੇ ਆਪਣਾ ਅਸਲੀ ਰੂਪ ਦੇਣ ਲਈ ਜਿਸ ਵਿਚ ਏਕਤਾ, ਸਾਂਝੀਵਾਲਤਾ, ਊਚ-ਨੀਚ, ਜਾਤ-ਪਾਤ ਤੇ ਹੋਰ ਫਿਰਕਿਆਂ ਦਾ ਭੇਦ-ਭਾਵ ਨਾ ਹੋਵੇ, ਚਾਰੋ ਗੁਰੂ ਸਾਹਿਬਾਨਾ, ਉਨ੍ਹਾਂ ਦੀ ਆਪਣੀ ਬਾਣੀ ਤੇ ਹੋਰ ਭਗਤਾ ਦੀ  ਬਾਣੀ ਨੂੰ ਲਿਖਤੀ ਰੂਪ ਦੇ ਕੇ ਇਕ ਗ੍ਰੰਥ ਸਾਹਿਬ ਦੀ ਸਥਾਪਨਾ ਕਰਨ ਦਾ ਫੈਸਲਾ ਕਰ ਲਿਆ।ਬਾਣੀ ਨੂੰ ਇੱਕਤਰ ਕਰਨ ਦੇ ਮੁਖ ਸਰੋਤ ਬਾਬਾ ਮੋਹਰੀ ਜੀ ਦੇ ਪੁਤਰ ਸੰਗਰਾਮ , ਬਾਬਾ ਸੁੰਦਰ ਜੀ ਤੇ ਗੁਰੂ ਘਰ ਦੇ ਸਮਕਾਲੀ ਰਾਗੀ -ਰਬਾਬੀ ਤੇ ਉਸ ਵੇਲੇ ਦੇ ਭੱਟ ,ਭਗਤ ,ਸੰਤ ,ਸੂਫ਼ੀ ਤੇ ਫਕੀਰ ਸਨ ।
ਪਹਿਲੇ ਚਹੂੰਆਂ  ਗੁਰੂ ਸਾਹਿਬਾਨਾ ਦੀ ਬਾਣੀ ਨੂੰ ਇਕੱਠਾ ਕੀਤਾ ਫਿਰ ਆਪਣੀ ਬਾਣੀ, ਫਿਰ  ਸੰਤਾਂ  ਭਗਤਾ ,ਸਿਖਾਂ ਤੇ ਭਟਾਂ ਦੀ ਬਾਣੀ ਨੂੰ ਵੀ ਗੁਰੂ ਸਾਹਿਬਾਨਾ ਦੀ ਬਾਣੀ ਦੇ ਬਰਾਬਰ  ਥਾਂ ਦਿਤੀ , ਉਹ ਬਾਣੀ ਜੋ ਗੁਰੂ ਸਾਹਿਬ ਦੀ ਕਸੌਟੀ ਤੇ ਖਰੀ ਉਤਰਦੀ ਹੋਵੇ। ਦਰਜ ਕਰਨ ਲਗਿਆ ਕਿਸੇ ਭਗਤ ਦੀ ਕੋਈ ਜਾਤ-ਪਾਤ, ਅਮੀਰੀ, ਗਰੀਬੀ, ਊਚ-ਨੀਚ, ਕਿਤਾ, ਇਲਾਕਾ, ਹਦ, ਸਰਹਦ ਨੂੰ ਅਧਾਰ ਨਹੀਂ ਬਣਾਇਆ। ਕੇਵਲ ਤੇ ਕੇਵਲ ਸਾਂਝੀਵਾਲਤਾ ਤੇ ਆਦਰਸ਼ਾ ਨੂੰ ਮੁਖ ਰਖਕੇ, ਅਕਾਲ ਪੁਰਖ ਤੇ ਵਿਸ਼ਵਾਸ ਰਖਣਾ ਮੰਨਿਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭਗਤ ਬਾਬਾ ਫਰੀਦ (ਸੂਫੀ ਮੂਸਲਮਾਨ), ਰਵਿਦਾਸ (ਚਮਾਰ), ਧੰਨਾ (ਜੱਟ), ਕਬੀਰ (ਜੁਲਾਹਾ), ਸੈਨ (ਨਾਈ), ਨਾਮਦੇਵ (ਬਿਠਲ ਭਗਤ), ਸੂਰਦਾਸ (ਕ੍ਰਿਸ਼ਨ ਭਗਤ) ਆਦਿ ਭਾਰਤ ਦੇ ਵੱਖ ਵੱਖ ਭਾਗਾਂ, ਜਾਤਾਂ, ਧਰਮਾਂ ਦੇ ਸਨ ਜਿਨ੍ਹਾਂ ਦੀਆਂ ਰਚਨਾਵਾਂ ਦੇ ਵੱਖ ਵੱਖ ਫੁੱਲਾਂ ਨਾਲ ਗੁੰਦਿਆ ਗੁਲਦਸਤਾ ਹੈ ਜਿਸ ਵਿਚੋਂ ਇਕੋ ਇਕ ਅਕਾਲ ਪੁਰਖ, ਪਰਮਾਤਮਾ ਦੀ ਮਹਿਕ ਆਉਂਦੀ ਹੈ ਜੋ ਮਨੁੱਖ ਨੂੰ ਰੂਹਾਨੀ ਸਰੂਰ ਵਿਚ ਰੰਗ ਦਿੰਦੀ ਹੈ। ਸਭ ਭਗਤਾਂ ਨੂੰ ਗੁਰੂ ਸਾਹਿਬਾਨ ਨੇ  ਬਰਾਬਰ ਸਨਮਾਨ ਦਿੱਤਾ ਗਿਆ ਹੈ। ਵੱਖਰੇਪਣ ਦੀ ਕੋਈ ਭਾਵਨਾ ਨਹੀਂ। ਨੀਚ ਕਹਿ ਕੇ ਦੁਰਕਾਰੇ ਲੋਕਾਂ ਦੀ ਭਾਸ਼ਾ ਨੂੰ ਪੂਰਾ ਪੂਰਾ ਮਾਣ ਸਤਿਕਾਰ ਦਿੱਤਾ ਗਿਆ ਹੈ ਜੋ ਗੁਰੂ ਸਹਿਬਾਨਾ ਨਾਲ ਤੇ ਹੋਰ ਬਾਣੀ ਦੇ  ਰਚਨਕਾਰਾਂ ਨਾਲ ਬਰਾਬਰ ਖਲੋਤੇ ਹਨ।

ਇਨ੍ਹਾ  ਭਗਤਾਂ ਵਿਚ ਕੋਈ ਹਿੰਦੂ ,ਕੋਈ ਮੁਸਲਮਾਨ , ਕਿਸੇ ਦੀ ਬੋਲੀ ਬ੍ਰਿਜ ਹੈ  ,  ਤੇ ਕਿਸੇ ਦੀ ਬੋਲੀ ਤੇ ਸੰਸਕ੍ਰਿਤ ਦਾ ਅਸਰ ਹੈ , ਕਿਸੇ ਵਿਚ ਫ਼ਾਰਸੀ ਦਾ ਪ੍ਰਭਾਵ ਝਲਕਦਾ ਹੈ । ਇਹੀ ਕਾਰਨ ਹੈ ਕਿ ਗਰੰਥ ਸਾਹਿਬ ਵਿਚ ਸ਼ਾਮਿਲ ਬਾਣੀ ਦੇਸ਼ ਦੇ ਵਖ ਵਖ ਭਾਗਾਂ ਵਿਚ ਪ੍ਰਚਲਿਤ ਬੋਲੀਆਂ, ਉਪ੍ਬੋਲੀਆਂ ਜਿਵੇਂ ਲਹਿੰਦੀ ਪੰਜਾਬੀ , ਬ੍ਰਿਜ ਭਾਸ਼ਾ , ਖੜੀ ਬੋਲੀ ,ਸੰਸਕ੍ਰਿਤ ਅਤੇ ਫ਼ਾਰਸੀ ਦਾ ਸੰਗ੍ਰਹਿ ਹੈ ।  ਗੁਰੂ ਗ੍ਰੰਥ ਸਾਹਿਬ ਕੇਵਲ ਧੁਰ ਕੀ ਬਾਣੀ-ਅਕਾਲ ਪੁਰਖ ਦੀ ਬਾਣੀ ਦੇ ਨਾਲ ਨਾਲ ਸੂਫੀ, ਸੰਤਾਂ, ਭਗਤਾ ਤੇ ਭਟਾਂ  ਦੇ ਹਿਰਦਿਆਂ ਵਿਚੋਂ ਨਿਕਲਿਆ ਉਸ ਅਕਾਲ ਪੁਰਖ ਲਈ ਪਿਆਰ ਤੇ ਸ਼ਰਧਾ ਦਾ ਪ੍ਰਗਟਾਵਾ ਹੈ।
ਇਸ ਮਹਾਨ ਕਾਰਜ ਲਈ ਗੁਰੂ ਸਾਹਿਬ ਨੇ ਉਚੇਚਾ ਇਕਾਂਤ ਵਿਚ ਥਾਂ, ਜਿਥੇ ਜੰਡ,ਬੋਹੜ, ਅਜੀਰ ਤੇ ਪਿਪਲ ਦੇ ਦਰਖਤਾਂ ਦੀ ਛਾਂ ਤੇ ਹਰਿਆਵਲੀ ਸੀ, ਜਿਥੇ ਰਾਮਸਰ ਸਰੋਵਰ ਦੀ ਖੁਦਾਈ ਕਰਵਾਈ ਸੀ, ਉਸਦੇ ਕੰਢੇ ਤੇ ਸੰਮਤ 1603 ਵਿਚ ਭਾਈ ਗੁਰਦਾਸ ਜੀ ਤੇ  ਕੁਝ ਹੋਰ ਸਿੱਖਾਂ ਦੀ ਮਦਦ ਨਾਲ ਲਿਖਾਈ ਆਰੰਭ ਕੀਤੀ। ਬਾਬਾ ਬੁੱਢਾ ਸਾਹਿਬ ਨੂੰ ਅੰਮ੍ਰਿਤਸਰ ਟਿਕਾਣਾ ਕਰਨ ਲਈ ਕਿਹਾ ਤਾਂ ਕਿ ਆਈਆਂ ਸੰਗਤਾਂ ਨੂੰ ਉਪਦੇਸ਼ ਦਿੰਦੇ ਰਹਿਣ। ਭਾਂਈ ਬੰਨੋ ਤੇ ਕੁਝ ਹੋਰ ਸਿੱਖਾਂ ਤੋਂ ਇਸ ਬੀੜ ਦੇ ਕਈ ਹੋਰ ਉਤਾਰੇ ਤਿਆਰ ਕਰਵਾਏ, ਤਾਂਕਿ ਦੁਰਾੜੇ ਬੈਠੀਆਂ ਸੰਗਤਾਂ ਵੀ ਇਸਦਾ ਰਸ ਮਾਣ ਸਕਣ, ਜਿਲਦ ਦੀ  ਸੇਵਾ ਲਈ ਭਾਈ ਬੰਨੋਂ ਨੂੰ ਲਾਹੌਰ ਭੇਜਿਆ ।
ਆਦਿ ਗਰੰਥ ਸਾਹਿਬ ਨੂੰ ਚਾਰ ਹਿੱਸਿਆ ਵਿਚ ਵੰਡਿਆ। ਪਹਿਲਾ ਪ੍ਰਸਤਾਵਨਾ, ਫਿਰ ਰਾਗਾਂ ਵਿਚ ਬਾਣੀ, ਰਾਗਾਂ ਤੋਂ ਬਾਹਰ ਸਲੋਕ, ਸਹਸਕ੍ਰਿਤੀ, ਗਾਥਾ, ਫੁਨੇਹ ਚਉਬੋਲੇ, ਸਵਈਏ ਅਤੇ ਆਖਿਰ ਵਿਚ ਸਲੋਕ ਵਾਰਾਂ  ਤੇ ਵਧੀਕ ਲਿਖਕੇ ਮੁੰਦਾਵਣੀ ਦੀ ਮੋਹਰ ਲਗਾ ਦਿੱਤੀ। ਬਾਣੀ ਹੇਠ ਲਿਖੇ ਤੀਹ ਰਾਗਾਂ ਵਿਚ ਲਿਖੀਆਂ ਹਨ ।  ਇਕ ਰਾਗ ਜੈ ਜੈ ਵੰਤੀ 31 ਵਾਂ ਰਾਗ,  ਬਾਅਦ ਵਿਚ  ਗੁਰੂ ਗ੍ਰੰਥ ਸਾਹਿਬ ਦਾ ਅੰਗ ਬਣਿਆ ਜਦੋਂ ਗੁਰੂ ਗੋਬਿੰਦ ਸਿੰਘ ਨੇ ਦਮਦਮੀ ਬੀੜ ਤਿਆਰ ਕਰਵਾਈ , ਗੁਰੂ ਤੇਗ ਬਹਾਦਰ ਦੀ ਬਾਣੀ ਸ਼ਾਮਲ ਕਰਦਿਆਂ  ਇਸ ਰਾਗ ਨੂੰ ਵੀ ਸ਼ਾਮਲ ਕੀਤਾ ।   –

ਸਿਰੀ ਰਾਗ(14-93)

ਮਾਝ ਰਾਗੁ(94-150)

ਗਉੜੀ ਰਾਗੁ(151-346)

ਆਸਾ ਰਾਗੁ(347-488)

ਗੂਜਰੀ ਰਾਗੁ(489-526)

ਦੇਵਗੰਧਾਰੀ ਰਾਗੁ(527-536)

ਬਿਹਾਗੜਾ ਰਾਗੁ(537-556)

ਵਡਹੰਸ ਰਾਗੁ (557-594)

ਸੋਰਠ ਰਾਗੁ (595-659)

ਧਨਾਸਰੀ ਰਾਗੁ (660-695)

ਜੈਤਸਰੀ ਰਾਗੁ (696-710)

ਟੋਡੀ ਰਾਗੁ (711-718)

ਬੈਰਾੜੀ ਰਾਗੁ (719-720)

ਤਿਲੰਗ ਰਾਗੁ (721-727)

ਸੂਹੀ ਰਾਗੁ (728-794)

ਬਿਲਾਵਲ ਰਾਗੁ (795-858)

ਗੌਂਡ ਰਾਗੁ (854-875)

ਰਾਮਕਲੀ ਰਾਗੁ (876-974)

ਨਟ ਨਰਾਇਣ ਰਾਗੁ (975-983)

ਮਾਲਿ ਗਉੜਾ ਰਾਗੁ (984-988)

ਮਾਰੂ ਰਾਗੁ(989-1106)

ਤੁਖਾਰੀ ਰਾਗੁ (1107-1117)

ਕੇਦਾਰ ਰਾਗੁ (1118-1124)

ਭੈਰਉ ਰਾਗੁ(1125-1167)

ਬਸੰਤੁ ਰਾਗੁ (1158-1196)

ਸਾਰੰਗ ਰਾਗੁ (1197-1253)

ਮਲਾਰ ਰਾਗੁ (1254-1293)

ਕਾਨੜਾ ਰਾਗੁ (1294-1318)

ਕਲਿਆਣ ਰਾਗੁ (1319-1326)

ਪਰਭਾਤੀ ਰਾਗੁ (1327-1351)

ਜੈਜਾਵੰਤੀ ਰਾਗੁ (1352-1353)

ਸਲੋਕ ਸਹਸਕ੍ਰਿਤੀ(1353-1360)

ਗਾਥਾ,ਫ਼ੁਨਹੇ ਤੇ ਚਉਬੋਲੇ(1360-1364)

ਸਲੋਕ ਕਬੀਰ(1364-1377)

ਸਲੋਕ ਫ਼ਰੀਦ(1377-1384)

ਸਵੱਈਏ(1385-1409)

ਸਲੋਕ ਵਾਰਾਂ ਤੌਂ ਵਧੀਕ(1410-1429)

ਮੁੰਦਾਵਣੀ ਤੇ ਰਾਗਮਾਲਾ(1429-1430)

ਸ਼ੁਰੂਆਤ ਗੁਰੂ ਨਾਨਕ ਸਾਹਿਬ ਦੀ ਬਾਣੀ ਜਪੁਜੀ ਸਾਹਿਬ ਤੋਂ ਕੀਤੀ ਜੋ ਉਨ੍ਹਾਂ ਨੇ ਆਪਣੀ ਹੱਥੀ ਲਿਖੀ। ਪਹਿਲੇ ਚਾਰ ਗੁਰੂ ਸਾਹਿਬਾਨ ਦੇ ਸ਼ਬਦ ਫਿਰ ਆਪਣੀ ਬਾਣੀ-ਸਿਰਲੇਖ ਵਿਚ ਨਾਂ ਸਿਰਫ ਗੁਰੂ ਨਾਨਕ ਸਾਹਿਬ ਦਾ ਲਿਖਿਆ- ਉਸਤੋਂ ਬਾਅਦ ਗੁਰੂ ਸਾਹਿਬਾਨਾ ਦੀ ਸਾਰੀ ਬਾਣੀ ਮਹੱਲਾ-(ਜਾਮਾ) 1-2-3-4-5 ਇਸ ਤਰਤੀਬ ਨਾਲ ਛੰਦ, ਅਸਰਟਪਦੀਆਂ ਤੇ ਲੰਮੀਆ ਬਾਣੀਆਂ ਲਿਖੀਆ। ਫਿਰ ਭਗਤਾ, ਸਿਖਾ ਤੇ ਭਟਾਂ  ਦੀਆਂ ਬਾਣੀਆਂ ਦਰਜ ਕੀਤੀਆ।  ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਵਿੱਚੋਂ 22 ਰਾਗਾਂ ਵਿੱਚ ਭਗਤਾਂ ਦੀ ਬਾਣੀ ਹੈ। ਭਗਤਾਂ ਦੇ ਸਾਰੇ ਸ਼ਬਦ 349 ਹਨ, ਅਤੇ ਭਗਤ-ਬਾਣੀ ਵਿੱਚ 3 ਸ਼ਬਦ ਗੁਰੂ ਅਰਜਨ ਸਾਹਿਬ ਜੀ ਦੇ ਭੀ ਹਨ ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭਗਤ ਬਾਬਾ ਫਰੀਦ (ਸੂਫੀ ਮੂਸਲਮਾਨ), ਰਵਿਦਾਸ (ਚਮਾਰ), ਧੰਨਾ (ਜੱਟ), ਕਬੀਰ (ਜੁਲਾਹਾ), ਸੈਨ (ਨਾਈ), ਨਾਮਦੇਵ (ਬਿਠਲ ਭਗਤ), ਸੂਰਦਾਸ (ਕ੍ਰਿਸ਼ਨ ਭਗਤ) ਆਦਿ ਭਾਰਤ ਦੇ ਵੱਖ ਵੱਖ ਭਾਗਾਂ, ਜਾਤਾਂ, ਧਰਮਾਂ ਦੇ ਸਨ ਜਿਨ੍ਹਾਂ ਦੀਆਂ ਰਚਨਾਵਾਂ ਦੇ ਵੱਖ ਵੱਖ ਫੁੱਲਾਂ ਨਾਲ ਗੁੰਦਿਆ ਗੁਲਦਸਤਾ ਹੈ ਜਿਸ ਵਿਚੋਂ ਇਕੋ ਇਕ ਅਕਾਲ ਪੁਰਖ, ਪਰਮਾਤਮਾ ਦੀ ਮਹਿਕ ਆਉਂਦੀ ਹੈ ਜੋ ਮਨੁੱਖ ਨੂੰ ਰੂਹਾਨੀ ਸਰੂਰ ਵਿਚ ਰੰਗ ਦਿੰਦੀ ਹੈ। ਸਭ ਭਗਤਾਂ ਨੂੰ ਗੁਰੂ ਸਾਹਿਬਾਨ ਨੇ  ਬਰਾਬਰ ਸਨਮਾਨ ਦਿੱਤਾ ਗਿਆ ਹੈ। ਵੱਖਰੇਪਣ ਦੀ ਕੋਈ ਭਾਵਨਾ ਨਹੀਂ। ਨੀਚ ਕਹਿ ਕੇ ਦੁਰਕਾਰੇ ਲੋਕਾਂ ਦੀ ਭਾਸ਼ਾ ਨੂੰ ਪੂਰਾ ਪੂਰਾ ਮਾਣ ਸਤਿਕਾਰ ਦਿੱਤਾ ਗਿਆ ਹੈ ਜੋ ਗੁਰੂ ਸਹਿਬਾਨਾ ਨਾਲ ਤੇ ਹੋਰ ਬਾਣੀ ਦੇ  ਰਚਨਕਾਰਾਂ ਨਾਲ ਬਰਾਬਰ ਖਲੋਤੇ ਹਨ।

ਭਗਤ ਦੀ ਬਾਣੀ  

ਭਗਤ ਕਬੀਰ ਜੀ – 224 ਸਲੋਕ 

ਭਗਤ ਨਾਮਦੇਵ ਜੀ – 61    “

ਭਗਤ ਰਵਿਦਾਸ ਜੀ – 40   “

ਭਗਤ ਤਿਰਲੋਚਨ ਜੀ – 4   “

ਭਗਤ ਫਰੀਦ ਜੀ – 4+132″      

ਭਗਤ ਬੈਣੀ ਜੀ – 3             “

ਭਗਤ ਧੰਨਾ ਜੀ – 3             “

ਭਗਤ ਜੈਦੇਵ ਜੀ – 2           “

ਭਗਤ ਭੀਖਣ ਜੀ- 2           ” 

ਭਗਤ ਸੂਰਦਾਸ ਜੀ – 1       “

ਭਗਤ ਪਰਮਾਨੰਦ ਜੀ – 1    “

ਭਗਤ ਸੇਂਣ  ਜੀ – 1             “

ਭਗਤ ਪੀਪਾ ਜੀ – 1            “

ਭਗਤ ਰਾਮਨੰਦ ਜੀ – 1       “

ਭਗਤ ਸਧਨਾ ਜੀ – 1          “

ਗੁਰੂ ਅਰਜਨ ਦੇਵ ਜੀ – 3    “

ਫਿਰ 11 ਭਟਾ ਦੀ ਬਾਣੀ,
ਕਲਸਹਾਰ, ਜਾਲਪ, ਕੀਰਤ, ਭਿਖੀਮਲ, ਸੱਲ ,ਭੱਲ, ਨੱਲ, ਬੱਲ, ਗਯੰਦ ਹਰਬੰਸਿ, ਮਥੁਰਾ ।
   4 ਸਿੱਖਾਂ ਦੀ ਬਾਣੀ ਬਾਬਾ ਸੁੰਦਰ ਜੀ , ਸਤਾ, ਬਲਵੰਡ, ਭਾਈ ਮਰਦਾਨਾ ।
ਸਭ ਤੋਂ ਵੱਧ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ। 5894 ਸਲੋਕਾਂ ਵਿਚੋਂ 2216 ਸਲੋਕ ਗੁਰੂ ਅਰਜਨ ਦੇਵ ਜੀ ਦੇ ਹਨ। ਗੁਰੂ ਅਰਜਨ ਸਾਹਿਬ ਵਕਤ ਇਹ ਸਲੋਕ 5762 ਸਨ ਬਾਅਦ ਵਿਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਰਜ ਕੀਤੀ ਗਈ । ਬੋਲੀ ਸੁਗਮ ਤੇ ਸਰਲ ਰਖੀ ਗਈ ਤਾਂਕਿ ਹਰ ਕੋਈ ਇਸ ਨੂੰ ਪੜ੍ਹ  ਕੇ ਵਿਚਾਰ ਸਕੇ। ਇਹੋ ਸੰਸਾਰ ਨੂੰ ਵਿਲਾਸੀ ਤੇ ਨਿਰਾਸੀ ਜੀਵਨ ਤੋਂ ਹਟਾ ਕੇ ਸਿਧੇ ਰਸਤੇ ਪਾਉਣ ਤੇ ਸੰਗਤ ਨੂੰ ਸ਼ਬਦ ਨਾਲ ਜੋੜਨ ਦਾ ਇਕੋ ਇਕ ਤਰੀਕਾ ਸੀ।
ਘੋੜੀਆ, ਅਲਾਹੁਣੀਆਂ, ਕਰਹਲਾ, ਵਣਜਾਰਾ, ਥਿਤੀਵਾਰ, ਬਾਰਹ ਮਾਹ, ਸੁਚਜੀ, ਕੁਚਜੀ, ਗੁਣਵੰਤੀ, ਲਾਵਾ, ਚਉਬੋਲੇ, ਫੁਨਹੇ, ਸ਼ਾਮਲ ਕਰਕੇ ਬਾਣੀ ਨੂੰ ਨਿਤ ਦੇ ਜੀਵਨ ਦਾ ਅੰਗ ਬਣਾ ਦਿੱਤਾ। ਸ਼ਬਦ ਦੀ ਗਿਣਤੀ ਦੇ ਅੰਕੜੇ ਆਪਣੀ ਹਥੋਂ ਪਾਏ ਤਾ ਕਿ ਕਿਸੇ ਥਾਂ ਤੇ ਕੋਈ ਰਲਾ ਨਾ ਪਾ ਸਕੇ।
ਇਹ ਇਕ ਐਸਾ ਗ੍ਰੰਥ ਹੈ ਜਿਸ ਵਿਚ ਸਿਆਸੀ, ਆਰਥਿਕ, ਸਮਾਜਿਕ, ਧਾਰਮਿਕ, ਪਰਮਾਰਥਿਕ, ਵਿਦਿਅਕ ਤੇ ਹਰ ਇਨਸਾਨੀ ਮਸਲੇ ਦਾ ਹਲ ਹੈ। ਊਚ-ਨੀਚ ਤੇ ਕਰਮ ਕਾਂਡਾ ਦੀ ਪਰਿਭਾਸਾ ਨੂੰ ਕੋਈ ਥਾਂ ਨਹੀਂ ਦਿੱਤੀ। ਦੇਸ਼, ਵਿਦੇਸ਼ ਹਦਾਂ ਸਰਹੱਦਾ ਤੇ ਵਖ ਵਖ ਨਸਲਾ ਦੀਆਂ ਸਾਰੀਆਂ ਵਿਥਾਂ  ਮਿਟਾਕੇ -ਹਿੰਦੂ, ਮੁਸਲਮਾਨ, ਅਖੌਤੀ ਅਛੂਤਾ ਦੇ ਪਾਵਨ ਬਚਨਾ ਨੂੰ ਇੱਕੋ ਥਾਂ ਦਿੱਤੀ ਹੈ।
ਮੇਟਕਫ ਲਿਖਦਾ ਹੈ  ਸੰਸਾਰ ਦੇ ਵੱਡੇ ਵੱਡੇ ਧਰਮਾ ਦੇ ਆਗੂ ਹੋਏ ਹਨ ਉਨ੍ਹਾਂ ਵਿਚੋਂ ਕੋਈ ਵੀ ਆਪਣੀ ਇਕ ਪੰਗਤੀ ਵੀ ਲਿਖੀ ਛੱਡਕੇ ਨਹੀਂ ਗਿਆ। ਸਿਰਫ ਉਨ੍ਹਾਂ ਦੇ ਪ੍ਰਚਾਰ ਜਾ ਪ੍ਰਚਲਤ ਰਵਾਇਤਾ ਤੇ ਪਤਾ ਲਗਦਾ ਹੈ। ਪਰ ਸਿਖ ਗੁਰੂ ਸਾਹਿਬਾਨਾ ਦੀ ਬਾਣੀ ਹੈ ਜੋ ਉਨ੍ਹਾਂ ਦੀ ਆਪਣੀ ਹਥ ਲਿਖੀ ਹੈ’।
 .ਟੀਨਬੀ  ਨੇ ਕਿਹਾ ਹੈ ,” ਜਦ ਕਦੇ ਧਰਮ ਦੀ ਮਹਾ ਗ੍ਰੰਥ ਦੀ ਸਭਾ ਹੋਈ ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਬੜੀ ਗਹੁ ਨਾਲ ਸੁਣੀ ਜਾਏਗੀ’। 
ਰਾਧਾਕ੍ਰਿਸ਼ਨਾ ,” ਜਦ ਵੀ ਇਹ ਬਾਣੀ ਗੂੰਜੀ ,ਸਾਗਰਾ ਦੀਆਂ ਵਿਥਾਂ  ਤੇ ਪਹਾੜਾ ਦੀਆਂ ਰੋਕਾਂ  ਇਸਦੇ ਅੱਗੇ ਸਭ ਮੁਕ ਜਾਣਗੀਆਂ ।
 ਟਰੰਪ ‘‘ਗੁਰੂ ਗ੍ਰੰਥ ਸਾਹਿਬ ਨੂੰ ਭਾਰਤੀ ਸਭਿਅਤਾ ਦਾ ਖਜਾਨਾ ਕਹਿੰਦੇ ਹਨ। ਇਸ ਵਿਚ ਪ੍ਰੀਤਮ ਦੀ ਬਿਰਹੋ ਬਬੀਹ ਦੀ ਕੂਕ, ਨਵ-ਵਿਆਹੀਆਂ ਦੀਆਂ ਜੋਬਨ ਉਮੰਗਾਂ, ਰੁਤਾ ਦੀ ਰੰਗੀਲੀ ਛਹਿਬਰ, ਕੁਦਰਤ ਦੇ ਅਨੁਪਮ ਦ੍ਰਿਸ਼, ਭਗਤਾ ਦੀ ਤੜਪ, ਭਿੰਨੜੀ ਰੈਣ, ਗੁਰਦਰਸਨਾਂ ਦੀ ਝਲਕ, ਮਿਤਿਹਾਸਕ ਗਾਥਾ ਤੇ ਉਨ੍ਹਾਂ ਦੇ ਵਰਤੋਂ ਦੇ ਕਈ ਰੰਗ ਮਿਲਦੇ ਹਨ। 
ਮੇਟਕਾਫ਼ ਇਕ ਥਾਂ ਲਿਖਦਾ ਹੈ’ ‘‘ਹੁਨਾਲੇ ਦੀ ਗਰਮੀ, ਸਿਆਲੇ ਦੇ ਕਕਰ, ਅਕਾਸ਼ ਦੀ ਜਲਾਲੀ, ਸੁੰਦਰਤਾ, ਪਿੰਡਾ ਦੇ ਵਸਨੀਕਾ ਦੇ ਦੁਖ, ਸਿੱਖਾਂ ਵਿਚ ਗੁਰੂ ਜੀ ਨੂੰ ਕਰਤਾ ਪੁਰਖ ਦਾ ਸਨੇਹਾ ਪ੍ਰਤੱਖ ਨਜ਼ਰ ਆਉਦਾ ਹੈ’।
 ਪ੍ਰੋ ਪਿਆਰਾ ਸਿੰਘ ,” ਅਗਰ ਇਸ ਬਾਣੀ ਨੂੰ ਗੁਰੂ ਮੰਨ ਕੇ ਕੋਈ ਨਾ ਵੀ ਪੜੋ ਤਾਂ ਵੀ ਇਸਦੇ ਸਹਿਤਕ ਸੁਆਦ ਅਗੇ ਉਸਨੂੰ ਸਿਰ ਝੁਕਾਣਾ ਪੈਦਾ ਹੈ। ਇਹ ਪਹਿਲਾ ਗ੍ਰੰਥ ਹੈ ਜਿਸ ਵਿਚ ਦੇਸ਼ਾ ਨਸਲਾ ਦੀਆਂ ਸਾਰੀਆਂ ਵਿਥਾ ਮਿਟਾਕੇ ਹਿੰਦੂ ਮੁਸਲਮਾਨ, ਛੂਤ, ਅਛੂਤਾ ਦੇ ਪਾਵਨ ਤੇ ਰੂਹਾਨੀ ਬਚਨਾਂ ਨੂੰ ਇਕੋ ਸਥਾਨ ਦਿੱਤਾ ਹੈ’। ਇਹ ਸਾਰਾ ਕਾਰਜ ਅਗਸਤ 1604 ਨੂੰ ਸੰਪੂਰਨ ਹੋਇਆ। ਇਸ ਆਦਿ ਹਥ ਲਿਖਤ ਦੇ 974 ਪਕੇ ਪੱਤਰੇ ਹਨ। ਦੋ ਹਫਤੇ ਭਾਈ ਬੰਨੋ ਨੂੰ ਜਿਲਦ ਲਈ ਲਾਹੌਰ ਭੇਜਿਆ ਗਿਆ।
7 ਸਤੰਬਰ 1604 ਦਾ ਦਿਨ ਪ੍ਰਕਾਸ਼ ਲਈ ਮਿਥਿਆ ਗਿਆ। ਸੰਗਤਾਂ ਨੂੰ ਹੁਕਮਨਾਮੇ ਭੇਜੇ ਗਏ।ਨਿਸਚਿਤ ਦਿਨ ਰਾਮਸਰ ਦੇ ਉਸ ਪਵਿੱਤਰ ਅਸਥਾਨ ਤੇ ਸੰਗਤਾਂ ਹੁਮ-ਹੁਮਾ ਕੇ  ਪਹੁੰਚੀਆਂ। ਪੋਥੀ ਦੀ ਸੇਵਾ ਸੰਭਾਲ ਦਾ ਕੰਮ ਬਾਬਾ ਬੁੱਢਾ ਜੀ ਨੂੰ ਸੌਂਪਿਆ ਗਿਆ, ਜੋ ਹਰ ਤਰ੍ਹਾਂ ਤੋਂ ਕਾਬਲ ਤੇ ਪ੍ਰੇਮ-ਪਿਆਰ ਨਾਲ ਇਸ ਅਮੋਲਕ ਖਜਾਨੇ ਦੀ ਸੰਭਾਲ ਕਰਣ ਵਾਲੇ ਸੀ। ਉਹ ਗੁਰੂ ਘਰ ਦਾ ਹਿੱਸਾ ਸਨ। ਪਹਿਲੇ ਚਾਰ ਗੁਰੂਆਂ ਦੇ ਦਰਸਨ ਤਾਂ ਕੀਤੇ ਹੀ ਸਨ, ਨਾਲ ਨਾਲ ਗੁਰੂ  ਘਰ ਦੀਆਂ ਅਨੇਕਾਂ ਸਮਿਸਿਆਵਾ ਨੂੰ ਉਹਨਾਂ ਨੇ ਬੁੱਧੀ ਤੇ ਬਲ ਨਾਲ ਨਿਪਟਾਇਆ ਸੀ।
 ਜਦੋਂ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ ਤਾਂ ਅੰਮ੍ਰਿਤਸਰ ਦੀ ਆਮ ਸਤਹ ਤੋਂ ਨੀਂਵਾ ਰੱਖਿਆ ਗਿਆ। ਜਦੋਂ ਬਾਬਾ ਬੁੱਢਾ ਜੀ ਨੇ ਸਵਾਲ ਕੀਤਾ ਕਿ ਮੰਦਰਾ, ਮਸਜਿਦ ਤੇ ਮਸੀਤਾ ਹਮੇਸ਼ਾ ਉੱਚੀ ਜਗਹ ਤੇ ਬਣਦੀਆਂ ਹਨ । ਤੁਸੀਂ ਇਸਨੂੰ ਨੀਵੇਂ ਥਾਂ ਕਿਉਂ ਰੱਖਿਆ ਹੈ ਤਾ ਗੁਰੂ ਸਾਹਿਬ ਨੇ ਕਿਹਾ ਕਿ ਹਰੀ (ਪਰਮਾਤਮਾ) ਨੀਵੀਂਆਂ ਨੂੰ ਹੀ ਮਿਲਦਾ ਹੈ। ਗੁਰੂ ਗਰੰਥ ਸਾਹਿਬ ਦੀ ਸਥਾਪਨਾ ਵਕਤ ਬਾਬਾ ਬੁੱਢਾ ਜੀ ਨੇ ਆਪਣੇ ਸੀਸ ਤੇ ਗਰੰਥ ਸਾਹਿਬ ਨੂੰ ਆਸਣ ਦਿੱਤਾ ਹੋਇਆ ਸੀ ।  ਗੁਰੂ ਸਾਹਿਬ ਆਪ ਚਉਰ ਝਲਦੇ ਨੰਗੇ ਪੈਰੀਂ , ਫੁਲਾਂ ਦੀ ਵਰਖਾ ,ਇਤਰ ਦਾ ਛਿੜਕਾਓ,ਨਗਾਰਿਆਂ ਦੀ ਅਵਾਜ਼ ਨਾਲ  ਪਿੱਛੇ ਢੋਲਕੀ ਛੈਣੇ ਵਜਾਦੀਆਂ ਸੰਗਤਾਂ ਸ਼ਬਦ ਪੜਦੀਆਂ  ਆ ਰਹੀਆਂ  ਸਨ । ਹਰਿਮੰਦਰ ਸਾਹਿਬ ਵਿਚ ਰਾਗੀਆਂ ਦਾ ਕੀਰਤਨ ਉਹ ਨਜ਼ਾਰਾ ,ਘੜੀਆਂ ਪਲਾਂ ਨੂੰ ਚਿਤਵਦੇ ਮੰਨ ਵਿਸਮਾਦ ਵਿਚ ਚਲਾ ਜਾਂਦਾ ਹੈ । ਇਸ ਤਰ੍ਹਾਂ ਇਹ ਨਗਰ ਕੀਰਤਨ ਦੇ ਰੂਪ ਵਿਚ ਰਾਮਸਰ ਦੀ ਪਵਿੱਤਰ ਧਰਤੀ ਤੋਂ ਹਰਿਮੰਦਰ ਸਾਹਿਬ ਪੁਜਾ ਜਿਹੜੀ ਰਵਾਇਤ ਅਜ ਤਕ ਕਾਇਮ ਹੈ।
ਅਗਲੇ ਦਿਨ ਪੋਥੀ ਸਾਹਿਬ ਦੀ ਸਥਾਪਨਾ ਕੀਤੀ ਜਾਣੀ ਸੀ । ਸਵੇਰੇ ਦੀਵਾਨ ਲਗੇ ਆਸਾ ਦੀ ਵਾਰ ਦਾ ਕੀਰਤਨ ਹੋਇਆ । ਭੋਗ ਤੇ ਅਰਦਾਸ ਉਪਰੰਤ ਪੋਥੀ ਸਾਹਿਬ ਦੀ ਮਹੱਤਤਾ ਨੂੰ ਸਮਝਾਇਆ ਗਿਆ ਜੋ ਗ੍ਰਹਿਸਤ ਸੰਸਾਰ ਸਾਗਰ ਤੇ ਤਰਨ ਲਈ ਜਹਾਜ ਸਮਾਨ ਹੈ ਜੋ ਚਿਤ ਲਾਕੇ ਇਸਨੂੰ ਪੜੇਗਾ, ਸੁਣੇਗਾ ਤੇ ਵਿਚਾਰੇਗਾ ਉਹ ਅਰਾਮ ਨਾਲ ਭਵ ਸਾਗਰ ਤੋਂ ਤਰ ਜਾਏਗਾ। ਉਨਾਂ ਨੇ ਫੁਰਮਾਇਆ ਸਤਿਗੁਰੂ ਦਾ ਸਰੀਰ ਹਰ ਸਮੇਂ ਕੋਈ ਨਹੀਂ ਦੇਖ ਸਕਦਾ, ਨਾ ਹੀ ਸਦਾ ਰਹਿਣ ਵਾਲਾ ਹੈ। ਇਹ ਗ੍ਰੰਥ ਗੁਰੂ ਦਾ ਹਿਰਦਾ ਹੈ ਜਿਸਨੂੰ ਹਰ ਵੇਲੇ ਦੇਖਿਆ ਤੇ ਪੇਖਿਆ ਜਾ ਸਕਦਾ ਹੈ। ਉਨ੍ਹਾ  ਨੇ ਇਹ ਵੀ ਹਿਦਾਇਤ ਦਿਤੀ ਕਿ ਇਸਦਾ ਕੋਈ ਅਖਰ, ਲਗ ਮਾਤ੍ਰ ਵਧ ਘਟ ਕਰਨ ਦੀ ਜੁਅਰਤ ਨਾ ਕਰੇ ।
        ” ਆਪ ਤੇ ਘਾਟ ਨਾ ਬਾਧ ਕਰੇ ਜੋ ਕਰੈ ਹੋਇ ਮੂਰਖ ਸੋ ਪਛਤਾਈ “
        ਹਰ ਸਮੇ ਖੁਸ਼ੀ ਗਮੀ ਵਿਚ ਇਸਦਾ ਸਹਾਰਾ ਲੈਣ ਦੀ ਹਿਦਾਇਤ ਦਿਤੀ ।
ਪਹਿਲਾ ਪ੍ਰਕਾਸ਼ 7 ਸਤੰਬਰ 1604,  ਨੂੰ ਹਰਿਮੰਦਰ ਸਾਹਿਬ ਵਿਖੇ ਹੋਇਆ ਜਿਸਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਥਾਪੇ ਗਏ। ਪਹਿਲਾ ਹੁਕਮਨਾਮਾ ਸੀ
            ਸੰਤਾ ਕੇ ਕਾਰਜ ਆਪ ਖਲੋਇਆ॥
           ਹਰ ਕੰਮ ਕਰਵਣਿ ਆਇਆ ਰਾਮ ।।

ਰਾਤ ਨੂੰ ਕੀਰਤਨ ਸੋਹਿਲਾ ਦਾ ਪਾਠ ਹੋਇਆ ,ਅਰਦਾਸ ਉਪਰੰਤ ਉਸ ਕੋਠੜੀ ਜਿਥੇ ਗੁਰੂ ਸਾਹਿਬ ਦਾ ਨਿਵਾਸ ਅਸਥਾਨ ਸੀ,  ਗਰੰਥ ਸਾਹਿਬ ਜੀ ਨੂੰ ਸਤਿਕਾਰ ਸਹਿਤ ਪੁਜਾਇਆ ਗਿਆ ਜਿਥੇ ਨਵੇਂ ਪਲੰਘ ਉਤੇ ਸੁਚੇ ਬਸਤਰ ਵਿਛਾ ਕੇ ਸੁਖ-ਆਸਨ ਕੀਤਾ ਗਿਆ ।  ਗੁਰੂ ਸਾਹਿਬ ਆਪ ਧਰਤੀ ਤੇ ਸੁਤੇ  ਇਸ ਤੋਂ ਪਤਾ ਲਗਦਾ ਹੈ ਕਿ ਗੁਰੂ ਸਾਹਿਬ ਦੇ ਹਿਰਦੇ ਅੰਦਰ ਬਾਣੀ ਦਾ ਕਿਤਨਾ ਨਿਰਮਲ ਭੈ ਤੇ ਉਚਾ ਸਤਿਕਾਰ ਸੀ 
ਗੁਰੂ ਘਰ ਦੇ ਵਿਰੋਧੀਆਂ ਕੋਲੋਂ ਇਹ ਸਭ ਬਰਦਾਸ਼ਤ ਨਹੀਂ ਹੋਇਆ। ਉਨ੍ਹਾਂ ਨੇ ਅਕਬਰ ਨੂੰ ਸ਼ਿਕਾਇਤ ਕੀਤੀ। ਇਨ੍ਹਾਂ ਵਿਚ ਉਹ ਲੋਕ ਵੀ ਸ਼ਾਮਲ ਸਨ ਜਿਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਥਾਂ ਨਹੀਂ ਸੀ ਦਿੱਤੀ ਗਈ ਜਿਵੇਂ ਕਾਨਾ, ਪੀਲੂ, ਛੰਜੂ ਤੇ ਹਸਨ। ਉਨ੍ਹਾਂ ਨੇ ਅਕਬਰ ਨੂੰ ਕਿਹਾ ਕਿ ਗੁਰੂ ਅਰਜਨ ਦੇਵ ਜੀ ਨੇ ਇਕ ਗ੍ਰੰਥ ਦੀ ਸਥਾਪਨਾ ਕੀਤੀ ਹੈ। ਜਿਸ ਵਿਚ ਮੁਸਲਮਾਨ ਪੀਰ ਪੈਗੰਬਰਾਂ, ਆਗੂਆਂ, ਹਿੰਦੂ ਅਵਤਾਰਾ ਤੇ ਦੇਵੀ ਦੇਵਤਿਆਂ ਦੀ ਨਿੰਦਾ ਕੀਤੀ ਗਈ ਹੈ ।  1605 ਦੇ ਅਰੰਭ ਵਿਚ ਅਕਬਰ ਬਟਾਲਾ ਆਇਆ। ਅਕਬਰ ਗੁਰੂ ਸਾਹਿਬ ਪ੍ਰਤੀ ਅਕੀਦਤ ਦਾ ਭਾਵ ਰਖਦਾ ਸੀ। ਉਸਨੇ ਸਾਜੀ ਬੀੜ ਦੇ ਦਰਸ਼ਨ ਕਰਨ ਲਈ ਇਛਾ ਪਰਗਟ ਕੀਤੀ। ਬਾਬਾ ਬੁੱਢਾ ਤੇ ਭਾਈ ਗੁਰਦਾਸ ਜੀ ਬੜੇ ਆਦਰ ਸਹਿਤ ਬੀੜ ਅਕਬਰ ਦੇ  ਦਰਬਾਰ ਵਿਚ ਲੈ ਕੇ ਗਏ। ਅਕਬਰ ਨੇ ਕੁਝ ਸ਼ਬਦ ਸੁਣਾਉਣ ਲਈ ਕਿਹਾ।
 (1) ਅਲਹ ਅਗਮ ਖੁਦਾਇ, ਬੰਦੇ, ਛੋਡ ਖਿਆਲ ਦੁਨੀਆਂ ਕੇ ਧੰਧੇ॥
        ਹੋਇ ਪੈ ਖਾਕ ਫਕੀਰ ਮੁਸਾਫਰ॥ ਇਹ ਦਰਵੇਸ ਕਬੂਲ ਦਰਾ॥
  (2) ਖਾਕ ਨੂਰ ਕਰਦੰ ਆਲਮ ਦੁਨਿਆਈ ਅਸਮਾਨ ਜਿਮੀ ਦਰਖਤ
          ਆਬ ਪੈਦਾਇਸ ਖੁਦਾਇ ਬੰਦੈ ਚਸਮ ਦੀਦੇ ਫਨਾਇ।                     
         ਦੁਨੀਆਂ ਮੁਰਦਾਰ ਖੁਰਦਨੀ ਗਾਫਲ ਹਵਾਇ।
         ਵਿਰੋਧੀਆਂ ਨੇ ਅਕਬਰ ਨੂੰ ਆਪਣੀ ਦਸੀ ਥਾਂ ਤੋਂ ਵਾਕ ਸੁਣਾਉਣ ਲਈ ਕਿਹਾ।
  (3) ਅਵਲ ਅਲਾ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ।
          ਏਕ ਨੂਰ ਤੋਂ ਸਭ ਜਗ ਉਪਜਿਆ ਕਉਨ ਭਲੇ ਕੋ ਮੰਦੇ॥
          ਇਕ ਹੋਰ ਸਫਾ ਫੋਲਿਆ।
 (4) ਕੋਈ ਬੋਲੇ ਰਾਮ ਰਾਮ ਕੋਈ ਖੁਦਾਇ॥
         ਕੋਈ ਸੇਵੇ ਗੁਸਿਯਾਂ ਕੋਈ ਅੱਲ੍ਹਾਹੇ
ਵੈਰੀਆਂ ਦੇ ਮੂੰਹ ਫਿਕੇ ਪੈ ਗਏ। ਅਕਬਰ ਸਿੰਘਾਸਨ ਤੋਂ ਉਠਿਆ, 500 ਮੋਹਰਾਂ ਮਥਾ ਟੇਕਿਆ। ਬਾਬਾ ਬੁੱਢਾ ਤੇ ਭਾਈ ਗੁਰਦਾਸ ਨੂੰ ਦੁਸ਼ਾਲੇ ਭੇਟ ਕੀਤੇ ਤੇ ਗੁਰੂ ਸਾਹਿਬ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਤੇ ਓਹ ਮਿਲੇ ਵੀ ।

ਗੁਰੂ ਨਾਨਕ ਦੇਵ ਜੀ

ਗੁਰੂ ਨਾਨਕ ਸਾਹਿਬ ਨੇ ਬਾਣੀ ਨੂੰ ਗੁਰੂ ਮੰਨਿਆ । ਅਸਲ  ਵਿਚ ਸ਼ਬਦ ਹੀ ਗੁਰੂ ਹੈ ਜਿਸ ਰਾਹੀਂ ਪ੍ਰਮਾਤਮਾ ਦੇ ਗੁਣ ਵਿਚਾਰੇ ਜਾ ਸਕਦੇ ਹਨ । ਸਿਧਾਂ ,ਜੋਗੀਆਂ ,ਸੰਨਆਸਿਆਂ ਨੇ ਵੀ ਗੁਰੂ ਨਾਨਕ ਸਾਹਿਬ ਦੇ ਇਸ ਸਿਧਾਂਤ ਨੂੰ ਪ੍ਰਵਾਨ ਕੀਤਾ । ਸ਼ਬਦ ਦੀ ਮਹੱਤਤਾ  ਨੂੰ ਸਦੀਵ-ਕਾਲ ਬਣਾਈ ਰਖਣ ਲਈ ਜੋਤੀ ਜੋਤ ਸਮਾਣ ਤੋ ਪਹਿਲਾਂ ਆਪਣੀ ਉਚਾਰੀ ਬਾਣੀ ਤੇ ਭਗਤਾਂ ਦੀ ਉਦਾਸੀਆਂ ਸਮੇ ਇਕੱਤਰ ਕੀਤੀ ਬਾਣੀ ਗੁਰੂ ਅੰਗਦ ਦੇਵ ਜੀ ਦੇ ਹਵਾਲੇ ਕਰ ਦਿਤੀ ।
                  ਤਿਤੁ ਮਹਲ ਜੋ ਸ਼ਬਦ ਹੋਆ ਸੋ ਪੋਥੀ ਗੁਰੂ ਅੰਗਦ ਜੋਗਿ ਮਿਲੀ
                                                           (ਪੁਰਾਤਨ ਜਨਮ ਸਾਖੀ)

ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਜਪੁ ਜੀ , ਮਾਝ ਦੀ ਵਾਰ, ਪੱਟੀ, ਆਸਾ ਦੀ ਵਾਰ, ਸਿੱਧ ਗੋਸ਼ਟਿ, ਬਾਰਾਂ ਮਾਹ ਤੇ ਮਾਝ ਦੀ ਵਾਰ ਵੱਡੇ ਆਕਾਰ ਦੀਆਂ ਹਨ।ਗੁਰੂ ਜੀ ਦੀ ਰਚਿਤ ਆਸਾ ਦੀ ਵਾਰ ਵਿੱਚ 32 ਅਸ਼ਟਪਦੀਆਂ, 5 ਛੰਦ, 24 ਪਉੜੀਆਂ, 45 ਸਲੋਕ ਅਤੇ 30 ਪਦ ਹਨ।ਗੂਜਰੀ ਵਿੱਚ 2 ਪਦ, 9 ਅਸ਼ਟਪਦੀਆਂ ਹਨ।ਸੋਰਠਿ ਵਿੱਚ 12 ਪਦ, 4 ਅਸ਼ਟਪਦੀਆਂ, 2 ਸਲੋਕ ਹਨ।ਧਨਾਸਰੀ ਵਿੱਚ 9 ਪਦ, 2 ਅਸ਼ਟਪਦੀਆਂ, 3 ਛੰਦ ਹਨ।ਰਾਮਕਲੀ ਵਿੱਚ 11 ਪਦ, 9 ਅਸ਼ਟਪਦੀਆਂ ਤੇ 19 ਸਲੋਕ ਹਨ।

ਜਪੁਜੀ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਉੱਤਮ ਤੇ ਸ਼ੇ੍ਸ਼ਟ ਰਚਨਾ ਹੈ। ਇਸ ਦੀਆਂ 38 ਪੋੜੀਆਂ ਹਨ ਤੇ 2 ਸਲੋਕ ਹਨ। ਜਪੁਜੀ, ਸਿੱਧ ਗੋਸ਼ਟਿ ਵਰਗੇ ਪ੍ਰਬੰਧ ਕਾਵਿ ਲਿਖ ਕੇ ਗੁਰੂ ਜੀ ਨੇ ਸਿੱਧ ਕਰ ਦਿੱਤਾ ਕਿ ਜਨ ਸਾਧਾਰਣ ਦੀ ਬੋਲੀ ਵੀ  ਯੋਜਨਾਬੱਧ ਕਾਵਿ ਦੀ ਰਚਨਾ ਕਰਨ ਦੇ ਸਮੱਰਥ ਹੋ ਸਕਦੀ ਹੈ ।

ਗੁਰੂ ਅੰਗਦ ਦੇਵ ਜੀ 

ਗੁਰੂ ਅੰਗਦ ਦੇਵ ਜੀ  ਨੇ 63 ਸਲੋਕਾਂ ਦੀ ਰਚਨਾ ਕੀਤੀ ਹੈ। ਜੋ ਕਿਸੇ ਰਾਗੁ ਅਧੀਨ ਨਹੀਂ ਆਉਂਦੇ ਬਲਕਿ ਹੋਰ ਗੁਰੂ ਕਵੀਆਂ ਦੀਆਂ ਵਾਰਾਂ ਦੇ ਨਾਲ ਅੰਕਿਤ ਕੀਤੇ ਗਏ ਹਨ।

ਗੁਰੂ ਅਮਰਦਾਸ

ਤੀਸਰੇ ਗੁਰੂ , ਸ੍ਰੀ ਗੁਰੂ ਅਮਰਦਾਸ ਜੀ ਨੇ ਸ਼ਬਦ ਨੂੰ ਨਾ ਸਮਝਣ ਵਾਲੇ ਜੀਵਨ ਨੂੰ ” ਸ਼ਬਦੁ

ਨਾ ਜਾਣਹਿ ਸੇ ਅੰਨੇ ਬੋਲੇ ਕਿਤੁ ਆਏ ਸੰਸਾਰਾ ਆਖ ਕੇ ਝੰਨਝੋੜਿਆ ਤੇ ਸਿਖਾਂ ਨੂੰ ਪ੍ਰੇਰਨਾ ਦਿੰਦੇ ਆਖਿਆ ,”
                   ਆਵਹੁ ਸਿਖ ਸਤਿਗੁਰੁ ਕੇ ਪਿਆਰਿਹੋ ਗਾਵਹੁ ਸਚੀ ਬਾਣੀ

 ਆਪ ਦੁਆਰਾ 18 ਰਾਗਾਂ ਵਿੱਚ ਬਾਣੀ ਰਚੀ ਗਈ,  ਭਿੰਨ-ਭਿੰਨ ਰਾਗਾਂ ਵਿੱਚ ਰਚਿਤ 171 ਚਉਪਦੇ, 91 ਅਸ਼ਟਪਦੀਆਂ 85 ਪਉੜੀਆਂ ਤੇ 305 ਸਲੋਕ ਹਨ।  ਬਾਣੀ ਦਾ ਵੇਰਵਾ ਇਸ ਪ੍ਰਕਾਰ ਹੈ:- ਤਿਪਦੇ, ਚਉਪਦੇ, ਪੰਚ ਪਦੇ, ਅਸ਼ਟਪਦੀਆਂ, ਸੋਹਿਲੇ ਅਤੇ ਬਹਪਦੇ। ਸ਼ਲੋਕ, ਪਉੜੀਆਂ ਤੇ ਵਾਰਾਂ ਛੰਤ, ਕਾਫ਼ੀਆਂ ਪੱਟੀ, ਅਲਾਹੁਣੀਆਂ, ਵਾਰ ਸਤ (ਸਤਵਾਰਾ), ਅੰਨਦ ਗੁਜਰੀ, ਸੂਹੀ, ਰਾਮਕਲੀ ਅਤੇ ਮਾਰੂ-ਰਾਗਾਂ ਵਿੱਚ ਆਪ ਦੁਆਰਾ ਰਚਿਤ ਚਾਰ ਵਾਰਾਂ ਹਨ। ਕਬੀਰ ਤੇ ਫਰੀਦ ਦੇ ਸ਼ਲੋਕਾਂ ਵਿੱਚ ਕ੍ਰਮਵਾਰ ਇੱਕ ਤੇ ਤਿੰਨ ਸ਼ਲੋਕ ਟਿੱਪਣੀ ਵਜੋਂ ਅੰਕਿਤ ਹਨ। ਆਪ ਦੇ 67 ਸ਼ਲੋਕ, ‘ਸ਼ਲੋਕ ਵਾਰਾਂ ਤੋਂ ਵਧੀਕ` ਦੇ ਅੰਤਰਗਤ ਹਨ। ਗੁਰੂ ਅਮਰਦਾਸ ਜੀ ਦੀ ਸਾਰੀ ਬਾਣੀ 17 ਰਾਗਾ ਵਿਚ ਹੈ ।

ਗੁਰੂ ਰਾਮਦਾਸ ਜੀ

ਚੌਥੇ ਗੁਰੂ ਸ੍ਰੀ ਗੁਰੂ ਰਾਮ ਦਾਸ ਜੀ ਨੇ ਸ਼ਬਦ ਰੂਪ ਬਾਣੀ ਨੂੰ ਪਰਤਖਿ ਗੁਰੂ ਦਾ ਦਰਜਾ ਦਿਤਾ ।
                ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅਮ੍ਰਿਤ ਸਾਰੇ

ਗੁਰੂ ਰਾਮਦਾਸ ਜੀ ਨੇ  30 ਰਾਗਾਂ ਚ ਬਾਣੀ ਦੀ ਰਚਨਾਂ ਕੀਤੀ ਹੈ। ਆਪ ਨੇ 678 ਸ਼ਬਦਾ ਦੀ ਰਚਨਾ ਕੀਤੀ ਹੈ। ਆਪ ਨੇ ਕੁੱਲ 264 ਸ਼ਬਦਾਂ, 58 ਅਸ਼ਟਪਦੀਆਂ, 38 ਛੰਤਾਂ, 183 ਪਉੜੀਆਂ, ਤੇ ਵਾਰਾਂ ਨਾਲ ਅੰਕਿਤ 105 ਸਲੋਕਾਂ ਤੇ ਅਠ ਵਾਰਾਂ ਦੀ ਰਚਨਾ ਕੀਤੀ ਹੈ ਇਸਤੋਂ ਇਲਾਵਾ

ਕੁੱਝ ਹੋਰ ਲੋਕ ਕਾਵਿ ਰੂਪ ਵਿਚ ਛੰਦ ਤੇ ਕਰਹਲੇ ਦੋ ਰਾਗਾਂ ਵਿਚ ਤੇ  ਘੋੜੀਆਂ ਤੇ ਪਹਿਰੇ ਵੀ ਲਿਖੇ

ਗੁਰੂ ਅਰਜਨ ਦੇਵ

ਕੁੱਲ ਸ਼ਬਦ 2218 ਸੰਕਲਿਤ ਕੀਤੇ। ਗੁਰੂ ਜੀ ਨੇ 30 ਰਾਗਾਂ ਚ ਬਾਣੀ ਰਚੀ। ਸ੍ਰੀ ਗੁਰੂ ਗ੍ਰੰਥ ਸਹਿਬ ਵਿਚ ਦਰਜ ਸ਼ਬਦ = 1322 ਅਸ਼ਟਪਦੀਆਂ, 45 ਛੰਤ, 6 ਵਾਰਾਂ ,117 ਪਉੜੀਆਂ ਵਾਰਾਂ ਵਿਚਲੇ ਸਲੋਕ, 252 ਭਾਗਤ ਬਾਣੀ ਵਿੱਚ ਸ਼ਬਦ, 3 ਸਲੋਕ ਸਹਸਕ੍ਰਿਤੀ, 67 ਗਾਥਾ ਮਹੱਲਾ ਪੰਜਵਾਂ, 24 ਫੁਨਹੇ ਮਹੱਲਾ ਪੰਜਵਾਂ, 23 ਸਲੋਕ ਵਾਰਾਂ ਤੇ ਵਧੀਕ, 22 ਮੁੰਦਾਵਣੀ ਤੇ ਅੰਤਿਮ ਸਲੋਕ 2 ।

30 ਰਾਗਾਂ ਦੇ ਨਾਲ ਨਾਲ  ਇਹਨਾਂ ਵਾਰਾਂ ਦੇ ਆਰੰਭ ਵਿਚ ਨਿਰਦੇਸ਼ ਵਜੋਂ ਇਹਨਾਂ ਨੂੰ ਗਾਉਣ ਦੀ ਧੁਨੀ ਵੀ ਲਿਖੀ ਗਈ ਹੈ। ਜਿਸ ਤੋਂ ਇਸ ਦੇ ਲੋਕਵਾਰ ਜਾਂ ਅਧਿਆਤਮਕ ਵਾਰ ਹੋਣ ਦਾ ਸਪੱਸ਼ਟ ਝਲਕਾਰਾਂ ਪੈਂਦਾ ਹੈ। ਇਹਨਾਂ ਵਾਰਾਂ ਵਿਚ ਵੱਖ-ਵੱਖ ਬੋਲੀਆਂ ਅਤੇ ਭਾਸ਼ਾਵਾਂ ਦਾ ਪ੍ਰਭਾਵ ਸਪਸ਼ਟ ਹੁੰਦਾ ਹੈ। ਇਸਤੋਂ ਇਲਾਵਾ ਗੁਰੂ ਸਾਹਿਬ ਦੀਆਂ ਕੁਝ ਸੁਤੰਤਰ ਬਾਣੀਆਂ ਵੀ ਹਨ। ਜਿੰਨ੍ਹਾਂ ਵਿਚ ਬਾਰਾਮਾਂਹਾ, ਬਾਵਨ ਅੱਖਰੀ, ਸੁਖਮਨੀ, ਥਿਤੀ, ਪਹਿਰੇ, ਦਿਨ-ਰੈਣ, ਬਿਰਹੜੇ, ਗੁਣਵੰਤੀ, ਰੁੱਤੀ, ਅੰਜਲੀਆਂ ਆਦਿ ਬਾਣੀਆਂ ਸ਼ਾਮਲ ਹਨ। ਜਿਹਨਾਂ ਨੂੰ ਮੁਕਤਕ ਬਾਣੀਆਂ ਦੀ ਵਿਸ਼ੇਸਤਾ ਦਿੱਤੀ ਜਾਂਦੀ ਹੈ।
ਗੁਰੂ ਸਾਹਿਬ ਦੀ ਸਮੁੱਚੀ ਬਾਣੀ ਦਾ ਵਿਸ਼ਾ ਖੇਤਰ ਬਹੁਤ ਵਿਸ਼ਾਲ ਹੈ। ਇਸ ਵਿਚ ਪਰਮਾਤਮਾ, ਜੀਵ ਆਤਮਾ, ਸ੍ਰਿਸਟੀ, ਮੁਕਤੀ, ਧਰਮ ਸਾਧਨਾ, ਯੁੱਗ ਪ੍ਰਸਥਿਤੀਆਂ ਦਾ ਬੜਾ ਗੰਭੀਰ ਅਤੇ ਧਾਰਮਿਕ ਚਿਤਰਣ ਹੋਇਆ ਹੈ। ਕਰਮਕਾਂਡਾਂ ਤੇ ਬਾਹਰਲੇ ਦਿਖਾਵੇ ਦਾ ਖੰਡਨ ਇਹਨਾਂ ਵਿਚ ਦੇਖਿਆ ਜਾ ਸਕਦਾ ਹੈ। ਸਮੁੱਚੀ ਬਾਣੀ ਗੁਰੂ ਜੀ ਦੇ ਚਿੰਤਨ ਪੱਥ ਨੂੰ ਉਭਾਰਦੀ ਹੈ, ਜਿਸ ਨਾਲ ਗੁਰੂ ਸਾਹਿਬ ਸਾਡੇ ਸਾਹਮਣੇ ਮਹਾਨ ਰਚਨਾਕਾਰ ਵਜੋਂ ਪ੍ਰਤੱਖ ਹਨ।

 ਗੁਰੂ ਤੇਗ ਬਹਾਦਰ ਜੀ

 ਗੁਰੂ ਤੇਗ ਬਹਾਦਰ ਜੀ ਨੇ  ਨੇ 15 ਰਾਗਾਂ, 59 ਸ਼ਬਦਾ, 57 ਸਲੋਕਾਂ ਦੀ ਰਚਨਾ ਕੀਤੀ। ਗੁਰੂ ਗੋਬਿੰਦ ਸਿੰਘ ਜੀ ਨੇ 1706 ਚ ਭਾਈ ਮਨੀ ਸਿੰਘ ਤੋਂ ਲੇਖਣ ਕਰਵਾਇਆ।

 ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸਦਾ ਸੰਕਲਨ ਕਰਕੇ ਇਸ ਨੂੰ  ਮਹਾਨ ਤੇ ਸਤਿਕਾਰਤ ਥਾਂ ਦਿੱਤੀ। ਬਾਣੀ ਨੂੰ ਹਰਿਮੰਦਰ ਸਾਹਿਬ ਵਿਚ ਸਥਾਪਨਾ ਕਰਕੇ ਮਨੁਖਤਾ ਨੂੰ ਗੁਰਬਾਣੀ ਤੇ ਸੰਗੀਤ ਦੇ ਸੁਮੇਲ ਰਾਹੀਂ ਆਤਮਿਕ ਸ਼ਾਂਤੀ ਦਾ ਤੋਹਫਾ ਪ੍ਰਦਾਨ ਕੀਤਾ। ਜਿਥੇ ਦਿਨ ਰਾਤ ਕੀਰਤਨ ਤੇ ਸੰਗੀਤ ਦੀਆਂ ਮਨੋਹਰ ਧੁਨਾਂ ਗੂੰਜਦੀਆਂ। ਸਰੋਵਰ ਤੋਂ ਉਠਦੀਆਂ ਠੰਢੀਆਂ ਹਵਾਵਾਂ  ਜਿਸ ਨਾਲ ਅੰਦਰ ਬੈਠੀਆਂ ਸੰਗਤਾਂ ਦਾ ਤਨ-ਮਨ ਠੰਢਾ ਹੁੰਦਾ। ਵਿਚਕਾਰ ਇਕ ਮੰਜਿਲ ਤੇ ਚਾਰੇ ਤਰਫ ਦੇ ਮੰਜਲਾ, ਗਰਮੀ-ਸਰਦੀ ਦੋਨੋਂ ਦੇ ਅਨਕੂਲ ਹੋਣਾ। ਸੰਗਤ-ਤੇ ਸੰਗੀਤ ਦੇ ਸਮੈਲ ਵਿਚ 24 ਘੰਟੇ ਕੀਰਤਨ, ਜੋ ਗੁਰੂ ਸਾਹਿਬ ਖੁਦ ਸਿਰੰਦੇ ਵਜਾਕੇ ਕਰਦੇ, ਸੰਗਤ ਨੂੰ ਸਿਖਾਉਂਦੇ ਤੇ ਉਤਸਾਹਿਤ ਕਰਦੇ। ਭਾਵੇਂ ਇਸ ਵਕਤ ਤਕ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਨਹੀਂ ਸੀ ਮਿਲੀ ਪਰ ਬਾਣੀ ਨੂੰ ਗੁਰੂ ਮੰਨਣ ਤੇ ਸਮਝਣ ਦੀ ਗਲ ਤਾਂ ਸਿੱਖ ਧਰਮ ਵਿਚ ਆਰੰਭ ਕਾਲ ਤੋਂ ਹੀ ਸੀ।
 1708 ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ ਭਾਈ ਮਨੀ ਜੀ ਪਾਸੋਂ ਇਸ ਵਿਚ ਨੌਵੇਂ ਗੁਰੂ ਤੇਗ ਬਹਾਦਰ ਜੀ ਦੇ 59 ਸ਼ਬਦ ਤੇ 57 ਸਲੋਕ  ਦਰਜ ਕਰਵਾਕੇ  ਇਸ  ਤੇ ਸੰਪੂਰਨਤਾ ਦੀ ਮੋਹਰ ਲਗਾਈ ਤੇ  ਇਸ ਨੂੰ ਦਮਦਮੀ ਬੀੜ ਕਿਹਾ ਜਾਣ  ਲਗਾ । ਪਹਿਲੀ ਅਕਤੂਬਰ  1708 ਵਿਚ ਆਪਣੇ ਸਚ-ਖੰਡ ਦੀ ਵਾਪਸੀ ਦੇ ਸਮੇਂ ਨਦੇੜ ਵਿਖੇ ਦੇਹਧਾਰੀ ਗੁਰੂ ਦੀ ਹਮੇਸ਼ਾ ਲਈ ਸਮਾਪਤੀ ਕਰਕੇ ਗਿਆਰਵਾਂ ਅਸਥਾਨ ਗੁਰੂ ਗ੍ਰੰਥ ਸਾਹਿਬ ਨੂੰ ਦੇ ਦਿੱਤਾ।
ਗੁਰੂ ਪਾਤਸ਼ਾਹ ਵੱਲੋਂ ਹੋਏ ਹੁਕਮ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹਰ ਸਿੱਖ ਲਈ ਸਤਿਗੁਰੂ ਹਨ ਜਿਨਾ ਵਿਚੋ ਹਰ ਇਨਸਾਨ  ਆਪਣੀਆਂ ਮਾਨਸਿਕ, ਆਤਮਿਕ ਤੇ ਅਧਿਆਤਮਿਕ , ਸਭ ਲੋੜਾਂ ਦੀ ਪੂਰਤੀ ਕਰ ਸਕਦਾ ਹੈ । ਸਮੁੱਚੀ ਗੁਰਬਾਣੀ ਵਿਚ ਮਨੁੱਖਤਾ ਨੂੰ ਇਕਜੁੱਟ ਰਹਿਣ ਦਾ ਸੰਦੇਸ਼ ਹੈ। ਮਾਨਵਤਾ ਨੂੰ ਚੜ੍ਹਦੀ ਕਲਾ, ਸ੍ਵੈ-ਵਿਸ਼ਵਾਸ, ਸਰਬ-ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਦੀ ਭਾਵਨਾ ਹਿੱਤ ਜਿਉਣ ਦੀ ਜਾਂਚ ਦੱਸੀ ਗਈ ਹੈ। ਸਮੁੱਚੀ ਮਾਨਵਤਾ ਨੂੰ ਇਕ ਸਮਾਨ ਸਮਝਣ, ਆਪਸੀ ਵਿਤਕਰਿਆਂ, ਭਿੰਨ-ਭੇਦਾਂ ਤੋਂ ਉੱਪਰ ਉੱਠਣ ਦਾ ਵਾਰ-ਵਾਰ ਸੰਦੇਸ਼ ਦਿਤਾ ਗਿਆ ਹੈ ।
 ਗੁਰੂ ਸਾਹਿਬ ਨੇ ਆਪਣਾ ਵਕਤ ਨਜਦੀਕ ਆਉਣਾ ਜਾਣਕੇ , ਪੰਜ ਪੈਸੇ ਤੇ ਨਾਰੀਅਲ ਮੰਗਵਾਇਆ । ਆਖਿਰੀ ਦੀਵਾਨ ਸਜਿਆ ,  ਗੁਰੂ ਗ੍ਰੰਥ  ਸਾਹਿਬ ਦਾ ਪ੍ਰਕਾਸ਼ ਕੀਤਾ ਪੰਜ ਪੈਸੇ ਤੇ ਨਾਰਿਅਲ ਅਗੇ ਰਖ ਕੇ ਮਥਾ ਟੇਕਿਆ ਤੇ ਗੁਰਗੱਦੀ ਮਰਿਆਦਾ ਅਨੁਸਾਰ ਗੁਰੂ ਗਰੰਥ ਸਾਹਿਬ  ਨੂੰ  ਸੋੰਪ ਦਿਤੀ ਤੇ ਸਿਖਾਂ ਨੂੰ ਸ਼ਬਦ ਦੇ ਲੜ ਲਗਾਕੇ ਜੋ ਕਿ ਉਨ੍ਹਾਂ ਦਾ ਸਿੱਖ ਕੌਮ ਤੇ ਇਕ ਬਹੁਤ ਵਡਾ ਅਹਿਸਾਨ ਹੈ, ਜੋਤੀ ਜੋਤ ਸਮਾ ਗਏ। ਉਥੇ ਉਨ੍ਹਾ ਨੇ ਇਹ ਸ਼ਬਦ ਉਚਾਰਿਆ ਜਿਸਦੀ ਗੂੰਜ  ਅਜ ਵੀ ਹਰ ਗੁਰੁਦਵਾਰੇ ਤੇ ਹਰ ਘਰ ਵਿਚ ਗੂੰਜਦੀ ਹੈ ।
,
           ” ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ
              ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ
              ਗੁਰੂ ਗਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ
              ਜੋ ਪ੍ਰਭ ਕੋ ਮਿਲਬੋ  ਚਾਹੈ ਖੋਜ ਸ਼ਬਦ ਮੇ ਲੇਹ ।।

ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਤੋਂ ਪ੍ਰਾਪਤ ਅਧਿਆਤਮਿਕ ਪਰਉਪਕਾਰਾਂ ਲਈ ਉਨਾ ਦਾ  ਧੰਨਵਾਦ ਕਰਦਿਆਂ ਫ਼ਾਰਸੀ ਵਿਚ ਇਹ ਦੋਹਾ ਉਚਾਰਨ ਕੀਤਾ ।

             ਦੇਗ ਤੇਗ ਫਤਹਿ ਬੇਦਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ

ਸਿਖੀ ਨੂ ਸ਼ਬਦ ਗੁਰੂ ਨਾਲ ਜੋੜ ਦਿਤਾ ਤੇ ਕਿਹਾ ਕੀ ਜੋ ਸਿਖ ਨੂੰ ਗੁਰੂ-ਦਰਸ਼ਨ ਦੀ ਚਾਹ ਹੋਵੇ ਓਹ ਗੁਰੂ ਗਰੰਥ ਸਾਹਿਬ ਦੇ ਦਰਸ਼ਨ ਕਰੇ , ਜੋ ਗੁਰੂ ਸਾਹਿਬ ਨਾਲ ਗਲ ਕਰਨਾ ਚਾਹੇ ਉਹ ਸ੍ਰੀ ਗੁਰੂ ਗਰੰਥ ਸਾਹਿਬ ਨੂੰ ਪੜੇ, ਸਮਝੇ ਤੇ  ਵਿਚਾਰੇ ।  

 ਜੋ ਸਿੱਖ ਗੁਰ ਦਰਸਨ ਕੀ ਚਾਹਿ।

ਦਰਸ਼ਨ ਕਰੇ ਗ੍ਰੰਥ ਜੀ ਆਹਿ॥14॥

ਜੋ ਮਮ ਸਾਥ ਚਾਹੇ ਕਰ ਬਾਤ

ਗ੍ਰੰਥ ਜੀ ਪੜ੍ਹੇ ਸੁਣੇ ਬਿਚਾਰੇ ਸਾਥ॥22॥

 ਹਿਦਾਇਤ ਦਿਤੀ ਕੀ ਅਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਹੀ ਸਿਖਾਂ ਦਾ ਗੁਰੂ ਹੈ ਕੋਈ ਵੀ ਸਿਖ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਜਾਂ ਪ੍ਰਮੇਸ਼ਰ ਮੰਨ ਕੇ ਉਹਨਾ ਦੀ ਪੂਜਾ ਨਾ ਕਰੇ   ਉਨਾ ਦਾ ਅੰਗੀਠਾ ਫੋਲਣ ਦੀ ਕੋਸ਼ਿਸ਼ ਨਾ ਕਰੇ ,  ਸਤਕਾਰ ਵਜੋਂ  ਉਨਾ ਦੀ ਯਾਦਗਾਰ ਨਾ ਉਸਾਰੇ   ਤੇ ਇਹ ਵੀ ਕਿਹਾ ਕੀ ਜੋ ਉਹਨਾ ਨੂੰ ਪ੍ਰਮੇਸ਼ਰ ਜਾਣ ਕੇ ਉਹਨਾ ਦੀ ਪੂਜਾ ਕਰੇਗਾ  ਘੋਰ ਨਰਕ ਨੂੰ ਜਾਏਗਾ ।
               ਜੋ ਹਮ ਕੋ ਪਰਮੇਸੁਰ ਉਚਰਿ ਹੈ
               ਤੋਂ ਸਭ ਨਰਕਿ ਕੁੰਡ ਮਹਿ ਪਰਿਹੈ
               ਮੋ ਕੋ ਦਾਸੁ ਤਵਨ ਕਾ ਜਾਨੋ
               ਯਾ ਮੈ ਭੇਦੁ ਨ ਰੰਚ ਪਛਾਨੋ
               ਮੈ ਹੋ ਪਰਮ ਪੁਰਖ ਕੋ ਦਾਸਾ
               ਦੇਖਨਿ ਆਯੋ ਜਗਤ ਤਮਾਸਾ  
ਗੁਰੂ ਗਰੰਥ ਸਹਿਬ  – ਕੁਲ ਪੰਨੇ ……………………1430
           ਕੁਲ ਸ਼ਬਦ ………………………………..2026
           ਕੁਲ ਰਾਗ…………………………………31
           ਅਸ਼ਟਪਦੀਆਂ …………………………….305
           ਵਾਰਾਂ ……………………………………..22
           ਪੋੜੀਆਂ     ………………………………..471
           ਸਲੋਕ …………………………………….664
           ਗੁਰੂਆਂ ਦੀ ਬਾਣੀ ………………………….6
           ਸਿਖਾਂ ਦੀ ਬਾਣੀ…………………………….3 
           ਭਗਤਾਂ ਦੀ ਬਾਣੀ …………………………..15
           ਭਟਾਂ ਦੀ ਬਾਣੀ …………………………….11
           ਪਹਿਲਾ ਰਾਗ  …………………………….ਸਿਰੀ ਰਾਗ
           ਅੰਤਲਾ ……………………………………ਜੈਜੈਵੰਤੀ

‘ਗੁਰੂ ਗਰੰਥ ਸਾਹਿਬ ਸਦੀਵੀ ਗੁਰੂ ਹਨ’। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੋਤੀ ਜੋਤ ਸਮਾਉਣ ਤੌਂ ਬਾਦ ਸਿਖ ਸਮਾਜ ਦੀ ਇਹੀ ਸੋਚ ਤੇ ਅਕੀਦਾ ਹੈ । ਦਸਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਣ ਤੋਂ ਬਾਅਦ , ਬਾਬਾ ਦੀਪ  ਸਿੰਘ ਜੀ ਨੇ ਇਸਦੇ ਕਈ ਉਤਾਰੇ ਕਰਵਾਏ ਤੇ ਦੂਰ ਦੁਰਾਡੇ ਬੈਠੀਆਂ ਸੰਗਤਾਂ ਵਿਚ  ਵੰਡੇ ।  ਸਿਖਾਂ ਦੇ ਔਕੁੜ ਭਰੇ ਸਮੇਂ ਵੀ,ਜਦੌਂ ਉਨ੍ਹਾਂ ਨੂੰ ਗੈਰ-ਕਨੂੰਨੀ ਕਰਾਰ ਦਿਤਾ ਗਿਆ ਤੇ ਉਨ੍ਹਾਂ ਨੂੰ ਜੰਗਲਾਂ ਵਿੱਚ ਸ਼ਰਨ ਲੈਣੀ ਪਈ,ਸਿਖਾਂ ਦੀ ਸਭ ਤੌਂ ਵਡਮੁੱਲੀ ਸ਼ੈ ਗੁਰੂ ਗਰੰਥ ਸਾਹਿਬ ਹੀ ਸੀ ਜਿਸ ਉੱਤੇ ਉਹਨਾਂ ਨੂੰ ਸਭ ਤੌਂ ਵੱਧ ਮਾਣ ਸੀ ਅਤੇ ਜਿਸ ਨੂੰ ਉਨ੍ਹਾਂ ਨੇ ਜਾਨ ਦੀ ਪਰਵਾਹ ਨਾ ਕਰਦੇ ਹੋਏ ਵੀ ਸਭ ਤੌਂ ਵੱਧ ਮਹਿਫ਼ੂਜ਼ ਰਖਿਆ। ਹੋਰ ਕਿਸੇ ਨੂੰ ਉਨ੍ਹਾਂ ਇਸ ਪਵਿੱਤਰ ਗ੍ਰੰਥ ਸਹਿਬ ਦੀ ਬਰਾਬਰੀ ਨਹੀਂ ਕਰਨ ਦਿਤੀ।
ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿੱਚ,ਜਿਸ ਨੇ ਖਾਲਸਾ ਦੇ ਨਾਂ ਤੇ ਸੁਤੰਤਰ ਸਾਮਰਾਜ ਕਾਇਮ ਕੀਤਾ,ਸ਼ਖਸੀ ਅਚਾਰ ਵਿੱਚਾਰ ਤੇ ਦਰਬਾਰੀ ਕਾਰ ਵਿਹਾਰ ਗੁਰੂ ਗਰੰਥ ਸਾਹਿਬ ਉਦਾਲੇ ਹੀ ਕੇਂਦ੍ਰਿਤ ਸੀ। ਸਿਖਾਂ ਵਾਸਤੇ ਕੇਵਲ ਗੁਰੂ ਗਰੰਥ ਸਾਹਿਬ ਹੀ ਇਕੋ-ਇਕ ਧਾਰਮਿਕ ਇਬਾਦਤ ਦਾ ਮਰਕਜ਼ ਹਨ। ਇਸ ਤੌਂ ਇਲਾਵਾ ਮਨੁੱਖ ਦੀ ਸ਼ਕਲ ਵਿੱਚ ਯਾ ਚਿਨ੍ਹ ਦੀ ਸ਼ਕਲ ਵਿੱਚ ਹੋਰ ਕੁਝ ਵੀ ਨਹੀਂ।

ਵਾਹਿਗੁਰੂ ਜੀ ਕਾ ਖਾਲਸਾ 
ਵਾਹਿਗੁਰੂ ਜੀ ਕੀ ਫਤਹਿ ।।