You are here

ਦਾਖਾ ‘ਚ ਕੌਣ ਤੇ ਜਲਾਲਾਬਾਦ ‘ਚ ਕੌਣ ਮੂਹਰੇ ਹੈ ? ਤੇ ਕਿਉਂ ਹੈ ? -ਗੁਰਪ੍ਰੀਤ ਸਿੰਘ ਮੰਡਿਆਣੀ

ਲੁਧਿਆਣਾ,ਅਕਤੂਬਰ 2019-(ਗੁਰਪ੍ਰੀਤ ਸਿੰਘ ਮੰਡਿਆਣੀ )- 

ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਦੀ ਸਿਆਸੀ ਸਾਂਝ ਭਿਆਲੀ ਵਾਲੀ ਲਗਭਗ ਸਰਵ ਪ੍ਰਵਾਨ ਆਮ ਰਾਏ ਦੇ ਮੱਦੇਨਜ਼ਰ ਇਹ ਅੰਦਾਜ਼ਾ ਤਾਂ ਪਹਿਲਾਂ ਤੋਂ ਹੀ ਸੀ ਕਿ ਦਾਖਾ ਅਤੇ ਜਲਾਲਾਬਾਦ ਦੀ ਚੋਣ ਵੀ ਇਹ ਦੋਵੇਂ ਧਿਰਾਂ ਇੱਕ ਇੱਕ ਸੀਟ ਵੰਡ ਕੇ ਹੀ ਲੜਨਗੀਆਂ।ਇਸ ਤਹਿਤ ਜਲਾਲਾਬਾਦ ਅਕਾਲੀ ਦਲ ਅਤੇ ਦਾਖਾ ਕਾਂਗਰਸ ਦੇ ਖਾਤੇ ਵਿਚ ਜਾਣ ਦੀ ਗੱਲ ਸਿਆਸੀ ਹਲਕਿਆਂ ਵਿਚ ਆਮ ਮੰਨੀ ਜਾਂਦੀ ਸੀ।ਕਿਉਂਕਿ ਪਿਛਲੀਆਂ ਲੋਕ ਸਭਾ ਚੋਣਾਂ ‘ਚ ਜਲਾਲਾਬਾਦ ‘ਚ ਅਕਾਲੀ ਦਲ ਕਾਂਗਰਸ ਤੋਂ ਅਤੇ ਦਾਖਾ ‘ਚ ਕਾਂਗਰਸ ਅਕਾਲੀ ਦਲ ਤੋਂ ਖ਼ਾਸੀ ਮੂਹਰੇ ਰਹੀ ਸੀ।ਫਗਵਾੜਾ ਤੇ ਮੁਕੇਰੀਆਂ ਭਾਜਪਾ ਦੇ ਖਾਤੇ ‘ਚ ਜਾਣ ਕਰਕੇ ਇਨ੍ਹਾਂ ਦੋਵਾਂ ਸੀਟਾਂ ਨੂੰ ਅਮਰਿੰਦਰ–ਬਾਦਲ ਸਮਝੌਤੇ ਤੋਂ ਬਾਹਰ ਮੰਨਿਆ ਜਾਂਦਾ ਹੈ।ਪਰ ਜ਼ਮੀਨੀ ਹਕੀਕਤਾਂ ਉਕਤ ਕਿਆਸ ਅਰਾਈਂਂ ਤੋਂ ਉਲਟ ਦਿਖਾਈ ਦਿੰਦੀਆਂ ਜਾਪਦੀਆਂ ਹਨ।

ਪਹਿਲੇ ਦੌਰ ਦੇ ਪ੍ਰਚਾਰ ਦੌਰਾਨ ਦਾਖੇ ‘ਚ ਅਕਾਲੀ ਦਲ ਅਤੇ ਜਲਾਲਾਬਾਦ ‘ਚ ਕਾਂਗਰਸ ਮੂਹਰੇ ਨਜ਼ਰ ਆਉਂਦੀ ਹੈ।ਜੇ ਸ: ਸੁਖਬੀਰ ਸਿੰਘ ਬਾਦਲ ਦੀ ਖ਼ਾਲੀ ਕੀਤੀ ਹੋਈ ਸੀਟ ਤੋਂ ਅਕਾਲੀ ਦਲ ਹਾਰਦਾ ਹੈ ਤਾਂ ਪਾਰਟੀ ਪ੍ਰਧਾਨ ਦੇ ਵੱਕਾਰ ਨੂੰ ਵੱਡਾ  ਨੁਕਸਾਨ ਪਹੁੰਚੇਗਾ ਤੇ ਜੇ ਦਾਖਾ ਤੋਂ ਮੁੱਖ ਮੰਤਰੀ ਦਾ ਆਪਣਾ ਥਾਪਿਆ ਅਤੇ ਆਪਦੀ ਨਿੱਜੀ ਟੀਮ ਦਾ ਬੰਦਾ ਚੋਣ ਹਾਰਦਾ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਵੱਕਾਰ ਨੂੰ ਡਾਢੀ ਢਾਹ ਲੱਗੇਗੀ। ਇਹਦੇ ਬਾਵਜੂਦ ਹਲਕਿਆਂ ਦੀ ਅਦਲਾ ਬਦਲੀ ਕਿਉਂ ਹੋਈ ਜਾਪ ਰਹੀ ਹੈ? ਇਹਦੀ ਕੋਈ ਖ਼ਾਸ ਪੈੜ ਤਾਂ ਨੱਪੀ ਨਹੀਂ ਗਈ ਪਰ ਇਹਦਾ ਵੱਡਾ ਕਾਰਨ ਜਲਾਲਾਬਾਦ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਦੀ ਖ਼ਾਸ ਅਹਿਮੀਅਤ ਜਾਪਦਾ ਹੈ।ਇੱਥੋਂ ਕਾਂਗਰਸੀ ਉਮੀਦਵਾਰ ਰਮਿੰਦਰ ਆਂਵਲਾ ਦੀ ਇੱਕ ਵੱਡੇ ਘਰ ਨਾਲ ਰਿਸ਼ਤੇਦਾਰੀ ਦਾ ਹੋਣਾ ਵੀ ਉਨ੍ਹਾਂ ਦੀ ਜਿੱਤ ਖ਼ਾਤਰ ਸਾਰੀਆਂ  ਸਿਆਸੀ ਧਿਰਾਂ ਨੂੰ ਮਜਬੂਰ ਕਰ ਸਕਦਾ ਹੈ।ਇਹ ਘਰਾਣਾ ਪੰਜਾਬ ਦੀ ਸਿਆਸਤ ‘ਚ ਇੰਨੀ ਭਾਰੂ ਹੈਸੀਅਤ ਰੱਖਦਾ ਹੈ ਜਿਸ ਨੂੰਨਰਾਜ਼ ਕਰਨਾ ਪੰਜਾਬ ਦੀਆਂ ਵੱਡੀਆਂ ਹਸਤੀਆਂ ਨੂੰ ਵੀ ਵਾਰਾ ਨੀ ਖਾਂਦਾ ।

ਇਸ ਕਰਕੇ ਵੱਡੇ ਹਿਤਾਂ ਖ਼ਾਤਰ ਛੋਟੇ ਹਿੱਤ ਦਰਕਿਨਾਰ ਕਰਨੇ ਪੈ ਸਕਦੇ ਨੇ।   ਦਾਖਾ ਹਲਕੇ ‘ਚ 9 ਅਕਤੂਬਰ ਤੱਕ ਦੀ ਸੂਰਤੇਹਾਲ ਮੁਤਾਬਿਕ ਝੰਡੇ ਅਤੇ ਫਲੈਕਸ ਬੋਰਡਾਂ ਦੀ ਗਿਣਤੀ ‘ਚ ਅਕਾਲੀ ਉਮੀਦਵਾਰ ਕਾਂਗਰਸ ਤੋਂ ਕਿਤੇ ਮੂਹਰੇ ਹੈ।ਸਰਕਾਰ ਅਤੇ ਪੈਸਾ ਹੋਣ ਦੇ ਬਾਵਜੂਦ  ਪਿੰਡਾਂ ‘ਚ ਕਾਂਗਰਸ ਦੇ ਝੰਡੇ ਕਿਸੇ ਟਾਂਵੇਂ ਘਰਾਂ ਤੇ ਹੀ ਦਿਖਾਈ ਦਿੰਦੇ ਨੇ। ਨਾ ਹੀ ਪਿਛਲੀਆਂ ਜ਼ਿਮਨੀ ਚੋਣਾਂ ਵਾਂਗੂ ਸਰਕਾਰੀ ਧਿਰ ਦੇ ਐਮ.ਐਲ ਏ ਤੇ ਵਜ਼ੀਰ ਪਿੰਡਾਂ ‘ਚ ਮੰਜੇ ਡਾਹ ਕੇ ਬੈਠੇ ਨੇ ।

ਦਾਖਾ ‘ਚ ਕਿਸੇ ਹਲਕਾ ਇੰਚਾਰਜ ਦੀ ਬਜਾਇ ਗਰਾਂਟਾਂ  ਤਕਸੀਮ ਕਰਨ ਦਾ ਕੰਮ ਕਾਂਗਰਸੀ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦੇ ਹੱਥੀਂ ਹੀ ਹੁੰਦਾ ਰਿਹਾ ਹੈ ਜਿਸ ਕਰਕੇ ਉਨ੍ਹਾਂ ਦਾ ਕਾਂਗਰਸੀ ਚੋਣ ਮੁਹਿੰਮ ‘ਚ ਸਭ ਤੋਂ ਅਹਿਮ ਰੋਲ ਬਣਦਾ ਹੈ।ਪਰ ਉਨ੍ਹਾਂ ਵੱਲੋਂ ਸਿੱਖ ਬਹੁਗਿਣਤੀ ਵਾਲੀ ਸੀਟ ਦੇ ਚੋਣ ਜਲਸਿਆਂ ‘ਚ ਸ:ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੱਦ ਕਰਨ ਦੀ ਨਿਖੇਧੀ ਕਰਕੇ ਅਕਾਲੀਆਂ ਨੂੰ ਕਾਂਗਰਸ ਤੇ ਵਾਰ ਕਰਨ ਦਾ ਮੌਕਾ ਦੇਣਾ ਕਾਂਗਰਸੀਆਂ ਦੀ ਵੀ ਸਮਝੋ ਬਾਹਰ ਹੈ।   ਕਾਂਗਰਸ ਦਾ ਝੰਡੀ ਪ੍ਰਚਾਰ ਨਾ ਹੋਣਾ ,ਰਵਨੀਤ ਬਿੱਟੂ ਵੱਲੋਂ ਰਾਜੋਆਣਾ ਦਾ ਮੁੱਦਾ ਛੇੜ ਕੇ ਕਾਂਗਰਸੀ ਮੁਹਿੰਮ ਨੂੰ ਪੁੱਠਾ ਗੇੜਾ ਦੇਣ ਵਾਲੀ ਕਾਰਵਾਈ ਅਤੇ ਜ਼ਿਕਰ ਵਿਚ ਆਏ ਪੰਜਾਬ ਦੇ ਅਹਿਮ ਘਰਾਣੇ ਵੱਲੋਂ ਦਾਖਾ ਹਲਕੇ ਦੇ ਅਕਾਲੀ ਉਮੀਦਵਾਰ ਨੂੰ ਖ਼ਾਸ ਤਵੱਜੋ ਦੇਣ ਵਾਲੀਆਂ ਗੱਲਾਂ ,ਜਲਾਲਾਬਾਦ ਦੇ ਦਾਖਾ ਨਾਲ ਦੇ ਵਟਾਂਦਰੇ ਵਾਲੀ ਕਿਆਸ ਅਰਾਈ ਦੇ ਹੱਕ ਵਿਚ ਗਵਾਹੀ ਦਿੰਦੀਆਂ ਜਾਪਦੀਆਂ ਹਨ।

ਜੇ ਆਉਣ ਵਾਲੇ ਦਿਨਾਂ ਦੌਰਾਨ ਹਾਲਾਤ ‘ਚ ਕੋਈ ਵੱਡੀ ਤਬਦੀਲੀ ਨਾ ਦਿਸੀ ਤਾਂ ਸੀਟ ਵਟਾਂਦਰੇ ਵਾਲੀ ਥਿਊਰੀ ਹੋਰ ਪੱਕੇ ਪੈਰੀ ਹੋਏਗੀ ।