338 ਵੇ ਦਿਨ ਜਗਰਾਉਂ ਰੇਲਵੇ ਪਾਰਕ ਉੱਪਰ ਧਰਨਾ ਲਗਾਤਾਰ ਜਾਰੀ
ਜਗਰਾਉਂ, 4 ਸਤੰਬਰ ( ਜਸਮੇਲ ਗ਼ਾਲਿਬ / ਮਨਜਿੰਦਰ ਗਿੱਲ ) 338 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਜਗਰਾਂਓ ਚ ਚੱਲ ਰਹੇ ਕਿਸਾਨ ਸੰਘਰਸ਼ ਮੋਰਚੇ ਚ ਅੱਜ ਧਰਨਾਕਾਰੀਆਂ ਨੇ ਪੰਜਾਬ ਦੀਆਂ ਸਮੁੱਚੀਆਂ ਵੋਟ ਪਾਰਟੀਆਂ ਨੂੰ ਵੋਟ ਪਰਚਾਰ ਤੋਂ ਬਾਜ ਆਉਣ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ਸਮੇਂ ਤੋਂ ਪਹਿਲਾਂ ਅਪਣੀ ਖੁੱਸੀ ਭਲ ਬਹਾਲ ਕਰਾਉਣ ਲਈ ਸ਼ੁਰੂ ਕੀਤੀ ਮਸ਼ਕ ਕਿਸਾਨ ਏਕਤਾ ਨੂੰ ਤੋੜਣ ਦਾ ਸੰਦ ਬਣ ਰਹੀ ਹੈ। ਇਸ ਦੇ ਸਿੱਟੇ ਕਿਸੇ ਵੀ ਤਰਾਂ ਨਾਲ ਕਿਸਾਨ ਸੰਘਰਸ਼ ਦੇ ਪੱਖੀ ਨਹੀਂ ਹੋ ਸਕਦੇ ਸਗੋਂ ਕਿਸਾਨ ਸੰਘਰਸ਼ ਦੇ ਵਿਰੁੱਧ ਜਾਣਗੇ। ਉਨਾਂ ਕਿਹਾ ਕਿ ਸਿਆਸਤਦਾਨ ਜਦੋਂ ਲੋਕਾਂ ਦੇ ਸਵਾਲਾਂ ਤੋਂ ਪੱਲਾ ਬਚਾਉਂਦੇ ਹਨ ਤਾਂ ਫਿਰ ਗੁੰਡਾਗਰਦੀ ਅਤੇ ਧੱਕੇ ਸ਼ਾਹੀ ਤੇ ਉਤਰਦੇ ਹਨ ,ਜਿਸ ਦੀ ਇਜਾਜਤ ਕਦਾਚਿਤ ਨਹੀਂ ਦਿੱਤੀ ਜਾਵੇਗੀ।ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਪ੍ਰਧਾਨਗੀ ਹੇਠ ਚੱਲੇ ਇਸ ਧਰਨੇ ਚ ਬੋਲਦਿਆਂ ਬਲਾਕ ਰਾਏਕੋਟ ਦੇ ਬਲਾਕ ਪ੍ਰਧਾਨ ਰਣਧੀਰ ਸਿੰਘ ਬੱਸੀਆਂ ਨੇ ਦੱਸਿਆ ਕਿ ਅੱਜ ਲੁਧਿਆਣਾ ਜਿਲੇ ਦੇ ਦਰਜਨਾਂ ਪਿੰਡਾਂ ਚੋਂ ਸੈਂਕੜੇ ਕਿਸਾਨ ਮੁਜੱਫਰ ਨਗਰ ਵਿਖੇ ਹੋ ਰਹੀ ਕਾਲੇ ਕਨੂੰਨਾਂ ਵਿਰੋਧੀ ਮਹਾਂਪੰਚਾਇਤ ਚ ਸ਼ਾਮਿਲ ਹੋਣ ਲਈ ਰਵਾਨਾ ਹੋ ਚੁੱਕੇ ਹਨ। ਉਨਾਂ ਕਿਹਾ ਕਿ ਲੱਖਾਂ ਲੋਕਾਂ ਦੀ ਇਹ ਮਹਾਂਪੰਚਾਇਤ ਮੋਦੀ ਯੋਗੀ ਰਾਜ ਦੀਆਂ ਚੂਲਾਂ ਹਿਲਾ ਦੇਵੇਗੀ। ਇਸ ਸਮੇਂ ਅਪਣੇ ਸੰਬੋਧਨ ਚ ਕਿਸਾਨ ਆਗੂ ਹਰਚੰਦ ਸਿੰਘ ਢੋਲਣ ਨੇ ਕਿਹਾ ਕਿ ਮੋਗਾ ਵਿਖੇ ਸੁਖਬੀਰ ਬਾਦਲ ਨੂੰ ਸਵਾਲ ਕਰਨ ਗਏ ਕਿਸਾਨਾਂ ਮਜਦੂਰਾਂ ਤੇ ਲਾਠੀਚਾਰਜ ਕਰਕੇ ਸਖਤ ਜਖਮੀ ਕਰਨ ਅਤੇ ਦੋ ਸੋ ਕਿਸਾਨਾਂ ਮਜਦੂਰਾਂ ਤੇ ਇਰਾਦਾ ਕਤਲ ਦੇ ਕੇਸ ਦਰਜ ਕਰਨ ਖਿਲਾਫ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 8 ਸਿਤੰਬਰ ਨੂੰ ਮੋਗਾ ਡੀ ਸੀ ਦਫਤਰ ਅੱਗੇ ਅਣਮਿੱਥੇ ਸਮੇਂ ਧਰਨੇ ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵਰਕਰ ਵੀ ਵੱਡੀ ਗਿਣਤੀ ਚ ਸ਼ਾਮਲ ਹੋਣਗੇ।ਉਨਾਂ ਸਮੂਹ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਜੇ ਅਜੇ ਵੀ ਇਨਾਂ ਠੱਗਾਂ ਤੋਂ ਕੋਈ ਭਲੇ ਦੀ ਝਾਕ ਕਰਦੇ ਹੋ ਤਾਂ ਇਹ ਤੁਹਾਡਾ ਸਖਤ ਵਹਿਮ ਹੈ।ਉਨਾਂ ਕਿਹਾ ਕਿ ਪਿੰਡਾਂ ਚ ਇਨਾਂ ਲੋਟੂ ਟੋਲਿਆਂ ਨੂੰ ਮੁੰਹ ਲਾਉਣ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਕਿਂਸਾਨ ਏਕਤਾ ਬਣਾ ਕੇ ਰਖਾਂਗੇ ਤਾਂ ਕਾਲੇ ਕਾਨੂੰਨ ਰੱਦ ਹੋਣਗੇ ,ਨਹੀਂ ਤਾਂ ਜਮੀਨਾਂ ,ਫਸਲਾਂ ਤੇ ਨਸਲਾਂ ਤੋਂ ਅਸੀਂ ਸਦਾ ਸਦਾ ਲਈ ਹੱਥ ਧੋ ਬੈਠਾਂਗੇ ਤੇ ਫਿਰ ਭਵਿੱਖ ਚ ਆਉਣ ਵਾਲੀਆਂ ਨਸਲਾਂ ਸਾਨੂੰ ਮਾਫ ਨਹੀਂ ਕਰਨਗੀਆਂ। ਇਸ ਸਮੇਂ ਤਰਕਸ਼ੀਲ ਆਗੂ ਕਰਤਾਰ ਸਿੰਘ ਵੀਰਾਨ ਵਲੋਂ ਗਾਇਆ ਸੰਤ ਰਾਮ ਉਦਾਸੀ ਦਾ ਬਹੁਤ ਪਿਆਰਾ ਗੀਤ "ਇਕ ਤੂੰ ਕਸਾਈ ਮੇਰੇ ਪਿੰਡ ਦੇ ਰਾਜਿਆ ਵੇ ਦੂਜਾ ਤੇਰਾ ਸ਼ਾਹਾਂ ਨਾਲ ਜੋੜ " ਨੇ ਸਮੇਂ ਦੀ ਨਬਜ ਤੇ ਬਹੁਤ ਖੂਬਸੂਰਤੀ ਨਾਲ ਹੱਥ ਧਰਿਆ।ਇਸ ਸਮੇਂ ਦਰਸ਼ਨ ਸਿੰਘ ਗਾਲਬ,ਹਰਬੰਸ ਸਿੰਘ ਬਾਰਦੇਕੇ, ਦਲਜੀਤ ਸਿੰਘ ਰਸੂਲਪੁਰ,ਕੁੰਡਾ ਸਿੰਘ ਢੋਲਣ,ਬੰਤ ਸਿੰਘ ਜਗਰਾਂਓ,ਸੁਰਿੰਦਰ ਸਿੰਘ ਗਾਲਬ,ਜਗਦੀਪ ਸਿੰਘ ਕੋਠੇ ਖਜੂਰਾਂ , ਸੁਖਦੇਵ ਸਿੰਘ ਢੋਲਣ ਆਦਿ ਹਾਜ਼ਰ ਸਨ।