ਵੁਹਾਨ ਲੈਬ ਤੋਂ ਹੀ ਲੀਕ ਹੋਇਆ ਸੀ ਕੋਰੋਨਾ, ਅਮਰੀਕੀ ਖੁਫ਼ੀਆ ਏਜੰਸੀਆਂ ਦੇ ਹੱਥ ਲੱਗਾ ਚੀਨ ਦੀ ਲੈਬ ਦਾ ਡਾਟਾ
ਵਾਸ਼ਿੰਗਟਨ (ਜਨ ਸ਼ਕਤੀ ਨਿਊਜ਼ ਬਿਊਰੋ ) : ਕੋਵਿਡ-19 ਮਹਾਮਾਰੀ ਦੇ ਪੈਦਾ ਹੋਣ ਦਾ ਸਰੋਤ ਲੱਭਣ 'ਚ ਲੱਗੀਆਂ ਅਮਰੀਕੀ ਖ਼ੁਫ਼ੀਆ ਏਜੰਸੀਆਂ ਨੂੰ ਅਜਿਹਾ ਜੈਨੇਟਿਕ ਡਾਟਾ ਮਿਲਿਆ ਹੈ ਜਿਸ ਨਾਲ ਕੋਰੋਨਾ ਵਾਇਰਸ ਦੇ ਚੀਨ ਦੀ ਵੁਹਾਨ ਲੈਬ 'ਚ ਪੈਦਾ ਹੋਣ ਤੇ ਉੱਥੋਂ ਬਾਹਰ ਆਉਣ ਦੀ ਸ਼ੰਕਾ ਦੀ ਪੁਸ਼ਟੀ ਹੋ ਰਹੀ ਹੈ। ਅਮਰੀਕੀ ਦਾਅਵਿਆਂ ਦਰਮਿਆਨ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਚੀਨ ਨੂੰ ਨਵੀਂ ਜਾਂਚ ਪ੍ਰਕਿਰਿਆ 'ਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਜਦਕਿ ਚੀਨ ਨੇ ਡਬਲਿਊਐੱਚਓ ਨੂੰ ਕੋਰੋਨਾ ਵਾਇਰਸ ਦੇ ਕਿਸੇ ਹੋਰ ਦੇਸ਼ 'ਚ ਪੈਦਾ ਹੋਣ ਦੀ ਸੰਭਾਵਨਾ 'ਤੇ ਜਾਂਚ ਕਰਨ ਲਈ ਕਿਹਾ ਹੈ।
ਹਾਲੇ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਅਮਰੀਕੀ ਖ਼ੁਫ਼ੀਆ ਏਜੰਸੀਆਂ ਨੇ ਵੁਹਾਨ ਲੈਬ ਨਾਲ ਸਬੰਧਤ ਡਾਟਾ ਕਿੱਥੋਂ ਪ੍ਰਰਾਪਤ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਡਾਟਾ ਕਲਾਊਡ ਅਧਾਰਤ ਸਰਵਰ ਨੈੱਟਵਰਕ ਰਾਹੀਂ ਅਮਰੀਕੀ ਏਜੰਸੀਆਂ ਨੂੰ ਪ੍ਰਰਾਪਤ ਹੋਇਆ ਜਾਂ ਵੁਹਾਨ ਲੈਬ ਦਾ ਡਾਟਾ ਹੈਕ ਕੀਤਾ ਗਿਆ। ਸੀਐੱਨਐੱਨ ਦੇ ਸੂਤਰਾਂ ਦੇ ਹਵਾਲੇ ਨਾਲ ਇਸ ਸੰਭਾਵਨਾ 'ਤੇ ਰੋਸ਼ਨੀ ਪਾਈ ਹੈ। ਅਮਰੀਕੀ ਪ੍ਰਸ਼ਾਸਨ ਦੇ ਜ਼ਿਆਦਾਤਰ ਅਧਿਕਾਰੀਆਂ ਦਾ ਮੰਨਣਾ ਹੈ ਕਿ ਕੋਵਿਡ ਮਹਾਮਾਰੀ ਵੁਹਾਨ ਲੈਬ 'ਚੋਂ ਨਿਕਲੀ ਹੈ। ਪਰ ਚੀਨ ਸਰਕਾਰ ਇਸ ਸ਼ੰਕਾ ਨੂੰ ਸਵੀਕਾਰ ਕਰਨ ਲਈ ਬਿਲਕੁਲ ਤਿਆਰ ਨਹੀਂ ਹੈ। ਆਈਏਐੱਨਐੱਸ ਮੁਤਾਬਕ ਉਹ ਕੋਵਿਡ ਦੇ ਚੀਨ 'ਚ ਪੈਦਾ ਹੋਣ ਦੀ ਸੱਚਾਈ ਨੂੰ ਨਕਾਰਦੇ ਹੋਏ ਹੋਰਨਾਂ ਦੇਸ਼ਾਂ ਵੱਲ ਉਂਗਲੀ ਚੁੱਕ ਰਹੀ ਹੈ। ਚੀਨ ਡਬਲਿਊਐੱਚਓ ਤੋਂ ਮੰਗ ਕਰ ਰਿਹਾ ਹੈ ਕਿ ਕੋਰੋਨਾ ਵਾਇਰਸ ਹੋਰ ਦੇਸ਼ 'ਚ ਪੈਦਾ ਹੋਣ ਦੀ ਜਾਂਚ ਕੀਤੀ ਜਾਵੇ। ਇਸ ਸਿਲਸਿਲੇ 'ਚ ਉਹ ਵੱਖ-ਵੱਖ ਦੇਸ਼ਾਂ 'ਚ ਪੈਦਾ ਹੋ ਰਹੇ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਦਾ ਉਦਾਹਰਣ ਵੀ ਦੇ ਰਿਹਾ ਹੈ।
ਇਸ ਦੌਰਾਨ ਡਬਲਿਊਐੱਚਓ ਨੇ ਚੀਨ ਨੂੰ ਕਿਹਾ ਹੈ ਕਿ ਉਹ ਸੰਗਠਨ ਦੀ ਦੂਜੇ ਪੜਾਅ ਦੀ ਜਾਂਚ ਪ੍ਰਕਿਰਿਆ 'ਚ ਸਹਿਯੋਗ ਕਰੇ ਤੇ ਜਾਂਚ ਦਲ ਨੂੰ ਚੀਨ ਆਉਣ ਦੀ ਇਜਾਜ਼ਤ ਦੇਵੇ। ਡਬਲਿਊਐੱਚਓ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਟੈਕਸਾਸ ਤੋਂ ਰਿਪਬਲਿਕਨ ਸੈਨੇਟਰ ਮਾਈਕਲ ਮੈੱਕੌਲ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਵੁਹਾਨ ਲੈਬ 'ਚ ਨਵਾਂ ਕੋਰੋਨਾ ਵਾਇਰਸ ਵਿਕਸਤ ਕੀਤੇ ਜਾਣ ਤੇ ਉਸ ਦੇ ਲੈਬ ਤੋਂ ਬਾਹਰ ਆਉਣ ਦੇ ਸਬੂਤ ਹਨ। ਕੋਰੋਨਾ ਵਾਇਰਸ ਨੂੰ ਮਨੁੱਖੀ ਸਰੀਰ ਲਈ ਜ਼ਿਆਦਾ ਘਾਤਕ ਬਣਾਉਣ ਦੀ ਵਰਤੋਂ ਵੁਹਾਨ ਲੈਬ 'ਚ 2005 ਤੋਂ ਚੱਲ ਰਹੀ ਸੀ, 2016 'ਚ ਇਹ ਪ੍ਰਯੋਗ ਪੂਰਾ ਹੋਇਆ ਸੀ। ਅਮਰੀਕੀ ਖ਼ੁਫ਼ੀਆ ਏਜੰਸੀਆਂ ਦੀ ਜਾਂਚ ਵੀ ਇਸੇ ਤਰ੍ਹਾਂ ਦੇ ਸੰਕੇਤ ਦੇ ਰਹੀ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਹੁਕਮਾਂ 'ਤੇ ਹੋਰ ਰਹੀ ਜਾਂਚ ਦਾ ਫੋਕਸ ਹੁਣ ਇਸ ਗੱਲ 'ਤੇ ਹੈ ਕਿ ਵੁਹਾਨ ਲੈਬ ਤੋਂ ਵਾਇਰਸ ਦਾ ਬਾਹਰ ਆਉਣਾ ਇਕ ਹਾਦਸਾ ਸੀ ਜਾਂ ਉਸ ਨੂੰ ਸਾਜ਼ਿਸ਼ ਤਹਿਤ ਬਾਹਰ ਲਿਆ ਕੇ ਫੈਲਾਇਆ ਗਿਆ।