ਈਦ ਮੁਬਾਰਕ ਆਖਾਂ ਕਿੰਝ ਸੱਜਣਾ
-ਈਦ ਮੁਬਾਰਕ ਆਖਾਂ ਤੈਨੂੰ
ਕਿੰਝ ਸੱਜਣਾ!
ਝੂਠੇ ਲਾਰਿਆਂ ਦਿੱਤੀ
ਜਿੰਦਗੀ ਪਿੰਜ ਸੱਜਣਾ!
ਭੁੱਖਮਰੀ ਤੇ ਬੇਰੁਜ਼ਗਾਰੀ
ਕਹਿਰਾਂ ਦੀ!
ਫੋਕੀ ਸ਼ੋਹਰਤ ਲੱਗਦੀ,
ਤੇਰੇ ਸ਼ਹਿਰਾਂ ਦੀ!
ਥਾਲੀ ਵਿਚੋਂ ਚੁੱਕ ਲਈ
ਬੁਰਕੀ ਲੋਕਾਂ ਨੇ!
ਰੱਤ ਨਿਚੋੜਨ ਲਈ ਬੈਠੀਆਂ,
ਤੇਰੀਆਂ ਜੋਕਾਂ ਨੇ!
ਕੁਰਸੀ ਪਿਆਰੀ ਹੋ ਗਈ,
ਸਾਡੇ ਨਾਲੋਂ ਵੇ!
ਧਰਤੀ ਛੱਡ ਕੇ ਗੱਲਾਂ ,
ਕਰੇਂ ਪਤਾਲੋੰ ਵੇ!
ਸਾਡੇ ਹੱਕਾਂ ਉੱਤੇ,
ਪੈਂਦੇ ਡਾਕੇ ਵੇ!
ਫਿਰਨ ਕੁਚਲਦੇ ਮੈਨੂੰ
ਤੇਰੇ ਰਾਖੇ ਵੇ!
ਦਾਲ ਕਣਕ ਦੇ ਪਿਛੇ,
ਬਣੀ ਭਿਖਾਰੀ ਵੇ!
ਮਿੱਠੀਆਂ ਮਿੱਠੀਆਂ ਗੱਲਾਂ ਨੇ
ਮੱਤਮਾਰੀ ਵੇ!
ਆਪਣਾ ਰੋਅਬ ਜੰਮਾਵੇੰ,
ਮੱਲੋਜੋਰੀ ਵੇ।
ਸਮਝੀੰ ਨਾ ਚੁੱਪ ਮੇਰੀ ਨੂੰ
ਕੰਮਜੋਰੀ ਵੇ!
ਤੂੰ ਵੀੰ ਜੁੱਗ ਜੁੱਗ ਜੀ ਤੇ
ਮੈਨੂੰ ਜੀਣ ਦਿਓ!
ਰੱਤ ਚੂਸਦਾ ਫਿਰਦੈੰ
ਪਾਣੀ ਪੀਣ ਦਿਓ!
ਈਦ ਮੁਬਾਰਕ ਆਖਾਂ ਤੈਨੂੰ
ਕਿੰਝ ਸੱਜਣਾ!
ਤੇਰੇ ਝੂਠੇ ਲਾਰਿਆਂ ਦਿੱਤਾ
ਰਿੰਨ੍ਹ ਸੱਜਣਾ!
-ਸੁਖਦੇਵ ਸਲੇਮਪੁਰੀ
09780620233