ਵੋਟਾਂ ਲੈ ਕੇ ਕਰਨੇ ਧੱਕੇ
‘ਮਨ ਕੀ ਬਾਤ’ ਨੂੰ ਸੁਣ- ਸੁਣ ਥੱਕੇ
ਨੀ ਦਿੱਲੀਏ ਤੈਨੂੰ ਦੱਸਣ ਲੱਗੇ
ਤੇਰੇ ਲਾਉਣ ਬਰੂਹੀਂ, ਡੇਰੇ ਲੱਗੇ
ਇਨਸਾਫ ਨਾ ਮਿਲਿਆ ਜਦ ਤਾਈਂ, ਇਥੇ ਹੀ ਦੇਗਾਂ ਚੜ੍ਹਨਗੀਆਂ
ਕਿਸਾਨ ਮੋਰਚਾ ਉੱਠਿਆ ਸੀ ਇਕ , ਗੱਲਾਂ ਹੋਇਆ ਕਰਨਗੀਆਂ
ਭਲ੍ਹਕ ਨੂੰ, ਗੱਲਾਂ ਹੋਇਆ ਕਰਨਗੀਆਂ . . . . . !
ਆਪਣੇ ਖੇਤ ਅਸਾਂ ਹੀ ਵਾਹੁਣੇ
ਨਹੀਂ ਸਰਮਾਏਦਾਰ ਲਿਆਉਣੇ
‘ਤਿੰਨ ਕਾਨੂੰਨ’ ਇਹ ਕਿਉਂ ਬਣਾਏ?
ਨਹੀਂ ਅਸੀਂ ਚਾਹੁੰਦੇ, ਨਹੀਂ ਅਸਾਂ ਚਾਹੇ
ਬਹਿ ਗਏ ਜੇ ਚੁੱਪ ਕਰਕੇ ਤਾਂ ਫਿਰ ਪੀੜ੍ਹੀਆਂ ਲੇਖੇ ਭਰਨਗੀਆਂ
ਕਿਸਾਨ ਮੋਰਚਾ ਉੱਠਿਆ ਸੀ ਇੱਕ, ਗੱਲਾਂ ਹੋਇਆ ਕਰਨਗੀਆਂ
ਭਲ੍ਹਕ ਨੂੰ, ਗੱਲਾਂ ਹੋਇਆ ਕਰਨਗੀਆਂ . . . . !
ਡਿੱਗਦਾ ਪਾਰਾ ਵੱਧਦੇ ਹੌਸਲੇ
ਜਜ਼ਬੇ ਵੇਖੇ ਸ਼ੇਰਾਂ ਦੇ
ਸਾਰੇ ਆਖਣ ਕੁਝ ਨ੍ਹੀ ਹੁੰਦਾ
ਗੁਰੂ ਦੀਆਂ ਸਭ ਮੇਹਰਾਂ ਨੇ
ਵਾਪਸ ਮੁੜੀਏ ਨਾ ਮੁੜੀਏ ਪਰ, ਫੌਜਾਂ ਇਹ ਨਹੀਂ ਹਰਨਗੀਆਂ
ਕਿਸਾਨ ਮੋਰਚਾ ਉੱਠਿਆ ਸੀ ਇੱਕ, ਗੱਲਾਂ ਹੋਇਆ ਕਰਨਗੀਆਂ
ਭਲ੍ਹਕ ਨੂੰ, ਗੱਲਾਂ ਹੋਇਆ ਕਰਨਗੀਆਂ . . . . !
ਪੁੱਛਿਆ ਸੀ ਕਿਸੇ ਬੇਬੇ ਤਾਂਈ
ਕਾਸ ਨੂੰ ਮਾਂ ਧਰਨੇ ਵਿੱਚ ਆਈ?
‘ਉਮਰ ਨਹੀਂ ਪੁੱਤ ਹਿੰਮਤ ਵੇਖ
ਨਹੀਂ ਅਸੀਂ ਖੁੱਸਣ ਦੇਣੇ ਖੇਤ’
ਇਨ੍ਹਾਂ ਹੌਸਲਿਆਂ ਦੀਆਂ ਵਾਰਾਂ ਤੁਰਿਆ ਕਰਨਗੀਆਂ
ਕਿਸਾਨ ਮੋਰਚਾ ਉੱਠਿਆ ਸੀ ਇੱਕ, ਗੱਲਾਂ ਹੋਇਆ ਕਰਨਗੀਆਂ
ਭਲ੍ਹਕ ਨੂੰ, ਗੱਲਾਂ ਹੋਇਆ ਕਰਨਗੀਆਂ . . . . . !
ਇਤਿਹਾਸ ਕਹਿੰਦੇ ਆਪਾ ਦੁਹਰਾਉਂਦਾ
ਪੋਹ ਮਹੀਨੇ ਚੇਤਾ ਆਉਂਦਾ
ਨਿੱਕੀਆਂ ਜਿੰਦਾਂ ਦਾ ਸੀ ਕਹਿਣਾ
ਹਠ ਨਹੀਂ ਛੱਡਣਾ, ਡਟ ਕੇ ਰਹਿਣਾ
ਮਾਂ ਗੁਜਰੀ ਤੋਂ ਬਲ ਲੈ ਕੇ ਹੁਣ, ਸੰਗਤਾਂ ਫਿਰ ਤੋਂ ਜੁੜਨਗੀਆਂ
ਕਿਸਾਨ ਮੋਰਚਾ ਉੱਠਿਆ ਸੀ ਇੱਕ, ਗੱਲਾਂ ਹੋਇਆ ਕਰਨਗੀਆਂ
ਭਲ੍ਹਕ ਨੂੰ, ਗੱਲਾਂ ਹੋਇਆ ਕਰਨਗੀਆਂ . . . . . !
ਵੰਡ ਛਕਣ ਦੀ ਪਿਰਤ ਵੇਖ ਕੇ
ਸਿਰ ਝੁਕਦਾ ਏ ‘ਸੁਖਦੇਵ ’ ਦਾ
ਮਾਨਵਤਾ ਇਥੇ ਡੁੱਲ੍ਹ-ਡੁੱਲ੍ਹ ਪੈਂਦੀ
ਵੇਖ ਕੇ ਜਲਵਾ ਲੰਗਰ ਦਾ
ਜਿੱਤ ਜ਼ਰੂਰ ਹੈ ਕਿਰਤੀ ਜਾਣਾ, ‘ਵਡਾਲਾ ਕਲਾ ’ ਵੀ ਖੁਸ਼ੀਆਂ ਚੜ੍ਹਨਗੀਆਂ
ਕਿਸਾਨ ਮੋਰਚਾ ਉੱਠਿਆ ਸੀ ਇੱਕ, ਗੱਲਾਂ ਹੋਇਆ ਕਰਨਗੀਆਂ
ਭਲ੍ਹਕ ਨੂੰ, ਗੱਲਾਂ ਹੋਇਆ ਕਰਨਗੀਆਂ . . . .!
ਸੁਖਦੇਵ ਸਿੰਘ 0091-6283011456