You are here

ਕਰੋਨਾ ਬਹਾਨੇ ਕਿਸਾਨ ਅੰਦੋਲਨ ਨੂੰ ਫੇਲ ਕਰਨਾ ਚਾਹੁੰਦੀ ਹੈ ਸੈਂਟਰ ਸਰਕਾਰ। ਬਿੱਟੂ, ਕੀਤੂ      

ਸੰਘਰਸ਼ ਵਿਚ ਹੀ ਕੋਰੋਨਾ ਕਿਉਂ

ਬਰਨਾਲਾ/ਮਹਿਲ ਕਲਾਂ- ਅਪ੍ਰੈਲ-(ਗੁਰਸੇਵਕ ਸਿੰਘ ਸੋਹੀ)- ਸੈਂਟਰ ਸਰਕਾਰ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਬਜਾਏ ਕਰੋਨਾ ਦੀ ਆੜ ਹੇਠ ਕਿਸਾਨੀ ਅੰਦੋਲਨ ਨੂੰ ਖਤਮ ਕਰਨਾ ਚਾਹੁੰਦੀ ਹੈ। ਸੰਯੁਕਤ ਕਿਸਾਨ ਮੋਰਚੇ ਨੇ ਲਗਾਤਾਰ ਇੱਕ ਅਕਤੂਬਰ, 2020 ਤੋਂ ਬਰਨਾਲਾ ਰੇਲਵੇ ਸਟੇਸ਼ਨ 'ਤੇ ਧਰਨਾ ਲਾਇਆ ਹੋਇਆ ਹੈ। ਧਰਨੇ ਦੇ 201 ਦਿਨ ਬੀਤਣ ਅਤੇ ਹਾੜ੍ਹੀ ਸ਼ੀਜਨ ਦੇ ਬਾਵਜੂਦ ਅੱਜ ਵੀ ਧਰਨਾਕਾਰੀਆਂ ਦਾ ਰੋਹ ਤੇ ਜੋਸ਼ ਬਰਕਰਾਰ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਸੇਵਾਦਾਰ ਕੁਲਵੰਤ ਸਿੰਘ ਕੀਤੂ ਸ਼੍ਰੋਮਣੀ ਅਕਾਲੀ ਦਲ ਬਰਨਾਲਾ ਅਤੇ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਬਰਨਾਲਾ ਨੇ ਕਿਹਾ ਕਿ ਸਰਕਾਰ ਕਰੋਨਾ ਦੇ ਬਹਾਨੇ ਕਿਸਾਨ ਧਰਨਿਆਂ ਨੂੰ ਖਦੇੜਨਾ ਚਾਹੁੰਦੀ ਹੈ ਅਤੇ ਕੇਂਦਰ ਸਰਕਾਰ ਦੇ ਗੁੰਡਿਆਂ ਵੱਲੋਂ ਗੁੱਝੀਆਂ ਚਾਲਾਂ ਚੱਲ ਕੇ ਦਿੱਲੀ ਧਰਨੇ ਵਾਲੀਆਂ ਥਾਵਾਂ ਤੇ ਕਿਸਾਨਾਂ ਉੱਪਰ ਇੱਟਾਂ ਰੋੜਿਆਂ ਨਾਲ ਹਮਲਾ ਕਰਨਾ ਅਤੇ ਤੰਬੂਆਂ ਨੂੰ ਅੱਗ ਲਾਉਣਾ ਸਾਬਤ ਹੁੰਦਾ ਹੈ ਕਿ ਅੰਦੋਲਨ ਨੂੰ ਤਾਰਪੀਡੋ ਕਰਨਾ ਚਾਹੁੰਦੀ ਹੈ। ਕੁਲਵੰਤ ਸਿੰਘ ਅਤੇ ਯਾਦਵਿੰਦਰ ਸਿੰਘ ਨੇ ਕਿਹਾ ਕਿ ਸ਼ੈਟਰ  ਸਰਕਾਰ ਭੁੱਲ ਕੇ ਵੀ ਅਜਿਹਾ ਤੁਗਲਕੀ ਕਦਮ ਉਠਾਉਣ ਦੇ ਰਾਹ ਨਾ ਪਵੇ। ਕਿਸਾਨ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ ਅਤੇ ਆਪਣੇ ਅੰਦੋਲਨ ਦੀ ਸਫਲਤਾ ਲਈ ਉਹ ਜਾਨਾਂ ਕੁਰਬਾਨ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ ।ਇਹ ਕਿਹੋ ਜਿਹਾ ਆਗਿਆਕਾਰੀ ਕਰੋਨਾ ਹੈ ਜੋ ਨਾਂ ਤਾਂ ਕੁੰਭ ਮੇਲੇ ਦੇ ਲੱਖਾਂ ਦੇ ਇਕੱਠ ਨੂੰ ਕੁਝ ਕਹਿੰਦਾ ਹੈ ਅਤੇ ਨਾਂ ਹੀ ਬੰਗਾਲ ਦੀਆਂ ਚੋਣ ਰੈਲੀਆਂ 'ਚ ਵੜ੍ਹਦਾ ਹੈ ਸਿਰਫ ਕਿਸਾਨ ਧਰਨਿਆਂ 'ਚ ਫੇਰੀ ਪਾਉਂਦਾ ਹੈ। ਉਨ੍ਹਾਂ ਸਖਤ ਸ਼ਬਦਾਂ 'ਚ ਚਿਤਾਵਨੀ ਦਿੰਦਿਆਂ ਕਿਹਾ ਕਿ ਸੈਂਟਰ ਸਰਕਾਰ ਕੋਲ ਪੁਲਿਸ ਐਕਸ਼ਨ ਰਾਹੀਂ ਅੰਦੋਲਨ ਖਤਮ ਕਰਵਾਉਣ ਵਾਲਾ ਰਾਹ ਬਿਲਕੁੱਲ ਵੀ ਨਹੀਂ ਹੈ।ਅੰਦੋਲਨ ਖਤਮ ਕਰਨ ਦਾ ਇੱਕੋ ਇੱਕ ਰਾਹ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਨ ਅਤੇ ਐਮਐਸਪੀ ਲਈ ਨਵਾਂ ਕਾਨੂੰਨ ਬਣਾਉਣ ਦਾ ਹੀ ਹੈ। ਇਹ ਕੰਮ ਜਿੰਨੀ ਜਲਦੀ ਹੋ ਜਾਵੇ, ਸਰਕਾਰ ਲਈ ਉਨ੍ਹਾਂ ਹੀ ਫਾਇਦੇਮੰਦ ਰਹੇਗਾ। ਵਾਢੀ ਸ਼ੀਜਨ ਜਲਦੀ ਖਤਮ ਹੋ ਰਿਹਾ ਹੈ ਅਤੇ ਕਿਸਾਨ ਫਿਰ ਤੋਂ ਵੱਡੀ ਗਿਣਤੀ ਵਿੱਚ ਦਿੱਲੀ ਧਰਨਿਆਂ ਵੱਲ ਵਹੀਰਾਂ ਘੱਤਣਗੇ। ਸੰਯੁਕਤ ਕਿਸਾਨ ਮੋਰਚਾ ਅਗਲੇ ਦਿਨਾਂ ਲਈ ਹੋਰ ਵਧੇਰੇ ਤਿੱਖਾ ਹੋਵੇਗਾ। ਇਹ ਘੋਲ ਹੁਣ ਜਨ-ਅੰਦੋਲਨ ਬਣ ਚੁੱਕਿਆ ਹੈ ਜੋ ਕਰੋਨਾ ਬਹਾਨੇ ਖਤਮ ਨਹੀਂ ਕੀਤਾ ਜਾ ਸਕਦਾ।