21ਅਪ੍ਰੈਲ ਨੂੰ ਸੰਯੁਕਤ ਮੋਰਚੇ ਦੀ ਅਗਵਾਈ 'ਚ ਦਿੱਲੀ ਵੱਲ ਜਾਵੇਗਾ ਵੱਡਾ ਕਾਫ਼ਲਾ
ਬਰਨਾਲਾ , ਅਪ੍ਰੈਲ 2021 (ਗੁਰਸੇਵਕ ਸੋਹੀ)
ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਸੂਬਾ ਕਮੇਟੀ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਦੀ ਪ੍ਰਧਾਨਗੀ ਹੇਠਾਂ ਇੱਥੋਂ ਥੋੜੀ ਦੂਰ ਪਿੰਡ ਭੋਤਨਾ ਵਿਖੇ ਹੋਈ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਦਿੱਲੀ ਆਗੂ ਕਮੇਟੀ ਵਿੱਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਹਰਿੰਦਰ ਕੌਰ ਬਿੰਦੂ, ਜਸਵਿੰਦਰ ਸਿੰਘ ਲੌਂਗੋਵਾਲ, ਰੂਪ ਸਿੰਘ ਛੰਨਾਂ, ਅਮਰੀਕ ਸਿੰਘ ਗੰਢੂਆਂ ਅਤੇ ਕੋਆਰਡੀਨੇਟਰ ਵਜੋਂ ਪਵੇਲ ਕੁੱਸਾ ਸ਼ਾਮਲ ਕੀਤੇ ਗਏ। ਪੰਜਾਬ ਕਮੇਟੀ ਵਿੱਚ ਸੁਖਦੇਵ ਸਿੰਘ ਕੋਕਰੀ ਕਲਾਂ, ਹਰਦੀਪ ਸਿੰਘ ਟੱਲੇਵਾਲ, ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ ਅਤੇ ਸਹਿਯੋਗੀ ਸਿੱਖਿਆ ਕਮੇਟੀ ਮੈਂਬਰ ਸੁਖਜੀਤ ਸਿੰਘ ਕੋਠਾਗੁਰੂ ਸ਼ਾਮਲ ਕੀਤੇ ਗਏ। ਮੀਟਿੰਗ ਵੱਲੋਂ 21ਅਪ੍ਰੈਲ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠਾਂ ਦਿੱਲੀ ਵੱਲ ਨੌਜਵਾਨਾਂ, ਔਰਤਾਂ ਤੇ ਕਿਸਾਨਾਂ ਮਜਦੂਰਾਂ ਦਾ ਕਾਫਲਾ15000 ਤੋਂ ਵੱਧ ਗਿਣਤੀ ਵਿੱਚ ਭੇਜਣ ਦਾ ਫੈਸਲਾ ਕੀਤਾ ਗਿਆ। ਇੱਕ ਵਿਸ਼ੇਸ਼ ਮਤਾ ਪਾਸ ਕਰਕੇ ਲੱਖੇ ਸਿਧਾਣੇ ਦੇ ਇਲਾਜ ਅਧੀਨ ਚਚੇਰੇ ਭਰਾ ਨੂੰ ਮੋਦੀ ਹਕੂਮਤ ਦੀ ਦਿੱਲੀ ਪੁਲਿਸ ਦੁਆਰਾ ਸਰਾਸਰ ਨਜਾਇਜ਼ ਹਿਰਾਸਤ ਵਿੱਚ ਲੈ ਕੇ ਕੀਤੀ ਗਈ ਕੁੱਟਮਾਰ ਦੀ ਸਖਤ ਨਿਖੇਧੀ ਕੀਤੀ ਗਈ। ਜਾਨ ਹੂਲਵੇਂ ਕਿਸਾਨ ਘੋਲ਼ ਦੀ ਬਦੌਲਤ ਪ੍ਰਸੰਗ-ਹੀਣ ਹੋਈਆਂ ਵੋਟ ਪਾਰਟੀਆਂ ਵੱਲੋਂ ਜਥੇਬੰਦੀ ਅੰਦਰ ਕੀਤੀ ਜਾ ਰਹੀ ਮੌਕਾਪ੍ਰਸਤ ਘੁਸਪੈਠ ਨੂੰ ਨਾਕਾਮ ਕਰਨ ਲਈ ਵਿਸ਼ੇਸ਼ ਚੌਕਸੀ ਮੁਹਿੰਮ ਦੇ ਨਾਲ ਹੀ ਨਵੇਂ ਉੱਭਰ ਰਹੇ ਆਗੂਆਂ ਲਈ ਵਿਸ਼ੇਸ਼ ਸਿੱਖਿਆ ਮੁਹਿੰਮ ਚਲਾਉਣ ਦਾ ਫੈਸਲਾ ਵੀ ਕੀਤਾ ਗਿਆ। ਕਣਕ ਦੀ ਖਰੀਦ ਵਿੱਚ ਆ ਰਹੀਆਂ ਅੜਚਨਾਂ ਦੂਰ ਕਰਨ ਲਈ ਸੰਬੰਧਿਤ ਅਧਿਕਾਰੀਆਂ ਦੇ ਘਿਰਾਉ ਕਰਨ ਦਾ ਫੈਸਲਾ ਵੀ ਕੀਤਾ ਗਿਆ।