You are here

ਭਾਰਤ ਦੀ ਪਹਿਲੀ ਅਤੇ ਆਖਰੀ ਮੁਸਲਿਮ ਮਹਿਲਾ ਸੁਲਤਾਨ- ਰਜ਼ੀਆ ਬੇਗ਼ਮ ✍️ ਪੂਜਾ ਰਤੀਆ

 ਰਜ਼ੀਆ ਸੁਲਤਾਨਾ ਮੁਸਲਿਮ ਅਤੇ ਤੁਰਕੀ ਦੇ ਇਤਿਹਾਸ ਵਿੱਚ ਪਹਿਲੀ ਮਹਿਲਾ ਸ਼ਾਸਕ ਸੀ। ਰਜੀਆ ਦਾ ਜਨਮ 1205ਈ.ਨੂੰ ਬਦਾਯੂੰ ਵਿੱਚ ਹੋਇਆ।ਉਹ ਇਲਤੁਤਮਿਸ਼ ਦੀ ਪੁੱਤਰੀ ਸੀ।ਉਸਦੀ ਮਾਤਾ ਦਾ ਨਾਮ ਕੁਤੁਬ ਬੇਗਮ ਸੀ। ਰਜੀਆ ਦਾ ਪੂਰਾ ਨਾਮ ਰਜਿਆ ਅਲ - ਦਿਨ, ਸ਼ਾਹੀ ਨਾਮ “ਜਲਾਲਾਤ ਉਦ - ਦਿਨ ਰਜਿਆ”ਅਤੇ  ਇਤਿਹਾਸ ਵਿੱਚ ਜਿਸਨੂੰ ਆਮ ਤੌਰ ਤੇ: “ਰਜ਼ੀਆ ਸੁਲਤਾਨ” ਜਾਂ “ਰਜਿਆ ਸੁਲਤਾਨਾ”ਜਾਂ ਰਜ਼ੀਆ ਬੇਗ਼ਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਦਿੱਲੀ ਸਲਤਨਤ ਦੀ ਸੁਲਤਾਨ ਸੀ ।ਰਜ਼ੀਆ ਦੇ ਆਪਣੇ ਸਿੱਕੇ ਉਸ ਨੂੰ ਸੁਲਤਾਨ ਜਲਾਲਤ ਅਲ-ਦੁਨੀਆ ਵਾਲ-ਦੀਨ ਜਾਂ ਅਲ-ਸੁਲਤਾਨ ਅਲ-ਮੁਆਜ਼ਮ ਰਜ਼ੀਅਤ ਅਲ-ਦੀਨ ਬਿੰਤ ਅਲ-ਸੁਲਤਾਨ ਕਹਿੰਦੇ ਹਨ। ਉਸਨੇ 1236-1240ਤਕ ਰਾਜ ਕੀਤਾ।
ਇਲਤੁਤਮਿਸ਼ ਪਹਿਲਾ ਹਾਕਮ ਸੀ ਜਿਸਨੇ ਇਕ ਇਸਤਰੀ ਨੂੰ ਉੱਤਰਾਧਿਕਾਰੀ ਘੋਸ਼ਿਤ ਕੀਤਾ ਸੀ।
ਪਰ ਉਸਦੀ ਮੌਤ ਪਿੱਛੋਂ ਤੁਰਕੀ ਸਰਦਾਰਾ ਨੇ ਉਸਦੇ ਵੱਡੇ ਪੁੱਤਰ ਰੁਕਨ ਉਦ ਦੀਨ ਫ਼ਿਰੋਜ਼ ਸ਼ਾਹ ਨੂੰ ਗੱਦੀ ਉੱਪਰ ਬਿਠਾ ਦਿੱਤਾ।ਪਰ ਉਹ ਅਯੋਗ ਸ਼ਾਸਕ ਸਿੱਧ ਹੋਇਆ।
10ਨਵੰਬਰ 1236ਈ.ਨੂੰ ਰਜ਼ੀਆ ਸੁਲਤਾਨ ਦੀ ਤਾਜਪੋਸ਼ੀ ਰਸਮ ਹੋਈ।ਰਜ਼ੀਆ ਪਰਦਾ ਪ੍ਰਥਾ ਛੱਡ ਕੇ ਮਰਦਾਂ ਵਾਂਗ ਅਦਾਲਤ ਵਿਚ ਜਾਂਦੀ ਸੀ।ਰਜ਼ੀਆ ਦੀ ਸਰਕਾਰੀ ਕੰਮ ਵਿੱਚ ਰੁਚੀ ਆਪਣੇ ਪਿਤਾ ਦੇ ਸਮੇਂ ਤੋਂ ਹੀ ਸੀ। ਗੱਦੀ ਸੰਭਾਲਣ ਤੋਂ ਬਾਅਦ, ਰਜ਼ੀਆ ਨੇ ਰੀਤੀ-ਰਿਵਾਜਾਂ ਦੇ ਉਲਟ ਸਿਪਾਹੀਆਂ ਦੇ ਕੋਟ ਅਤੇ ਮਰਦਾਂ ਵਾਂਗ ਪਗੜੀ ਪਹਿਨਣ ਦੀ ਚੋਣ ਕੀਤੀ। ਸਗੋਂ ਬਾਅਦ ਵਿੱਚ ਬਿਨਾਂ ਪਰਦਾ ਪਹਿਣੇ ਜੰਗ ਵਿੱਚ ਸ਼ਾਮਲ ਹੋ ਗਈ। ਰਜ਼ੀਆ ਨੇ ਪਰਦਾ ਪ੍ਰਥਾ ਨੂੰ ਤਿਆਗ ਦਿੱਤਾ ਅਤੇ ਮਰਦਾਂ ਵਾਂਗ ਚੋਗਾ (ਕੁਰਤਾ) (ਕਾਬਾ), ਕੁਲਾਹ (ਟੋਪੀ) ਪਹਿਨ ਕੇ ਦਰਬਾਰ ਵਿੱਚ ਖੁੱਲ੍ਹੇ ਮੂੰਹ ਨਾਲ ਜਾਣਾ ਸ਼ੁਰੂ ਕਰ ਦਿੱਤਾ।ਰਜ਼ੀਆ ਆਪਣੀ ਸਿਆਸੀ ਸਮਝ ਅਤੇ ਨੀਤੀਆਂ ਨਾਲ ਫੌਜ ਅਤੇ ਆਮ ਜਨਤਾ ਦਾ ਖਿਆਲ ਰੱਖਦੀ ਸੀ। ਉਹ ਦਿੱਲੀ ਦੀ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਬਣ ਗਈ।
ਰਜ਼ੀਆ ਦੇ ਸਿੱਕੇ ਚਾਂਦੀ ਅਤੇ ਬਿਲੋਨ  ਵਿੱਚ ਪਾਏ ਜਾਂਦੇ ਹਨ। ਬਿਲੋਨ ਇਕ ਬਹੁਮਤ ਇੱਕ ਕੀਮਤੀ ਧਾਤ (ਆਮ ਤੌਰ 'ਤੇ ਚਾਂਦੀ, ਪਰ ਸੋਨਾ ਵੀ) ਦਾ ਇੱਕ ਧਾਤੂ ਸਮੱਗਰੀ (ਜਿਵੇਂ ਕਿ ਤਾਂਬਾ) ਦੇ ਨਾਲ ਇੱਕ ਮਿਸ਼ਰਤ ਹੈ। ਇਹ ਮੁੱਖ ਤੌਰ 'ਤੇ ਸਿੱਕੇ, ਮੈਡਲ ਅਤੇ ਟੋਕਨ ਸਿੱਕੇ ਬਣਾਉਣ ਲਈ ਵਰਤਿਆ ਜਾਂਦਾ ਹੈ।ਬੰਗਾਲ ਸ਼ੈਲੀ ਦਾ ਸੋਨੇ ਦਾ ਸਿੱਕਾ ਵੀ ਜਾਣਿਆ ਜਾਂਦਾ ਹੈ। ਚਾਂਦੀ ਦੇ ਸਿੱਕੇ ਬੰਗਾਲ ਅਤੇ ਦਿੱਲੀ ਦੋਵਾਂ ਤੋਂ ਜਾਰੀ ਕੀਤੇ ਗਏ ਸਨ। ਸ਼ੁਰੂ ਵਿੱਚ ਉਸਨੇ ਆਪਣੇ ਪਿਤਾ ਇਲਤੁਮਿਸ਼ ਦੇ ਨਾਮ ਉੱਤੇ ਦਿੱਲੀ ਤੋਂ ਸਿੱਕੇ ਜਾਰੀ ਕੀਤੇ, ਜਿਸ ਵਿੱਚ ਨਸਰਤ ਜਾਂ ਨਾਸਿਰ ਦੀ ਮਾਦਾ ਉਪਾਧੀ ਦਾ ਹਵਾਲਾ ਦਿੱਤਾ ਗਿਆ।
ਜਦੋਂ ਉਸਨੇ ਰਾਜਗੱਦੀ ਸੰਭਾਲੀ ਤਾ ਉਸਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪਿਆ।ਉਸ ਸਮੇਂ ਮੁਲਤਾਨ, ਹਾਂਸੀ, ਲਾਹੌਰ, ਬਦਾਯੂੰ ਆਦਿ ਸੂਬੇਦਾਰਾਂ ਨੇ ਵਿਦਰੋਹ ਕਰ ਦਿੱਤੇ ਪਰ ਰਜੀਆ ਨੇ ਕੂਟਨੀਤੀ ਨਾਲ ਇਨ੍ਹਾਂ ਨੂੰ ਦਬਾ ਦਿੱਤਾ।
ਮੰਨਿਆ ਜਾਂਦਾ ਹੈ ਕਿ ਮੁਸਲਮਾਨਾਂ ਨੂੰ  ਰਜ਼ੀਆ ਅਤੇ ਉਸ ਦੇ ਸਲਾਹਕਾਰ ਜਮਾਤ-ਉਦ-ਦੀਨ-ਯਾਕੂਤ ਦੇ ਇੱਕ ਹਬਸ਼ੀ ਨਾਲ ਗੂੜ੍ਹੇ ਰਿਸ਼ਤੇ ਨੂੰ ਪਸੰਦ ਨਹੀਂ ਕਰਦੇ ਸਨ।ਪਰ ਰਜ਼ੀਆ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ।
ਜਿਸ ਕਰਕੇ ਤੁਰਕੀ ਸਰਦਾਰ ਰਜੀਆ ਵਿਰੁੱਧ ਭੜਕ ਉੱਠੇ।ਰਜੀਆ ਨੇ ਲਾਹੌਰ ਦੇ ਵਿਦਰੋਹ ਨੂੰ ਤਾਂ ਦਬਾ ਦਿੱਤਾ ਪਰ ਜਦੋਂ ਉਹ ਬਠਿੰਡਾ ਦੇ ਸੂਬੇਦਾਰ ਮਲਿਕ ਅਲਤੂਨੀਆ ਦਾ ਵਿਦਰੋਹ ਦਬਾਉਣ ਲਈ ਵਧੀ ਤਾਂ ਉਹ ਹਾਰ ਗਈ। ਯਾਕੂਤ ਨੂੰ ਮਾਰ ਦਿੱਤਾ ਅਤੇ ਰਜੀਆ ਨੂੰ ਕੈਦੀ ਬਣਾ ਲਿਆ।
ਆਪਣੀ ਜਾਨ ਬਚਾਉਣ ਲਈ ਰਜੀਆ ਨੇ ਬੜੀ ਚਲਾਕੀ ਨਾਲ ਅਲਤੂਨੀਆ ਨਾਲ ਵਿਆਹ ਕਰਵਾ ਲਿਆ।ਤੁਰਕੀ ਸਰਦਾਰਾ ਨੂੰ ਰਜੀਆ ਦੇ ਇਹ ਕੰਮ ਵਧੀਆ ਨਹੀ ਲੱਗੇ।ਜਦੋਂ ਰਜੀਆ ਅਤੇ ਅਲਤੂਨੀਆ ਦਿੱਲੀ ਵੱਲ ਵਧੇ ਤਾਂ ਉਹਨਾਂ ਨੂੰ ਬਹਿਰਾਮ ਸ਼ਾਹ ਨੇ ਹਰਾ ਦਿੱਤਾ। ਦਿੱਲੀ ਤੋਂ ਜਦੋਂ ਉਹ ਕੈਂਥਲ ਗਏ ਤਾਂ ਰਜੀਆ ਅਤੇ ਅਲਤੂਨੀਆ ਦੋਨਾਂ ਨੂੰ 14 ਅਕਤੂਬਰ 1240ਈਸਵੀ ਨੂੰ ਮਾਰ ਦਿੱਤਾ ਗਿਆ।
ਰਜ਼ੀਆ ਦਾ ਮਕਬਰਾ ਪੁਰਾਣੀ ਦਿੱਲੀ ਦੇ ਤੁਰਕਮਾਨ ਗੇਟ ਨੇੜੇ ਮੁਹੱਲਾ ਬੁਲਬੁਲੀ ਖਾਨਾ ਵਿੱਚ ਸਥਿਤ ਹੈ।14ਵੀਂ ਸਦੀ ਦੇ ਯਾਤਰੀ ਇਬਨ ਬਤੂਤਾ ਨੇ ਜ਼ਿਕਰ ਕੀਤਾ ਹੈ ਕਿ ਰਜ਼ੀਆ ਦੀ ਕਬਰ ਤੀਰਥ ਸਥਾਨ ਬਣ ਗਈ ਸੀ।ਕਿਹਾ ਜਾਂਦਾ ਹੈ ਕਿ ਰਜ਼ੀਆ ਦੀ ਕਬਰ ਉਸ ਦੇ ਉੱਤਰਾਧਿਕਾਰੀ ਅਤੇ ਸੌਤੇਲੇ ਭਰਾ ਬਹਿਰਾਮ ਦੁਆਰਾ ਬਣਾਈ ਗਈ ਸੀ। ਇੱਕ ਹੋਰ ਕਬਰ, ਜਿਸਨੂੰ ਉਸਦੀ ਭੈਣ ਸ਼ਾਜ਼ੀਆ ਦੀ ਕਿਹਾ ਜਾਂਦਾ ਹੈ, ਉਸਦੀ ਕਬਰ ਦੇ ਕੋਲ ਸਥਿਤ ਹੈ। ਰਜ਼ੀਆ ਸੂਫ਼ੀ ਸੰਤ ਸ਼ਾਹ ਤੁਰਕਮਾਨ ਬਯਾਬਾਨੀ ਦੀ ਸ਼ਰਧਾਲੂ ਸੀ, ਅਤੇ ਜਿਸ ਜਗ੍ਹਾ ਉਸ ਨੂੰ ਦਫ਼ਨਾਇਆ ਗਿਆ ਸੀ ਉਸ ਨੂੰ ਉਸ ਦੀ ਧਰਮਸ਼ਾਲਾ (ਖਾਨਕਾਹ) ਕਿਹਾ ਜਾਂਦਾ ਹੈ।

ਪੂਜਾ 9815591967
ਰਤੀਆ